ਕੈਟਰੀਨਾ ਕੈਫ਼ ਆਪਣੇ ਹੁਣ ਤਕ ਦੇ ਫ਼ਿਲਮੀ ਕਰੀਅਰ ਦੌਰਾਨ ‘ਧੂਮ 3’, ‘ਏਕ ਥਾ ਟਾਈਗਰ’, ‘ਰਾਜਨੀਤੀ’ ਅਤੇ ‘ਬੈਂਗ ਬੈਂਗ’ ਜਿਹੀਆਂ ਕਈ ਸੁਪਰਹਿੱਟ ਫ਼ਿਲਮਾਂ ਇੰਡਸਟਰੀ ਨੂੰ ਦੇ ਚੁੱਕੀ ਹੈ। ਹਾਲਾਂਕਿ ਕੈਟਰੀਨਾ ਦੀਆਂ ਕੁਝ ਫ਼ਿਲਮਾਂ ਬਾਕਸ ਆਫਿਸ ’ਤੇ ਉਮੀਦ ਮੁਤਾਬਕ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀਆਂ, ਪਰ ਫਿਰ ਵੀ ਇਹ ਕਿਹਾ ਜਾ ਸਕਦਾ ਹੈ ਕਿ ਉਸ ਨੇ ਫ਼ਿਲਮਾਂ ਦੀ ਚੋਣ ਬਹੁਤ ਸੋਚ ਸਮਝ ਕੇ ਕੀਤੀ ਜਿਸ ਕਾਰਨ ਉਸ ਦੀ ਸ਼ੋਹਰਤ ਨਹੀਂ ਘਟੀ। ਬਾਲੀਵੁੱਡ ਦੇ ਤਿੰਨੇ ਖ਼ਾਨਾਂ ਸਮੇਤ ਅਕਸ਼ੈ ਕੁਮਾਰ ਤੇ ਰਿਤਿਕ ਰੌਸ਼ਨ ਨਾਲ ਕੰਮ ਕਰ ਚੁੱਕੀ ਕੈਟਰੀਨਾ ਇਨ੍ਹੀਂ ਦਿਨੀਂ ਆਪਣੀ ਨਵੀਂ ਫ਼ਿਲਮ ਫਿਤੂਰ ਅਤੇ ਰਣਬੀਰ ਕਪੂਰ ਨਾਲ ਬ੍ਰੇਕਅੱਪ ਕਾਰਨ ਚਰਚਾ ਵਿੱਚ ਹੈ। ਇਸੇ ਸਬੰਧ ਵਿੱਚ ਪੇਸ਼ ਹਨ ਕੈਟਰੀਨਾ ਨਾਲ ਹੋਈ ਗੱਲਬਾਤ ਦੇ ਮੁੱਖ ਅੰਸ਼:-
ਫ਼ਿਲਮ ‘ਫਿਤੂਰ’ ਵਿੱਚ ਕੀ ਖ਼ਾਸ ਹੈ?
– ਇਸ ਫ਼ਿਲਮ ਦੀ ਕਹਾਣੀ ਇੱਕ ਗ਼ਰੀਬ ਨਾਇਕ ਅਤੇ ਅਮੀਰ ਨਾਇਕਾ ਦੁਆਲੇ ਘੁੰਮਦੀ ਹੈ। ਉਂਜ ਤਾਂ ਇਹ ਵੀ ਇੱਕ ਪ੍ਰੇਮ ਕਹਾਣੀ ਆਧਾਰਿਤ ਹੀ ਫ਼ਿਲਮ ਹੈ, ਪਰ ਇਸ ਨੂੰ ਫ਼ਿਲਮਾਇਆ ਬਹੁਤ ਅਨੋਖੇ ਤਰੀਕੇ ਨਾਲ ਗਿਆ ਹੈ। ਫ਼ਿਲਮ ਵਿੱਚ ਆਦਿਤਯ ਰਾਏ ਕਪੂਰ ਨੇ ਗ਼ਰੀਬ ਨੌਜਵਾਨ ਨੂਰ ਦਾ ਕਿਰਦਾਰ ਨਿਭਾਇਆ ਹੈ ਜਦੋਂਕਿ ਮੈਂ ਅਮੀਰ ਘਰ ਦੀ ਕੁਡ਼ੀ ਫਿਰਦੌਸ ਦਾ ਕਿਰਦਾਰ ਨਿਭਾਇਆ ਹੈ। ਫਿਰਦੌਸ ਦਾ ਮਤਲਬ ਹੈ ਸਵਰਗ ਅਤੇ ਨੂਰ ਦਾ ਮਤਲਬ ਹੈ ਰੌਸ਼ਨੀ। ਦੋਵਾਂ ਨਾਵਾਂ ਨੂੰ ਜੋਡ਼ ਕੇ ਜੋ ਮਤਲਬ ਨਿਕਲਦਾ ਹੈ, ਉਹ ਹੈ ਸਵਰਗ ਦੀ ਰੌਸ਼ਨੀ। ਫ਼ਿਲਮ ਵਿੱਚ ਨੂਰ ਨੂੰ ਫਿਰਦੌਸ ਨਾਲ ਪਿਆਰ ਹੋ ਜਾਂਦਾ ਹੈ। ਐਨਾ ਹੀ ਨਹੀਂ ਫਿਰਦੌਸ ਨੂੰ ਹਾਸਲ ਕਰਨਾ ਉਸ ਲਈ ਇੱਕ ਚੁਣੌਤੀ ਬਣ ਜਾਂਦਾ ਹੈ। ਇਹੀ ਫਿਤੂਰ ਹੈ। ਫਿਰਦੌਸ ਨੂੰ ਆਪਣਾ ਬਣਾਉਣ ਲਈ ਨੂਰ ਸਖ਼ਤ ਮਿਹਨਤ ਕਰਕੇ ਅਮੀਰ ਬਣਦਾ ਹੈ, ਪਰ ਉਦੋਂ ਤਕ ਫਿਰਦੌਸ ਹੋਰ ਅਮੀਰ ਹੋ ਜਾਂਦੀ ਹੈ। ਮੇਰੇ ਮੁਤਾਬਕ ਇਹ ਹਰ ਆਮ ਹਿੰਦੁਸਤਾਨੀ ਦੀ ਕਹਾਣੀ ਹੈ ਕਿਉਂਕਿ ਜ਼ਿੰਦਗੀ ਵਿੱਚ ਹਰ ਕੋਈ ਪਿਆਰ ਕਰਦਾ ਹੈ, ਪਰ ਪਿਆਰ ਨਸੀਬ ਕਿਸਮਤ ਵਾਲੇ ਨੂੰ ਹੀ ਹੁੰਦਾ ਹੈ। ਪਿਆਰ ਚਾਹ ਕੇ ਨਹੀਂ ਕੀਤਾ ਜਾਂਦਾ ਬਲਕਿ ਆਪਣੇ ਆਪ ਹੁੰਦਾ ਹੈ। ਕੀ ਨੂਰ ਨੂੰ ਫਿਰਦੌਸ ਮਿਲਦੀ ਹੈ? ਕੀ ਉਸ ਦਾ ਪਿਆਰ ਕਬੂਲ ਹੁੰਦਾ ਹੈ? ਇਹ ਜਾਣਨ ਲਈ ਫ਼ਿਲਮ ਦੇਖਣੀ ਪੈਣੀ ਹੈ ਅਤੇ ਪੂਰੀ ਕਹਾਣੀ ਇਸੇ ਦੁਆਲੇ ਘੁੰਮਦੀ ਹੈ। ਬੇਸ਼ੱਕ ਪ੍ਰੇਮ ਕਹਾਣੀਆਂ ਅਜਿਹੀਆਂ ਹੀ ਹੁੰਦੀਆਂ ਹਨ, ਪਰ ਨਿਰਦੇਸ਼ਕ ਅਭਿੇਸ਼ਕ ਕਪੂਰ ਨੇ ਕਸ਼ਮੀਰ ਦੀਆਂ ਵਾਦੀਆਂ ਵਿੱਚ ਫ਼ਿਲਮ ਨੂੰ ਨਵੇਂ ਪੱਖ ਤੋਂ ਪੇਸ਼ ਕੀਤਾ ਹੈ। ਇਸ ਲਈ ਇਹ ਫ਼ਿਲਮ ਆਮ ਹੋ ਕੇ ਵੀ ਖ਼ਾਸ ਹੈ। ਉਂਜ, ਪ੍ਰੇਮ ਕਹਾਣੀਆਂ ਵਾਲੀਆਂ ਫ਼ਿਲਮਾਂ ਮੇਰੇ ਲਈ ਸ਼ੁਰੂ ਤੋਂ ਹੀ ਸਫ਼ਲਤਾ ਦੀ ਕੁੰਜੀ ਰਹੀਆਂ ਹਨ। ਬਾਲੀਵੁੱਡ ਵਿੱਚ ਵੀ ਪ੍ਰੇਮ ਕਹਾਣੀਆਂ ਦੀ ਆਪਣੀ ਜਗ੍ਹਾ ਹੈ। ਕਿਸ ਹੋਰ ਵਿਸ਼ੇ ਦੇ ਮੁਕਾਬਲੇ ਲੋਕ ਵੀ ਪ੍ਰੇਮ ਕਹਾਣੀਆਂ ਨਾਲ ਖ਼ੁਦ ਨੂੰ ਜ਼ਿਆਦਾ ਜੁਡ਼ਿਆ ਮਹਿਸੂਸ ਕਰਦੇ ਹਨ। ਫਿਤੂਰ ਚਾਰਲਿਸ ਡਿਕਨਜ਼ ਦੇ ਨਾਵਲ ‘ਗ੍ਰੇਟ ਐਕਸਪੈਕਟੇਸ਼ਨ’ ’ਤੇ ਆਧਾਰਿਤ ਹੈ। ਇਹ ਹਰ ਪੱਖ ਤੋਂ ਹੋਰਾਂ ਫ਼ਿਲਮਾਂ ਨਾਲੋਂ ਬਿਹਤਰ ਹੈ ਅਤੇ ਮੈਨੂੰ ਇਹ ਫ਼ਿਲਮ ਕਰਨ ’ਤੇ ਮਾਣ ਹੈ। ਫ਼ਿਲਮ ਵਿੱਚ ਆਦਿਤੀ ਰਾਓ ਹੈਦਰੀ, ਲਾਰਾ ਦੱਤਾ ਤੇ ਰਾਹੁਲ ਭੱਟ ਨੇ ਵੀ ਅਹਿਮ ਭੂਮਿਕਾਵਾਂ ਨਿਭਾਈਆਂ ਹਨ।
ਕਿਹਾ ਜਾ ਰਿਹਾ ਹੈ ਕਿ ਤੁਸੀਂ ਫਿਤੂਰ ਲਈ ਆਪਣੇ ਵਾਲਾਂ ਨੂੰ 55 ਲੱਖ ’ਚ ਰੰਗ ਕਰਵਾੲਿਆ?
– ਕੀ ਤੁਹਾਨੂੰ ਲੱਗਦਾ ਹੈ ਕਿ ਇਹ ਸੰਭਵ ਹੈ? ਇਹ ਸਨਸਨੀ ਫੈਲਾਉਣ ਵਾਲੀ ਬਿਲਕੁਲ ਨਿਰਆਧਾਰ ਖ਼ਬਰ ਹੈ। ਜਿੱਥੋਂ ਤਕ ਫ਼ਿਲਮ ਵਿੱਚ ਮੇਰੇ ਸਟਾਈਲ ਤੇ ਵਾਲਾਂ ਨੂੰ ਰੰਗਾਉਣ ਦੀ ਗੱਲ ਹੈ ਤਾਂ ਇਹ ਨਿਰਦੇਸ਼ਕ ਦਾ ਵਿਚਾਰ ਸੀ। ਉਨ੍ਹਾਂ ਕਸ਼ਮੀਰ ਦੀ ਪਿੱਠਭੂਮੀ ਬਾਰੇ ਸੋਚਿਆ ਕਿਉਂਕਿ ਲਾਲ ਰੰਗ, ਜਨੂੰਨ, ਪਿਆਰ ਤੇ ਅੱਗ ਦਾ ਪ੍ਰਤੀਕ ਹੈ। ਇਸ ਲਈ ਫ਼ਿਲਮ ਨੂੰ ਸੰਕੇਤਕ ਪੱਖ ਨਾਲ ਜੋਡ਼ਨ ਲਈ ਮੇਰੇ ਵਾਲਾਂ ਨੂੰ ਲਾਲ ਰੰਗ ਕਰਵਾਇਆ ਗਿਆ। ਇਹ ਫ਼ੈਸਲਾ ਕਾਫ਼ੀ ਵਿਚਾਰ ਤੋਂ ਬਾਅਦ ਲਿਆ ਗਿਆ ਸੀ, ਪਰ ਸ਼ੂਟਿੰਗ ਖ਼ਤਮ ਹੁੰਦੇ ਹੀ ਮੈਂ ਮੁਡ਼ ਆਪਣੇ ਵਾਲਾਂ ਨੂੰ ਕਾਲਾ ਰੰਗ ਕਰਵਾ ਲਿਆ ਸੀ।
ਚਰਚਾ ਹੈ ਕਿ ਤੁਸੀਂ ਸੁਜੌਇ ਘੋਸ਼ ਦੀ ਫ਼ਿਲਮ ਵਿੱਚ ਮਾਂ ਦਾ ਕਿਰਦਾਰ ਕਰ ਰਹੇ ਹੋ?
– ਜੀ ਹਾਂ, ਜਲਦੀ ਹੀ ਮੈਂ ਆਪਣੇ ਪ੍ਰਸ਼ੰਸਕਾਂ ਨੂੰ ਆਪਣੇ ਨਵੇਂ ਰੂਪ ਨਾਲ ਹੈਰਾਨ ਕਰਨ ਵਾਲੀ ਹਾਂ। ਇਹ ਰੂਪ ਭੈਣ ਜਾਂ ਪ੍ਰੇਮਿਕਾ ਦਾ ਨਹੀਂ ਬਲਕਿ ਮਾਂ ਦਾ ਹੋਵੇਗਾ। ਮੈਂ ਹੁਣੇ ਨਿਰਦੇਸ਼ਕ ਸੁਜੌਇ ਘੋਸ਼ ਦੀ ਆਗਾਮੀ ਫ਼ਿਲਮ ਸਾਈਨ ਕੀਤੀ ਹੈ ਜਿਸ ਵਿੱਚ ਮੇਰਾ ਕਿਰਦਾਰ ਇਕੱਲੀ ਮਾਂ ਦਾ ਹੋਵੇਗਾ। ਇਹ ਫ਼ਿਲਮ ਜਪਾਨੀ ਨਾਵਲ ‘ਦਿ ਡਿਵੋਸ਼ਨ ਆਫ਼ ਸਸਪੈਕਟ ਐਕਸ’ ’ਤੇ ਆਧਾਰਿਤ ਹੋਵੇਗੀ।
ਸਲਮਾਨ ਖ਼ਾਨ ਨਾਲ ਤੁਹਾਡੀ ਜੋਡ਼ੀ ਕਾਫ਼ੀ ਹਿੱਟ ਰਹੀ। ਹੁਣ ਉਨ੍ਹਾਂ ਨਾਲ ਕਦੋਂ ਨਜ਼ਰ ਆਵੋਗੇ?
– ਹਾਲੇ ਤਕ ਤਾਂ ਸਾਡੇ ਕੋਲ ਅਜਿਹੀ ਕੋਈ ਫ਼ਿਲਮ ਨਹੀਂ ਹੈ। ਦੇਖਦੇ ਹਾਂ, ਜਦੋਂ ਇਹ ਹੋਣਾ ਹੋਊ, ਹੋ ਜਾਵੇਗਾ। ਉਂਜ, ਮੇਰਾ ਪੂਰਾ ਧਿਆਨ ਇਸ ਸਮੇਂ ਫ਼ਿਲਮਾਂ ਵੱਲ ਹੈ। ਬਾਲੀਵੁੱਡ ਵਿੱਚ ਕਲਾਕਾਰਾਂ ਨੂੰ ਖ਼ੁਦ ਨੂੰ ਲਗਾਤਾਰ ਬਦਲਦੇ ਰਹਿਣਾ ਹੁੰਦਾ ਹੈ ਅਤੇ ਨਵੇਂ ਲੋਕਾਂ ਨਾਲ ਕੰਮ ਕਰਨਾ ਹੁੰਦਾ ਹੈ। ਜੇ ਚਾਰ-ਪੰਜ ਫ਼ਿਲਮਾਂ ਮਗਰੋਂ ਮੈਨੂੰ ਮੁਡ਼ ਪਹਿਲੇ ਸਾਥੀ ਅਦਾਕਾਰਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਤਾਂ ਮੈਂ ਸ਼ਾਇਦ ਕਰ ਲਵਾਂ, ਪਰ ਮੈਂ ਸ਼ਾਹਰੁਖ ਨਾਲ ਇੱਕ ਫ਼ਿਲਮ ਹੋਰ ਜ਼ਰੂਰ ਕਰਨਾ ਚਾਹਾਂਗੀ। ਉਮੀਦ ਹੈ ਕਿ ਮੇਰੀ ਜ਼ਿੰਦਗੀ ’ਚ ਇੱਕ ਵਾਰ ਤਾਂ ਇਹ ਮੌਕਾ ਮੈਨੂੰ ਮਿਲੇਗਾ।
ਰਣਬੀਰ ਕਪੂਰ ਨਾਲ ਬ੍ਰੇਕਅੱਪ ਬਾਰੇ ਕੀ ਕਹੋਗੇ?
– ਕਈ ਵਾਰ ਤੁਸੀਂ ਦਿਲ ਤੋਂ ਉਹੀ ਕਹਿਣਾ ਚਾਹੁੰਦੇ ਹੋ ਜੋ ਉਸ ਵਕਤ ਮਹਿਸੂਸ ਕਰ ਰਹੇ ਹੁੰਦੇ ਹੋ, ਪਰ ਮੈਂ ਆਪਣੇ ਨਿੱਜੀ ਤਜਰਬੇ ਤੋਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਆਪਣੀ ਨਿੱਜੀ ਜ਼ਿੰਦਗੀ ਬਾਰੇ ਬੋਲਣ ਤੋਂ ਜ਼ਿਆਦਾ ਫਾਇਦੇਮੰਦ ਆਪਣੀ ਪ੍ਰੋਫੈਸ਼ਨਲ ਜ਼ਿੰਦਗੀ ਬਾਰੇ ਬੋਲਣਾ ਹੈ। ਇਸ ਲਈ ਆਪਣਾ ਕੰਮ ਕਰਦੇ ਰਹੋ ਕਿਉਂਕਿ ਅਖੀਰ ਵਿੱਚ ਤੁਹਾਡਾ ਕੰਮ ਹੀ ਤੁਹਾਡੀ ਪਛਾਣ ਬਣੇਗਾ। ਇਸ ਲਈ ਮੈਂ ਖ਼ੁਦ ਨੂੰ ਸਿਰਫ਼ ਆਪਣੇ ਕੰਮ ਤਕ ਸੀਮਤ ਰੱਖਦੀ ਹਾਂ ਅਤੇ ਉਸ ਕਾਰਨ ਮਿਲਣ ਵਾਲੀ ਇੱਜ਼ਤ ਦੀ ਚਾਹਤ ਰੱਖਦੀ ਹਾਂ।
ਤੁਹਾਡੀ ਫ਼ਿਲਮ ‘ਜੱਗਾ ਜਾਸੂਸ’ ਕਦੇ ਇਸੇ ਕਾਰਨ ਤਾਂ ਨਹੀਂ ਪਿੱਛਡ਼ ਰਹੀ?
– ਮੇਰੇ ਮੁਤਾਬਕ ਅਜਿਹੀ ਕੋਈ ਗੱਲ ਨਹੀਂ ਹੈ, ਪਰ ਅਸਲੀ ਕਾਰਨ ਤਾਂ ਇੰਡਸਟਰੀ ਦੇ ਜਾਣ-ਪਛਾਣੇ ਫ਼ਿਲਮ ਨਿਰਮਾਤਾ ਅਨੁਰਾਗ ਬਾਸੂ ਹੀ ਦੱਸ ਸਕਦੇ ਹਨ। ਉਂਜ, ਸ਼ੁਰੂ ਤੋਂ ਹੀ ਇਸ ਫ਼ਿਲਮ ਦੇ ਰਸਤੇ ਵਿੱਚ ਕਾਫ਼ੀ ਰੁਕਾਵਟਾਂ ਆਉਂਦੀਆਂ ਰਹੀਆਂ ਹਨ ਜਿਸ ਕਾਰਨ ਇਹ ਫ਼ਿਲਮ ਪੂਰੀ ਨਹੀਂ ਹੋ ਰਹੀ। ਉਂਜ, ਖ਼ਬਰ ਸੀ ਕਿ ਫ਼ਿਲਮ ਦੀ ਸ਼ੂਟਿੰਗ ਜਨਵਰੀ ਤਕ ਸ਼ੁਰੂ ਹੋ ਜਾਵੇਗੀ, ਪਰ ਹਾਲੇ ਤਕ ਅਜਿਹਾ ਨਹੀਂ ਹੋਇਆ।
ਆਪਣੀਆਂ ਗ਼ਲਤੀਆਂ ਲਈ ਕਦੇ ਖ਼ੁਦ ’ਤੇ ਵੀ ਗੁੱਸਾ ਆਉਂਦਾ ਹੈ?
