* ਸ਼੍ਰੋਮਣੀ ਕਮੇਟੀ ਵੱਲੋਂ ਵੀਡੀਓ ਵੈਨਾਂ ਦੀ ਖ਼ਰੀਦ ਸ਼ੁਰੂ
* ਜ਼ਿਲ੍ਹਾ ਪੱਧਰ ’ਤੇ ਕਰਵਾਏ ਜਾਣਗੇ ਗੁਰਮਤਿ ਸਮਾਗਮ
ਬਠਿੰਡਾ, 31 ਜਨਵਰੀ : ਸ਼੍ਰੋਮਣੀ ਕਮੇਟੀ ਵੱਲੋਂ ਪੰਜਾਬ ਵਿੱਚ ਪੰਥਕ ਮੁਹਿੰਮ ਵਿੱਢੀ ਜਾਵੇਗੀ ਜਿਸ ਤਹਿਤ ਹਲਕਾਵਾਰ ਧਾਰਮਿਕ ਫਿਲਮਾਂ ਦਿਖਾਈਆਂ ਜਾਣਗੀਆਂ। ਸ਼੍ਰੋਮਣੀ ਕਮੇਟੀ ਵੱਲੋਂ ਜ਼ਿਲ੍ਹਾ ਪੱਧਰ ’ਤੇ ਗੁਰਮਤਿ ਸਮਾਗਮ ਵੱਖਰੇ ਕਰਾਏ ਜਾਣਗੇ। ਉਧਰ ਪੰਜਾਬ ਸਰਕਾਰ ਤਰਫ਼ੋਂ ਤੀਰਥ ਯਾਤਰਾ ਸਕੀਮ ਤਹਿਤ ਲੋਕਾਂ ਨੂੰ ਧਾਰਮਿਕ ਯਾਤਰਾ ਕਰਾਈ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਸ਼੍ਰੋਮਣੀ ਕਮੇਟੀ ਵੱਲੋਂ ਧਾਰਮਿਕ ਫਿਲਮਾਂ ਦਿਖਾਉਣ ਲਈ ਬਾਕਾਇਦਾ ਇੱਕ ਤਜਵੀਜ਼ ਤਿਆਰ ਕੀਤੀ ਗਈ ਹੈ ਜਿਸ ਤਹਿਤ 50 ਨਵੀਆਂ ਵੀਡੀਓ ਵੈਨਾਂ ਦੀ ਖ਼ਰੀਦ ਕੀਤੀ ਜਾ ਰਹੀ ਹੈ, ਜਦੋਂਕਿ ਅੱਧੀ ਦਰਜਨ ਬੱਸਾਂ ਦੀ ਖ਼ਰੀਦ ਕੀਤੀ ਜਾਣੀ ਹੈ। ਇਨ੍ਹਾਂ ਦੀ ਖ਼ਰੀਦੋ-ਫ਼ਰੋਖਤ ਲਈ ਟੈਂਡਰ ਪ੍ਰਕਾਸ਼ਿਤ ਕਰ ਦਿੱਤੇ ਗਏ ਹਨ। ਫਰਵਰੀ ਮਹੀਨੇ ਵਿੱਚ ਖ਼ਰੀਦੋ ਫ਼ਰੋਖਤ ਮੁਕੰਮਲ ਕਰ ਲਈ ਜਾਣੀ ਹੈ। ਸ਼੍ਰੋਮਣੀ ਕਮੇਟੀ ਨੇ ਕਰੋੜਾਂ ਰੁਪਏ ਦਾ ਬਜਟ ਇਸ ਮਕਸਦ ਵਾਸਤੇ ਰੱਖਿਆ ਹੈ। ਕਮੇਟੀ ਕੋਲ ਕਰੀਬ ਅੱਠ ਵੀਡੀਓ ਵੈਨਾਂ ਪਹਿਲਾਂ ਹੀ ਮੌਜੂਦ ਹਨ। ਸ਼੍ਰੋਮਣੀ ਕਮੇਟੀ ਨੇ ਚਾਰ ਸਾਹਿਬਜ਼ਾਦੇ ਫਿਲਮ ਖ਼ਰੀਦ ਲਈ ਸੀ ਅਤੇ ਹੁਣ ਇਸ ਦੀਆਂ ਸੀਡੀਜ਼ ਤਿਆਰ ਕਰਾਈਆਂ ਗਈਆਂ ਹਨ।
