ਨਹਿਰ ਵਿੱਚੋਂ ਅਸਲਾ ਮਿਲਣ ਕਾਰਨ ਫੈਲੀ ਸਨਸਨੀ

ਨਹਿਰ ’ਚੋਂ ਮਿਲੇ ਅਸਲੇ ਤੋਂ ਬਾਅਦ ਹਾਲਾਤ ਦਾ ਜਾਇਜ਼ਾ ਲੈਂਦੇ ਹੋਏ ਪਠਾਨਕੋਟ ਦੇ ਐਸਐਸਪੀ ਆਰ ਕੇ ਬਖ਼ਸ਼ੀ।

ਨਹਿਰ ’ਚੋਂ ਮਿਲੇ ਅਸਲੇ ਤੋਂ ਬਾਅਦ ਹਾਲਾਤ ਦਾ ਜਾਇਜ਼ਾ ਲੈਂਦੇ ਹੋਏ ਪਠਾਨਕੋਟ ਦੇ ਐਸਐਸਪੀ ਆਰ ਕੇ ਬਖ਼ਸ਼ੀ।

ਪਠਾਨਕੋਟ, 31 ਜਨਵਰੀ : ਇੱਥੋਂ ਨਜ਼ਦੀਕ ਪੈਂਦੀ ਯੂ.ਬੀ.ਡੀ.ਸੀ. ਹਾਈਡਲ ਨਹਿਰ ਦੇ ਗਤੋਰਾ ਪਿੰਡ ਕੋਲ ਬਣੇ ਪੁਲ ਦੇ ਹੇਠੋਂ ਨਹਿਰ ਵਿੱਚੋਂ ਅੱਜ ਸਵੇਰੇ ਅਸਲਾ ਮਿਲਣ ਨਾਲ ਸਨਸਨੀ ਫੈਲ ਗਈ। ਅਸਲਾ ਮਿਲਣ ਦੀ ਸੂਚਨਾ ਮਿਲਦੇ ਸਾਰ ਜ਼ਿਲ੍ਹਾ ਪਠਾਨਕੋਟ ਦੇ ਐਸ.ਐਸ.ਪੀ ਆਰ.ਕੇ.ਬਖਸ਼ੀ ਮੌਕੇ ਉੱਤੇ ਪੁੱਜ ਗਏ ਅਤੇ ਉਨ੍ਹਾਂ ਪੁਲੀਸ ਦੇ 2 ਗੋਤਾਖੋਰਾਂ ਨੂੰ ਨਹਿਰ ਵਿੱਚ ਉਤਾਰ ਕੇ ਹਥਿਆਰਾਂ ਦੀ ਤਲਾਸ਼ ਕਰਵਾਈ। ਇਸ ਮੌਕੇ ਡੀ.ਐਸ.ਪੀ. ਦਿਹਾਤੀ ਕੁਲਦੀਪ ਸਿੰਘ, ਥਾਣਾ ਕਾਨਵਾਂ ਦੇ ਮੁਖੀ ਰਮੇਸ਼ ਕੁਮਾਰ ਅਤੇ ਹੋਰ ਪੁਲੀਸ ਅਧਿਕਾਰੀ ਵੀ ਪੁੱਜੇ ਹੋਏ ਸਨ। ਦੋ ਘੰਟੇ ਤੱਕ ਚੱਲੀ ਇਸ ਕਾਰਵਾਈ ਦੌਰਾਨ ਏ.ਕੇ.47 ਦੇ 2 ਮੈਗਜ਼ੀਨ ਤੇ 59 ਕਾਰਤੂਸ, ਇਨਸਾਸ ਰਾਈਫਲ ਦੇ 2 ਮੈਗਜ਼ੀਨ ਤੇ 29 ਕਾਰਤੂਸ ਅਤੇ 315 ਬੋਰ ਰਾਈਫਲ ਦੇ 16 ਕਾਰਤੂਸ ਤੇ 2 ਚੱਲੇ ਹੋਏ ਕਾਰਤੂਸ ਬਰਾਮਦ ਹੋਏ।
ਇਸ ਅਸਲੇ ਦਾ ਪਤਾ ਅੱਜ ਉਸ ਵੇਲੇ ਲੱਗਾ ਜਦੋਂ ਨਹਿਰ ਵਿੱਚ ਪਾਣੀ ਦੀ ਬੰਦੀ ਹੋਣ ਕਾਰਨ ਦੋ ਬੱਚੇ ਕਪਿਲ ਅਤੇ ਸ਼ੈਲੀ ਪਾਣੀ ਵਿੱਚ ਲੋਕਾਂ ਵੱਲੋਂ ਪ੍ਰਵਾਹ ਕੀਤੇ ਹੋਏ ਸਿੱਕੇ ਲੱਭਣ ਲਈ ਨਹਿਰ ਵਿੱਚ ਵੜ ਗਏ ਅਤੇ ਸਿੱਕੇ ਲੱਭਦੇ ਸਮੇਂ ਮੈਗਜ਼ੀਨ ਤੇ ਕੁਝ ਕਾਰਤੂਸ ਉਨ੍ਹਾਂ ਦੇ ਹੱਥ ਲੱਗ ਗਏ। ਡਰ ਦੇ ਮਾਰੇ ਉਹ ਨਹਿਰ ਵਿੱਚੋਂ ਬਾਹਰ ਨਿਕਲ ਆਏ ਅਤੇ ਗਤੋਰਾ ਪਿੰਡ ਦੇ ਸਰਪੰਚ ਸੁਭਾਸ਼ ਨੂੰ ਉਨ੍ਹਾਂ ਨਹਿਰ ਵਿੱਚ ਅਸਲਾ ਹੋਣ ਬਾਰੇ ਦੱਸਿਆ। ਸਰਪੰਚ ਨੇ ਹੋਰ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਥਾਣਾ ਕਾਨਵਾਂ ਦੀ ਪੁਲੀਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਸਾਰ ਡੀ.ਐਸ.ਪੀ. ਕੁਲਦੀਪ ਸਿੰਘ, ਥਾਣਾ ਮੁਖੀ ਰਮੇਸ਼ ਕੁਮਾਰ ਤੁਰੰਤ ਨਹਿਰ ਦੇ ਉਕਤ ਪੁਲ ਉਪਰ ਪੁੱਜ ਗਏ। ਇਸੇ ਦੌਰਾਨ ਜ਼ਿਲ੍ਹਾ ਪੁਲੀਸ ਮੁਖੀ ਆਰ.ਕੇ. ਬਖਸ਼ੀ ਵੀ ਪੁੱਜ ਗਏ। ਦੁਪਹਿਰ ਦੇ 2 ਵਜੇ ਤੱਕ ਪੁਲੀਸ ਦੇ ਗੋਤਾਖੋਰਾਂ ਨੇ 3-3 ਫੁੱਟ ਪਾਣੀ ਵਿੱਚ ਤਲਾਸ਼ ਕਰਕੇ ਅਸਲਾ ਲੱਭ ਕੇ ਨਹਿਰ ਵਿੱਚੋਂ ਬਾਹਰ ਕੱਢ ਲਿਆਂਦਾ।
ਜਿਲ੍ਹਾ ਪੁਲੀਸ ਮੁਖੀ ਆਰ.ਕੇ. ਬਖਸ਼ੀ ਨੇ ਦੱਸਿਆ ਕਿ ਬਰਾਮਦ ਹੋਏ ਮੈਗਜ਼ੀਨਾਂ ਵਿੱਚੋਂ 2 ਪਲਾਸਟਿਕ ਦੇ ਅਤੇ 2 ਲੋਹੇ ਦੇ ਸਨ। ਲੋਹੇ ਦੇ ਮੈਗਜ਼ੀਨਾਂ ਉੱਪਰ ਜੰਗਾਲ ਲੱਗਾ ਹੋਇਆ ਸੀ, ਜਿਸ ਤੋਂ ਲੱਗਦਾ ਹੈ ਕਿ ਇਹ ਅਸਲਾ ਕਾਫੀ ਪਹਿਲਾਂ ਸੁੱਟਿਆ ਗਿਆ ਹੈ ਪਰ ਫਿਰ ਵੀ ਸਾਰੇ ਮਾਮਲੇ ਦੀ ਬਾਰੀਕੀ ਨਾਲ ਪੜਤਾਲ ਕੀਤੀ ਜਾਵੇਗੀ ਅਤੇ ਜਾਂਚ ਪੜਤਾਲ ਬਾਅਦ ਹੀ ਕੁੱਝ ਕਿਹਾ ਜਾ ਸਕੇਗਾ। ਉਨ੍ਹਾਂ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਇਨਸਾਸ ਰਾਈਫਲ ਤਾਂ ਸਿਰਫ ਆਰਮੀ ਜਾਂ ਬੀ.ਐਸ.ਐਫ ਦੇ ਸੁਰੱਖਿਆ ਦਸਤਿਆਂ ਕੋਲ ਹੀ ਹੁੰਦੀ ਹੈ ਤਾਂ ਉਨ੍ਹਾਂ ਕਿਹਾ ਕਿ ਜਾਂਚ ਤੋਂ ਪਹਿਲਾਂ ਉਹ ਕੁਝ ਨਹੀਂ ਕਹਿਣਾ ਚਾਹੁੰਦੇ। ਉਨ੍ਹਾਂ ਇਸ ਸਵਾਲ ਦਾ ਵੀ ਜਵਾਬ ਦੇਣ ਤੋਂ ਨਾਂਹ ਕਰ ਦਿੱਤੀ ਕਿ ਇਹ ਕਾਰਤੂਸ ਭਾਰਤ ਦੇ ਬਣੇ ਹੋਏ ਹਨ ਜਾਂ ਵਿਦੇਸ਼ੀ।
