ਵੇਅਨ ਨੇ ਆਮ ਸ਼ਰਧਾਲੂ ਵਜੋਂ ਹਰਿਮੰਦਰ ਸਾਹਿਬ ਵਿੱਚ ਮੱਥਾ ਟੇਕਿਆ
ਅੰਮ੍ਰਿਤਸਰ ਵਿੱਚ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਮੌਕੇ ਓਂਟਾਰੀਓ ਦੀ ਪ੍ਰੀਮੀਅਰ ਕੈਥਲੀਨ ਵੀਨੀ ਦੇ ਕੀਤੇ ਗਏ ਸਨਮਾਨ ਦੀ ਤਸਵੀਰ।
ਅੰਮ੍ਰਿਤਸਰ, 31 ਜਨਵਰੀ : ਵਿਵਾਦਾਂ ਨੂੰ ਅਣਗੌਲਿਆਂ ਕਰਦਿਆਂ ਓਂਟਾਰੀਓ ਦੀ ਪ੍ਰੀਮੀਅਰ ਕੈਥਲਿਨ ਵੇਅਨ ਅੱਜ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ। ਇਸ ਮੌਕੇ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸਿਰੋਪਾਓ ਦੇਣ ਬਾਰੇ ਭੇਤ ਬਣਿਆ ਹੋਇਆ ਹੈ ਕਿਉਂਕਿ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਹਰਚਰਨ ਸਿੰਘ ਨੇ ਦਾਅਵਾ ਕੀਤਾ ਹੈ ਕਿ ਸਿਰੋਪਾਓ ਨਹੀਂ ਦਿੱਤਾ ਗਿਆ ਪਰ ਅਹਿਮ ਸ਼ਖਸੀਅਤ ਵਜੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਦੂਜੇ ਪਾਸੇ ਇੰਟਰਨੈੱਟ ’ਤੇ ਇਕ ਤਸਵੀਰ ਜਾਰੀ ਹੋਈ ਹੈ, ਜਿਸ ਵਿੱਚ ਸੂਚਨਾ ਦਫਤਰ ਵਿੱਚ ਸਨਮਾਨ ਸਮੇਂ ਪ੍ਰੀਮੀਅਰ ਦੇ ਗਲ ਵਿੱਚ ਲੋਈ ਦੇ ਨਾਲ ਸਿਰੋਪਾਓ ਵੀ ਹੈ।
ਅੱਜ ਜਦੋਂ ਪ੍ਰੀਮੀਅਰ ਕੈਥਲਿਨ ਇਥੇ ਪੁੱਜੀ ਤਾਂ ਮੀਡੀਆ ਨੂੰ ਉਨ੍ਹਾਂ ਤੋਂ ਦੂਰ ਰੱਖਿਆ ਗਿਆ। ਸ਼੍ਰੋਮਣੀ ਕਮੇਟੀ ਨੇ ਓਂਟਾਰੀਓ ਦੇ ਪ੍ਰੀਮੀਅਰ ਦੇ ਦੌਰੇ ਤੋਂ ਇਕ ਦਿਨ ਪਹਿਲਾਂ ਇਹ ਐਲਾਨ ਕੀਤਾ ਸੀ ਕਿ ਸਮਲਿੰਗੀ ਸਬੰਧਾਂ ਦੀ ਸਮਰਥਕ ਹੋਣ ਕਾਰਨ ਉਨ੍ਹਾਂ ਨੂੰ ਸਿਰੋਪਾਓ ਨਹੀਂ ਦਿੱਤਾ ਜਾਵੇਗਾ ਕਿਉਂਕਿ ਸਮਲਿੰਗੀ ਸਬੰਧਾਂ ਦੀ ਸਿੱਖ ਧਰਮ ਵਿੱਚ ਕੋਈ ਥਾਂ ਨਹੀਂ ਹੈ। ਦੂਜੇ ਪਾਸੇ ਸਿੱਖ ਆਗੂਆਂ ਨੇ ਸ਼੍ਰੋਮਣੀ ਕਮੇਟੀ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਸੀ। ਸ਼੍ਰੋਮਣੀ ਕਮੇਟੀ ਦੇ ਸਾਬਕਾ ਮੁੱਖ ਸਕੱਤਰ ਮਨਜੀਤ ਸਿੰਘ ਕਲਕੱਤਾ ਨੇ ਕਮੇਟੀ ਦੇ ਪ੍ਰਧਾਨ ਅਤੇ ਅਕਾਲ ਤਖ਼ਤ ਦੇ ਜਥੇਦਾਰ ਨਾਲ ਵੀ ਗੱਲਬਾਤ ਕਰਕੇ ਸਿਰੋਪਾਓ ਦੇਣ ਲਈ ਆਖਿਅ ਸੀ।
