ਲੁਧਿਆਣਾ : ਪੰਜਾਬ ਭਾਜਪਾ ਦੇ ਪ੍ਰਧਾਨ ਵਿਜੈ ਸਾਂਪਲਾ ਨੇ ਡਾ. ਨਵਜੋਤ ਕੌਰ ਸਿੱਧੂ ਵੱਲੋਂ ਪਾਰਟੀ ਤੋਂ ਦਿੱਤੇ ਗਏ ਅਸਤੀਫ਼ੇ ਬਾਰੇ ਕਿਹਾ ਕਿ ਹਰ ਕਿਸੇ ਨੂੰ ਫ਼ੈਸਲਾ ਕਰਨ ਦਾ ਅਧਿਕਾਰ ਹੈ। ਉਨ੍ਹਾਂ ਨੇ ਅਸਤੀਫ਼ਾ ਦਿੱਤਾ ਤੇ ਪਾਰਟੀ ਨੇ ਮਨਜ਼ੂਰ ਕਰ ਲਿਆ। ਇਸ ਨਾਲ ਭਾਜਪਾ ਨੂੰ ਕੋਈ ਫ਼ਰਕ ਨਹੀਂ ਪਵੇਗਾ। ਸਿੱਧੂ ਜੋੜੇ ਨੂੰ ਪਾਰਟੀ ਨੇ ਜ਼ਰੂਰਤ ਤੋਂ ਵੱਧ ਮਾਣ-ਸਨਮਾਨ ਦਿੱਤਾ ਪਰ ਉਨ੍ਹਾਂ ਨੂੰ ਹਜ਼ਮ ਨਹੀਂ ਹੋਇਆ। ਹਿੰਦੂ ਜਥੇਬੰਦੀਆਂ ਵੱਲੋਂ ਕਿਸੇ ਹਿੰਦੂ ਨੂੰ ਮੁੱਖ ਮੰਤਰੀ ਬਣਾਉਣ ਦੀ ਮੰਗ ਸਬੰਧੀ ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਬਣਾਉਣ ਵੇਲੇ ਵਿਅਕਤੀ ਦੀ ਕਾਬਲੀਅਤ ਦੇਖੀ ਜਾਂਦੀ ਹੈ ਨਾ ਕਿ ਧਰਮ। ਵਿਜੈ ਸਾਂਪਲਾ ਨੇ ਅੱਜ ਇੱਥੇ ਮਲਹਾਰ ਰੋਡ ਸਥਿਤ ਪਤੰਜਲੀ ਮੈਗਾ ਸਟੋਰ ਦਾ ਉਦਘਾਟਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਭਾਜਪਾ ਸਰਜੀਕਲ ਕਾਰਵਾਈ ਦਾ ਸਿਆਸੀ ਲਾਭ ਨਹੀਂ ਲੈ ਰਹੀ ਬਲਕਿ ਇਸ ਮਾਮਲੇ ਵਿੱਚ ਕਾਂਗਰਸ ਕੋਝੀ ਰਾਜਨੀਤੀ ਕਰ ਰਹੀ ਹੈ। ਸਰਜੀਕਲ ਕਾਰਵਾਈ ਤੋਂ ਬਾਅਦ ਕਾਂਗਰਸ ਤੇ ‘ਆਪ’ ਨੂੰ ਲੱਗ ਰਿਹਾ ਹੈ ਕਿ ਸ੍ਰੀ ਮੋਦੀ ਨੇ ਉਨ੍ਹਾਂ ਦੇ ਸਿਆਸੀ ਭਵਿੱਖ ’ਤੇ ਪਰਮਾਣੂ ਬੰਬ ਸੁੱਟ ਦਿੱਤਾ ਹੈ। ਭਾਜਪਾ ਪ੍ਰਧਾਨ ਨੇ ਕਾਂਗਰਸ ’ਤੇ ਤਿੱਖਾ ਹਮਲਾ ਕਰਦਿਆਂ ਆਖਿਆ ਕਿ ਜਿਹੜੇ ਲੋਕ ਖ਼ੂਨ ਦੀ ਦਲਾਲੀ ਦੀਆਂ ਗੱਲਾਂ ਕਰ ਰਹੇ ਹਨ, ਉਨ੍ਹਾਂ ਦੇ ਖ਼ੂਨ ਵਿੱਚ ਖੁਦ ਦਲਾਲੀ ਹੈ। ਪੰਜਾਬ ਕਾਂਗਰਸ ਵੱਲੋਂ 32 ਹਜ਼ਾਰ ਕਰੋੜ ਰੁਪਏ ਦੇ ਅਨਾਜ ਘੁਟਾਲੇ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਉਨ੍ਹਾਂ ਆਖਿਆ ਕਿ ਅਜਿਹਾ ਕੋਈ ਘੁਟਾਲਾ ਨਹੀਂ ਹੋਇਆ, ਬਲਕਿ ਸਾਲ ਪ੍ਰਤੀ ਸਾਲ ਅਨਾਜ ਦਾ ਜੋ ਨੁਕਸਾਨ ਹੋਇਆ ਹੈ, ਕਾਂਗਰਸ ਆਗੂ ਉਸ ਨੂੰ ਘੁਟਾਲਾ ਸਾਬਤ ਕਰਨ ਵਿੱਚ ਲੱਗੇ ਹੋਏ ਹਨ। ਹੁਣ ਪੰਜਾਬ ਸਰਕਾਰ ਇਸ ਦੀ ਜਾਂਚ ਕਰ ਰਹੀ ਹੈ। ਇਸ ਮੌਕੇ ਪ੍ਰੋ. ਰਜਿੰਦਰ ਭੰਡਾਰੀ, ਸੂਬਾ ਉਪ ਪ੍ਰਧਾਨ ਅਨਿਲ ਸਰੀਨ, ਜਨਰਲ ਸਕੱਤਰ ਜੀਵਨ ਗ਼ੁਪਤਾ, ਖ਼ਜ਼ਾਨਚੀ ਗੁਰਦੇਵ ਸਮਾਜ ਦੇਬੀ, ਅਮਿਤ ਗੁਸਾਂਈ, ਜ਼ਿਲ੍ਹਾ ਪ੍ਰਧਾਨ ਰਵਿੰਦਰ ਅਰੋੜਾ ਤੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਆਦਿ ਹਾਜ਼ਰ ਸਨ।
from Punjab News – Latest news in Punjabi http://ift.tt/2dYrW8d
0 comments