ਦੂਸਰੇ ਪਾਸੇ ਰੇਲਵੇ ਪੁਲੀਸ ਨੇ ਜਿਸ ਅਫ਼ਗਾਨੀ ਨੌਜਵਾਨ ਨਾਜ਼ੁਕ ਮੀਰ (22) ਪੁੱਤਰ ਵਲੀ ਮੁਹੰਮਦ ਵਾਸੀ ਅਫ਼ਗਾਨਿਸਤਾਨ ਨੂੰ 28 ਜਨਵਰੀ ਦੀ ਸ਼ਾਮ ਨੂੰ ਰੇਲ ਗੱਡੀ ਵਿੱਚ ਬਿਨਾਂ ਟਿਕਟ ਅਤੇ ਬਿਨਾਂ ਪਾਸਪੋਰਟ ਦੇ ਸਫਰ ਕਰਦੇ ਸਮੇਂ ਕਾਬੂ ਕੀਤਾ ਸੀ ਉਸ ਨੂੰ ਅੱਜ ਜੀ.ਆਰ.ਪੀ. ਦੇ ਥਾਣਾ ਮੁਖੀ ਦਵਿੰਦਰ ਸਿੰੰਘ ਰੰਧਾਵਾ ਜਾਇੰਟ ਇੰਟੈਰੋਗੇਸ਼ਨ ਸੈਂਟਰ ਅੰਮ੍ਰਿਤਸਰ ਵਿਖੇ ਲੈ ਗਏ ਹਨ ਤਾਂ ਜੋ ਉੱਥੇ ਉਸ ਕੋਲੋਂ ਬਾਰੀਕੀ ਨਾਲ ਪੁੱਛ ਗਿੱਛ ਹੋ ਸਕੇ। ਸ੍ਰੀ ਰੰਧਾਵਾ ਨੇ ਦੱਸਿਆ ਕਿ ਉਕਤ ਨੌਜਵਾਨ ਖਿਲਾਫ ਬਿਨਾਂ ਟਿਕਟ ਅਤੇ ਬਿਨਾਂ ਪਾਸਪੋਰਟ ਦੇ ਸਫਰ ਕਰਨ ਦੇ ਜੁਰਮ ਵਿੱਚ 3/34,19-20 ਪਾਸਪੋਰਟ ਅਤੇ ਵਿਦੇਸ਼ੀ ਐਕਟ ਤਹਿਤ ਮਾਮਲਾ ਦਰਜ ਹੈ ਅਤੇ ਉਸ ਦਾ 4 ਫਰਵਰੀ ਤੱਕ ਪੁਲੀਸ ਰਿਮਾਂਡ ਹੈ। ਇਸ ਕੋਲੋਂ ਬਰਾਮਦ ਲੈਪਟਾਪ ਤੇ ਪੈੱਨ ਡਰਾਈਵ ਦੀ ਵੀ ਆਈ. ਟੀ. ਦੇ ਮਾਹਿਰਾਂ ਰਾਹੀਂ ਜਾਂਚ ਕਰਵਾਈ ਜਾਵੇਗੀ। ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਦੱਸਿਆ ਕਿ ਉਸ ਨੇ ਮੰਨਿਆ ਹੈ ਕਿ ਉਹ ਅਫ਼ਗ਼ਾਨਿਸਤਾਨ ਵਿੱਚ ਆਰਮੀ ’ਚ ਭਰਤੀ ਹੋਇਆ ਸੀ ਤੇ 6 ਮਹੀਨੇ ਦੀ ਟਰੇਨਿੰਗ ਲੈਣ ਬਾਅਦ ਨੌਕਰੀ ਛੱਡ ਕੇ ਭਾਰਤ ਵਿੱਚ ਟੂਰਿਸਟ ਵੀਜੇ ’ਤੇ ਸਾਲ 2013 ਵਿੱਚ 3 ਮਹੀਨਿਆਂ ਲਈ ਆ ਗਿਆ ਸੀ ਅਤੇ ਬਾਅਦ ਵਿੱਚ ਵਾਪਸ ਨਹੀਂ ਗਿਆ ਤੇ ਇੱਧਰ ਹੀ ਨਾਜਾਇਜ਼ ਤੌਰ ’ਤੇ ਵੱਖ ਵੱਖ ਸ਼ਹਿਰਾਂ ਵਿੱਚ ਘੁੰਮਦਾ ਰਿਹਾ।



from Punjab News – Latest news in Punjabi http://ift.tt/1VAxLCS
thumbnail
About The Author

Web Blog Maintain By RkWebs. for more contact us on rk.rkwebs@gmail.com

0 comments