ਕਾਂਗਰਸੀ ਪੰਜਾਬੀ ਭਾਸ਼ਾ ਵੱਲ ਨਾਸਮਝੀ ਤੇ ਅਣਗਹਿਲੀ ਦਿਖਾ ਕੇ ਇਹਦਾ ਨੁਕਸਾਨ ਕਰਦੇ ਰਹੇ ਹਨਪਰ ਅਕਾਲੀਆਂ ਦੀ ਪਹੁੰਚ ਪੰਜਾਬੀ ਭਾਸ਼ਾ ਨਾਲ ਬੇਇਨਸਾਫ਼ੀ ਤੇ ਧੱਕੇ ਵਾਲੀ ਰਹੀ ਹੈ
ਇਹ ਪੰਜਾਬੀ ਸੂਬੇ ਦੀ ਪੰਜਾਹਵੀਂ ਵਰ੍ਹੇਗੰਢ ਦਾ ਵਰ੍ਹਾ ਹੈ। ਇਹਨਾਂ ਪੰਜਾਹ ਸਾਲਾਂ ਵਿਚ ਪੰਜਾਬ ਉੱਤੇ ਮੁੱਖ ਰੂਪ ਵਿਚ ਅਕਾਲੀਆਂ ਤੇ ਕਾਂਗਰਸੀਆਂ ਨੇ ਬਦਲ ਬਦਲ ਕੇ ਰਾਜ ਕੀਤਾ ਹੈ। ਹੋਰ ਗੱਲਾਂ ਬਾਰੇ ਇਹਨਾਂ ਦੀਆਂ ਪਹੁੰਚਾਂ ਵਿਚ ਫ਼ਰਕ ਹੋ ਸਕਦੇ ਹਨ ਪਰ ਭਾਸ਼ਾ ਤੇ ਵਿਦਿਆ ਵੱਲ ਰਵੱਈਏ ਦੇ ਪੱਖੋਂ ਦੋਵੇਂ ਵੱਡੀ ਹੱਦ ਤੱਕ ਪੱਕੇ ਤੇ ਸਕੇ ਮਸੇਰੇ ਭਰਾ ਸਿੱਧ ਹੋਏ ਹਨ। ”ਵੱਡੀ ਹੱਦ ਤੱਕ” ਮੈਂ ਇਸ ਲਈ ਕਿਹਾ ਹੈ ਕਿ ਦੋਵਾਂ ਦੀ ਪਹੁੰਚ ਵਿਚ ਇਕ ਫ਼ਰਕ ਜ਼ਰੂਰ ਦੇਖਿਆ ਜਾ ਸਕਦਾ ਹੈ। ਜਿਥੇ ਕਾਂਗਰਸੀ ਪੰਜਾਬੀ ਭਾਸ਼ਾ ਵੱਲ ਨਾਸਮਝੀ ਤੇ ਅਣਗਹਿਲੀ ਦਿਖਾ ਕੇ ਇਹਦਾ ਨੁਕਸਾਨ ਕਰਦੇ ਰਹੇ ਹਨ, ਅਕਾਲੀਆਂ ਦੀ ਪਹੁੰਚ ਪੰਜਾਬੀ ਭਾਸ਼ਾ ਨਾਲ ਬੇਇਨਸਾਫ਼ੀ ਤੇ ਧੱਕੇ ਵਾਲ਼ੀ ਰਹੀ ਹੈ। ਮੇਰਾ ਯਕੀਨ ਅਤੇ ਦਾਅਵਾ ਹੈ ਕਿ ਜੇ ਲਛਮਣ ਸਿੰਘ ਗਿੱਲ ਅਨ-ਅਕਾਲੀ ਬਣ ਕੇ ਪੰਜਾਬੀ ਨੂੰ ਰਾਜਭਾਸ਼ਾ ਦਾ ਦਰਜਾ ਨਾ ਦਿੰਦਾ, ਕਿਸੇ ਅਕਾਲੀ ਜਾਂ ਕਾਂਗਰਸੀ ਸਰਕਾਰ ਨੇ ਅੱਜ ਤੱਕ ਵੀ ਅਜਿਹਾ ਨਹੀਂ ਸੀ ਕਰਨਾ। ਲੇਖਕਾਂ ਤੇ ਬੁੱਧੀਮਾਨਾਂ ਨੇ ਇਸ ਮੰਗ ਨੂੰ ਲੈ ਕੇ ਮਟਕਾ ਚੌਕ ਵਿਚ ਉਸੇ ਤਰ੍ਹਾਂ ਧਰਨੇ ਦਿੰਦੇ ਤੇ ਪੁਲੀਸ ਦੀ ਕੁੱਟ ਖਾਂਦੇ ਰਹਿਣਾ ਸੀ ਜਿਵੇਂ ਉਹ ਪੰਜਾਬੀ ਦੀ ਵਰਤੋਂ ਨਾ ਕਰਨ ਵਾਲ਼ੇ ਅਧਿਕਾਰੀਆਂ ਨੂੰ ਸਜ਼ਾ ਵਾਲ਼ੀ ਧਾਰਾ ਲਾਗੂ ਕਰਵਾਉਣ ਵਾਸਤੇ ਖੱਜਲ ਹੁੰਦੇ ਰਹਿੰਦੇ ਹਨ।
