ਸ਼ੋ੍ਮਣੀ ਪੁਰਸਕਾਰਾਂ ਦੀ ਵੰਡ ਲਈ ਹੋਇਆ ਵਿੱਤੀ ਬੰਦੋਬਸਤ

ਭਾਸ਼ਾ ਵਿਭਾਗ ਦੇ ਮੁੱਖ ਦਫ਼ਤਰ ਦੀ ਇਮਾਰਤ|

ਭਾਸ਼ਾ ਵਿਭਾਗ ਦੇ ਮੁੱਖ ਦਫ਼ਤਰ ਦੀ ਇਮਾਰਤ|

ਪਟਿਆਲਾ, 31 ਜਨਵਰੀ : ਭਾਸ਼ਾ ਵਿਭਾਗ ਪੰਜਾਬ ਨੇ ਆਖ਼ਰ ਸ਼ੋ੍ਮਣੀ ਸਾਹਿਤਕ ਪੁਰਕਸਕਾਰਾਂ ਦੇ ਫੰਡਾਂ ਦਾ ਇੰਤਜ਼ਾਮ ਕਰ ਲਿਆ ਹੈ| ਅਜਿਹੇ ਵਿੱਚ ਹੁਣ ਭਾਸ਼ਾ ਵਿਭਾਗ ਇਨਾਮ ਵੰਡ ਸਮਾਗਮ ਰਚਾਉਣ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਮਨਜ਼ੂਰੀ ਦੀ ਉਡੀਕ ਵਿੱਚ ਹੈ| ਉਧਰ ਪੰਜਾਬ ਸਰਕਾਰ ਵੱਲੋਂ ਗਠਿਤ ਰਾਜ ਸਲਾਹਕਾਰ ਬੋਰਡ ਦੀ ਦੂਜੀ ਬੈਠਕ ਪਰਸੋਂ 2 ਫਰਵਰੀ ਨੂੰ ਪਟਿਆਲਾ ਵਿੱਚ ਸੱਦੀ ਗਈ ਹੈ ਜਿਸ ਵਿੱਚ ਸ਼ੋ੍ਮਣੀ ਪੁਰਸਕਾਰਾਂ ਦੀ ਪਾਰਦਰਸ਼ਤਾ ਆਦਿ ਮੁੱਦਿਆਂ ’ਤੇ ਵਿਚਾਰ ਚਰਚਾ ਹੋਵੇਗੀ|
ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸਾਲ 2012, 2013 ਤੇ 2014 ਤਿੰਨ ਸਾਲਾਂ ਦੇ ਸ਼ੋ੍ਮਣੀ ਪੁਰਸਕਾਰਾਂ ਦਾ ਐਲਾਨ ਪਿਛਲੇ ਸਾਲ ਦੇ ਅਖ਼ੀਰ ਵਿੱਚ ਕਰ ਦਿੱਤਾ ਸੀ ਪਰ ਭਾਸ਼ਾ ਵਿਭਾਗ ਪੰਜਾਬ ਕੋਲ ਇਨਾਮਾਂ ਲਈ ਲੋੜੀਂਦੇ ਫੰਡਾਂ ਦੀ ਵੱਡੀ ਤੋਟ ਸੀ| ਭਾਵੇਂ ਵਿਭਾਗ ਕੋਲ ਇਨਾਮਾਂ ਦੇ ਕੋਟੇ ਨਾਲ ਸਬੰਧਿਤ ਇੱਕ ਕਰੋੜ ਦੇ ਕਰੀਬ ਫੰਡ ਜਮ੍ਹਾਂ ਪਿਆ ਸੀ ਪਰ ਤਿੰਨ ਸਾਲਾਂ ਦੇ ਇਨਾਮਾਂ ਲਈ ਤਿੰਨ ਕਰੋੜ ਦੇ ਕਰੀਬ ਫੰਡ ਦੀ ਜ਼ਰੂਰਤ ਸੀ| ਅਜਿਹੇ ਵਿੱਚ ਇਨ੍ਹਾਂ ਇਨਾਮਾਂ ਦੀ ਵੰਡ ਅੱਧਵਾਟੇ ਘਿਰੀ ਹੋਈ ਸੀ ਪਰ ਹੁਣ ਪੰਜਾਬ ਸਰਕਾਰ ਵੱਲੋਂ ਇਕ ਕਰੋੜ 90 ਲੱਖ ਰੁਪਏ ਫੰਡ ਹੋਰ ਭਾਸ਼ਾ ਵਿਭਾਗ ਦੇ ਹਵਾਲੇ ਕਰ ਦਿੱਤਾ ਹੈ| ਭਾਵੇਂ ਅਜਿਹੀ ਰਕਮ ਜੁਟਾਉਣ ਮਗਰੋਂ ਭਾਸ਼ਾ ਵਿਭਾਗ ਇਨਾਮ ਵੰਡਣ ਦੇ ਯੋਗ ਹੋ ਗਿਆ ਹੈ। ਕੁਝ ਕੁ ਰਕਮ ਦੀ ਤੋਟ ਹੈ|
ਜਾਣਕਾਰੀ ਅਨੁਸਾਰ ਭਾਸ਼ਾ ਵਿਭਾਗ ਨੇ ਪੰਜਾਬ ਸਰਕਾਰ ਤੋਂ ਇਨਾਮਾਂ ਦੀ ਵੰਡ ਵਾਸਤੇ 20 ਲੱਖ ਰੁਪਏ ਦੀ ਹੋਰ ਮੰਗ ਕੀਤੀ ਹੈ| ਭਾਸ਼ਾ ਵਿਭਾਗ ਦੇ ਕਾਰਜਕਾਰੀ ਡਾਇਰੈਕਟਰ ਗੁਰਸ਼ਰਨ ਕੌਰ ਵਾਲੀਆ ਨੇ ਦੱਸਿਆ ਕਿ ਵਿਭਾਗ ਨੂੰ ਪੂਰੀ ਸੰਭਾਵਨਾ ਹੈ ਕਿ 20 ਲੱਖ ਦੀ ਤੋਟ ਵੀ ਸਰਕਾਰ ਵੱਲੋਂ ਅਗਲੇ ਦਿਨਾਂ ਅੰਦਰ ਪੂਰੀ ਕਰ ਦਿੱਤੀ ਜਾਵੇਗੀ| ਇਨਾਮਾਂ ਸਬੰਧੀ ਇਕ ਕਰੋੜ 90 ਲੱਖ ਦੀ ਰਾਸ਼ੀ ਜੁਟਾਉਣ ਮਗਰੋਂ ਭਾਸ਼ਾ ਵਿਭਾਗ ਕੋਲ ਇਨਾਮ ਵੰਡ ਸਮਾਗਮ ਰਚਣ ਵਾਸਤੇ ਕਰੀਬ ਇੰਤਜ਼ਾਮ ਹੋ ਗਿਆ ਹੈ ਤੇ ਜੋ 20 ਲੱਖ ਰੁਪਏ ਦੀ ਘਾਟ ਦਿਸ ਰਹੀ ਹੈ, ਉਹ ਰਕਮ ਵੀ ਛੇਤੀ ਮਿਲਣ ਦੀ ਆਸ ਹੈ| ਉਨ੍ਹਾਂ ਆਖਿਆ ਕਿ ਹੁਣ ਤਾਂ ਵਿਭਾਗ ਨੂੰ ਇਨਾਮ ਵੰਡਣ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਮਨਜ਼ੂਰੀ ਦੀ ਉਡੀਕ ਹੈ| ਉਨ੍ਹਾਂ ਆਖਿਆ ਕਿ ਅਜਿਹੇ ਮਾਮਲੇ ਸਬੰਧੀ ਉਚੇਰੀ ਸਿੱਖਿਆ ਮੰਤਰੀ ਸੁਰਜੀਤ ਸਿੰਘ ਰੱਖੜਾ ਸਿਰਤੋੜ ਯਤਨ ਕਰ ਰਹੇ ਹਨ ਤੇ ਜਦੋਂ ਵੀ ਮੁੱਖ ਮੰਤਰੀ ਵੱਲੋਂ ਇਨਾਮ ਵੰਡਣ ਲਈ ਤਰੀਕ ਮਿਲ ਗਈ, ਉਦੋਂ ਹੀ ਸਮਾਗਮ ਵਿੱਢ ਦਿੱਤਾ ਜਾਵੇਗਾ|