ਸ਼੍ਰੋਮਣੀ ਕਮੇਟੀ ਤਰਫ਼ੋਂ ਹਲਕਾਵਾਰ ਧਾਰਮਿਕ ਫਿਲਮਾਂ ਦਿਖਾਈਆਂ ਜਾਣਗੀਆਂ ਅਤੇ ਹਰ ਜ਼ਿਲ੍ਹੇ ਨੂੰ ਇੱਕ ਵੀਡੀਓ ਵੈਨ ਦਿੱਤੀ ਜਾਵੇਗੀ ਜੋ ਜ਼ਿਲ੍ਹਾ ਹੈਡਕੁਆਰਟਰ ’ਤੇ ਖੜ੍ਹੇਗੀ। ਹਰ ਜ਼ਿਲ੍ਹੇ ਦੇ ਹਰ ਹਲਕੇ ਵਿੱਚ ਪਿੰਡ ਵਾਈਜ਼ ਫਿਲਮਾਂ ਦਿਖਾਈਆਂ ਜਾਣਗੀਆਂ। ਇਵੇਂ ਹੀ ਸ਼੍ਰੋਮਣੀ ਕਮੇਟੀ ਤਰਫ਼ੋਂ ਪਠਾਨਕੋਟ ਤੋਂ ਗੁਰਮਤਿ ਸਮਾਗਮਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਹਰ ਜ਼ਿਲ੍ਹੇ ਵਿੱਚ ਇਹ ਗੁਰਮਤਿ ਸਮਾਗਮ ਕਰਾਏ ਜਾਣਗੇ ਜਿਨ੍ਹਾਂ ਵਿੱਚ ਢਾਡੀ, ਕਵੀਸ਼ਰ ਤੇ ਕਥਾ ਵਾਚਕ ਸ਼ਾਮਲ ਹੋਣਗੇ।
ਜਾਣਕਾਰੀ ਅਨੁਸਾਰ ਫਿਲਮ ਦਿਖਾਉਣ ਦੀ ਸ਼ੁਰੂਆਤ ਮਾਨਸਾ ਜ਼ਿਲ੍ਹੇ ਤੋਂ ਕੀਤੀ ਜਾਵੇਗੀ। ਦੂਜੇ ਪਾਸੇ ਤੀਰਥ ਯਾਤਰਾ ਸਕੀਮ ਤਹਿਤ 2 ਫਰਵਰੀ ਨੂੰ ਰਾਮਪੁਰਾ ਫੂਲ ਤੋਂ ਸ੍ਰੀ ਨਾਂਦੇੜ ਸਾਹਿਬ ਲਈ ਰੇਲਗੱਡੀ ਰਵਾਨਾ ਹੋ ਰਹੀ ਹੈ। ਪਹਿਲੀ ਗੱਡੀ ਰਾਮਾਂ ਮੰਡੀ ਤੋਂ ਜਾ ਚੁੱਕੀ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਧਾਰਮਿਕ ਏਜੰਡੇ ’ਤੇ ਕਾਫ਼ੀ ਸੱਟ ਵੱਜੀ ਹੈ ਜਿਸ ਦੀ ਭਰਪਾਈ ਖ਼ਾਤਰ ਇਹ ਹੀਲੇ ਵਸੀਲੇ ਕੀਤੇ ਜਾ ਰਹੇ ਹਨ। ਧਰਮ ਪ੍ਰਚਾਰ ਕਮੇਟੀ ਦੇ ਵਧੀਕ ਸਕੱਤਰ ਸ੍ਰੀ ਸੁਖਦੇਵ ਸਿੰਘ ਦਾ ਕਹਿਣਾ ਸੀ ਕਿ ਹਰ ਜ਼ਿਲ੍ਹਾ ਹੈੱਡਕੁਆਰਟਰ ’ਤੇ ਜਲਦੀ ਹੀ ਇੱਕ ਵੀਡੀਓ ਵੈਨ ਭੇਜੀ ਜਾ ਰਹੀ ਹੈ ਜਿਸ ਰਾਹੀਂ ਪਿੰਡਾਂ ਵਿੱਚ ਧਾਰਮਿਕ ਫਿਲਮਾਂ ਦਿਖਾਏ ਜਾਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਧਾਰਮਿਕ ਫਿਲਮ ਚਾਰ ਸਾਹਿਬਜ਼ਾਦੇ ਦੀਆਂ ਸੀਡੀਜ਼ ਵੀ ਤਿਆਰ ਕਰਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਹੋਰ ਧਾਰਮਿਕ ਫਿਲਮਾਂ ਵੀ ਦਿਖਾਈਆਂ ਜਾਣਗੀਆਂ। ਫਰਵਰੀ ਵਿੱਚ ਹੀ ਨਵੀਆਂ ਵੀਡੀਓ ਵੈਨਾਂ ਦੀ ਖ਼ਰੀਦ ਹੋ ਜਾਣੀ ਹੈ। ਸੂਤਰਾਂ ਅਨੁਸਾਰ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਅਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਵੱਲੋਂ ਅਕਾਲੀ ਨੇਤਾਵਾਂ ਨਾਲ ਸਾਂਝੇ ਤੌਰ ’ਤੇ ਪ੍ਰੋਗਰਾਮਾਂ ਦੀ ਰਣਨੀਤੀ ਤਿਆਰ ਕੀਤੀ ਜਾਵੇਗੀ ਜਿਸ ਤਹਿਤ ਹਲਕਾਵਾਰ ਫਿਲਮ ਦਿਖਾਈ ਜਾਵੇਗੀ। ਇਵੇਂ ਹੀ ਗੁਰਮਤਿ ਸਮਾਗਮਾਂ ਦੀ ਰੂਪ-ਰੇਖਾ ਤਿਆਰ ਹੋਣੀ ਹੈ।
ਧਾਰਮਿਕ ਸਰਗਰਮੀਆਂ ਵਧਾਈਆਂ ਜਾਣਗੀਆਂ: ਸਕੱਤਰ
ਸ਼੍ਰੋਮਣੀ ਕਮੇਟੀ ਦੇ ਸਕੱਤਰ ਰੂਪ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਪੱਧਰ ’ਤੇ ਗੁਰਮਤਿ ਸਮਾਗਮ ਕਰਾਏ ਜਾਣੇ ਹਨ। ਕਮੇਟੀ ਵੱਲੋਂ ਧਰਮ ਪ੍ਰਚਾਰ ਕਾਰਜ ਪਹਿਲਾਂ ਵੀ ਚੱਲ ਰਹੇ ਹਨ ਪਰ ਹੁਣ ਸਰਗਰਮੀਆਂ ਵਧਾਈਆਂ ਜਾਣਗੀਆਂ। ਉਂਜ 50 ਵੀਡੀਓ ਵੈਨਾਂ ਖ਼ਰੀਦਣ ਦੀ ਯੋਜਨਾ ਹੈ ਪਰ ਮੁਢਲੇ ਪੜਾਅ ’ਤੇ 15 ਵੈਨਾਂ ਦੀ ਖ਼ਰੀਦ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹਲਕਾਵਾਰ ਧਾਰਮਿਕ ਫਿਲਮ ਦਿਖਾਈ ਜਾਵੇਗੀ ਅਤੇ ਹਰ ਜ਼ਿਲ੍ਹੇ ਨੂੰ ਇੱਕ ਵੀਡੀਓ ਵੈਨ ਦਿੱਤੀ ਜਾਵੇਗੀ।
from Punjab News – Latest news in Punjabi http://ift.tt/1nyjpru

0 comments