-ਸਤਨਾਮ ਸਿੰਘ ਪਲਹੇੜੀ
ਜਿਵੇਂ-ਜਿਵੇਂ ਸਰੀਰਕ ਰੋਗ ਵਧਦੇ ਜਾ ਰਹੇ ਹਨ, ਉਸ ਤੋਂ ਵੀ ਵੱਧ ਤੇਜ਼ੀ ਨਾਲ ਮਾਨਸਿਕ ਰੋਗ ਵਧਦੇ ਜਾ ਰਹੇ ਹਨ। ਕਈ ਲੋਕ ਮਾਨਸਿਕ ਰੋਗਾਂ ਨੂੰ ਰੋਗ ਨਾ ਮੰਨ ਕੇ ਭੂਤ-ਪ੍ਰੇਤ ਦਾ ਸਾਇਆ ਮੰਨ ਲੈਂਦੇ ਹਨ। ਜੇਕਰ ਕਿਸੇ ਵੀ ਘਰ ਵਿੱਚ ਅਜਿਹਾ ਰੋਗੀ ਹੋਵੇ ਤਾਂ ਕਿਸੇ ‘ਮਨੋਚਕਿਤਸਕ’ ਕੋਲ ਜਾਣਾ ਬਹੁਤ ਜ਼ਰੂਰੀ ਹੈ। ਕਈ ਵਾਰ ਲੋਕ ਮਰੀਜ਼ ਦਾ ਇਲਾਜ ਵੀ ਸ਼ੁਰੂ ਕਰਵਾ ਦਿੰਦੇ ਹਨ ਪਰ ਉਹ ਸਰੀਰਕ ਬੀਮਾਰੀ ਵਾਂਗ ਮਰੀਜ਼ ਲਈ ਲੋੜੀਂਦਾ ਮਾਹੌਲ ਨਹੀਂ ਬਣਾ ਪਾਉਂਦੇ ਜਿਸ ਕਾਰਨ ਮਰੀਜ਼ ਵਾਰ-ਵਾਰ ਮਾਨਸਿਕ ਕਮਜ਼ੋਰੀ ਦਾ ਸ਼ਿਕਾਰ ਹੁੰਦਾ ਹੈ। ਅਜਿਹੀਆਂ ਸਥਿਤੀਆਂ ਵਿੱਚ ਕਈ ਵਾਰ ਮਰੀਜ਼ ਲਈ ਦਵਾਈਆਂ ਦਾ ਸਹਾਰਾ ਇੱਕ ਆਦਤ ਬਣ ਜਾਂਦੀ ਹੈ।
ਮਾਨਸਿਕ ਰੋਗਾਂ ਦੇ ਮਾਹਰ ਤੋਂ ਮਾਹਰ ਡਾਕਟਰ ਵੀ ਉਦੋਂ ਤਕ ਕੁਝ ਨਹੀਂ ਕਰ ਸਕਦੇ ਜਦੋਂ ਤਕ ਕਿ ਮਰੀਜ਼ ਨਾਲ ਜੁੜੇ ਲੋਕ ਇਸ ਗੱਲ ਨੂੰ ਨਹੀਂ ਸਮਝਦੇ ਕਿ ਦਵਾਈ ਦੇ ਨਾਲ-ਨਾਲ ਢੁਕਵਾਂ ਮਾਹੌਲ ਵੀ ਜ਼ਰੂਰੀ ਹੈ। ਇਸ ਗਲਤੀ ਕਾਰਨ ਹੀ ਮਾਨਸਿਕ ਰੋਗਾਂ ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਮਰੀਜ਼ ਨੂੰ ਇੱਕ ਨਸ਼ੇ ਵਾਂਗ ਸਾਰੀ ਜ਼ਿੰਦਗੀ ਲਈ ਚਿੰਬੜ ਜਾਂਦੀਆਂ ਹਨ। ਮਰੀਜ਼ ਇਨ੍ਹਾਂ ਦਵਾਈਆਂ ਤੋਂ ਬਿਨਾਂ ਨਹੀਂ ਰਹਿ ਸਕਦਾ। ਜਿਵੇਂ ਕਿਸੇ ਅਮਲੀ ਨੂੰ ਨਸ਼ੇ ਦੀ ਮਿਕਦਾਰ ਵਧਾਉਣੀ ਪੈਂਦੀ ਹੈ, ਬਿਲਕੁਲ ਇਵੇਂ ਹੀ ਅਜਿਹੇ ਮਰੀਜ਼ ਨੂੰ ਇਨ੍ਹਾਂ ਦਵਾਈਆਂ ਦੀ ਮਿਕਦਾਰ ਵਧਾਉਣੀ ਪੈ ਸਕਦੀ ਹੈ। ਅਜਿਹੇ ਮਰੀਜ਼ ਆਮ ਮਿਲ ਜਾਂਦੇ ਹਨ ਜਿਨ੍ਹਾਂ ਨੇ ਮਾਨਸਿਕ ਰੋਗਾਂ ਦੇ ਇਲਾਜ ਲਈ ਵਰਤੀ ਜਾਣ ਵਾਲੀ ਦਵਾਈ ਨੂੰ ਇੱਕ ਨਸ਼ੇ ਵਾਂਗ ਸਦਾ ਲਈ ਸਹੇੜ ਲਿਆ ਹੈ। ਅਜਿਹੇ ਲੋਕ ਪਿੰਡਾਂ ਵਿੱਚ ਤਾਂ ਆਮ ਹੀ ਮਿਲ ਜਾਂਦੇ ਹਨ ਜਿਹੜੇ ਇੱਕ ਵਾਰ ਕਿਸੇ ਡਾਕਟਰ ਕੋਲੋਂ ਇਲਾਜ ਸ਼ੁਰੂ ਕਰਵਾ ਕੇ ਮੁੜ ਉਸੇ ਪਰਚੀ ਤੋਂ ਉਹੀ ਦਵਾਈ ਆਪਣੀ ਮਰਜ਼ੀ ਨਾਲ ਹੀ ਲੈਂਦੇ ਰਹਿੰਦੇ ਹਨ। ਸਮਾਂ ਪਾ ਕੇ ਜਦੋਂ ਉਹ ਦਵਾਈ ਆਪਣਾ ਕੰਮ ਕਰਨੋਂ ਹਟ ਜਾਂਦੀ ਹੈ ਤਾਂ ਉਹ ਦੁਬਾਰਾ ਡਾਕਟਰ ਕੋਲ ਜਾਂਦੇ ਹਨ। ਅਜਿਹੀਆਂ ਦਵਾਈਆਂ ਲਗਾਤਾਰ ਖਾਣ ਨਾਲ ਕਈ ਸਰੀਰਕ ਵਿਗਾੜ ਵੀ ਪੈ ਜਾਂਦੇ ਹਨ ਜਿਵੇ, ਮੋਟਾਪਾ, ਨਾੜਾਂ ਦੀ ਕਮਜ਼ੋਰੀ ਅਤੇ ਯਾਦਦਾਸ਼ਤ ਦਾ ਕਮਜ਼ੋਰ ਹੋਣਾ।
ਕਿਸੇ ਮਾਨਸਿਕ ਰੋਗੀ ਦਾ ਇਲਾਜ ਕਰਵਾਉਂਦੇ ਸਮੇਂ ਸਮੇਂ-ਸਮੇਂ ‘ਤੇ ਡਾਕਟਰ ਦੀ ਸਲਾਹ ਲੈਂਦੇ ਰਹਿਣਾ ਚਾਹੀਦਾ ਹੈ। ਰੋਗੀ ਕੁਝ ਦਿਨ ਦਵਾਈ ਖਾ ਕੇ ਤਕਰੀਬਨ ਇਹ ਸਮਝਣ ਜੋਗਾ ਤਾਂ ਹੋ ਹੀ ਜਾਂਦਾ ਹੈ ਕਿ ਉਸਨੇ ਆਪਣੀ ਦਵਾਈ ਕਿਵੇਂ ਲੈਣੀ ਹੈ। ਉਸ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝਾ ਦੇਣੀ ਚਾਹੀਦੀ ਹੈ ਕਿ ਇਹ ਦਵਾਈਆਂ ਸਦਾ ਲੈਣ ਵਾਸਤੇ ਨਹੀਂ ਹਨ ਸਗੋਂ ਮਨ ਨੂੰ ਸਹਾਰਾ ਦੇਣ ਲਈ ਕੁਝ ਸਮੇਂ ਹੀ ਖਾਣੀਆਂ ਹਨ। ਜਿਵੇਂ-ਜਿਵੇਂ ਮਨ ਦੀ ਹਾਲਤ ਠੀਕ ਹੁੰਦੀ ਜਾਂਦੀ ਹੈ, ਉਵੇਂ-ਉਵੇਂ ਸਿਆਣਾ ਡਾਕਟਰ ਇਨ੍ਹਾਂ ਦਵਾਈਆਂ ਨੂੰ ਘਟਾਉਂਦਾ ਜਾਂਦਾ ਹੈ ਪਰ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਰੋਗੀ ਅਤੇ ਉਸ ਦੇ ਪਰਿਵਾਰਕ ਮੈਂਬਰ ਇੱਕ-ਦੂਜੇ ਦਾ ਸਾਥ ਦੇਣ। ਕੁਝ ਸਮਾਂ ਦਵਾਈਆਂ ਦਾ ਸਹੀ ਉਪਯੋਗ ਕਰਨ ਤੋਂ ਬਾਅਦ ਮਾਨਸਿਕ ਰੋਗੀ ਬੀਮਾਰ ਨਹੀਂ ਰਹਿੰਦਾ। ਜੇਕਰ ਇਨ੍ਹਾਂ ਗੱਲਾਂ ਦਾ ਧਿਆਨ ਰੱਖ ਕੇ ਅਸੀਂ ਇਨ੍ਹਾਂ ਦਵਾਈਆਂ ਦਾ ਇਸਤੇਮਾਲ ਕਰਾਂਗੇ ਤਾਂ ਇਹੀ ਦਵਾਈਆਂ ਮਨੋਰੋਗੀਆਂ ਲਈ ਵਰਦਾਨ ਸਿੱਧ ਹੋਣਗੀਆਂ।
from Punjab News – Latest news in Punjabi http://ift.tt/1RSBZHq

0 comments