ਫਰਿਜ਼ਨੋ (ਨੀਟਾ ਮਾਛੀਕੇ / ਕੁਲਵੰਤ ਧਾਲੀਆਂ) : ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਫਰਿਜ਼ਨੋ ਅਤੇ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਸਿਲਮਾ ਵੱਲੋਂ ਕੈਲੇਫੋਰਨੀਆਂ ਕਬੱਡੀ ਫੈਡਰੇਸ਼ਨ ਯੂ. ਐੱਸ. ਏ. ਦੇ ਅਸੂਲਾਂ ਮੁਤਾਬਿਕ ਇੰਟਰਨੈਸ਼ਨਲ ਕਬੱਡੀ ਕੱਪ 2016 ਚੱਕਚਾਂਸੀ ਪਾਰਕ ਫਰਿਜ਼ਨੋ ਦੀਆਂ ਗਰਾਉਂਡਾਂ ਵਿਖੇ ਬੜੀ ਸ਼ਾਨੋ ਸ਼ੌਕਤ ਨਾਲ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਸ਼ਾਮਲ ਹੋਣ ਲਈ ਜਿੱਥੇ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਪਹੁੰਚੇ ਹੋਏ ਸਨ ਉੱਥੇ ਦੂਰ ਦੁਰਾਡੇ ਤੋਂ ਪੱਤਰਕਾਰ, ਫ਼ੋਟੋਗਰਾਫ਼ਰ, ਲੇਖਕ ਵੀ ਇਸ ਖੇਡ ਮੇਲੇ ਦੇ ਯਾਦਗਾਰੀ ਪਲਾਂ ਨੂੰ ਕੈਮਰਾਬੰਦ ਕਰ ਕਰਦੇ ਨਜ਼ਰ ਆਏ।
ਪਤਵੰਤੇ ਸੱਜਣਾਂ ਨੇ ਖਿਡਾਰੀਆਂ ਨਾਲ ਜਾਣ ਪਹਿਚਾਣ ਕੀਤੀ ਅਤੇ ਪ੍ਰਬੰਧਕਾ ਵੱਲੋਂ ਬਹੁਤ ਸਾਰੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਟੂਰਨਾਮੈਂਟ ਦੇ ਸਾਰੇ ਮੈਚ ਹੀ ਬਹੁਤ ਕਮਾਲ ਦੇ ਸਨ, ਖਿਡਾਰੀਆਂ ਨੇ ਜੀ-ਜਾਨ ਲਾਕੇ ਆਪਣੀ ਖੇਡ ਦਾ ਮੁਜ਼ਾਹਰਾ ਕੀਤਾ। ਬਹੁਤ ਹੀ ਫਸਵੇਂ ਮੁਕਾਬਲੇ ਵਿੱਚ ਸੈਮੀਫਾਈਨਲ ਮੈਚ ਫ਼ਤਿਹ ਸਪੋਰਟਸ ਕਲੱਬ ਨੂੰ ਹਾਰਨ ਪਿੱਛੋਂ ਫਰਿਜ਼ਨੋ ਦੀ ਟੀਮ ਨੂੰ ਚੌਥੇ ਤੇ ਰਹੀ। ਅੰਡਰ ਟਵੰਟੀ ਵੰਨ ਦੇ ਕਬੱਡੀ ਮੈਚ ਵੀ ਬਹੁਤ ਰੋਚਿਕ ਰਹੇ, ਇਹਨਾਂ ਮੈਚਾਂ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਸੈਕਰਾਮੈਂਟੋ ਦੀ ਟੀਮ ਯੂਬਾ ਸਿਟੀ ਦੀ ਟੀਮ ਨੂੰ ਹਰਾ ਕੇ ਜੇਤੂ ਰਹੀ। ਇਸ ਟੂਰਨਾਮੈਂਟ ਵਿੱਚ ਬੇ-ਏਰੀਆ ਦੀ ਟੀਮ ਨੇ ਬਹੁਤ ਹੀ ਤਕੜੇ ਮੁਕਾਬਲੇ ਦੌਰਾਨ ਫਾਈਨਲ ਮੈਚ ਵਿੱਚ ਸੈਂਟਰਲ ਵੈਲੀ ਦੀ ਟੀਮ ਨੂੰ ਹਰਾ ਕੇ ਪਹਿਲੇ ਸਥਾਨ ਤੇ ਕਬਜ਼ਾ ਕੀਤਾ ਅਤੇ ਕੱਪ ਆਪਣੇ ਨਾਂ ਕਰ ਲਿਆ।
