ਫਰਿਜ਼ਨੋ (ਮਾਛੀਕੇ / ਧਾਲੀਆਂ) : ਸਥਾਨਕ ਇੰਡੀਆ ਕਬਾਬ ਪਲੇਸ ਰੈਸਟੋਰੈਂਟ ਵਿੱਚ ਤਾਜ ਰੰਧਾਵਾ, ਜੈਕਾਰਾ ਮੂਵਮੈਂਟ ਅਤੇ ਪੀਸੀਏ ਦੇ ਉਦਮ ਸਦਕਾ ਇੱਕ ਵਿਸ਼ੇਸ਼ ਫ਼ੰਡ ਰੇਜ਼ਰ ਦਾ ਉਪਰਾਲਾ ਸਹਾਇਤਾ ਸੰਸਥਾ ਲਈ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਪੰਜਾਬੀਆਂ ਨੇ ਪਹੁੰਚਕੇ ਆਪਣਾ ਦਸਵੰਧ ਕੱਢਿਆ ਅਤੇ ਹਜ਼ਾਰਾਂ ਡਾਲਰ ਇਕੱਤਰ ਕਰਕੇ ਸਹਾਇਤਾ ਸੰਸਥਾ ਦੀ ਝੋਲੀ ਪਾਏ। ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਸਹਾਇਤਾ ਸੰਸਥਾ 2005 ਵਿੱਚ ਹੋਂਦ ਵਿੱਚ ਆਈ ਸੀ ਅਤੇ ਉਦੋਂ ਤੋਂ ਹੀ ਦੇਸ਼ਾਂ ਵਿਦੇਸ਼ਾਂ ਵਿੱਚ ਲੋੜਵੰਦ ਲੋਕਾਂ ਅਤੇ ਬੇਸਹਾਰਾ ਬੱਚਿਆਂ ਦੀ ਦੇਖਭਾਲ ਲਈ ਉਪਰਾਲੇ ਕਰ ਰਹੀ ਹੈ। ਇਸ ਸਮਾਗਮ ਦੀ ਸ਼ੁਰੂਆਤ ਸਟੇਜ ਸਕੱਤਰ ਰੂਬੀ ਸਰਾਂ ਨੇ ਸਭ ਨੂੰ ਨਿੱਘੀ ਜੀ ਆਇਆ ਆਖ ਕੇ ਕੀਤੀ। ਡਾ. ਹਰਕੇਸ਼ ਸੰਧੂ ਨੇ ਸੰਸਥਾ ਦੇ ਇਤਿਹਾਸ ਤੋਂ ਆਏ ਮਹਿਮਾਨਾਂ ਨੂੰ ਜਾਣੂ ਕਰਵਾਇਆ, ਅਤੇ ਉਨ੍ਹਾਂ ਦੀ ਜ਼ੁਬਾਨੀ ਅਨਾਥ ਬੱਚੇ ਬੱਚੀਆਂ ਦੀਆਂ ਦਰਦਨਾਕ ਕਹਾਣੀਆਂ ਸੁਣਕੇ ਹਰ ਅੱਖ ਨਮ ਹੋ ਗਈ। ਇਸ ਮੌਕੇ ਉਨ੍ਹਾਂ ਪੰਜਾਬ ਦੀ ਕਿਰਸਾਨੀ ਨੂੰ ਬਚਾਉਣ ਲਈ ਵੀ ਪ੍ਰਵਾਸੀ ਪੰਜਾਬੀਆਂ ਨੂੰ ਗੁਹਾਰ ਲਾਈ। ਸੁਖਬੀਰ ਭੰਡਾਲ ਨੇ ਸਹਾਇਤਾ ਸੰਸਥਾ ਦੇ ਕੰਮਾਂ ਨੂੰ ਸਲਾਹਿਆ ਅਤੇ ਸੰਸਥਾ ਦੀ ਹਰ ਤਰਾਂ ਦੀ ਮਦਦ ਲਈ ਵਚਨਬੱਧਤਾ ਪ੍ਰਗਟਾਈ। ਇਸ ਮੌਕੇ ਅੰਮ੍ਰਿਤ ਧਾਲੀਵਾਲ ਨੇ ਹਾਸਰਸ ਕਵੀਸ਼ਰੀ ਪੇਸ਼ ਕਰਕੇ ਖ਼ੂਬ ਰੰਗ ਬੰਨਿਆਂ।
ਮਿੱਕੀ ਸਰਾਂ ਨੇ ਖ਼ੂਬਸੂਰਤ ਗੀਤ ਨਾਲ ਹਾਜ਼ਰੀ ਲਵਾਈ।ਹੋਰ ਬੋਲਣ ਵਾਲੇ ਬੁਲਾਰਿਆਂ ਵਿੱਚ ਤਾਜ ਰਧਾਵਾਂ, ਲਵੀ ਸਰਾਂ, ਪੀਟਰ ਸਿੰਘ, ਡਾ. ਮਲਕੀਤ ਸਿੰਘ ਕਿੰਗਰਾ, ਰਾਜ ਬਡਵਾਲ, ਪਰਵਾਜ਼ ਆਦਿ ਦੇ ਨਾਮ ਜ਼ਿਕਰਯੋਗ ਹਨ। ਇਸ ਮੌਕੇ ਦਾਨੀ ਸੱਜਣਾਂ ਨੇ ਸਹਾਇਤਾ ਸੰਸਥਾ ਦੇ ਕਾਰਕੁਨਾਂ ਦਾ ਖੜੇ ਹੋਕੇ ਤਾੜੀਆਂ ਮਾਰ ਕੇ ਉਨ੍ਹਾਂ ਦੁਆਰਾ ਕੀਤੇ ਜਾ ਰਹੇ ਨਿਸ਼ਕਾਮ ਕਾਰਜਾਂ ਲਈ ਹੌਸਲਾ ਫ਼ਸਾਈ ਕੀਤੀ ਗਈ। ਅਖੀਰ ਰਾਤਰੀ ਦੇ ਭੋਜਨ ਨਾਲ ਇਹ ਪ੍ਰੋਗਰਾਮ ਯਾਦਗਾਰੀ ਹੋ ਨਿੱਬੜਿਆ। ਇਸ ਪ੍ਰੋਗਰਾਮ ਦੇ ਯਾਦਗਾਰੀ ਪਲਾਂ ਨੂੰ ਕੈਮਰਾਬੰਦ ਰਾਜ ਬਡਵਾਲ ਨੇ ਕੀਤਾ।
from Punjab News – Latest news in Punjabi http://ift.tt/2cUX02r
0 comments