ਮੁਫ਼ਤੀ ਬਣੇ ਮੁੱਖ ਮੰਤਰੀ, ਭਾਜਪਾ ਦੇ ਨਿਰਮਲ ਕੁਮਾਰ ਸਿੰਘ ਨੂੰ ਉਪ-ਮੁੱਖ ਮੰਤਰੀ ਦਾ ਅਹੁਦਾ
ਸੂਬੇ ‘ਚ ਨਵੀਂ ਸਰਕਾਰ ਬਣਨ ਨਾਲ 49 ਦਿਨਾਂ ਦਾ ਰਾਜਪਾਲ ਰਾਜ ਖ਼ਤਮ ਹੋ ਗਿਆ ਹੈ। ਅੱਜ ਰਾਜਪਾਲ ਐਨ.ਐਨ. ਵੋਹਰਾ ਨੇ ਸਈਅਦ ਨਾਲ ਉਨ੍ਹਾਂ ਦੀ ਸਰਕਾਰ ਦੇ 24 ਮੰਤਰੀਆਂ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ। ਵੱਖਵਾਦੀ ਤੋਂ ਸਰਗਰਮ ਸਿਆਸਤ ‘ਚ ਆਏ ਸੱਜਾਦ ਲੋਨ ਨੇ ਭਾਜਪਾ ਕੋਟੇ ਤੋਂ ਕੈਬਨਿਟ ਮੰਤਰੀ ਵਜੋਂ ਸਹੁੰ ਲਈ।
ਸਹੁੰ-ਚੁੱਕ ਸਮਾਗਮ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਰੀਕ ਹੋਏ। ਉਨ੍ਹਾਂ ਸਈਅਦ ਅਤੇ ਉਨ੍ਹਾਂ ਦੀ ਨਵੀਂ ਟੀਮ ਨੂੰ ਵਧਾਈ ਦਿੰਦਿਆਂ ਕਿਹਾ, ”ਪੀ.ਡੀ.ਪੀ.-ਭਾਜਪਾ ਸਰਕਾਰ ਨੇ ਜੰਮੂ-ਕਸ਼ਮੀਰ ਦੀ ਜਨਤਾ ਦੀਆਂ ਉਮੀਦਾਂ ਪੂਰੀਆਂ ਕਰਨ ਅਤੇ ਸੂਬੇ ਨੂੰ ਤਰੱਕੀ ਦੀਆਂ ਨਵੀਆਂ ਉਚਾਈਆਂ ‘ਤੇ ਲੈ ਕੇ ਜਾਣ ਦਾ ਇਤਿਹਾਸਕ ਮੌਕਾ ਦਿਤਾ ਹੈ।”
ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਪਾਰਟੀ ਪ੍ਰਧਾਨ ਅਮਿਤ ਸ਼ਾਹ, ਪਾਰਟੀ ਜਨਰਲ ਸਕੱਤਰ ਰਾਮ ਮਾਧਵ ਅਤੇ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵੀ ਹਿੱਸਾ ਲਿਆ।
ਭਾਰਤੀ ਜਨਤਾ ਪਾਰਟੀ ਦੇ ਨਿਰਮਲ ਕੁਮਾਰ ਸਿੰਘ ਸੂਬੇ ਦੇ ਨਵੇਂ ਉਪ-ਮੁੱਖ ਮੰਤਰੀ ਹੋਣਗੇ। ਸਈਅਦ ਤੋਂ ਬਾਅਦ ਦੂਜੇ ਨੰਬਰ ‘ਤੇ ਉਨ੍ਹਾਂ ਸਹੁੰ ਚੁੱਕੀ। ਕੁਲ ਮਿਲਾ ਕੇ ਪੀ.ਡੀ.ਪੀ. ਤੋਂ ਸਈਅਦ ਸਮੇਤ 13 ਅਤੇ ਭਾਜਪਾ ਤੇ ਪੀਪਲਜ਼ ਕਾਨਫ਼ਰੰਸ ਗਠਜੋੜ ਦੇ 12 ਵਿਧਾਇਕਾਂ ਨੂੰ ਮੰਤਰੀ ਵਜੋਂ ਸਹੁੰ ਦਿਵਾਈ ਗਈ।
