ਤੁਸੀਂ ਆਲੂਆਂ ਨਾਲ ਬਣੀਆਂ ਬਹੁਤ ਸਾਰੀਆਂ ਚੀਜ਼ਾਂ ਖਾਧੀਆਂ ਹੋਣਗੀਆਂ ਪਰ ਆਲੂਆਂ ਨਾਲ ਬਣਿਆ ਭਾਕਰਵੜੀ ਪਕਵਾਨ ਨਹੀਂ ਖਾਧਾ ਹੋਵੇਗਾ। ਇਹ ਪਕਵਾਨ ਮਹਾਰਾਸ਼ਟਰ ਅਤੇ ਗੁਜਰਾਤ ‘ਚ ਬਹੁਤ ਜ਼ਿਆਦਾ ਖਾਧਾ ਜਾਂਦਾ ਹੈ। ਅੱਜ ਅਸੀਂ ਆਲੂਆਂ ਨਾਲ ਬਣੇ ਇਸ ਭਾਕਰਵੜੀ ਪਕਵਾਨ ਨੂੰ ਬਣਾਉਣ ਦਾ ਤਰੀਕਾ ਦੱਸਾਂਗੇ। ਘਰ ‘ਚ ਕਿਸੇ ਵੀ ਪਾਰਟੀ ‘ਚ ਇਸ ਨੂੰ ਤੁਸੀਂ ਆਸਾਨੀ ਨਾਲ ਬਣਾ ਅਤੇ ਸਰਵ ਕਰ ਸਕਦੇ ਹੋ।
ਸਮਗਰੀ
ਇੱਕ ਕੱਪ ਮੈਦਾ, ਇੱਕ ਚੌਥਾਈ ਚਮਚ ਜਵੈਣ, 2 ਵੱਡੇ ਚਮਚ ਜਾਂ ਲੋੜ ਅਨੁਸਾਰ ਤੇਲ, 4 ਉੱਬਲੇ ਆਲੂ, 2 ਤੋਂ 3 ਵੱਡੇ ਚਮਚ ਹਰਾ ਧਨੀਆ, ਇੱਕ ਛੋਟਾ ਚਮਚ ਧਨੀਆ ਪਾਊਡਰ, ਅੱਧਾ ਛੋਟਾ ਚਮਚ ਅਦਰਕ ਦਾ ਪੇਸਟ, ਇੱਕ ਛੋਟਾ ਚਮਚ ਹਰੀ ਮਿਰਚ ਦਾ ਪੇਸਟ, ਇੱਕ ਚੌਥਾਈ ਛੋਟਾ ਚਮਚ ਲਾਲ ਮਿਰਚ ਪਾਊਡਰ, ਨਮਕ ਸਵਾਦ ਅਨੁਸਾਰ।
ਵਿਧੀ
1. ਸਭ ਤੋਂ ਪਹਿਲਾਂ ਇੱਕ ਬਰਤਨ ‘ਚ ਮੈਦਾ ਛਾਣ ਕੇ ਇਸ ‘ਚ ਨਮਕ, ਜਵੈਣ ਅਤੇ ਤੇਲ ਮਿਲਾ ਕੇ ਚੰਗੀ ਤਰ੍ਹਾਂ ਰਲਾ ਲਓ।
2. ਹੁਣ ਮੈਦੇ ਦੇ ਮਿਸ਼ਰਨ ਨੂੰ ਥੋੜ੍ਹਾ-ਥੋੜ੍ਹਾ ਪਾਣੀ ਪਾ ਕੇ ਸਖ਼ਤ ਆਟਾ ਗੁੰਨ੍ਹ ਲਓ।
3. ਇਸ ਤੋਂ ਬਾਅਦ 15-20 ਮਿੰਟਾਂ ਲਈ ਆਟਾ ਢਕ ਕੇ ਰੱਖ ਦਿਓ।
4. ਆਲੂਆਂ ਨੂੰ ਛਿੱਲ ਕੇ ਮੈਸ਼ ਕਰ ਲਓ।
5. ਹੁਣ ਇਸ ਪੀਠੀ ‘ਚ ਧਨੀਆ ਪਾਊਡਰ, ਲਾਲ ਮਿਰਚ ਪਾਊਡਰ, ਅਦਰਕ ਦਾ ਪੇਸਟ, ਹਰੀ ਮਿਰਚ ਦਾ ਪੇਸਟ ਅਤੇ ਹਰਾ ਧਨੀਆ ਪਾ ਕੇ ਮਿਲਾ ਕੇ ਸਮਗਰੀ ਤਿਆਰ ਕਰ ਲਓ।
