ਵਾਸ਼ਿੰਗਟਨ ਡੀਸੀ : ਆਮ ਲੋਕਾਂ ਨੂੰ ਪਾਸਪੋਰਟ, ਵੀਜ਼ੇ ਅਤੇ ਓਸੀਆਈ ਕਾਰਡ ਅਤੇ ਹੋਰ ਕੰਮਾਂ ਲਈ ਭਾਰਤੀ ਦੂਤਾਵਾਸ ਨਾਲ ਵਾਹ ਪੈਣ ਸਮੇਂ ਆਉਂਦੀਆਂ ਮੁਸ਼ਕਲਾਂ ਦੇ ਸਾਰਥਿਕ ਹੱਲ ਲਈ ਸਿੱਖ ਭਾਈਚਾਰੇ ਵੱਲ ਵੱਡਾ ਹੰਭਲਾ ਮਾਰਦਿਆਂ ਭਾਰਤੀ ਅੰਬੈਸੀ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗਾਂ ਰਾਹੀਂ ਯਤਨ ਸ਼ੁਰੂ ਕਰ ਦਿੱਤੇ ਗਏ ਹਨ।
ਅਮਰੀਕਾ ਵਿੱਚ ਇੰਡੀਅਨ ਚੀਫ਼ ਆਫ਼ ਮਿਸ਼ਨ ਸ. ਤਰਨਜੀਤ ਸਿੰਘ ਸੰਧੂ ਅਤੇ ਕਮਿਊਨਿਟੀ ਅਫੇਅਰਜ਼ ਮਨਿਸਟਰ ਸ੍ਰੀ ਐਨ.ਕੇ. ਮਿਸ਼ਰਾ ਨਾਲ ਵਰਜੀਨੀਆ, ਡੀਸੀ ਅਤੇ ਮੈਰੀਲੈਂਡ ਦੇ ਸਿੱਖ ਭਾਈਚਾਰੇ ਦੇ ਨੁਮਾਇੰਦਿਆਂ ਨਾਲ ਹੋਈ ਮੀਟਿੰਗ ਵਿੱਚ ਬਹੁਤ ਸਾਰੀਆਂ ਮੁਸ਼ਕਿਲਾਂ ਦੇ ਹੱਲ ਲਈ ਸਾਂਝੇ ਤੌਰ ‘ਤੇ ਕੰਮ ਕਰਨ ਦੀ ਰਾਏ ਬਣਾਈ ਗਈ ਹੈ। ਪੰਜਾਬੀ ਮੀਡੀਏ ਦੇ ਡਾ. ਸੁਖਪਾਲ ਸਿੰਘ ਧੰਨੋਆ ਦੀ ਪਹਿਲਕਦਮੀ ਤੇ ਛੇ ਗੁਰੂ ਘਰਾਂ ਦੇ ਨੁਮਾਇੰਦੇ, ਕਈ ਪ੍ਰੋਫੈਸਨਲਜ਼, ਉੱਘੇ ਕਾਰੋਬਾਰੀ, ਪੰਜਾਬੀ ਸੰਸਥਾਵਾਂ ਅਤੇ ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਆਪਣੇ ਨਾਲ ਹੋਏ ਖੱਟੇ-ਮਿੱਠੇ ਤਜ਼ਰਬੇ ਸਾਂਝੇ ਕਰਦੇ ਹੋਏ ਇਨ੍ਹਾਂ ਸਮੱਸਿਆਵਾਂ ਦੇ ਸਾਰਥਿਕ ਹੱਲ ਸੁਝਾਏ। ਮੁੱਖ ਰੂਪ ਵਿੱਚ ਪਾਸਪੋਰਟ ਵੀਜ਼ਾ ਆਦਿ ਵਿੱਚ ਬਿਨਾਂ ਵਜ੍ਹਾ ਦੇਰੀ, ਅੰਬੈਸੀ ਦੇ ਕਰਮਚਾਰੀਆਂ ਦੇ ਸੁਭਾਅ ਵਿੱਚ ਰੁੱਖਾਪਣ, ਪਾਸਪੋਰਟਾਂ ਅਤੇ ਵੀਜ਼ਾ ਫਾਰਮਾਂ ਵਿੱਚ ਬੇਲੋੜੀ ਮੰਗੀ ਜਾਂਦੀ ਜਾਣਕਾਰੀ, ਅੰਬੈਸੀਆਂ ਵਿੱਚ ਡਾਟਾਬੇਸ ਦੀ ਕਮੀ ਆਦਿ ਕਈ ਪੱਖਾਂ ਨੂੰ ਛਾਣਿਆ ਗਿਆ ਅਤੇ ਹਾਜ਼ਰ ਮੈਂਬਰਾਂ ਵੱਲੋਂ ਅਜਿਹੀਆਂ ਛੋਟੀਆਂ ਮੁਸ਼ਕਿਲਾਂ ਦੇ ਜਲਦ ਹੱਲ ਲਈ ਪੁਰਜ਼ੋਰ ਮੰਗ ਕੀਤੀ ਗਈ। ਸ਼ਾਇਦ ਇਹ ਪਹਿਲੀ ਵਾਰ ਹੋਵੇਗਾ ਕਿ ਡਿਪਟੀ ਅੰਬੈਸਡਰ ਅਤੇ ਕਮਿਊਨਿਟੀ ਅਫੇਅਰਜ਼ ਮਨਿਸਟਰ ਵੱਲੋਂ ਇਕੱਲੇ-ਇੱਕਲੇ ਨੁਕਤੇ ਅਤੇ ਮਸਲੇ ਨੂੰ ਧਿਆਨ ਨਾਲ ਸੁਣਿਆ ਗਿਆ ਅਤੇ ਗੰਭੀਰਤਾ ਨਾਲ ਉਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਆਪਣਾ ਵਿਸ਼ਵਾਸ ਦਿਵਾਇਆ ਗਿਆ।
