ਨਵੀਂ ਦਿੱਲੀ, 3 ਫਰਵਰੀ : ਕਾਂਗਰਸ ਦੇ ਬਜ਼ੁਰਗ ਨੇਤਾ ਤੇ ਲੋਕ ਸਭਾ ਦੇ ਸਾਬਕਾ ਸਪੀਕਰ ਬਲਰਾਮ ਜਾਖਡ਼ ਦਾ ਅੱਜ ਇਥੇ ਦੇਹਾਂਤ ਹੋ ਗਿਆ। ਉਹ 92 ਸਾਲਾਂ ਦੇ ਸਨ। ਸ੍ਰੀ ਜਾਖਡ਼ ਦਾ ਅੰਤਿਮ ਸੰਸਕਾਰ ਭਲਕੇ ਉਨ੍ਹਾਂ ਦੇ ਜੱਦੀ ਪਿੰਡ ਪੰਜਕੋਸੀ (ਅਬੋਹਰ) ਵਿੱਚ ਕੀਤਾ ਜਾਵੇਗਾ। ਰਾਸ਼ਟਰਪਤੀ ਪ੍ਰਣਬ ਮੁਖਰਜੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਦੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਤੇ ਉਪ ਪ੍ਰਧਾਨ ਰਾਹੁਲ ਗਾਂਧੀ ਅਤੇ ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਸਣੇ ਕਈ ਸਿਆਸੀ ਹਸਤੀਆਂ ਨੇ ਇਸ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਸੁਨੀਲ ਜਾਖਡ਼ ਦੇ ਪਿਤਾ ਸ੍ਰੀ ਬਲਰਾਮ ਜਾਖਡ਼ 1980 ਤੋਂ 1989 ਤੱਕ ਲੋਕ ਸਭਾ ਦੇ ਸਪੀਕਰ ਰਹੇ ਤੇ ਉਨ੍ਹਾਂ ਨੇ ਸੰਸਦ ਦੇ ਅਜਾਇਬਘਰ ਦੀ ਸਥਾਪਨਾ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਉਹ ਸਾਬਕਾ ਪ੍ਰਧਾਨ ਮੰਤਰੀ ਨਰਸਿਮ੍ਹਾ ਰਾਓ ਦੇ ਮੰਤਰੀ ਮੰਡਲ ਵਿੱਚ ਖੇਤੀਬਾਡ਼ੀ ਮੰਤਰੀ ਅਤੇ 30 ਜੂਨ 2004 ਤੋਂ 2009 ਤੱਕ ਮੱਧ ਪ੍ਰਦੇਸ਼ ਦੇ ਰਾਜਪਾਲ ਰਹੇ। ਉਹ 1973 ਤੋਂ 1977 ਤੱਕ ਪੰਜਾਬ ਦੇ ਨਿਗਮ, ਸਿੰਜਾਈ ਤੇ ੳੂਰਜਾ ਮੰਤਰੀ ਰਹੇ ਅਤੇ ਇਸ ਤੋਂ ਬਾਅਦ 1977 ਤੋਂ 1979 ਤੱਕ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵੱਜੋਂ ਸਰਗਰਮ ਰਹੇ। ਸ੍ਰੀ ਜਾਖਡ਼ 1980 ਵਿੱਚ ਪਹਿਲੀ ਵਾਰ ਸੱਤਵੀਂ ਲੋਕ ਸਭਾ ਲਈ ਚੁਣੇ ਗਏ। ਇਸ ਤੋਂ ਬਾਅਦ 1984, 1991 ਅਤੇ 1998 ਵਿੱਚ ਵੀ ਸੰਸਦ ਦੇ ਮੈਂਬਰ ਬਣੇ। 1980-89 ਤੱਕ ਉਹ ਲੋਕ ਸਭਾ ਦੇ ਸਪੀਕਰ ਰਹੇ। ਇਸ ਦੌਰਾਨ ਉਨ੍ਹਾਂ ਨੇ ਸੰਸਦ ਦੇ ਕੰਮਾਂ ਦੇ ਕੰਪਿੳੂਟਰਕਰਨ ਵਿੱਚ ਅਹਿਮ ਯੋਗਦਾਨ ਦਿੱਤਾ। ਉਹ ਸੰਸਦ ਦੀਆਂ ਕਈ ਕਮੇਟੀਆਂ ਦੇ ਮੈਂਬਰ ਵੀ ਰਹੇ। 1990 ਵਿੱਚ ਸ੍ਰੀ ਜਾਖਡ਼ ਕੁਲ ਹਿੰਦ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਬਣੇ ਅਤੇ 1992 ਵਿੱਚ ਕਾਂਗਰਸ ਕਾਰਜਕਾਰਨੀ ਦੇ ਮੈਂਬਰ ਬਣੇ।
from Punjab News – Latest news in Punjabi http://ift.tt/1P7ZtW6

0 comments