ਚੀਨ ਨੇ ਬ੍ਰਹਮਪੁਤਰ ਦੀ ਇਕ ਸਹਾਇਕ ਨਦੀ ਦਾ ਪਾਣੀ ਰੋਕਿਆ

full11951ਬੀਜਿੰਗ : ਪਾਕਿਸਤਾਨ ਨਾਲ ਸਿੰਧ ਜਲ ਸੰਧੀ ਤੋੜਨ ਸਬੰਧੀ ਚੱਲ ਰਹੀ ਵਿਚਾਰ-ਚਰਚਾ ਦੌਰਾਨ ਚੀਨ ਨੇ ਭਾਰਤ ਦੀ ਚਿੰਤਾ ਵਧਾ ਦਿਤੀ ਹੈ। ਚੀਨ ਨੇ ਤਿੱਬਤ ਵਿਚ ਅਪਣੇ ਇਕ ਪਣਬਿਜਲੀ ਪ੍ਰਾਜੈਕਟ ਲਈ ਬ੍ਰਹਮਪੁਤਰ ਦੀ ਇਕ ਸਹਾਇਕ ਨਦੀ ਦਾ ਪਾਣੀ ਰੋਕ ਦਿਤਾ ਹੈ।

ਖ਼ਬਰ ਏਜੰਸੀ ਸ਼ਿਨਹੂਆ ਨੇ ਪ੍ਰਾਜੈਕਟ ਦੇ ਪ੍ਰਸ਼ਾਸਨਕ ਬਿਊਰੋ ਦੇ ਪ੍ਰਮੁੱਖ ਝਾਂਗ ਯੁੰਬੋ ਦੇ ਹਵਾਲੇ ਨਾਲ ਕਿਹਾ ਕਿ ਤਿੱਬਤ ਦੇ ਸ਼ਿਗਾਜੇ ਵਿਚ ਯਾਰਲੁੰਗ ਝਾਂਗਬੋ (ਬ੍ਰਹਮਪੁਤਰ ਦਾ ਤਿੱਬਤੀ ਨਾਮ) ਦੀ ਸਹਾਇਕ ਨਦੀ ਸ਼ਿਆਬੁਕੂ ‘ਤੇ ਬਣ ਰਹੇ ਲਾਲਹੋ ਪ੍ਰਾਜੈਕਟ ਵਿਚ 4.95 ਅਰਬ ਯੁਆਨ (74 ਕਰੋੜ ਡਾਲਰ) ਦਾ ਨਿਵੇਸ਼ ਕੀਤਾ ਗਿਆ ਹੈ। ਸ਼ਿਗਾਜੇ ਨੂੰ ਸ਼ਿਗਾਤਜੇ ਨਾਲ ਨਾਲ ਵੀ ਜਾਣਿਆ ਜਾਂਦਾ ਹੈ। ਸ਼ਿਨਹੂਆ ਮੁਤਾਬਕ, ਚੀਨ ਨੇ ਇਸ ਪਣਬਿਜਲੀ ਪ੍ਰਾਜੈਕਟ ‘ਤੇ ਸਾਲ 2014 ਵਿਚ ਕੰਮ ਸ਼ੁਰੂ ਕੀਤਾ ਗਿਆ ਸੀ, ਜਿਸ ਨੂੰ ਸਾਲ 2019 ਤਕ ਪੂਰਾ ਕਰਨਾ ਹੈ।

ਚੀਨ ਦਾ ਕਹਿਣਾ ਹੈ ਕਿ ਉਹ ਇਸ ਤੋਂ ਬਿਜਲੀ ਪੈਦਾ ਕਰੇਗਾ, ਪਾਣੀ ਦੀ ਵਰਤੋਂ ਸਿੰਚਾਈ ਲਈ ਕਰੇਗਾ ਅਤੇ ਨਾਲ ਹੀ ਇਸ ਨਾਲ ਹੜ੍ਹਾਂ ‘ਤੇ ਕਾਬੂ ਪਾਉਣ ਵਿਚ ਮਦਦ ਮਿਲੇਗੀ। ਦੂਜੇ ਪਾਸੇ, ਭਾਰਤ ਅਤੇ ਬੰਗਲਾਦੇਸ਼ ਇਸ ਤੋਂ ਚਿੰਤਿਤ ਹਨ, ਕਿਉਂਕਿ ਇਸ ਨਾਲ ਉਨ੍ਹਾਂ ਦੇ ਇਲਾਕਿਆਂ ਵਿਚ ਰਹਿਣ ਵਾਲੇ ਲੱਖਾਂ ਲੋਕ ਪਾਣੀ ਦੀ ਸਪਲਾਈ ਨਾ ਹੋਣ ਕਾਰਨ ਪ੍ਰਭਾਵਤ ਹੋ ਸਕਦੇ ਹਨ।
ਚੀਨ ਤੋਂ ਨਿਕਲ ਕੇ ਬ੍ਰਹਮਪੁੱਤਰ ਨਦੀ ਸ਼ਿਗਾਜੇ ਤੋਂ ਹੋ ਕੇ ਭਾਰਤ ਦੇ ਉਤਰ-ਪੂਰਬ ਸੂਬਿਆਂ ਅਰੁਣਾਚਲ ਪ੍ਰਦੇਸ਼ ਅਤੇ ਆਸਾਮ ਤੋਂ ਹੁੰਦੀ ਹੋਈ ਬੰਗਲਾਦੇਸ਼ ਤਕ ਜਾਂਦੀ ਹੈ। ਹਾਲਾਂਕਿ ਚੀਨ ਕਹਿੰਦਾ ਰਿਹਾ ਹੈ ਕਿ ਉਸ ਨੇ ਭਾਰਤ ਦੀਆਂ ਚਿੰਤਾਵਾਂ ਨੂੰ ਧਿਆਨ ਵਿਚ ਰਖਿਆ ਹੈ।

ਬ੍ਰਹਮਪੁਤਰ ਦੀ ਸਹਾਇਕ ਨਦੀ ਦਾ ਪਾਣੀ ਰੋਕਣ ਦੀ ਖ਼ਬਰ ਅਜਿਹੇ ਸਮੇਂ ਆਈ ਹੈ, ਜਦੋਂ ਭਾਰਤ ਪਾਕਿਸਤਾਨ ਨਾਲ ਸਾਲਾਂਬੱਧੀ ਪਹਿਲਾਂ ਹੋਏ ਸਿੰਧੂ ਜਲ ਸਮਝੌਤੇ ‘ਤੇ ਮੁੜ ਵਿਚਾਰ ਕਰ ਰਿਹਾ ਹੈ। ਭਾਰਤੀ ਕਬਜ਼ੇ ਵਾਲੇ ਜੰਮੂ-ਕਸ਼ਮੀਰ ਦੇ ਉੜੀ ਵਿਚ ਅਤਿਵਾਦੀ ਹਮਲੇ ਤੋਂ ਬਾਅਦ ਇਕ ਮੀਟਿੰਗ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਖ਼ੂਨ ਅਤੇ ਪਾਣੀ ਇਕੱਠੇ ਨਹੀਂ ਵਹਿ ਸਕਦੇ।

ਉੜੀ ਵਿਚ ਹੋਏ ਅਤਿਵਾਦੀ ਹਮਲੇ ਵਿਚ 19 ਭਾਰਤੀ ਫ਼ੌਜੀਆਂ ਦੀ ਮੌਤ ਹੋ ਗਈ ਸੀ। ਪਾਕਿਸਤਾਨ ਨੇ ਹਮਲੇ ਵਿਚ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਅਤੇ ਦੋਹਾਂ ਦੇਸ਼ਾਂ ਨੇ ਸੰਯੁਕਤ ਰਾਸ਼ਟਰ ਸਭਾ ਸਮੇਤ ਸਾਰੇ ਮੰਚਾਂ ‘ਤੇ ਇਕ-ਦੂਜੇ ਨੂੰ ਨਿਸ਼ਾਨਾ ਬਣਾਇਆ ਹੈ।

ਇਸ ਤੋਂ ਇਲਾਵਾ ਭਾਰਤ ਅਤੇ ਪਾਕਿਸਤਾਨ ਦੋਹਾਂ ਨੇ ਇਕ-ਦੂਜੇ ‘ਤੇ ਗੋਲੀਬਾਰੀ ਦਾ ਦੋਸ਼ ਲਾਇਆ ਹੈ। ਇਸ ਤੋਂ ਪਹਿਲਾਂ, ਭਾਰਤ ਨੇ ਸਰਹੱਦ ਕੋਲ ਅਤਿਵਾਦੀਆਂ ਦੇ ਟਿਕਾਣੇ ‘ਤੇ ਸਰਜੀਕਲ ਹਮਲੇ ਦਾ ਦਾਅਵਾ ਕੀਤਾ ਸੀ। ਹਾਲਾਂਕਿ ਪਾਕਿਸਤਾਨ ਨੇ ਭਾਰਤ ਦੇ ਇਸ ਦਾਅਵੇ ਨੂੰ ਰੱਦ ਕਰ ਦਿਤਾ ਸੀ।



from Punjab News – Latest news in Punjabi http://ift.tt/2dApPTd
thumbnail
About The Author

Web Blog Maintain By RkWebs. for more contact us on rk.rkwebs@gmail.com

0 comments