ਬਠਿੰਡਾ, 3 ਫਰਵਰੀ : ਪੰਜਾਬ ਸਰਕਾਰ ਨੇ ਗੈਂਗਸਟਰਾਂ ਵੱਲੋਂ ਇੱਕ ਅਕਾਲੀ ਵਰਕਰ ਨੂੰ ਬਠਿੰਡਾ ਜੇਲ੍ਹ ਵਿੱਚ ਨੰਗਾ ਕਰਕੇ ਕੁੱਟਣ ਦੇ ਮਾਮਲੇ ਵਿੱਚ ਜੇਲ੍ਹ ਦੇ ਦੋ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ ਤੇ ਜੇਲ੍ਹ ਵਿਭਾਗ ਨੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦੇ ਦਿੱਤੇ ਹਨ। ਦੋ ਮਹੀਨੇ ਪਹਿਲਾਂ ਗੈਂਗਸਟਰਾਂ ਨੇ ਭਗਤਾ ਭਾਈਕਾ ਦੇ ਇੱਕ ਅਕਾਲੀ ਵਰਕਰ ਦਰਬਾਰਾ ਸਿੰਘ ਦੀ ਜੇਲ੍ਹ ਅੰਦਰ ਕੁੱਟਮਾਰ ਕੀਤੀ ਸੀ। ਗੈਂਗਸਟਰਾਂ ਨੇ ਇਸ ਕੁੱਟਮਾਰ ਦੀ ਵੀਡੀਓ ਵੀ ਮੋਬਾਈਲ ਫੋਨ ’ਤੇ ਬਣਾਈ ਸੀ, ਜਿਸ ਨੂੰ ਹੁਣ ਸੋਸ਼ਲ ਮੀਡੀਆ ’ਤੇ ਅਪਲੋਡ ਕੀਤੇ ਜਾਣ ਮਗਰੋਂ ਇਸ ਘਟਨਾ ਦਾ ਭੇਤ ਖੁੱਲ੍ਹਿਆ ਹੈ। ਜੇਲ੍ਹ ਵਿਭਾਗ ਪੰਜਾਬ ਨੇ ਬਠਿੰਡਾ ਜੇਲ੍ਹ ਦੇ ਹੈੱਡ ਵਾਰਡਨ ਹਰਰਾਜਵੰਤ ਸਿੰਘ ਅਤੇ ਵਾਰਡਨ ਕੁਲਦੀਪ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਮਾਮਲੇ ਦੀ ਪੜਤਾਲ ਡੀਆਈਜੀ ਫਿਰੋਜ਼ਪੁਰ (ਜੇਲ੍ਹਾਂ) ਸੁਰਿੰਦਰ ਸਿੰਘ ਨੂੰ ਸੌਂਪ ਦਿੱਤੀ ਹੈ। ਡੀਆਈਜੀ ਕੈਪਟਨ ਲਖਵਿੰਦਰ ਸਿੰਘ ਜਾਖੜ ਨੇ ਦੋ ਮੁਲਾਜ਼ਮਾਂ ਨੂੰ ਮੁਅੱਤਲ ਕਰਨ ਤੇ ਜਾਂਚ ਦੇ ਹੁਕਮਾਂ ਦੀ ਪੁਸ਼ਟੀ ਕੀਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ 26 ਨਵੰਬਰ, 2015 ਨੂੰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਿਹਾਤੀ ਗੁਰਬਿੰਦਰ ਸਿੰਘ ’ਤੇ ਅਕਾਲੀ ਵਰਕਰ ਦਰਬਾਰਾ ਸਿੰਘ ਵੱਲੋਂ ਗੋਲੀ ਚਲਾਈ ਗਈ ਸੀ ਪਰ ਭਾਜਪਾ ਨੇਤਾ ਦਾ ਬਚਾਅ ਹੋ ਗਿਆ ਸੀ। ਪੁਲੀਸ ਨੇ ਦਰਬਾਰਾ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਤੇ ਹੁਣ ਉਸ ਦੀ ਜੇਲ੍ਹ ਅੰਦਰ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਵਾਇਰਲ ਹੋਈ ਵੀਡੀਓ ਵਿੱਚ ਗੈਂਗਸਟਰ ਅਕਾਲੀ ਵਰਕਰ ਦੀ ਕੁੱਟਮਾਰ ਕਰਨ ਸਮੇਂ ਇਹ ਆਖਦੇ ਸੁਣਾਈ ਦੇ ਰਹੇ ਹਨ, ‘ਤੈਨੂੰ ਪਤਾ ਨਹੀਂ ਕਿ ਗੁਰਬਿੰਦਰ, ਜੋਧਾ ਦਾ ਦੋਸਤ ਹੈ।’ ਇਹ ਕਰੀਬ ਪੌਣੇ ਪੰਜ ਮਿੰਟ ਦੀ ਵੀਡੀਓ ਹੈ। ਹੈਰਾਨੀ ਦੀ ਗੱਲ ਹੈ ਕਿ ਜੇਲ੍ਹ ਪ੍ਰਸ਼ਾਸਨ ਇਸ ਘਟਨਾ ਤੋਂ ਬੇਖ਼ਬਰ ਰਿਹਾ। ਸੂਤਰਾਂ ਮੁਤਾਬਕ ਸਹਿਮੇ ਅਕਾਲੀ ਵਰਕਰ ਨੇ ਆਪਣੀ ਕੁੱਟਮਾਰ ਦਾ ਭੇਤ ਨਾ ਖੋਲ੍ਹਿਆ। ਜੇਲ੍ਹ ਪ੍ਰਸ਼ਾਸਨ ਦੇ ਪੱਤਰ ਮਗਰੋਂ ਅੱਜ ਸਿਵਲ ਲਾਈਨ ਪੁਲੀਸ ਨੇ ਜੇਲ੍ਹ ਵਿੱਚ ਬੰਦ ਗੈਂਗ ਮੈਂਬਰ ਮਨੋਜ ਮੌਜੀ, ਮਨਦੀਪ ਸਿੰਘ, ਸੁਖਜਿੰਦਰ ਸਿੰਘ, ਗੁਰਪ੍ਰੀਤ ਸਿੰਘ ਅਤੇ ਕੁਲਪ੍ਰੀਤ ਸਿੰਘ ਖ਼ਿਲਾਫ਼ ਧਾਰਾ 323, 149 ਅਤੇ ਜੇਲ੍ਹ ਮੈਨੂਅਲ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਥਾਣਾ ਸਿਵਲ ਲਾਈਨ ਦੇ ਮੁੱਖ ਥਾਣਾ ਅਫਸਰ ਅੰਗਰੇਜ ਸਿੰਘ ਨੇ ਦੱਸਿਆ ਕਿ ਜੇਲ੍ਹ ਸੁਪਰਡੈਂਟ ਦੇ ਪੱਤਰ ਦੇ ਅਾਧਾਰ ’ਤੇ ਕੇਸ ਦਰਜ ਕੀਤਾ ਗਿਆ ਹੈ।
ਜੇਲ੍ਹ ਸੁਪਰਡੈਂਟ ਬਠਿੰਡਾ ਸੁਖਵਿੰਦਰ ਸਿੰਘ ਸਹੋਤਾ ਦਾ ਕਹਿਣਾ ਹੈ ਕਿ ਜੋ ਮੁਲਾਜ਼ਮ ਉਸ ਦਿਨ ਡਿਊਟੀ ’ਤੇ ਸਨ, ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਜੇਲ੍ਹ ਵਿੱਚ ਰੋਜ਼ਾਨਾ ਤਲਾਸ਼ੀ ਲਈ ਜਾਂਦੀ ਹੈ ਪਰ ਇਸ ਮਾਮਲੇ ਵਿੱਚ ਮੁਲਾਜ਼ਮਾਂ ਦੀ ਮਿਲੀਭੁਗਤ ਹੋ ਸਕਦੀ ਹੈ। ਉਨ੍ਹਾਂ ਆਖਿਆ ਕਿ ਕੁੱਟਮਾਰ ਕਰਨ ਵਾਲਿਆਂ ਨੂੰ ਇੱਥੋਂ ਤਬਦੀਲ ਕਰਨ ਸਬੰਧੀ ਹਾਲੇ ਕੋਈ ਹਦਾਇਤ ਨਹੀਂ ਆਈ। ਭਾਜਪਾ ਨੇਤਾ ਗੁਰਬਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਕਿਸੇ ਵੀ ਗੈਂਗਸਟਰ ਨਾਲ ਕੋਈ ਨਾਤਾ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਦਾ ਜੇਲ੍ਹ ਅੰਦਰ ਕੋਈ ਦੋਸਤ ਹੈ। ਕਿਸੇ ਨੇ ਜਾਣਬੁੱਝ ਕੇ ਉਸ ਦਾ ਨਾਮ ਲਿਆ ਹੋਵੇਗਾ।
from Punjab News – Latest news in Punjabi http://ift.tt/1P7ZsRK

0 comments