ਇਹਨਾਂ ਮੈਚਾਂ ਦੌਰਾਨ ਕਬੱਡੀ ਪ੍ਰੇਮੀਆਂ ਨੇ ਇੱਕ ਇੱਕ ਜੱਫੇ ਤੇ ਖੜੇ ਹੋਕੇ ਤਾੜੀਆਂ ਮਾਰੀਆਂ ਅਤੇ ਇਸ ਟੂਰਨਾਮੈਂਟ ਦੇ ਬੈਸਟ ਰੇਡਰ ਕਮਲ ਨਵਾਂ ਪਿੰਡ ਅਤੇ ਬਿਸਟ ਜਾਫੀ ਖ਼ੁਸ਼ੀ ਦਿੜਵਾ ਐਲਾਨੇ ਗਏ । ਸਭ ਤੋਂ ਵਧੀਆ ਗੱਲ ਇਸ ਟੂਰਨਾਮੈਂਟ ਵਿੱਚ ਇਹ ਰਹੀ ਕਿ ਸੱਟ ਲੱਗਣ ਤੇ ਖਿਡਾਰੀਆਂ ਲਈ ਫ਼ਸਟ ਏਡ ਦਾ ਖ਼ਾਸ ਪ੍ਰਬੰਧ ਕੀਤਾ ਗਿਆ ਸੀ ਅਤੇ ਕਬੱਡੀ ਕੁਮੈਂਟੇਟਰਾ ਨੂੰ ਖ਼ਾਸ ਹਦਾਇਤਾਂ ਸੀ ਕਿ ਕੁਮੈਂਟਰੀ ਦੌਰਾਨ ਸਿਰਫ਼ ਕਬੱਡੀ ਦੀ ਗੱਲ ਹੋਵੇ ਅਤੇ ਆਵਾਗੌਣ ਨਾਮ ਬੋਲਣ ਤੋਂ ਸੰਕੋਚ ਰਹੇ ਅਤੇ ਇਸ ਖੇਡ ਮੇਲੇ ਦੌਰਾਨ ਕਬੱਡੀ ਫੈਡਰੇਸ਼ਨ ਦੇ ਰੂਲਾਂ ਨੂੰ ਪੂਰਨ ਤੌਰ ਤੇ ਲਾਗੂ ਕੀਤਾ ਗਿਆ, ਇੰਨੇ ਚੰਗੇ ਪ੍ਰਬੰਧਾਂ ਲਈ ਟੂਰਨਾਮੈਂਟ ਕਮੇਟੀ ਵਧਾਈ ਦੀ ਪਾਤਰ ਹੈ ਅਤੇ ਇਸ ਟੂਰਨਾਮੈਂਟ ਨੂੰ ਕਾਮਯਾਬ ਬਣਾਉਣ ਦਾ ਸਿਹਰਾ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਫਰਿਜ਼ਨੋ ਅਤੇ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਸਿਲਮਾ ਦੇ ਅਣਥੱਕ ਮੈਂਬਰਾਂ ਸਿਰ ਜਾਂਦਾ ਹੈ। ਕਬੱਡੀ ਕੁਮੈਂਟੇਟਰ ਇਕਬਾਲ ਗਾਲਬ, ਮੱਖਣ ਅਲੀ, ਸੁਰਜੀਤ ਕੁਕਰਾਲੀ ਅਤੇ ਕਾਲਾ ਰਸ਼ੀਨ ਨੇ ਸ਼ਾਨਦਾਰ ਕੁਮੈਂਟਰੀ ਕਰਕੇ ਗਰਾਊਂਡ ਵਿੱਚ ਖ਼ੂਬ ਰੰਗ ਬੰਨ੍ਹਿਆ। ਸਟੇਜ ਸੰਚਾਲਨ ਆਸ਼ਾ ਸ਼ਰਮਾ ਨੇ ਬਾਖ਼ੂਬੀ ਕੀਤਾ। ਅੰਤ ਅਮਿੱਟ ਪੈੜਾਂ ਛੱਡਦਾ ਇਹ ਟੂਰਨਾਮੈਂਟ ਯਾਦਗਾਰੀ ਹੋ ਨਿੱਬੜਿਆ।
from Punjab News – Latest news in Punjabi http://ift.tt/2e3S6F9
0 comments