ਨੈਸ਼ਨਲ ਕਾਨਫ਼ਰੰਸ ਤੋਂ ਇਲਾਵਾ ਕਾਂਗਰਸ ਦੇ ਕਈ ਆਗੂਆਂ ਅਤੇ ਵਿਧਾਇਕਾਂ ਨੇ ਸਹੁੰ-ਚੁੱਕ ਸਮਾਰੋਹ ਦਾ ਬਾਈਕਾਟ ਕੀਤਾ। ਉਂਜ ਕਾਂਗਰਸ ਦੇ ਸੂਬਾ ਪ੍ਰਧਾਨ ਸੈਫ਼ੂਦੀਨ ਸੋਜ਼ ਨੇ ਜੰਮੂ ਯੂਨੀਵਰਸਿਟੀ ਦੇ ਜ਼ੋਰਾਵਰ ਹਾਲ ‘ਚ ਕਰਵਾਏ ਇਸ ਸਮਾਰੋਹ ‘ਚ ਹਿੱਸਾ ਲਿਆ।
ਸਈਅਦ ਅਤੇ ਨਿਰਮਲ ਕੁਮਾਰ ਸਿੰਘ ਨੇ ਸਮਾਰੋਹ ਤੋਂ ਬਾਅਦ ਸਾਂਝੇ ਤੌਰ ‘ਤੇ ਪੱਤਰਕਾਰਾਂ ਨੂੰ ਸੰਬੋਧਨ ਕੀਤਾ। ਉਨ੍ਹਾਂ 16 ਪੰਨਿਆਂ ਦਾ ‘ਏਜੰਡਾ ਆਫ਼ ਦ ਅਲਾਇੰਸ’ ਜਾਰੀ ਕੀਤਾ ਜਿਸ ‘ਚ ਦੋਹਾਂ ਪਾਰਟੀਆਂ ਨੇ ਧਾਰਾ 370 ‘ਤੇ ਮੌਜੂਦਾ ਹਾਲਤ ਕਾਇਮ ਰੱਖਣ ਪ੍ਰਤੀ ਸਹਿਮਤੀ ਪ੍ਰਗਟਾਈ। ਇਸ ‘ਚ ਕਿਹਾ ਗਿਆ, ”ਵਿਸ਼ੇਸ਼ ਦਰਜਾ ਸਮੇਤ ਸਾਰੀਆਂ ਸੰਵਿਧਾਨਕ ਸ਼ਰਤਾਂ ‘ਤੇ ਮੌਜੂਦਾ ਹਾਲਤ ਕਾਇਮ ਰੱਖੀ ਜਾਵੇਗੀ।” ਉਂਜ ਭਾਜਪਾ ਨੇ ਅਪਣੇ ਕੌਮੀ ਏਜੰਡੇ ‘ਚ ਇਸ ਧਾਰਾ ਨੂੰ ਖ਼ਤਮ ਕਰਨ ਦੀ ਗੱਲ ਕਹੀ ਹੈ।
ਪੀ.ਡੀ.ਪੀ.-ਭਾਜਪਾ ਸਰਕਾਰ ਨੇ ਅਫ਼ਸਪਾ ਬਾਬਤ ਅਸ਼ਾਂਤ ਇਲਾਕਿਆਂ ਨੂੰ ਗ਼ੈਰ-ਅਧਿਕਾਰਤ ਕਰਨ ਦੀ ਲੋੜ ‘ਤੇ ਵਿਚਾਰ ਕਰਨ ਦਾ ਵਾਅਦਾ ਕੀਤਾ ਹੈ ਪਰ ਏਜੰਡੇ ‘ਚ ਇਸ ਵਿਵਾਦਮਈ ਕਾਨੂੰਨ ਨੂੰ ਹਟਾਉਣ ਬਾਬਤ ਕੋਈ ਸਮਾਂ-ਸੀਮਾ ਨਹੀਂ ਦੱਸੀ ਗਈ।
ਪੀ.ਡੀ.ਪੀ. ਨੇ ਅਪਣੇ ਚੋਣ ਐਲਾਨਨਾਮੇ ‘ਚ ਗੜਬੜ ਵਾਲੇ ਖੇਤਰਾਂ ਦੀ ਨੋਟੀਫ਼ੀਕੇਸ਼ਨ ਨਾਲ ਜੁੜੇ ਮੁੱਦਿਆਂ ‘ਤੇ ਨਵੇਂ ਸਿਰੇ ਤੋਂ ਅਧਿਐਨ ਦੀ ਗੱਲ ਕਹੀ ਸੀ ਤਾਕਿ ਅਫ਼ਸਪਾ ਨੂੰ ਵਾਪਸ ਲੈਣ ਦਾ ਰਾਹ ਸਾਫ਼ ਹੋ ਸਕੇ ਹਾਲਾਂਕਿ ਭਾਜਪਾ ਇਸ ਤਰ੍ਹਾਂ ਦੇ ਕਦਮ ਵਿਰੁਧ ਰਹੀ ਹੈ।
ਸਈਅਦ ਨੇ ਸਾਬਕਾ ਪ੍ਰਧਾਨ ਮੰਤਰੀ ਵੀ.ਪੀ. ਸਿੰਘ ਦੇ ਸ਼ਬਦਾਂ ਨੂੰ ਯਾਦ ਕਰਦਿਆਂ ਕਿਹਾ, ”ਜਦੋਂ ਵਿਰੋਧੀ ਵਿਚਾਰ ਹੋਣ ਤਾਂ ਵੀ ਅਸੰਭਵ ਨੂੰ ਸੰਭਵ ਬਣਾਉਣ ਦੀ ਕਲਾ ਹੀ ਸਿਆਸਤ ਹੈ।” ਇਸ ਤੋਂ ਪਹਿਲਾਂ ਦੋਹਾਂ ਪਾਰਟੀਆਂ ਵਿਚਕਾਰ ਗਠਜੋੜ ਦੀ ਸੰਭਾਵਨਾ ਨੂੰ ਸਈਅਦ ਨੇ ‘ਉੱਤਰੀ ਅਤੇ ਦਖਣੀ ਧਰੁਵ’ ਦਾ ਮਿਲਣਾ ਕਰਾਰ ਦਿਤਾ ਸੀ।