ਇਹ ਤੱਥ ਸਭ ਜਾਣਦੇ ਹਨ ਕਿ ਦੁਨੀਆ ਭਰ ਦੇ ਭਾਸ਼ਾ-ਵਿਗਿਆਨੀ ਬੱਚੇ ਦੀ ਮੁੱਢਲੀ ਪੜ੍ਹਾਈ ਸਿਰਫ਼ ਮਾਤਭਾਸ਼ਾ ਵਿਚ ਕਰਵਾਉਣ ਦੀ ਵਾਜਬਤਾ ਬਾਰੇ ਇਕ-ਮੱਤ ਹਨ। ਇਸ ਗੱਲ ਵਿਚ ਵੀ ਕੋਈ ਸ਼ੱਕ ਨਹੀਂ ਕਿ ਅੱਜ ਦੇ ਸਮੇਂ ਵਿਚ ਗਿਆਨ-ਵਿਗਿਆਨ ਨਾਲ ਜੁੜਨ ਲਈ ਅੰਗਰੇਜ਼ੀ ਦੀ ਜਾਣਕਾਰੀ, ਤੇ ਜੇ ਹੋ ਸਕੇ ਮੁਹਾਰਿਤ, ਵਿਹਾਰਕ ਪੱਖੋਂ ਜ਼ਰੂਰੀ, ਸਗੋਂ ਲਾਜ਼ਮੀ ਹੋ ਗਈ ਹੈ। ਇਹ ਇਕ ਵੱਖਰਾ ਵਿਸ਼ਾ ਹੈ ਕਿ ਅੰਗਰੇਜ਼ੀ ਕਿਵੇਂ, ਕਿਸ ਅਕਾਦਮਿਕ ਹੈਸੀਅਤ ਨਾਲ ਤੇ ਕਿਹੜੀ ਜਮਾਤ ਤੋਂ ਪੜ੍ਹਾਉਣੀ ਚਾਹੀਦੀ ਹੈ। ਪਿਛਲੇ ਇਕ ਲੇਖ ਵਿਚ ਮੈਂ ਸਰਕਾਰੀ ਸਕੂਲਾਂ ਵਿਚ ਪਹਿਲੀ ਜਮਾਤ ਤੋਂ ਪੰਜਾਬੀ ਦੀ ਥਾਂ ਅੰਗਰੇਜ਼ੀ ਪੜ੍ਹਾਉਣ ਦੇ ਅਕਾਲੀਆਂ ਦੇ ਤੋਤਾ ਸਿੰਘੀ ਫ਼ੈਸਲੇ ਦਾ ਜ਼ਿਕਰ ਕੀਤਾ ਸੀ। ਇਹ ਫ਼ੈਸਲਾ ਲੈਣਾ ਹੀ ਪੰਜਾਬੀ-ਵਿਰੋਧੀ ਕਦਮ ਸੀ ਪਰ ਇਹਦਾ ਐਲਾਨ ਚੰਡੀਗੜ੍ਹ ਵਿਚ ਕਰਨ ਦੀ ਥਾਂ ਪੰਜਾਬੀ ਮਾਂ ਦੇ ਸੱਚੇ ਸਪੂਤ ਲਛਮਣ ਸਿੰਘ ਗਿੱਲ ਦੇ ਪਿੰਡ ਜਾ ਕੇ ਕਰਨਾ ਪੰਜਾਬੀ ਨਾਲ ਘੋਰ ਬੇਇਨਸਾਫ਼ੀ ਤੇ ਧੱਕੇ ਦਾ ਪ੍ਰਮਾਣ ਸੀ।
ਆਪਣੀ ਨਿੱਜੀ ਲਾਇਬਰੇਰੀ ਵਿਚੋਂ ਭਾਸ਼ਾ ਤੇ ਸਭਿਆਚਾਰ ਬਾਰੇ ਅਕਾਲੀ ਤੇ ਕਾਂਗਰਸੀ ਸਰਕਾਰਾਂ ਦੇ ਕਾਰਨਾਮਿਆਂ ਦੀ ਮੋਟੀ ਕਾਲ਼ੀ ਫ਼ਾਈਲ ਫਰੋਲਦਿਆਂ ਇਕ ਅਹਿਮ ਕਤਰਨ ਮੇਰੇ ਹੱਥ ਲੱਗ ਗਈ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਖ਼ਬਾਰਾਂ ਨੂੰ ਜਾਰੀ ਕੀਤਾ ਹੋਇਆ ਇਕ ਇਸ਼ਤਿਹਾਰ ਹੈ ਜੋ ਸੰਤ ਫ਼ਤਹਿ ਸਿੰਘ ਨਾਲ ਸੰਬੰਧ ਰੱਖਦਾ ਹੈ। ਪੰਜਾਬੀ ਸੂਬਾ ਬਣਵਾਉਣ ਵਿਚ ਸੰਤ ਜੀ ਦੀ ਦੇਣ ਬਹੁਤ ਵੱਡੀ ਰਹੀ। ਮੈਨੂੰ ਬਚਪਨ ਤੋਂ ਹੀ ਉਹਨਾਂ ਬਾਰੇ ਸੁਣਨ-ਜਾਣਨ ਦਾ ਮੌਕਾ ਮਿਲਦਾ ਰਿਹਾ ਸੀ। ਉਹਨਾਂ ਦਾ ਟਿਕਾਣਾ ਤਾਂ ਰਾਜਸਥਾਨ ਵਿਚ ਬੁੱਢਾ ਜੌਹੜ ਸੀ ਪਰ ਜਨਮ-ਪਿੰਡ ਬਦਿਆਲ਼ਾ ਸੀ ਜੋ ਮੇਰੇ ਪਿੰਡ ਤੋਂ ਕੁੱਲ ਦੋ ਕੋਹ ਵਾਟ ਅੱਗੇ ਹੈ। ਉਹ ਹੋਰ ਮੌਕਿਆਂ ਤੋਂ ਇਲਾਵਾ ਹਰ ਸਾਲ ਪਾਠ ਕਰਵਾਉਣ ਵਾਸਤੇ ਪਿੰਡ ਜ਼ਰੂਰ ਆਉਂਦੇ। ਉਹਨਾਂ ਦੇ ਪਿੰਡ ਦੇ ਹੀ ਨਹੀਂ ਸਗੋਂ ਇਲਾਕੇ ਦੇ ਲੋਕਾਂ ਦੀ ਚਿਰੋਕਣੀ ਮੰਗ ਰਹੀ ਹੈ ਕਿ ਪੰਜਾਬੀ ਸੂਬੇ ਲਈ ਉਹਨਾਂ ਦੀ ਦੇਣ ਦਾ ਆਦਰ ਕਰਦਿਆਂ ਉਹਨਾਂ ਦੀ ਯਾਦਗਾਰ ਵਜੋਂ ਸੰਸਥਾਵਾਂ ਉਸਾਰੀਆਂ ਜਾਣ। ਸਮੇਂ ਸਮੇਂ ਆਈਆਂ ਅਕਾਲੀ ਸਰਕਾਰਾਂ ਨੇ ਕਈ ਵਾਰ ਕਈ ਕਈ ਐਲਾਨ ਕੀਤੇ ਜੋ ਨਾ ਕਦੀ ਪੂਰੇ ਹੋਣੇ ਸਨ ਤੇ ਨਾ ਹੀ ਹੋਏ। ਇਕ ਖੋਖਲਾ ਵਾਅਦਾ ਸਰਕਾਰੀ ਕਾਲਜ ਖੋਲ੍ਹਣ ਦਾ ਸੀ। ਜਦੋਂ ਲੋਕਾਂ ਵਿਚ ਰੋਸ ਵਧਣ ਲੱਗਿਆ ਤਾਂ ਸਰਕਾਰੀ ਕਾਲਜ ਦੀ ਥਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਿੰਡ ਵਿਚ ‘ਸੰਤ ਬਾਬਾ ਫ਼ਤਹਿ ਸਿੰਘ ਪਬਲਿਕ ਸਕੂਲ’ ਖੋਲ੍ਹਣ ਦਾ ਐਲਾਨ ਕਰ ਕੇ ਕੰਮ ਸਾਰ ਦਿੱਤਾ।
ਕਮੇਟੀ ਨੇ 7 ਮਾਰਚ 2010 ਦੇ ਪੰਜਾਬੀ ਅਖ਼ਬਾਰਾਂ ਵਿਚ ਇਸ ਸਕੂਲ ਦਾ ਜੋ ਇਸ਼ਤਿਹਾਰ ਛਪਵਾਇਆ, ਉਹ ਮੇਰੇ ਸਾਹਮਣੇ ਪਿਆ ਹੈ ਤੇ ਗ਼ੌਰ ਦੇ ਕਾਬਿਲ ਹੈ। ਸਿਰਲੇਖ ਵਜੋਂ ਤਿੰਨ ਸਤਰਾਂ ਅੰਗਰੇਜ਼ੀ ਅੱਖਰਾਂ ਵਿਚ ਹਨ। ਅੱਗੇ ‘ਵਜ਼ੀਫ਼ਾ’ ਤੇ ‘ਜਮਾਤਾਂ’ ਜਿਹੇ ਪ੍ਰਚਲਿਤ ਸ਼ਬਦ ਵਰਤਣ ਦੀ ਥਾਂ ਗੁਰਮੁਖੀ ਵਿਚ ‘ਸਕਾਲਰਸ਼ਿਪ’ ਤੇ ‘ਕਲਾਸਾਂ’ ਜਿਹੇ ਸ਼ਬਦ ਲਿਖੇ ਗਏ ਹਨ। ਦਿਲਚਸਪ ਗੱਲ ਦੇਖੋ, ‘ਜਥੇਦਾਰ ਅਵਤਾਰ ਸਿੰਘ’ ਸੰਤ ਜੀ ਦੇ ਨਾਂ ਨਾਲੋਂ ਮੋਟੇ ਅੱਖਰਾਂ ਵਿਚ ਛਪਿਆ ਹੋਇਆ ਹੈ। ਉਹਦੀ ਮਹਿਮਾ ਵੀ ”ਮਾਨਵਤਾ ਦੀ ਭਲਾਈ ਤੇ ਸੇਵਾ ਵਿਚ ਪ੍ਰਤੀਬੱਧਤਾ ਰੱਖਦੇ ਹੋਏ ਜਥੇਦਾਰ ਅਵਤਾਰ ਸਿੰਘ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੀ ਸੁਚੱਜੀ, ਦੂਰ-ਅੰਦੇਸ਼ ਅਤੇ ਸੁਯੋਗ ਸਰਪ੍ਰਸਤੀ ਅਧੀਨ ਵਿਦਿਆ ਦੇ ਮਿਆਰ ਵਿਚ ਗੁਣਾਤਮਕ ਸੁਧਾਰ ਲਿਆਉਣ ਹਿਤ” ਲਿਖ ਕੇ ਕੀਤੀ ਗਈ ਹੈ। ਇਸ ਦੇ ਉਲਟ ਸੰਤ ਜੀ ਦੇ ਨਾਂ ਨਾਲ ਇਕ ਵੀ ਉਸਤਤੀ ਸ਼ਬਦ ਨਹੀਂ ਲਾਇਆ ਗਿਆ। ਉਹਨਾਂ ਦਾ ਨਾਂ ਵੀ ਸਿਰਫ਼ ਸਕੂਲ ਦੇ ਨਾਂ ‘ਸੰਤ ਬਾਬਾ ਫ਼ਤਹਿ ਸਿੰਘ ਪਬਲਿਕ ਸਕੂਲ’ ਵਿਚ ਹੀ ਆਇਆ ਹੈ। ਪੂਰੇ ਇਸ਼ਤਿਹਾਰ ਵਿਚ ਹੋਰ ਕਿਤੇ ਉਹਨਾਂ ਦਾ ਕੋਈ ਜ਼ਿਕਰ ਨਹੀਂ। ਤਸਵੀਰ ਵੀ ਸਿਰਫ਼ ਪ੍ਰਧਾਨ ਜੀ ਦੀ ਹੀ ਹੈ, ਸੰਤ ਜੀ ਦਾ ਚਿਹਰਾ ਗ਼ੈਰਹਾਜ਼ਰ ਹੈ। ਇਸ਼ਤਿਹਾਰ ਦੀ ਸਭ ਤੋਂ ਸ਼ਰਮਨਾਕ ਗੱਲ, ਜਿਸ ਕਰਕੇ ਹਰ ਪੰਜਾਬੀ ਨੂੰ ਆਪਣਾ ਸਿਰ ਨੀਵਾਂ ਕਰ ਲੈਣਾ ਚਾਹੀਦਾ ਹੈ, ਉਸ ਵਿਚ ਛਪੀ ਹੋਈ ਇਹ ਸੂਚਨਾ ਹੈ, ”ਪੜ੍ਹਾਈ ਅੰਗਰੇਜ਼ੀ ਮਾਧਿਅਮ ਵਿਚ ਕਰਵਾਈ ਜਾਵੇਗੀ। ਬੱਚਿਆਂ ਤੇ ਅਧਿਆਪਕਾਂ ਲਈ ਸਕੂਲ ਵਿਚ ਅੰਗਰੇਜ਼ੀ ਬੋਲਣਾ ਲਾਜ਼ਮੀ ਹੋਵੇਗਾ।”
ਇਸ ਸੂਚਨਾ ਦੇ ਬਾਵਜੂਦ ਵਿਦਿਆਰਥੀਆਂ ਨੂੰ ਸਾਹਿਤ, ਧਰਮ, ਵਿਰਸੇ ਤੇ ਕਦਰਾਂ-ਕੀਮਤਾਂ ਨਾਲ ਜੋੜਨ ਲਈ ਵਿਸ਼ੇਸ਼ ਯਤਨਾਂ ਦਾ ਦਮਗਜਾ ਵੀ ਮਾਰਿਆ ਗਿਆ ਹੈ। ਜ਼ਾਹਿਰ ਹੈ, ਇਹ ਯਤਨ ”ਬੋਲੀ ਅਵਰ ਤੁਮਾਰੀ” ਅੰਗਰੇਜ਼ੀ ਰਾਹੀਂ ਕੀਤੇ ਜਾਣਗੇ। ਅਰਥਾਤ, ਵਿਦਿਆਰਥੀਆਂ ਨੂੰ ਸਿੱਖ ਧਰਮ ਦੇ ਪਰਪੱਕ ਬਣਾਉਣ ਲਈ ਬਾਣੀ ਅੰਗਰੇਜ਼ੀ ਰਾਹੀਂ ਦ੍ਰਿੜ੍ਹ ਕਰਵਾਈ ਜਾਵੇਗੀ ਅਤੇ ਸਾਹਿਤ ਦੀ ਜਾਣਕਾਰੀ ਦੇਣ ਲਈ ਵਾਰਿਸ, ਬੁੱਲ੍ਹਾ, ਗੁਰਬਖ਼ਸ਼ ਸਿੰਘ, ਆਦਿ ਦੀਆਂ ਰਚਨਾਵਾਂ ਅੰਗਰੇਜ਼ੀ ਵਿਚ ਸਮਝਾਈਆਂ ਜਾਣਗੀਆਂ। ਪੰਜਾਬੀ ਕਦਰਾਂ-ਕੀਮਤਾਂ ਸਿਖਾਉਣ ਲਈ ਦਾਦੇ, ਦਾਦੀ, ਪਿਤਾ, ਮਾਤਾ, ਭਰਾ, ਭੈਣ, ਆਦਿ ਵਾਸਤੇ ਪਿਆਰ-ਸਤਿਕਾਰ ਦੀ ਗੁੜ੍ਹਤੀ ਸਕੂਲ ਵਿਚ ਗਰੈਂਡਪਾ ਡੇਅ, ਗਰੈਨੀ ਡੇਅ, ਫ਼ਾਦਰਜ਼, ਮਦਰਜ਼, ਬ੍ਰਦਰਜ਼ ਤੇ ਸਿਸਟਰਜ਼ ਡੇਅ ਮਨਾ ਕੇ ਦਿੱਤੀ ਜਾਵੇਗੀ। ਸ਼੍ਰੋਮਣੀ ਕਮੇਟੀ ਦਾ ਆਪਣੇ ਅਧੀਨ ਅੰਗਰੇਜ਼ੀ ਮਾਧਿਅਮ ਵਾਲ਼ੇ ਸਕੂਲ ਖੋਲ੍ਹਣ ਦਾ ਫ਼ੈਸਲਾ ਲੈਣਾ ਹੀ ਪੰਜਾਬੀ-ਵਿਰੋਧੀ ਕਦਮ ਸੀ ਪਰ ਅਜਿਹਾ ਸਕੂਲ ਪੰਜਾਬੀ ਸੂਬੇ ਦੇ ਸੰਘਰਸ਼ ਦੇ ਮੋਹਰੀ ਪੰਜਾਬੀ ਮਾਂ ਦੇ ਸੱਚੇ ਸਪੂਤ ਸੰਤ ਫ਼ਤਹਿ ਸਿੰਘ ਦੇ ਨਾਂ ਉੱਤੇ ਉਹਦੇ ਪਿੰਡ ਖੋਲ੍ਹਣਾ ਪੰਜਾਬੀ ਨਾਲ ਘੋਰ ਬੇਇਨਸਾਫ਼ੀ ਤੇ ਧੱਕੇ ਦਾ ਪ੍ਰਮਾਣ ਹੈ। ਪੰਜਾਬੀ ਦੇ ਠੇਕੇਦਾਰ ਤੇ ਰਖਵਾਲੇ ਹੋਣ ਦਾ ਵਿਖਾਵਾ ਕਰਨ ਵਾਲ਼ੇ ਇਹਨਾਂ ਕਮੇਟੀਬਾਜ਼ਾਂ ਨੂੰ ਪੜ੍ਹਾਈ ਦਾ ਮਾਧਿਅਮ ਅੰਗਰੇਜ਼ੀ ਰਖਦਿਆਂ ਅਤੇ ਬੱਚਿਆਂ ਤੇ ਅਧਿਆਪਕਾਂ ਲਈ ਅੰਗਰੇਜ਼ੀ ਬੋਲਣੀ ਲਾਜ਼ਮੀ ਕਰਾਰ ਦਿੰਦਿਆਂ ਕੋਈ ਲਾਜ ਨਹੀਂ ਆਈ।
ਬਾਦਲ ਅਕਾਲੀ ਦਲ ਕੇਂਦਰ ਸਮੇਤ ਐਨਡੀਏ ਵਿਚ ਸੱਤਾ ਦਾ ਭਾਈਵਾਲ ਹੈ। ਕੁਦਰਤੀ ਹੈ ਕਿ ਪੰਜਾਬ ਦੇ ਰਾਜ-ਭਾਗ ਵਿਚ ਬੀਜੇਪੀ ਬਰਾਬਰ ਦੀ ਹਿੱਸੇਦਾਰ ਹੈ। ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਕਿਸੇ ਵੀ ਸੰਗਤ ਦਰਸ਼ਨ, ਸਭਾ, ਪ੍ਰੈੱਸ ਕਾਨਫ਼ਰੰਸ, ਆਦਿ ਵਿਚ ਬੋਲ ਰਹੇ ਹੋਣ, ਉਹ ਹੋਰ ਕੁਝ ਕਹਿਣਾ ਤਾਂ ਬੇਸ਼ੱਕ ਭੁੱਲ ਜਾਣ ਪਰ ਸਰਕਾਰ ਚਲਾਉਣ ਵਿਚ ਬੀਜੇਪੀ ਨਾਲ ਨਹੁੰ-ਮਾਸ ਵਾਲ਼ੇ ਅਟੁੱਟ ਰਿਸ਼ਤੇ ਉੱਤੇ ਜ਼ੋਰ ਦੇਣਾ ਨਹੀਂ ਭੁੱਲਦੇ। ਅਜਿਹੇ ਵੇਲ਼ੇ ਮੈਨੂੰ ਸੁਤੇਸਿਧ ਇਕ ਲੋਕਗੀਤ ਯਾਦ ਆ ਜਾਂਦਾ ਹੈ, ”ਅੱਧੀ ਤੇਰੀ ਹਾਂ ਮੁਲਾਹਜੇਦਾਰਾ, ਅੱਧੀ ਹਾਂ ਮੈਂ ਹੌਲਦਾਰ ਦੀ!” ਜਦੋਂ ਤੋਂ ਬਾਦਲ ਜੀ ਨੇ ਬੀਜੇਪੀ ਨਾਲ ਨਹੁੰ-ਮਾਸੀ ਰਿਸ਼ਤਾ ਬਣਾਇਆ ਹੈ, ਉਹ ਪੰਜਾਬ ਦੇ ਤਾਂ ਅੱਧੇ ਹੀ ਰਹਿ ਗਏ ਹਨ, ਬਾਕੀ ਅੱਧੇ ਆਰ ਐਸ ਐਸ/ ਬੀਜੇਪੀ ਦੇ ਹੋ ਗਏ ਹਨ। ਤੇ ਉਹ ਅੱਧੋ-ਅੱਧ ਦਾ ਇਹ ਧਰਮ ਪੂਰੇ ਸਿਦਕ-ਸਿਰੜ ਨਾਲ ਨਿਭਾਉਂਦੇ ਆਏ ਹਨ। ਕੁਦਰਤੀ ਹੈ ਕਿ ਬੀਜੇਪੀ ਦੇ ਆਗੂ ਅਕਾਲੀਆਂ ਦੇ ਮੰਚਾਂ ਦੀ ਸ਼ੋਭਾ ਵਧਾਉਂਦੇ ਹਨ ਅਤੇ ਅਕਾਲੀ ਆਗੂ ਉਹਨਾਂ ਦੇ ਮੰਚਾਂ ਦੀ ਰੌਣਕ ਬਣਦੇ ਹਨ। ਜੇ ਇਹਨਾਂ ਵਿਚੋਂ ਕਿਸੇ ਇਕ ਪਾਰਟੀ ਦੇ ਮੰਚ ਉੱਤੇ ਦੂਜੀ ਪਾਰਟੀ ਦਾ ਕੋਈ ਆਗੂ ਨਾ ਪਹੁੰਚੇ, ਅਖ਼ਬਾਰਾਂ ਵਿਚ ਘੁਸਰ-ਮੁਸਰ ਹੋਣ ਲਗਦੀ ਹੈ।
ਵੈਸੇ ਇਸ ਅਕਾਲੀ-ਬੀਜੇਪੀ ”ਨਹੁੰ-ਮਾਸੀ ਅਟੁੱਟ ਰਿਸ਼ਤੇ” ਦਾ ਹੀਜ-ਪਿਆਜ ਇਹ ਹੈ ਕਿ ਭਾਵੇਂ ਪੰਜਾਬ ਦੇ ਨਵੇਂ ਹਾਲਾਤ ਤੋਂ ਮਜਬੂਰ ਹੋ ਕੇ ਬੀਜੇਪੀ ਨੇ ਆਪਣੇ ਪਹਿਲੇ ਅਵਤਾਰ ਜਨਸੰਘ ਵਾਂਗ ਪੰਜਾਬੀ ਨੂੰ ਮਾਤਭਾਸ਼ਾ ਮੰਨਣ ਤੋਂ ਨੰਗਾ-ਚਿੱਟਾ ਇਨਕਾਰ ਕਰਨਾ ਤਾਂ ਛੱਡ ਦਿੱਤਾ ਹੈ ਪਰ ਦਿਲੋਂ ਅਜੇ ਵੀ ਮਾਤਭਾਸ਼ਾ ਵਜੋਂ ਪਰਵਾਨ ਨਹੀਂ ਕੀਤਾ। ਇਕ ਮਿਸਾਲ ਦੇਖੋ, ਪਤਾ ਨਹੀਂ ਕਿਥੋਂ ਲਏ, ਮੇਰੇ ਈਮੇਲ ਪਤੇ ਉੱਤੇ ਪੰਜਾਬ ਬੀਜੇਪੀ ਦੇ ਇਕ ਮੁੱਖ ਆਗੂ ਤੇ ਸਾਬਕਾ ਪ੍ਰਧਾਨ ਕਮਲ ਸ਼ਰਮਾ ਦੇ ਨੋਟ ਆਉਂਦੇ ਰਹਿੰਦੇ ਹਨ। ਉਹ ਅੰਗਰੇਜ਼ੀ ਤੇ ਹਿੰਦੀ ਵਿਚ ਹੀ ਹੁੰਦੇ ਹਨ। ”ਹਿੰਦੀ, ਹਿੰਦੂ, ਹਿੰਦੁਸਤਾਨ” ਵਾਲ਼ੀ ਹਿੰਦੀ ਦੀ ਵਰਤੋਂ ਤਾਂ ਭਲਾ ਸਮਝ ਆਉਂਦੀ ਹੈ ਪਰ ਜੇ ਉਹਨਾਂ ਨੂੰ ਗੋਰਿਆਂ ਦੀ ਭਾਸ਼ਾ ਵਰਤਣ ਤੋਂ ਸੰਕੋਚ ਨਹੀਂ ਤਾਂ ਪੰਜਾਬੀਆਂ ਤੱਕ ਆਪਣੀ ਗੱਲ ਮਾਤਭਾਸ਼ਾ ਪੰਜਾਬੀ ਵਿਚ ਪਹੁੰਚਦੀ ਕਰਨ ਵਿਚ ਮਾਨਸਿਕ ਕਸ਼ਟ ਕਿਉਂ ਹੁੰਦਾ ਹੈ? ਮਨ ਵਿਚ ਸਵਾਲ ਪੈਦਾ ਹੋ ਸਕਦਾ ਹੈ ਕਿ ਬਾਦਲ ਬੀਜੇਪੀ ਨਾਲ ਪੰਜਾਬੀ ਦਾ ਮੁੱਦਾ ਕਿਉਂ ਨਹੀਂ ਉਠਾਉਂਦੇ? ਪਹਿਲੀ ਗੱਲ ਤਾਂ ਇਹ ਕਿ ਉਹ ਅਜਿਹਾ ਤਦ ਕਰਨ ਜੇ ਆਪ ਪੰਜਾਬੀ ਦੇ ਦਰਦਮੰਦ ਹੋਣ। ਇਹਦੇ ਨਾਲ਼ ਹੀ ਬਾਦਲ ਜੀ ਇਹ ਸੋਚਦੇ ਹੋਣਗੇ, ਤੇ ਸ਼ਾਇਦ ਠੀਕ ਹੀ ਸੋਚਦੇ ਹੋਣਗੇ ਕਿ ਨਹੁੰ-ਮਾਸੀ ਬੀਜੇਪੀ ਨਾਲ ਪੰਜਾਬੀ ਜਿਹੀ ਮਾਮੂਲੀ ਗੱਲ ਦਾ ਪੰਗਾ ਛੇੜ ਕੇ ਬੀਬੀ ਹਰਸਿਮਰਤ ਕੌਰ ਬਾਦਲ ਦੀ ਕੁਰਸੀ ਤਾਂ ਨਹੀਂ ਗੁਆਉਣੀ!
ਇਹਨੀਂ ਦਿਨੀਂ ਅਕਾਲੀਆਂ ਵਲੋਂ ਪੰਜਾਬੀ ਸੂਬੇ ਦੀ ਪੰਜਾਹਵੀਂ ਵਰ੍ਹੇਗੰਢ ਮਨਾਉਣ ਦੇ ਫੋਕੇ ਐਲਾਨ ਕੀਤੇ ਜਾ ਰਹੇ ਹਨ। ਅਸਲ ਹਾਲਤ ਇਹ ਹੈ ਕਿ ਸਰਕਾਰ ਦੇ ਭਾਸ਼ਾ ਵਿਭਾਗ ਕੋਲ਼ ਇਹ ਦਿਨ ਮਨਾਉਣ ਲਈ ਧੇਲਾ ਵੀ ਨਹੀਂ। ਦੂਜੇ ਪਾਸੇ ਅਕਾਲੀਆਂ ਦੀ ਅਰਬਪਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਈ ਵਾਰ ਤਾਰੀਖ਼ਾਂ ਐਲਾਨਣ ਦੇ ਬਾਵਜੂਦ ਇਸ ਮੌਕੇ ਲਈ ਵਿਉਂਤਿਆ ਗਿਆ ਆਨੰਦਪੁਰ ਸਾਹਿਬ ਵਾਲ਼ਾ ਇਕ ‘ਵਿਸ਼ਵ ਪੰਜਾਬੀ ਭਾਸ਼ਾ ਸੰਮੇਲਨ’ ਵੀ ਨਹੀਂ ਕਰਵਾ ਸਕੀ। ਪਹਿਲਾਂ ਕਈ ਵਾਰ ਮੁਲਤਵੀ ਕੀਤੇ ਗਏ ਇਸ ਸੰਮੇਲਨ ਦੇ ਸੱਦਾ-ਪੱਤਰ ਆਖ਼ਰ ਕੁਝ ਦਿਨ ਪਹਿਲਾਂ ਲੇਖਕਾਂ ਤੇ ਵਿਦਵਾਨਾਂ ਤੱਕ ਪਹੁੰਚ ਹੀ ਗਏ ਸਨ। ਪਰ ਅਕਸਰ ਅਕਾਲੀਆਂ ਦੇ ਸਿਆਸੀ ਇਕੱਠਾਂ ਦੇ ਪ੍ਰਬੰਧ ਦੀ ਮੁਹਾਰਿਤ ਦਿਖਾਉਂਦੀ ਰਹਿਣ ਵਾਲ਼ੀ ਸ਼੍ਰੋਮਣੀ ਕਮੇਟੀ ਦੀ ਨਾਅਹਿਲੀਅਤ ਦੀ ਹੱਦ ਦੇਖੋ ਕਿ ਲਿਖਤੀ ਸੱਦਾ-ਪੱਤਰ ਭੇਜੇ ਜਾਣ ਮਗਰੋਂ ਹੁਣ ਅਸੰਭਵ ਕੰਮ ਆਖ ਕੇ ਤੇ ਹੱਥ ਖੜ੍ਹੇ ਕਰ ਕੇ ਇਹ ਸੰਮੇਲਨ ਮੁਲਤਵੀ ਨਹੀਂ ਸਗੋਂ ਰੱਦ ਹੀ ਕਰ ਦਿੱਤਾ ਗਿਆ ਹੈ। ਕਿਤੇ ਅਕਾਲੀ ਆਗੂਆਂ ਨੂੰ ਉਥੇ ਕੁਝ ਲੇਖਕਾਂ ਤੇ ਵਿਦਵਾਨਾਂ ਵਲੋਂ ਪੰਜਾਬੀ ਦੇ ਅਸਲ ਮਸਲੇ ਤੇ ਮੁੱਦੇ ਸਾਹਮਣੇ ਲਿਆਂਦੇ ਜਾਣ ਦੀ ਸੰਭਾਵਨਾ ਦਾ ਭੈ ਤਾਂ ਨਹੀਂ ਸੀ ਖਾਣ ਲਗਿਆ?
