ਚੰਡੀਗੜ੍ਹ – “ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ ਜਿਨ੍ਹਾਂ ਨੂੰ ਬਾਦਲ-ਬੀਜੇਪੀ ਹਕੂਮਤ ਨੇ ਜ਼ਬਰੀ ਬੰਦੀ ਬਣਾਇਆ ਹੋਇਆ ਹੈ ਅਤੇ ਜੋ ਇਨੀ ਦਿਨੀ ਫ਼ਰੀਦਕੋਟ ਦੀ ਜੇਲ੍ਹ ਵਿਚ ਬੰਦੀ ਹਨ, ਉਹਨਾਂ ਨੂੰ ਬੀਤੇ 3 ਦਿਨਾਂ ਤੋ ਮੂੰਹ ਵਿਚੋ ਖੂਨ ਆ ਰਿਹਾ ਸੀ । ਬਲੱਡ ਪ੍ਰੈਸਰ ਹਾਈ ਹੋਣ ਕਰਕੇ ਉਹਨਾਂ ਦੀਆਂ ਨਸਾਂ ਬਿਲਕੁਲ ਫੱਟਣ ਦੇ ਨੇੜੇ ਪਹੁੰਚ ਗਈਆਂ ਸਨ । ਅੱਜ ਜਦੋ ਉਹਨਾਂ ਨੂੰ ਚੈਕਿੰਗ ਲਈ ਹਸਪਤਾਲ ਭੇਜਿਆ ਗਿਆ ਤਾਂ ਡਾਕਟਰਾਂ ਨੇ ਤਿੰਨ ਦਿਨਾਂ ਤੋ ਪੀੜਤ ਹੋਣ ਅਤੇ ਗੰਭੀਰ ਸਥਿਤੀ ਵਿਚ ਪਹੁੰਚ ਜਾਣ ਦੀ ਰਿਪੋਰਟ ਜੇਲ੍ਹ ਵਿਭਾਗ ਨੂੰ ਦੇ ਦਿੱਤੀ ਹੈ, ਤਾਂ ਉਸਨੂੰ ਸਹੀ ਸਮੇਂ ਤੇ ਚੈਕ ਨਾ ਕਰਵਾਉਣ ਦੇ ਅਮਲ ਪੰਜਾਬ ਦੀ ਬਾਦਲ-ਬੀਜੇਪੀ ਹਕੂਮਤ ਦੀ ਕਿਸੇ ਡੂੰਘੀ ਸਾਜਿ਼ਸ ਦੇ ਹਿੱਸੇ ਨੂੰ ਪ੍ਰਤੱਖ ਕਰਦੇ ਹਨ । ਜਦੋਕਿ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ ਇਕ ਸਿਆਸੀ ਕੈਦੀ ਹਨ । ਉਹਨਾਂ ਨੇ ਕੋਈ ਵੀ ਗੈਰ-ਕਾਨੂੰਨੀ ਅਮਲ ਨਹੀਂ ਕੀਤਾ । ਪਰ ਜੇਲ੍ਹ ਵਿਭਾਗ ਦੀ ਹਕੂਮਤ ਵੱਲੋ ਸ. ਜਸਕਰਨ ਸਿੰਘ ਨਾਲ ਮੁਜ਼ਰਿਮਾਂ ਦੀ ਤਰ੍ਹਾਂ ਸਲੂਕ ਕਰਨ ਦੇ ਅਮਲ ਅਤਿ ਨਿੰਦਣਯੋਗ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਫ਼ਰੀਦਕੋਟ ਜੇਲ੍ਹ ਦੇ ਅਧਿਕਾਰੀਆਂ ਵੱਲੋ ਅਣਗਹਿਲੀ ਕਰਨ ਅਤੇ ਸ. ਜਸਕਰਨ ਸਿੰਘ ਦੀ ਜਿੰਦਗੀ ਨਾਲ ਖਿਲਵਾੜ ਕੀਤੇ ਜਾਣ ਦੇ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਬਹੁਤ ਦੁੱਖ ਅਤੇ ਅਫਸੋਸ ਹੈ ਕਿ ਜਦੋ ਸਿਆਸੀ ਕੈਦੀਆਂ ਨਾਲ ਵੀ ਹੁਕਮਰਾਨਾਂ ਵੱਲੋ ਉਹਨਾਂ ਨੂੰ ਨੁਕਸਾਨ ਪਹੁੰਚਾਉਣ ਹਿੱਤ ਅਜਿਹੇ ਅਮਲ ਹੋ ਰਹੇ ਹਨ ਤਾਂ ਛੋਟੇ-ਮੋਟੇ ਅਪਰਾਧਾਂ ਵਿਚ ਕੈਦੀਆਂ ਨਾਲ ਜੇਲ੍ਹ ਅਧਿਕਾਰੀ ਕਿਸ ਤਰ੍ਹਾਂ ਦਾ ਦੁਰਵਿਵਹਾਰ ਕਰਦੇ ਹੋਣਗੇ ਜਾਂ ਉਹਨਾਂ ਦੀਆਂ ਜਿੰਦਗਾਨੀਆਂ ਨਾਲ ਖਿਲਵਾੜ ਕਰਦੇ ਹੋਣਗੇ, ਉਸਦਾ ਅੰਦਾਜਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ । ਉਹਨਾਂ ਕਿਹਾ ਕਿ ਜਦੋ ਸਾਡੀ ਪਾਰਟੀ ਦੇ ਮੁੱਖ ਬੁਲਾਰੇ, ਸਿਆਸੀ ਤੇ ਮੀਡੀਆ ਸਲਾਹਕਾਰ ਸ. ਇਕਬਾਲ ਸਿੰਘ ਟਿਵਾਣਾ ਵੱਲੋ ਗ੍ਰਹਿ ਸਕੱਤਰ ਪੰਜਾਬ ਸ. ਜਗਪਾਲ ਸਿੰਘ ਸੰਧੂ, ਆਈ.ਜੀ. ਜੇਲ੍ਹ ਪੰਜਾਬ ਨੂੰ ਫ਼ਰੀਦਕੋਟ ਜੇਲ੍ਹ ਦੇ ਅਧਿਕਾਰੀਆਂ ਵੱਲੋ ਸ. ਕਾਹਨ ਸਿੰਘ ਵਾਲਾ ਨਾਲ ਕੀਤੇ ਜਾ ਰਹੇ ਦੁਰਵਿਵਹਾਰ ਸੰਬੰਧੀ ਜਾਣਕਾਰੀ ਦਿੰਦੇ ਹੋਏ ਈਮੇਲ ਰਾਹੀ ਪੱਤਰ ਲਿਖਕੇ ਜਾਣੂ ਕਰਵਾਇਆ ਗਿਆ, ਤਦ ਜਾ ਕੇ ਸ. ਕਾਹਨ ਸਿੰਘ ਵਾਲਾ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ । ਉਹਨਾਂ ਕਿਹਾ ਜੇਕਰ ਸਾਡੀ ਪਾਰਟੀ ਫੁਰਤੀ ਨਾਲ ਇਹ ਅਮਲ ਨਾ ਕਰਦੀ, ਤਾਂ ਸ. ਕਾਹਨ ਸਿੰਘ ਵਾਲਾ ਦਾ ਵੱਡਾ ਨੁਕਸਾਨ ਵੀ ਹੋ ਸਕਦਾ ਸੀ । ਲੇਕਿਨ ਇਸ ਕੀਤੀ ਜਾ ਰਹੀ ਅਣਗਹਿਲੀ ਲਈ ਜਿਹੜੇ ਵੀ ਜੇਲ੍ਹ ਅਧਿਕਾਰੀ ਜਿੰਮੇਵਾਰ ਹਨ, ਉਹਨਾਂ ਨੂੰ ਜੇਲ੍ਹ ਮੈਨੂਅਲ ਅਤੇ ਨਿਯਮਾਂ ਦੇ ਅਨੁਸਾਰ ਨਿਰਪੱਖਤਾ ਨਾਲ ਜਾਂਚ ਕਰਕੇ ਬਣਦੀ ਸਜ਼ਾ ਦੇਣ ਦਾ ਪ੍ਰਬੰਧ ਕੀਤਾ ਜਾਵੇ । ਤਾਂ ਕਿ ਕਿਸੇ ਵੀ ਜੇਲ੍ਹ ਦੇ ਅਧਿਕਾਰੀ ਵੱਖ-ਵੱਖ ਜੇਲ੍ਹਾਂ ਵਿਚ ਬੰਦੀ ਕੈਦੀਆਂ ਦੀਆਂ ਕੀਮਤੀ ਜਿੰਦਗਾਨੀਆਂ ਨਾਲ ਖਿਲਵਾੜ ਕਰਨ ਦੀ ਕਾਰਵਾਈ ਨਾ ਕਰ ਸਕਣ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਗ੍ਰਹਿ ਵਿਭਾਗ ਪੰਜਾਬ ਅਤੇ ਆਈ.ਜੀ. ਜੇਲ੍ਹ ਪੰਜਾਬ ਇਸ ਦਿਸ਼ਾ ਵੱਲ ਉਚੇਚੇ ਤੌਰ ਤੇ ਨਿਰੀਖਣ ਕਰਦੇ ਹੋਏ ਸਮੁੱਚੀਆਂ ਜੇਲ੍ਹਾਂ ਵਿਚ ਕੈਦੀਆਂ ਦੇ ਜੀਵਨ ਦੀ ਰੱਖਿਆ ਲਈ ਉਚੇਚੇ ਯਤਨ ਕਰੋਗੇ ।
from Punjab News - Quami Ekta Punjabi Newspaper (ਕੌਮੀ ਏਕਤਾ) http://ift.tt/1U4hfg5
0 comments