ਜਦੋਂ ਸਈਦ ਤੋਂ ਪੁਛਿਆ ਗਿਆ ਕਿ ਕੀ ਉਹ ਅਫ਼ਸਪਾ ਹਟਾਉਣ ‘ਤੇ ਕਿਸੇ ਤਰ੍ਹਾਂ ਦੀ ਸਹਿਮਤੀ ਨਾ ਹੋਣ ‘ਤੇ ਅਸੰਤੁਸ਼ਟ ਹਨ ਤਾਂ ਉਨ੍ਹਾਂ ਕਿਹਾ, ”ਮੈਂ ਨਿਰਾਸ਼ ਨਹੀਂ ਹਾਂ। ਮੁੱਖ ਮੰਤਰੀ ਵਜੋਂ ਮੈਂ ਯੂਨਾਈਟਡ ਕਮਾਂਡ ਦਾ ਪ੍ਰਧਾਨ ਹਾਂ। ਮੈਂ ਉਨ੍ਹਾਂ ਨੂੰ ਜਵਾਬਦੇਹ ਬਣਾਵਾਂਗਾ। ਮੈਨੂੰ ਪਤਾ ਹੈ ਮਾਹੌਲ ਕਿਸ ਤਰ੍ਹਾਂ ਤਿਆਰ ਕਰਨਾ ਹੈ।”
ਸਈਅਦ ਨੇ ਕਿਹਾ ਕਿ ਭਾਜਪਾ ਅਤੇ ਪੀ.ਡੀ.ਪੀ. ਨੇ ਇਕੱਠਿਆਂ ਕੰਮ ਕਰਨ ਲਈ ਇਕ ਚੰਗੀ ਟੀਮ ਬਣਾਈ ਹੈ। ਉਨ੍ਹਾਂ ਕਿਹਾ, ”ਇਤਿਹਾਸ ਨੇ ਸਾਨੂੰ ਮੌਕਾ ਦਿਤਾ ਹੈ। ਕਸ਼ਮੀਰ ਹਰ ਪ੍ਰਧਾਨ ਮੰਤਰੀ ਸਾਹਮਣੇ ਇਕ ਸਮੱਸਿਆ ਰਹੀ ਹੈ। ਅਸੀਂ ਇਸ ਹਾਲਤ ਨੂੰ ਬਦਲਣਾ ਚਾਹੁੰਦੇ ਹਾਂ। ਅਸੀਂ ਇਸ ਗਠਜੋੜ ਨੂੰ ਬਦਲਾਅ ਬਿੰਦੂ ਬਣਾਉਣਾ ਚਾਹੁੰਦੇ ਹਾਂ, ਤਾਕਿ ਲੋਕਾਂ ਦੀਆਂ ਲੋੜਾਂ ਨੂੰ ਪੂਰਾ ਕਰ ਸਕੀਏ।”
ਉਨ੍ਹਾਂ ਕਿਹਾ ਕਿ ਕਸ਼ਮੀਰ ਇਕੋ-ਇਕ ਮੁਸਲਿਮ ਬਹੁ-ਗਿਣਤੀ ਸੂਬਾ ਸੀ ਜਿਸ ਨੇ ਜਿਨਾਹ ਦੇ ਸਿਧਾਂਤ ਨੂੰ ਨਕਾਰ ਦਿਤਾ ਅਤੇ ਭਾਰਤ ‘ਚ ਸ਼ਾਮਲ ਹੋ ਗਿਆ। ਉਨ੍ਹਾਂ ਕਿਹਾ ਕਿ ਉਹ ਕਸ਼ਮੀਰ ਦੇ ਲੋਕਾਂ ਨੂੰ ਦੇਸ਼ ਦੇ ਬਾਕੀ ਹਿੱਸੇ ਨਾਲ ਜੋੜਨਾ ਚਾਹੁੰਦੇ ਹਨ।
ਨਾਲ ਹੀ ਉਨ੍ਹਾਂ ਉਮੀਦ ਪ੍ਰਗਟਾਈ ਕਿ ਸਾਬਕਾ ਵੱਖਵਾਦੀ ਆਗੂ ਸੱਜਾਦ ਗਲੀ ਲੋਨ ਦੇ ਮੰਤਰੀ ਬਣਨ ਨਾਲ ਦੂਜਿਆਂ ਲਈ ਰਾਹ ਪੱਧਰਾ ਹੋਵੇਗਾ। ਉਨ੍ਹਾਂ ਕਿਹਾ, ”ਸੱਜਾਦ ਗਲੀ ਲੋਨ ਨੇ ਦੂਜੇ ਵੱਖਵਾਦੀਆਂ ਲਈ ਰਾਹ ਖੋਲ੍ਹਿਆ ਹੈ।”
from Punjab News - Latest news in Punjabi http://ift.tt/1E7WgCz
via IFTTT
0 comments