ਭਾਸ਼ਾ ਵਿਭਾਗ ਦੀ ਇਹ ਵੀ ਕੋਸ਼ਿਸ਼ ਹੈ ਕਿ ਪਿਛਲੇ ਸਾਲ ਤੋਂ ਖੁੰਝੇ ਹੋਏ ਪੰਜਾਬੀ ਸਪਤਾਹ ਨੂੰ ਵੀ ਇਨਾਮ ਵੰਡ ਸਮਾਗਮ ਦੇ ਨਾਲ ਹੀ ਨਿਬੇੜ ਲਿਆ ਜਾਵੇ| ਦੱਸਣਯੋਗ ਹੈ ਕਿ ਪੰਜਾਬ ਸਰਕਾਰ ਦੀ ਤਰਫ਼ੋਂ ਪੰਜਾਬੀ ਸਪਤਾਹ ਲਈ 20 ਲੱਖ ਰੁਪਏ ਵੱਖਰੇ ਤੌਰ ’ਤੇ ਭਾਸ਼ਾ ਵਿਭਾਗ ਦੇ ਖ਼ਜ਼ਾਨੇ ਵਿੱਚ ਆ ਗਏ ਹਨ| ਕਾਰਜਕਾਰੀ ਡਾਇਰੈਕਟਰ ਨੇ ਦੱਸਿਆ ਕਿ ਵਿਭਾਗ ਵੱਲੋਂ 2 ਫਰਵਰੀ ਨੂੰ ਪਟਿਆਲਾ ਵਿੱਚ ਸੱਦੀ ਗਈ ਰਾਜ ਸਲਾਹਕਾਰ ਬੋਰਡ ਦੀ ਬੈਠਕ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ|
ਉਨ੍ਹਾਂ ਦੱਸਿਆ ਕਿ ਸਰਕਟ ਹਾਊਸ ਵਿੱਚ ਸਾਢੇ ਗਿਆਰਾਂ ਵਜੇ ਆਰੰਭ ਹੋਣ ਵਾਲੀ ਇਸ ਬੈਠਕ ’ਚ ਬੋਰਡ ਦੀ ਚੰਡੀਗਡ਼੍ਹ ਵਿਖੇ ਹੋਈ ਇਕੱਤਰਤਾ ਦੌਰਾਨ ਮੈਂਬਰਾਂ ਵੱਲੋਂ ਦਿੱਤੇ ਸੁਝਾਵਾਂ ’ਤੇ ਚਰਚਾ ਹੋਵੇਗੀ| ਉਨ੍ਹਾਂ ਦੱਸਿਆ ਕਿ ਇਸ ਮੀਟਿੰਗ ਸਬੰਧੀ ਦਰਜਨ ਦੇ ਕਰੀਬ ਸੁਝਾਅ ਲਿਖ਼ਤੀ ਤੌਰ ’ਤੇ ਵਿਭਾਗ ਦੇ ਮੁੱਖ ਦਫ਼ਤਰ ਵਿੱਚ ਪੁੱਜੇ ਹਨ, ਬਾਕੀ ਜ਼ੁਬਾਨੀ ਤੌਰ ’ਤੇ ਵਿਚਾਰੇ ਜਾਣਗੇ| ਦੱਸਣਯੋਗ ਹੈ ਕਿ ਭਾਵੇਂ ਭਾਸ਼ਾ ਵਿਭਾਗ ਪੰਜਾਬ ਦਾ ਮੁੱਖ ਦਫ਼ਤਰ ਪਟਿਆਲਾ ਵਿਖੇ ਹੈ ਪ੍ਰੰਤੂ ਰਾਜ ਸਲਾਹਕਾਰ ਬੋਰਡ ਦੀ ਪਹਿਲੀ ਵਾਰ ਬੈਠਕ ਪਟਿਆਲਾ ਵਿੱਚ ਹੋ ਰਹੀ ਹੈ ਤੇ ਭਾਸ਼ਾ ਵਿਭਾਗ ਇਸ ਬੈਠਕ ਦੀਆਂ ਤਿਆਰੀਆਂ ਲਈ ਪੱਬਾਂ ਭਾਰ ਹੈ।



from Punjab News – Latest news in Punjabi http://ift.tt/1nyjsnl
thumbnail
About The Author

Web Blog Maintain By RkWebs. for more contact us on rk.rkwebs@gmail.com

0 comments