6. ਹੁਣ ਭਾਕਰਵੜੀ ਬਣਾਉਣ ਲਈ ਗੁੰਨ੍ਹੇ ਹੋਏ ਆਟੇ ਨੂੰ ਦੋ ਹਿੱਸਿਆਂ ‘ਚ ਵੰਡ ਲਓ।
7. ਮੈਦੇ ਦਾ ਇੱਕ ਹਿੱਸਾ ਮਸਲ ਕੇ ਪੇੜਾ ਬਣਾ ਲਓ ਅਤੇ ਇਸ ਨੂੰ ਪਤਲਾ ਵੇਲ ਲਓ।
8. ਹੁਣ ਪੂੜੀ ਦੇ ਉੱਪਰ ਆਲੂ ਦੀ ਪੀਠੀ ਰੱਖ ਕੇ ਚਮਚ ਨਾਲ ਦਬਾਉਂਦਿਆਂ ਚਾਰੇ ਪਾਸੇ ਇਕਸਾਰ ਫੈਲਾ ਦਿਓ।
9. ਹੁਣ ਪੂੜੀ ਨੂੰ ਇੱਕ ਪਾਸਿਉਂ ਮੋੜਦੇ ਹੋਏ ਰੋਲ ਬਣਾ ਲਓ।
10. ਇਸ ਤੋਂ ਬਾਅਦ ਕਟੋਰੇ ‘ਚ 2 ਵੱਡੇ ਚਮਚ ਮੈਦਾ ਅਤੇ ਥੋੜ੍ਹਾ ਜਿਹਾ ਪਾਣੀ ਪਾ ਕੇ ਪਤਲਾ ਘੋਲ ਤਿਆਰ ਕਰ ਲਓ।
11. ਰੋਲ ਦੇ ਕਿਨਾਰਿਆਂ ‘ਤੇ ਘੋਲ ਲਗਾ ਕੇ, ਰੋਲ ਦੇ ਦੋਵੇਂ ਖੁੱਲ੍ਹੇ ਕਿਨਾਰਿਆਂ ਨੂੰ ਦਬਾ ਕੇ ਬੰਦ ਕਰ ਦਿਓ।
12. ਹੁਣ ਰੋਲ ਦੇ ਛੋਟੇ-ਛੋਟੇ ਜਾਂ ਪਸੰਦ ਅਨੁਸਾਰ ਟੁਕੜੇ ਕੱਟ ਲਓ।
13. ਇਸੇ ਤਰ੍ਹਾਂ ਬਾਕੀ ਮੈਦੇ ਦੇ ਵੀ ਰੋਲ ਬਣਾ ਕੇ ਟੁਕੜੇ ਕੱਟ ਲਓ।
14. ਭਾਕਰਵੜੀ ਤਲਣ ਲਈ ਗੈਸ ‘ਤੇ ਕੜਾਹੀ ‘ਚ ਤੇਲ ਗਰਮ ਕਰੋ।
15. ਇਸ ਪਿੱਛੋਂ ਮੈਦੇ ਦੇ ਟੁਕੜਿਆਂ ਨੂੰ ਮੈਦੇ ਦੇ ਘੋਲ ‘ਚ ਡੁਬੋ ਕੇ ਕੱਢੋ। ਹੁਣ ਇਸ ਨੂੰ ਤੇਲ ‘ਚ ਪਾ ਕੇ ਮੱਧਮ ਸੇਕ ‘ਤੇ ਚਾਰੇ ਪਾਸਿਉਂ ਭੂਰੇ ਹੋਣ ਤੱਕ ਤਲ ਲਓ।
16. ਇਸੇ ਤਰ੍ਹਾਂ ਸਾਰੇ ਰੋਲ ਤਲ ਕੇ ਪਲੇਟ ‘ਚ ਕੱਢ ਲਓ।
ਲਓ ਤਿਆਰ ਹੈ ਟੇਸਟੀ ਤੇ ਕ੍ਰਿਸਪੀ ਭਾਕਰਵੜੀ। ਹੁਣ ਗਰਮਾ-ਗਰਮ ਭਾਕਰਵੜੀ ਨੂੰ ਹਰੀ ਜਾਂ ਮਿੱਠੀ ਚਟਣੀ ਨਾਲ ਪਰੋਸੋ।
from Punjab News – Latest news in Punjabi http://ift.tt/1PJJLRe

0 comments