ਸਿਆਚਿਨ ’ਚ ਬਰਫ਼ੀਲਾ ਤੂਫ਼ਾਨ, 10 ਫ਼ੌਜੀ ਦਬੇ

NEW DELHI : Siachen Avalanche. PTI GRAPHICS (PTI2_3_2016_000210B)

ਜੰਮੂ/ਸ੍ਰੀਨਗਰ, 3 ਫਰਵਰੀ : ਭਾਰਤੀ ਸੈਨਾ ਦੀ ਸਿਆਚਿਨ ਗਲੇਸ਼ੀਅਰ ’ਤੇ ਬਣੀ ਚੌਕੀ ਅੱਜ ਸਵੇਰੇ ਬਰਫ਼ੀਲੇ ਤੂਫ਼ਾਨ ਦੀ ਲਪੇਟ ’ਚ ਆ ਗਈ ਜਿਸ ਕਾਰਨ ਇਕ ਜੇਸੀਓ ਅਤੇ 9 ਜਵਾਨ ਦੱਬੇ ਗਏ। ਕਰੀਬ 19,600 ਫੁੱਟ ਦੀ ਉਚਾਈ ’ਤੇ ਬਣੀ ਇਸ ਪੱਕੀ ਚੌਕੀ ’ਤੇ ਵਾਪਰੇ ਹਾਦਸੇ ਮਗਰੋਂ ਇਨ੍ਹਾਂ ਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ ਪਰ ਉਨ੍ਹਾਂ ਦੇ ਬਚਣ ਦੀ ਬਹੁਤ ਘੱਟ ਉਮੀਦ ਹੈ। ਸੈਨਾ ਅਤੇ ਭਾਰਤੀ ਹਵਾਈ ਫ਼ੌਜ ਦੀਆਂ ਬਚਾਅ ਟੀਮਾਂ ਵਿਸ਼ੇਸ਼ ਸਾਜ਼ੋ ਸਾਮਾਨ ਨਾਲ ਉਨ੍ਹਾਂ ਦਾ ਪਤਾ ਲਾਉਣ ਦੇ ਕੰਮ ’ਚ ਜੁਟੀਆਂ ਹੋਈਆਂ ਹਨ। ਉੱਤਰੀ ਕਮਾਂਡ ਦੇ ਮੁਖੀ ਲੈਫ਼ਟੀਨੈਂਟ ਜਨਰਲ ਡੀ ਐਸ ਹੂਡਾ ਬਚਾਅ ਕਾਰਜਾਂ ਦੀ ਖੁਦ ਨਿਗਰਾਨੀ ਕਰ ਰਹੇ ਹਨ। ਉੱਚੇ ਗਲੇਸ਼ੀਅਰ ’ਤੇ ਆਕਸੀਜਨ ਦੀ ਕਮੀ ਅਤੇ ਰਾਤ ਨੂੰ ਤਾਪਮਾਨ ਮਨਫ਼ੀ 40 ਡਿਗਰੀ ਸੈਲਸੀਅਸ ਤੱਕ ਪੁੱਜਣ ਕਾਰਨ ਬਚਾਅ ਟੀਮਾਂ ਦਾ ਕੰਮ ਹੋਰ ਮੁਸ਼ਕਲ ਹੋ ਜਾੲੇਗਾ।
ੳੁੱਤਰੀ ਕਮਾਂਡ ਦੇ ਤਰਜਮਾਨ ਕਰਨਲ ਐਸ ਡੀ ਗੋਸਵਾਮੀ ਨੇ ਦੱਸਿਆ,‘‘ਬਰਫ਼ ਦਾ ਤੋਦਾ ਡਿੱਗਣ ਕਾਰਨ ਪੱਥਰਾਂ ਨਾਲ ਬਣਿਆ ਬੰਕਰ ਦਬ ਗਿਆ। ਹਾਦਸੇ ਸਮੇਂ ਚੌਕੀ ’ਚ ਇਕ ਜੂਨੀਅਰ ਕਮਿਸ਼ਨਡ ਅਫ਼ਸਰ ਅਤੇ 9 ਹੋਰ ਜਵਾਨ ਮੌਜੂਦ ਸਨ।’’ ਬਰਫ਼ੀਲਾ ਤੂਫ਼ਾਨ ਇੰਨਾ ਜ਼ੋਰਦਾਰ ਸੀ ਕਿ ਨੇਡ਼ਲਾ ਹੈਲੀਪੈਡ ਵੀ ਮਲੀਆਮੇਟ ਹੋ ਗਿਆ। ਇਸ ਹਵਾਈ ਪੱਟੀ ’ਤੇ ਹਵਾਈ ਫ਼ੌਜ ਅਤੇ ਸੈਨਾ ਦੇ ਹੈਲੀਕਾਪਟਰ ਰਾਸ਼ਨ ਅਤੇ ਹੋਰ ਸਾਮਾਨ ਲੈ ਕੇ ਉਤਰਦੇ ਸਨ।  