ਵੈਨਕੂਵਰ : ਬ੍ਰਿਟਿਸ਼ ਕੋਲੰਬੀਆ ਦੇ ਪੂਰਬੀ ਪਾਸੇ ਟਰਾਂਸ ਕੈਨੇਡਾ ਹਾਈਵੇਅ ਸਥਿਤ ਸ਼ਹਿਰ ਗੋਲਡਨ ਦੇ ਬਾਹਰੀ ਇਲਾਕੇ ’ਚ ਜਾਂਚ ਲਈ ਗਈ ਮਹਿਲਾ ਪੁਲੀਸ ਅਫਸਰ ਨੂੰ ਗੋਲੀਆਂ ਮਾਰਕੇ ਫ਼ਰਾਰ ਹੋਏ ਵਿਅਕਤੀ ਦੀ ਲਾਸ਼ ਰੈਵਲਸਟੋਕ ਨੇੜਿਉਂ ਮਿਲੀ ਹੈ। ਪੁਲੀਸ ਵੱਲੋਂ ਉਸ ਦੀ ਮੌਤ ਦੀ ਪੁਸ਼ਟੀ ਤੇ ਪਛਾਣ ਜਨਤਕ ਕਰਕੇ ਮੌਤ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ। ਮ੍ਰਿਤਕ ਸ਼ੈਲਡਨ ਥੰਡਰਬਲੈਕਟ ਦਾ ਅਪਰਾਧਕ ਰਿਕਾਰਡ ਵੀ ਘੋਖਿਆ ਜਾ ਰਿਹਾ ਹੈ। ਉਧਰ ਗੰਭੀਰ ਜ਼ਖ਼ਮੀ ਮਹਿਲਾ ਪੁਲੀਸ ਅਫਸਰ ਦੇ ਸਿਰ ਤੇ ਪੇਟ ਦੇ ਅਪਰੇਸ਼ਨਾਂ ਤੋਂ ਬਾਅਦ ਉਸ ਨੁੂੰ ਖ਼ਤਰੇ ਤੋਂ ਬਾਹਰ ਕਿਹਾ ਗਿਆ ਹੈ।
ਪੁਲੀਸ ਅਨੁਸਾਰ ਇਕ ਔਰਤ ਦੇ ਕਤਲ ਤੇ ਦੂਜੀ ਨੂੰ ਜ਼ਖਮੀ ਕਰਨ ਦੀ ਘਟਨਾ ਦੀ ਜਾਂਚ ਦੌਰਾਨ ਦੋਸ਼ੀ ਦੀ ਕਾਰ ਨੂੰ ਰੋਕਿਆ ਗਿਆ ਤਾਂ ਉਸ ਨੇ ਅਧਿਕਾਰੀ ਨੂੰ ਗੋਲੀਆਂ ਮਾਰੀਆਂ ਤੇ ਫ਼ਰਾਰ ਹੋ ਗਿਆ। ਪੁਲੀਸ ਵੱਲੋਂ ਸਰਗਰਮੀ ਨਾਲ ਉਸਦੀ ਭਾਲ ਕੀਤੀ ਜਾ ਰਹੀ ਸੀ। ਅੱਜ ਕਿਸੇ ਨੇ ਜੰਗਲ ਦੇ ਬਾਹਰ ਇਕ ਕਾਰ ਖੜ੍ਹੀ ਹੋਣ ਬਾਰੇ ਪੁਲੀਸ ਨੂੰ ਦੱਸਿਆ ਤਾਂ ਇਲਾਕੇ ਦੀ ਛਾਣਬੀਣ ਦੌਰਾਨ ਉਸ ਦੀ ਲਾਸ਼ ਮਿਲੀ। ਪੁਲੀਸ ਉਸ ਦੇ ਪੋਸਟਮਾਰਟਮ ਰਿਪੋਰਟ ਤੋਂ ਪਤਾ ਵੀ ਲਾਏਗੀ ਕਿ ਇਹ ਪਹਿਚਾਣ ਉਸਦੀ ਅਸਲੀ ਵੀ ਹੈ ਜਾਂ ਨਹੀਂ। ਉਸ ਦੀ ਮੌਤ ਤੋਂ ਕੁੱਝ ਘੰਟੇ ਪਹਿਲਾਂ ਉਸ ਦੇ ਫੜੇ ਜਾਣ ਦੀ ਅਪੁਸ਼ਟ ਖ਼ਬਰ ਮੀਡੀਆ ‘ਚ ਆ ਗਈ ਸੀ, ਜਿਸ ਕਰਕੇ ਹੁਣ ਉਸ ਦੀ ਮੌਤ ਉਤੇ ਸਵਾਲ ਖੜ੍ਹੇ ਹੋ ਰਹੇ ਹਨ।
from Punjab News – Latest news in Punjabi http://ift.tt/2dnTAZB
0 comments