ਪ੍ਰੀਮੀਅਰ ਬੀਤੀ ਰਾਤ ਅੰਮ੍ਰਿਤਸਰ ਪੁੱਜੇ ਸਨ ਅਤੇ ਅੱਜ ਸਵੇਰੇ ਅੱਠ ਵਜੇ ਉਨ੍ਹਾਂ ਹਰਿਮੰਦਰ ਸਾਹਿਬ ਮੱਥਾ ਟੇਕਿਆ, ਜਿਥੇ ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਸ਼੍ਰੋਮਣੀ ਕਮੇਟੀ ਦੇ ਸਕੱਤਰ ਹਰਚਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਿਰੋਪਾਓ ਨਹੀਂ ਦਿੱਤਾ ਗਿਆ ਪਰ ਹਰਿਮੰਦਰ ਸਾਹਿਬ ਦੀ ਸੁਨਹਿਰੀ ਤਸਵੀਰ, ਧਾਰਮਿਕ ਕਿਤਾਬਾਂ ਦਾ ਸੈੱਟ ਤੇ ਹੋਰ ਤੋਹਫੇ ਦੇ ਕੇ ਅਹਿਮ ਹਸਤੀ ਵਜੋਂ ਸਨਮਾਨਿਤ ਜ਼ਰੂਰ ਕੀਤਾ ਗਿਅਾ ਹੈ। ਪ੍ਰੀਮੀਅਰ ਨੂੰ ਸਿੱਖ ਭਾਈਚਾਰੇ ਦੀਆਂ ਸਮੱਸਿਆਵਾਂ ਸਬੰਧੀ ਇਕ ਪੱਤਰ ਵੀ ਦਿੱਤਾ ਗਿਆ ਜਿਸ ਵਿਚ ਓਂਟਾਰੀਓ ਵਿੱਚ ਰਹਿੰਦੇ ਸਿੱਖਾਂ ਨੂੰ ਹੈਲਮੇਟ ਪਾਉਣ ਲਈ ਮਜਬੂਰ ਕੀਤੇ ਜਾਣ ਦੀ ਸਮੱਸਿਆ ਦਾ ਜ਼ਿਕਰ ਵੀ ਹੈ। ਪ੍ਰੀਮੀਅਰ ਨੇ ਭਰੋਸਾ ਦਿੱਤਾ ਕਿ ਉਹ ਮਸਲੇ ਨੂੰ ਹੱਲ ਕਰਨ ਲਈ ਗੰਭੀਰਤਾ ਨਾਲ ਵਿਚਾਰ ਕਰਨਗੇ।
ਇਸ ਤੋਂ ਪਹਿਲਾਂ ਉਹ ਹਰਿਮੰਦਰ ਸਾਹਿਬ ਦੀ ਪਰਿਕਰਮਾ ਕਰਦਿਆਂ ਗੁਰੂ ਰਾਮਦਾਸ ਲੰਗਰ ਘਰ ਵਿੱਚ ਗਏ ਤੇ ਲੰਗਰ ਤਿਆਰ ਕਰਨ ਦੀ ਪ੍ਰਕਿਰਿਆ ਨੂੰ ਵੇਖਿਆ। ਉਨ੍ਹਾਂ ਪ੍ਰਸ਼ਾਦੇ ਬਣਾਉਣ ਵਿੱਚ ਵੀ ਦਿਲਚਸਪੀ ਦਿਖਾਈ ਅਤੇ ਖੁਦ ਪ੍ਰਸ਼ਾਦਾ ਵੀ ਤਿਆਰ ਕੀਤਾ। ਮਗਰੋਂ ਲੰਗਰ ਦੇ ਬਰਤਨ ਸਾਫ ਕਰਨ ਅਤੇ ਲੰਗਰ ਵਰਤਾਉਣ ਦੀ ਪ੍ਰਕਿਰਿਆ ਨੂੰ ਵੀ ਦੇਖਿਆ, ਜਿਸ ਦੀ ਉਨ੍ਹਾਂ ਭਰਵੀਂ ਸ਼ਲਾਘਾ ਕੀਤੀ। ਉਨ੍ਹਾਂ ਨੂੰ ਸਾਕਾ ਨੀਲਾ ਤਾਰਾ ਅਤੇ ਇਸ ਨਾਲ ਹੋਏ ਨੁਕਸਾਨ ਤੋਂ ਵੀ ਜਾਣੂ ਕਰਾਇਆ ਗਿਆ।
ਇਕ ਵੱਖਰੇ ਸਮਾਗਮ ਵਿੱਚ ਪ੍ਰੀਮੀਅਰ ਕੈਥਲਿਨ ਨੇ ਹਰਿਮੰਦਰ ਸਾਹਿਬ ਦੇ ਦੌਰੇ ਬਾਰੇ ਆਖਿਆ ਕਿ ਇਥੇ ਆ ਕੇ ਉਨ੍ਹਾਂ ਨੂੰ ਰੂਹਾਨੀ ਸਕੂਨ ਮਿਲਿਆ ਹੈ।
ਹਰਿਮੰਦਰ ਸਾਹਿਬ ਮੱਥਾ ਟੇਕਣ ਸਮੇਂ ਉਨ੍ਹਾਂ ਪੰਜਾਬੀ ਸੂਟ ਪਾਇਆ ਹੋਇਆ ਸੀ ਅਤੇ ਸਿਰ ’ਤੇ ਦੁਪੱਟਾ ਲਿਆ ਹੋਇਆ ਸੀ।
from Punjab News – Latest news in Punjabi http://ift.tt/1PKsrs0

0 comments