ਸ੍ਰੀ ਗੋਸਵਾਮੀ ਨੇ ਦੱਸਿਆ ਕਿ ਲੇਹ ਅਤੇ ੳੂਧਮਪੁਰ ਤੋਂ ਬਚਾਅ ਕਾਰਜਾਂ ’ਤੇ ਨਜ਼ਰ ਰੱਖੀ ਜਾ ਰਹੀ ਹੈ। ਭਾਰਤੀ ਸੈਨਾ ਅਤੇ ਹਵਾਈ ਫ਼ੌਜ ਦੇ ਹੈਲੀਕਾਪਟਰਾਂ ਵੱਲੋਂ ਪ੍ਰਭਾਵਿਤ ਇਲਾਕੇ ’ਚ ਉਡਾਣਾਂ ਭਰ ਕੇ ਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ। ਦੱਸਿਆ ਗਿਆ ਹੈ ਕਿ ਜਿਸ ਥਾਂ ’ਤੇ ਬਰਫ਼ੀਲਾ ਤੂਫ਼ਾਨ ਆਇਆ, ਉਥੇ ਮਦਰਾਸ ਰੈਜੀਮੈਂਟ ਤਾਇਨਾਤ ਹੈ। ਸਰਕਾਰੀ ਸੂਤਰਾਂ ਨੇ ਖ਼ਦਸ਼ਾ ਜਤਾਇਆ ਹੈ ਕਿ ਜਵਾਨਾਂ ਦੇ ਬਚਣ ਦੀ ਕੋਈ ਉਮੀਦ ਨਹੀਂ ਹੈ।
ਇਲਾਕੇ ’ਚ ਸਮੁੰਦਰ ਤਲ ਤੋਂ ਔਸਤਨ ਉਚਾਈ 20 ਹਜ਼ਾਰ ਫੁੱਟ ਹੈ ਅਤੇ ਦਿਨ ਵੇਲੇ ਵੀ ਤਾਪਮਾਨ ਮਨਫ਼ੀ 20 ਡਿਗਰੀ ਸੈਲਸੀਅਸ ਰਹਿੰਦਾ ਹੈ। ਭਾਰਤੀ ਫ਼ੌਜ ਨੇ 1984 ’ਚ ਗਲੇਸ਼ੀਅਰ ’ਤੇ ਟਿਕਾਣਾ ਬਣਾਇਆ ਸੀ ਜਦੋਂ ਇਹ ਖ਼ਦਸ਼ਾ ਪੈਦਾ ਹੋ ਗਿਆ ਸੀ ਕਿ ਪਾਕਿਸਤਾਨੀ ਫ਼ੌਜ ਵੀ ਇਸ ਰਣਨੀਤਕ ਪੱਖੋਂ ਅਹਿਮ ਚੋਟੀ ’ਤੇ ਕਬਜ਼ਾ ਕਰਨਾ ਚਾਹੁੰਦੀ ਹੈ।  ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਲਦਾਖ਼ ਖ਼ਿੱਤੇ ’ਚ ਆਏ ਬਰਫ਼ੀਲੇ ਤੂਫ਼ਾਨ ਕਾਰਨ ਗਸ਼ਤ ਕਰ ਰਹੇ 3 ਲਦਾਖ਼ ਸਕਾੳੂਟਸ ਦੇ ਚਾਰ ਜਵਾਨ ਹਲਾਕ ਹੋ ਗਏ ਸਨ। ਸਾਲ 2012 ’ਚ ਪਾਕਿਸਤਾਨ ਵਾਲੇ ਪਾਸੇ ਆਏ ਬਰਫ਼ੀਲੇ ਤੂਫ਼ਾਨ ਕਾਰਨ 30 ਤੋਂ ਵੱਧ ਜਵਾਨਾਂ ਦੀ ਮੌਤ ਹੋ ਗਈ ਸੀ।



from Punjab News – Latest news in Punjabi http://ift.tt/1JZbKgu
thumbnail
About The Author

Web Blog Maintain By RkWebs. for more contact us on rk.rkwebs@gmail.com

0 comments