ਸ੍ਰੀ ਅਨੰਦਪੁਰ ਸਾਹਿਬ : ਬੀਤੇ ਦਿਨੀ ਸੁਪਰੀਮ ਕੋਰਟ ਵਲੋਂ ਕਈ ਸਾਲਾਂ ਤੋਂ ਚੱਲ ਰਹੇ ਸਹਿਜਧਾਰੀ ਸਿੱਖਾਂ ਦੀਆਂ ਵੋਟਾਂ ਦੇ ਹੱਕ ਬਾਰੇ ਕੇਸ ਦੇ ਕੀਤੇ ਫ਼ੈਸਲੇ ਤੋ ਬਾਅਦ ਹੁਣ ਕੇਂਦਰੀ ਗ੍ਰਹਿ ਮੰਤਰਾਲਾ ਕਿਸੇ ਵਕਤ ਵੀ ਨੋਟੀਫ਼ੀਕੇਸਨ ਜਾਰੀ ਕਰ ਸਕਦਾ ਹੈ ਕਿ 2011 ਵਿਚ ਚੁਣਿਆ ਸ਼੍ਰੋਮਣੀ ਕਮੇਟੀ ਦਾ ਜਨਰਲ ਹਾਊਸ ਅਗਲੇ ਪੰਜ ਸਾਲਾਂ ਲਈ ਕੰਮ ਕਰਦਾ ਰਹੇਗਾ। ਜ਼ਾਹਰ ਹੈ ਕਿ ਪਿਛਲੀ ਕਾਰਜਕਾਰਨੀ ਦੀ ਥਾਂ ਨਵੀਂ ਕਾਰਜਕਾਰਨੀ ਚੁਣੀ ਜਾਣੀ ਹੈ ਤਾਂ ਹੁਣ ਨਵੇਂ ਬਣਨ ਵਾਲੇ ਪ੍ਰਧਾਨ ਲਈ ਪ੍ਰਧਾਨ ਬਣਨ ਦੀ ਲਾਲਸਾਂ ਰੱਖਣ ਵਾਲੇ ਚਾਹਵਾਨਾਂ ਵਲੋਂ ਆਪੋ ਅਪਣੀ ਜ਼ੋਰ ਅਜਮਾਈ ਸੁਰੂ ਕਰ ਦਿਤੀ ਗਈ ਹੈ ਪਰ ਨਵੇਂ ਪ੍ਰਧਾਨ ਦੀ ਹੋਣ ਵਾਲੀ ਚੋਣ ਲਈ ਪਹਿਲਾਂ ਵਾਲਾ ਪ੍ਰਧਾਨ ਹੀ ਇਸ ਕੁਰਸੀ ‘ਤੇ ਸਜਿਆ ਰਹੇਗਾ ਜਾਂ ਹੋਰ ਨਵਾਂ ਖ਼ੁਸ਼ਕਿਸਮਤ ਚਿਹਰਾ ਹੋਵੇਗਾ ਜੋ ਸ਼ੋਮਣੀ ਕਮੇਟੀ ਦੇ ਪ੍ਰਧਾਨ ਦੀ ਕੁਰਸੀ ‘ਤੇ ਬੈਠੇਗਾ ਇਹ ਤਾਂ ਸਿਰਫ਼ ਤੇ ਸਿਰਫ਼ ਬਾਦਲ ਜਾਣਦੇ ਹੋਣਗੇ।
ਪ੍ਰਧਾਨ ਦੀ ਕੁਰਸੀ ‘ਤੇ ਬੈਠਣ ਵਾਲੇ ਚਾਹਵਾਨਾਂ ਦੇ ਨਾਵਾਂ ਵਿਚ ਮੌਜੂਦਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਸਮੇਤ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ, ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਅਕਾਲੀ ਦਲ ਦੇ ਮੀਤ ਪ੍ਰਧਾਨ ਭਾਈ ਅਮਰਜੀਤ ਸਿੰਘ ਚਾਵਲਾ, ਰਜਿੰਦਰ ਸਿੰਘ ਮਹਿਤਾ, ਦਿਆਲ ਸਿੰਘ ਕੋਲਿਆਵਾਲੀ, ਜਥੇ. ਸੇਵਾ ਸਿੰਘ ਸੇਖਵਾਂ, ਜਥੇ. ਤੋਤਾ ਸਿੰਘ ਤੋ ਇਲਾਵਾ ਭਾਈ ਮਨਜੀਤ ਸਿੰਘ, ਸੰਤ ਬਲਬੀਰ ਸਿੰਘ ਘੁੰਨਸ ਸਮੇਤ ਕਈ ਮਾਲਵੇ ਦੇ ਸੀਨੀਅਰ ਆਗੂ ਸ਼ਾਮਲ ਹਨ। ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਜਥੇਦਾਰ ਅਵਤਾਰ ਸਿੰਘ ਮੱਕੜ ਨੂੰ ਸ਼ਹਿਰੀ ਸਿੱਖਾਂ ਦੇ ਪ੍ਰਤੀਨਿਧ ਹੋਣ ਦੇ ਨਾਤੇ ਪ੍ਰਧਾਨ ਦੀ ਕੁਰਸੀ ‘ਤੇ ਬਾਦਲ ਸਾਹਿਬ ਨੇ ਬੈਠਾਇਆ ਸੀ ਅਤੇ ਉਹ ਜਥੇਦਾਰ ਗੁਰਚਰਨ ਸਿੰਘ ਟੋਹੜਾ ਤੋਂ ਬਾਅਦ ਅਜਿਹੇ ਪ੍ਰਧਾਨ ਹਨ ਜੋ ਲੰਮੇ ਸਮੇਂ (ਕਰੀਬ 11ਸਾਲ) ਤੋਂ ਪ੍ਰਧਾਨ ਚਲੇ ਆ ਰਹੇ ਹਨ ਤੇ ਹੁਣ 2017 ਦੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰਖਦਿਆਂ ਅਕਾਲੀ ਦਲ ਤੇ ਬਾਦਲ ਪਰਵਾਰ ਸ਼ਹਿਰੀ ਸਿੱਖਾਂ ਤੇ ਅਪਣਾ ਪ੍ਰਭਾਵ ਬਣਾਈ ਰੱਖਣ ਲਈ ਹੋ ਸਕਦਾ ਹੈ ਜਥੇ. ਮੱਕੜ ਨੂੰ ਫਿਰ ਤੋ ਪ੍ਰਧਾਨ ਬਣਾ ਦਿਤਾ ਜਾਵੇ।
ਜੇ ਕਿਸੇ ਕਾਰਨ ਬਾਦਲ ਜੋੜੀ ਜਥੇ. ਮੱਕੜ ਨੂੰ ਪ੍ਰਧਾਨਗੀ ਪਦ ਤੋਂ ਲਾਂਭੇ ਵੀ ਕਰਦੀ ਹੈ ਤਾਂ ਸਹਿਰੀ ਸਿੱਖਾਂ ਨੂੰ ਖ਼ੁਸ਼ ਕਰਨ ਲਈ ਸਿੱਖ ਸਟੂਡੈਂਟ ਫ਼ੈਡਰੇਸ਼ਨ ਦੇ ਪੁਰਾਣੇ ਕਾਰਕੁੰਨ, ਬਾਦਲ ਪਰਵਾਰ ਦੇ ਨਜ਼ਦੀਕੀ ਅਤੇ ਅਕਾਲੀ ਦਲ ਦੇ ਉਪ ਪ੍ਰਧਾਨ ਭਾਈ ਅਮਰਜੀਤ ਸਿੰਘ ਚਾਵਲਾ ਨੂੰ ਪ੍ਰਧਾਨ ਦੀ ਕੁਰਸੀ ਨਸੀਬ ਹੋ ਸਕਦੀ ਹੈ। ਨਵੇਂ ਬਣਨ ਵਾਲੇ ਪ੍ਰਧਾਨ ਦੀ ਪਰੰਪਰਾ ਤਾਂ ਉਹੀ ਹੈ ਕਿ ਇਕ ਪਾਸੇ ਸ਼੍ਰੋਮਣੀ ਕਮੇਟੀ ਦਾ ਹਾਊਸ ਨਵੇਂ ਪ੍ਰਧਾਨ ਦੀ ਚੋਣ ਕਰਨ ਲਈ ਹਾਊਸ ਵਿਚ ਕਾਰਵਾਈ ਸੁਰੂ ਕਰਦੇ ਹਨ ਤੇ ਦੂਜੇ ਪਾਸੇ ਉਪਰੋਂ ਬਾਦਲ ਸਾਹਿਬ ਦਾ ਨੁਮਾਇਦਾਂ ਲਿਫ਼ਾਫ਼ਾ ਲੈ ਕੇ ਹਾਊਸ ਵਿਚ ਪਹੁੰਚ ਕੇ ਪ੍ਰਧਾਨ ਦਾ ਨਾਂਅ ਕੱਢ ਕੇ ਸੁਣਾ ਦਿੰਦਾ ਹੈ ਤੇ ਬਾਦਲ ਦਲ ਦੇ ਮੈਂਬਰ ਦੂਜੇ ਧੜਿਆਂ ਤੇ ਮਾਮੂਲੀ ਵਿਰੋਧ ਨੂੰ ਅਣਦੇਖਿਆ ਕਰ ਕੇ ਨਵੇਂ ਪ੍ਰਧਾਨ ਦੇ ਨਾਂਅ ‘ਤੇ ਮੋਹਰ ਲਗਾ ਕੇ ਉਸ ਨੂੰ ਪ੍ਰਧਾਨ ਥਾਪ ਦਿੰਦੇ ਹਨ।
from Punjab News – Latest news in Punjabi http://ift.tt/2dSSt2a
0 comments