ਨਾਭਾ : ਪਿੰਡ ਹਿਆਣਾ ਖ਼ੁਰਦ ਵਾਸੀ 60 ਸਾਲਾ ਜ਼ਿਮੀਂਦਾਰ ਹਰਭਜਨ ਸਿੰਘ ਦੀ ਗੋਲੀ ਵੱਜਣ ਨਾਲ ਮੌਤ ਹੋ ਗਈ। ਪੁਲਿਸ ਨੇ ਉਸ ਦੇ ਜਵਾਈ ਗੁਰਜੰਟ ਸਿੰਘ ਵਿਰੁਧ ਕਤਲ ਕਰਨ ਅਤੇ ਲਾਸ਼ ਨੂੰ ਖ਼ੁਰਦ-ਬੁਰਦ ਕਰਨ ਦਾ ਮਾਮਲਾ ਦਰਜ ਕੀਤਾ ਹੈ।
ਬਿਜਲੀ ਬੋਰਡ ਤੋਂ ਸੇਵਾਮੁਕਤ ਹਰਭਜਨ ਸਿੰਘ ਦੀ ਲੜਕੀ ਲਾਗਲੇ ਪਿੰਡ ਧੰਗੇੜਾ ‘ਚ ਵਿਆਹੀ ਹੋਈ ਸੀ। ਕਲ ਸ਼ਾਮ ਨੂੰ ਉਸ ਦੀ ਲੜਕੀ ਅਤੇ ਜਵਾਈ ਵਿਚਕਾਰ ਝਗੜਾ ਹੋਣ ਕਾਰਨ ਉਹ ਸੁਲ੍ਹਾ ਕਰਾਉਣ ਲੜਕੀ ਕੋਲ ਗਿਆ ਸੀ ਪਰ ਕੁੱਝ ਹੀ ਸਮੇਂ ਮਗਰੋਂ ਉਸ ਦੀ ਮੌਤ ਦੀ ਖ਼ਬਰ ਆ ਗਈ। ਮ੍ਰਿਤਕ ਦੇ ਪਰਵਾਰ ਵਾਲਿਆਂ ਨੂੰ ਦਸਿਆ ਗਿਆ ਕਿ ਇਹ ਮੌਤ ਐਕਸੀਡੈਂਟ ਨਾਲ ਹੋਈ ਹੈ।
ਪਰਵਾਰ ਵਾਲੇ ਪਿੰਡ ਵਾਸੀਆਂ ਨਾਲ ਲਾਸ਼ ਨੂੰ ਸ਼ਮਸ਼ਾਨਘਾਟ ਲੈ ਗਏ। ਲਾਸ਼ ਨੂੰ ਅਗਨ ਭੇਂਟ ਕੀਤਾ ਹੀ ਸੀ ਕਿ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਮੁਤਾਬਕ ਇਹ ਹਾਦਸਾ ਨਹੀਂ, ਕਤਲ ਸੀ। ਪੁਲਿਸ ਨੇ ਲਾਸ਼ ਨੂੰ ਚਿਤਾ ਤੋਂ ਲੁਹਾ ਕੇ ਪੋਸਟਮਾਰਟਮ ਲਈ ਅਪਣੇ ਕਬਜ਼ੇ ਵਿਚ ਲੈ ਲਿਆ।
ਉਂਜ ਪੁਲਿਸ ਦੀ ਤਫ਼ਤੀਸ਼ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਹ ਮਾਮਲਾ ਕਤਲ ਦਾ ਹੈ, ਖ਼ੁਦਕਸ਼ੀ ਦਾ ਹੈ ਜਾਂ ਕੁੱਝ ਹੋਰ। ਮ੍ਰਿਤਕ ਦੇ ਭਤੀਜੇ ਨੇ ਕਿਹਾ ਕਿ ਉਨ੍ਹਾਂ ਨੂੰ ਮੌਤ ਦੇ ਅਸਲ ਕਾਰਨਾਂ ਬਾਰੇ ਕੁੱਝ ਵੀ ਪਤਾ ਨਹੀਂ।
ਪੁਲਿਸ ਅਧਿਕਾਰੀ ਬਖ਼ਸ਼ੀਸ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਪੁੱਤਰ ਦੇ ਬਿਆਨਾਂ ਦੇ ਆਧਾਰ ‘ਤੇ ਪਰਚਾ ਦਰਜ ਕਰ ਿਲਆ ਹੈ ਅਤੇ ਜਵਾਈ ਗੁਰਜੰਟ ਸਿੰਘ ਦੀ ਭਾਲ ਜਾਰੀ ਹੈ।
from Punjab News – Latest news in Punjabi http://ift.tt/2dYrmHq
0 comments