– ਜੇ ਅਸੀਂ ਸਫ਼ਲ ਹੋਣਾ ਚਾਹੁੰਦੇ ਹਾਂ ਤਾਂ ਸਾਨੂੰ ਅਸਫ਼ਲਤਾ ਲਈ ਵੀ ਹਮੇਸ਼ਾਂ ਤਿਆਰ ਰਹਿਣਾ ਚਾਹੀਦਾ ਹੈ। ਮੇਰੇ ਹਿੱਸੇ ਵੀ ਹਿੱਟ ਤੇ ਫਲਾਪ ਫ਼ਿਲਮਾਂ ਆਈਆਂ ਹਨ। ਫ਼ਿਲਮ ਦੇ ਅਸਫ਼ਲ ਹੋਣ ਦਾ ਦੁੱਖ ਤਾਂ ਹੁੰਦਾ ਹੈ, ਪਰ ਖ਼ੁਦ ’ਤੇ ਗੁੱਸਾ ਕਦੇ ਨਹੀਂ ਆਇਆ ਕਿਉਂਕਿ ਗ਼ਲਤੀਆਂ ਇਨਸਾਨਾਂ ਤੋਂ ਹੀ ਹੁੰਦੀਅਾਂ ਹਨ। ਉਂਜ, ਮੇਰੀ ਹੁਣ ਤਕ ਫ਼ਿਲਮਾਂ ਦੀ ਚੋਣ ਜ਼ਬਰਦਸਤ ਰਹੀ ਹੈ। ਮੈਂ ਫ਼ਿਲਮਾਂ ਦੀ ਚੋਣ ਖ਼ਦ ਕਰਦੀ ਹਾਂ। ਇਸ ਲਈ ਆਪਣੀ ਫ਼ਿਲਮ ਦੀ ਸਫ਼ਲਤਾ ਜਾਂ ਅਸਫ਼ਲਤਾ ਲਈ ਮੈਂ ਹੀ ਜ਼ਿੰਮੇਵਾਰ ਹੁੰਦੀ ਹਾਂ। ਉਂਜ, ਮੈਨੂੰ ਲੱਗਦਾ ਹੈ ਕਿ ਫ਼ਿਲਮਾਂ ਦੀ ਚੋਣ ਦੇ ਮਾਮਲੇ ’ਚ ਮੈਂ ਹੁਣ ਤਕ ਠੀਕ ਫ਼ੈਸਲੇ ਲਏ ਹਨ।
ਹੁਣ ਤਕ ਦੀ ਸਫ਼ਲਤਾ ’ਚ ਸਭ ਤੋਂ ਵੱਧ ਯੋਗਦਾਨ ਕਿਸ ਦਾ ਰਿਹਾ?
– ਇੱਥੇ ਮੈਂ ਕਿਸੇ ਇੱਕ ਸ਼ਖ਼ਸ ਦਾ ਨਾਮ ਨਹੀਂ ਲੈ ਸਕਦੀ ਕਿਉਂਕਿ ਮੇਰੇ ਨਾਲ ਜੁਡ਼ੇ ਹਰ ਸ਼ਖ਼ਸ ਨੇ ਹਮੇਸ਼ਾਂ ਮੇਰੀ ਮਦਦ ਕੀਤੀ ਹੈ। ਚਾਹੇ ਉਹ ਵਿਪੁਲ ਸ਼ਾਹ ਹੋਣ ਜਾਂ ਡੇਵਿਡ ਧਵਨ ਜਾਂ ਫਿਰ ਅਨੀਸ ਬਜ਼ਮੀ। ਇਨ੍ਹਾਂ ਸਭ ਦਾ ਹੀ ਮੇਰੀ ਸਫ਼ਲਤਾ ਵਿੱਚ ਵਡਮੁੱਲਾ ਯੋਗਦਾਨ ਹੈ।.
-ਸੰਜੀਵ ਕੁਮਾਰ ਝਾਅ
from Punjab News – Latest news in Punjabi http://ift.tt/1RSC266

0 comments