ਮੈਂ ਬਾਦਲ ਸਰਕਾਰ ਦੀ, ਇਸ ਵਾਰ ਭਿਆਨਕ ਰੂਪ ਧਾਰ ਕੇ ਭੈਭੀਤ ਕਰ ਰਹੀਆਂ, ਚੋਣਾਂ ਦੀ ਮਜਬੂਰੀ ਸਮਝਦਾ ਹਾਂ। ਪੰਜਾਬੀ ਸੂਬੇ ਦੀ ਪੰਜਾਹਵੀਂ ਵਰ੍ਹੇਗੰਢ ਮਨਾ ਕੇ ਪੈਸਾ ਫ਼ਜੂਲ ਰੋੜ੍ਹਨ ਨਾਲ਼ੋਂ ਵੋਟਰਾਂ ਨੂੰ ਪਤੀਲੇ-ਕੜਛੀਆਂ ਤੇ ਸਿਲਾਈ ਮਸ਼ੀਨਾਂ ਵਗ਼ੈਰਾ ਵੰਡ ਕੇ ਅਤੇ ਯਾਤਰਾ-ਬਸਾਂ ਦੇ ਝੂਟੇ ਦੁਆ ਕੇ ਵੋਟ ਅਕਾਲੀਆਂ ਨੂੰ ਪਾਉਣ ਦੀਆਂ ਸਹੁੰਆਂ ਖੁਆਉਣਾ ਕਰੋਧੀ ਹੋਏ ਚੋਣ-ਭਵਸਾਗਰ ਨੂੰ ਪਾਰ ਕਰਨ ਵਾਸਤੇ ਸ਼ਾਇਦ ਗਊ ਦੀ ਪੂਛ ਸਿੱਧ ਹੋ ਸਕੇ! ਪਰ ਮੁੱਖ ਮੰਤਰੀ ਜੀ ਨੂੰ ਮੈਂ ਇਹ ਬੇਨਤੀ ਜ਼ਰੂਰ ਕਰਨੀ ਚਾਹਾਂਗਾ ਕਿ ਇਸ ਸ਼ੁਭ ਮੌਕੇ ਉਹ ਇਕ ਤਾਂ ਕੇਂਦਰੀ ਪੰਜਾਬੀ ਲੇਖਕ ਸਭਾ ਦਾ ਅਠਾਰਾਂ ਸਾਲਾਂ ਤੋਂ ਦੱਬਿਆ ਹੋਇਆ ਮੁਹਾਲ਼ੀ ਵਾਲ਼ਾ ਪਲਾਟ ਜ਼ਰੂਰ ਖਾਲੀ ਕਰ ਦੇਣ। ਦੂਜੇ, ਉਹ ਪਤੀਲੇ-ਕੜਛੀਆਂ ਭਾਵੇਂ ਵੀਹ-ਪੰਜਾਹ ਗਰਾਮ ਹਲਕੇ ਬਣਵਾ ਕੇ ਮਾਇਆ ਬਚਾਉਣ ਪਰ ਉਪਰੋਕਤ ਪਲਾਟ ਵਿਚ ਦਫ਼ਤਰ ਉਸਾਰਨ ਲਈ ਐਲਾਨਿਆ ਪੈਸਾ, ਤਤਕਾਲੀ ਮੰਤਰੀ ਉਪਿੰਦਰਜੀਤ ਕੌਰ ਦਾ ਕੁਝ ਸਾਹਿਤਕ ਸੰਸਥਾਵਾਂ ਲਈ ਪਰਵਾਨਿਆ ਪੈਸਾ ਅਤੇ 2010 ਵਿਚ ਆਪਣੇ ਦਫ਼ਤਰ ਵਿਚ ਲੇਖਕਾਂ ਨਾਲ਼ ਹੋਈ ਮੁਲਾਕਾਤ ਸਮੇਂ ਇਕਰਾਰਿਆ ਪੈਸਾ ਔਖੇ-ਸੌਖੇ ਸਾਨੂੰ ਜ਼ਰੂਰ ਦੇ ਦੇਣ! ੲ
from Punjab News – Latest news in Punjabi http://ift.tt/2d4GzDP
0 comments