ਸਿੱਖ ਭਾਈਚਾਰੇ ਦੀ ਮੰਗ ਅਤੇ ਸਹਿਯੋਗ ਦਾ ਭਰੋਸਾ ਦਿੱਤੇ ਜਾਣ ‘ਤੇ ਅੰਬੈਸੀ ਦੇ ਉੱਚ ਅਧਿਕਾਰੀਆਂ ਵੱਲੋਂ ਇਹ ਵਿਸ਼ਵਾਸ ਦਿਵਾਇਆ ਗਿਆ ਕਿ ਅੰਬੈਸੀ ਦਾ ਇੱਕ ਕਰਮਚਾਰੀ ਮਹੀਨੇ ਵਿੱਚ ਇੱਕ ਵਾਰ ਕਿਸੇ ਗੁਰੂ ਘਰ ਵਿੱਚ ਬੈਠ ਕੇ ਲੋੜਵੰਦ ਲੋਕਾਂ ਤੋਂ ਵੀਜ਼ੇ ਜਾਂ ਪਾਸਪੋਰਟ ਆਦਿ ਦੇ ਫਾਰਮ ਭਰਿਆ ਕਰੇਗਾ।ਪੰਜਾਬੀ ਮੀਡੀਏ ਅਤੇ ਸਿੱਖ ਭਾਈਚਾਰੇ ਦੇ ਪ੍ਰਤੀਨਿਧਾਂ ਦੀ ਇੱਕ ਕਮੇਟੀ ਵੱਲੋਂ ਇਹ ਮਿਤੀ ਗੁਰੂ ਘਰਾਂ ਤੱਕ ਪੁੱਜਦੀ ਕੀਤੀ ਜਾਇਆ ਕਰੇਗੀ। ਇਹ ਤਾਲਮੇਲ ਕਮੇਟੀ ਭਾਈਚਾਰੇ ਨੂੰ ਪੇਸ਼ ਕਿਸੇ ਵੀ ਐਮਰਜੈਂਸੀ ਦੀ ਸੂਰਤ ਵਿੱਚ ਕਿਸੇ ਲੋੜਵੰਦ ਦੀ ਸਹਾਇਤਾ ਲਈ ਅੰਬੈਸੀ ਨਾਲ ਸੰਪਰਕ ਕਰ ਸਕੇਗੀ। ਐਨ.ਕੇ. ਮਿਸ਼ਰਾ ਕਮਿਊਨਿਟੀ ਅਫੇਅਰਜ਼ ਮਨਿਸਟਰ ਨੇ ਖ਼ੁਲਾਸਾ ਕੀਤਾ ਕਿ ਪੰਜਾਬੀ ਮੀਡੀਏ ਵੱਲੋਂ ਅੰਬੈਸੀ ਨਾਲ ਸੰਪਰਕ ਕਰਕੇ ਭਾਈਚਾਰੇ ਦੀਆਂ ਸਾਂਝੀਆਂ ਕੋਸ਼ਿਸ਼ ਸਦਕਾ ਦੋ ਪੰਜਾਬੀ ਨੌਜਵਾਨਾਂ ਦੀਆਂ ਲਾਸਾਂ ਨੂੰ ਭਾਰਤ ਭੇਜਣ ਲਈ ਅੰਬੈਸੀ ਵੱਲੋਂ ਵੱਡੀ ਮਾਲੀ ਸਹਾਇਤਾ ਵੀ ਦਿੱਤੀ ਗਈ ਸੀ। ਜੋ ਏਅਰਲਾਈਨਜ਼ ਦੇ ਖ਼ਰਚੇ ਵਜੋਂ ਸਿੱਧੀ ਏਅਰਲਾਈਨਜ਼ ਨੂੰ ਭੇਜ ਦਿੱਤੀ ਗਈ ਸੀ।
ਵੀਜ਼ੇ ਅਤੇ ਪਾਸਪੋਰਟ ਜਾਂ ਅੰਬੈਸੀ ਦੇ ਕਰਮਚਾਰੀਆਂ ਦੇ ਵਿਹਾਰ ਵਿੱਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਲਈ ਅੰਬੈਸੀ ਦੀ ਈਮੇਲ ਜਾਂ ਟਵਿੱਟਰ ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਪੰਜਾਬੀ ਭਾਈਚਾਰੇ ਵੱਲੋਂ ਪਾਸਪੋਰਟ ਜਾਂ ਵੀਜ਼ੇ ਦੇ ਨਾਂ ‘ਤੇ ਮੰਗੇ ਜਾਣ ਵਾਲੇ ਕਿਸੇ ਵੀ ਪ੍ਰਕਾਰ ਦੇ ਪੈਸਿਆਂ ਦੇ ਲੈਣ-ਦੇਣ ਦੀ ਸ਼ਿਕਾਇਤ ਸਿੱਧੀ ਉੱਚ ਅਧਿਕਾਰੀਆਂ ਨੂੰ ਕੀਤੀ ਜਾ ਸਕਦੀ ਹੈ।
ਕਾਲੀਆਂ ਸੂਚੀਆਂ ਖ਼ਤਮ ਕਰਨ ਸਬੰਧੀ ਭਾਈਚਾਰੇ ਵੱਲੋਂ ਚਿਰਾਂ ਤੋਂ ਕੀਤੀ ਜਾ ਰਹੀ ਮੰਗ ਬਾਰੇ ਇਨ੍ਹਾਂ ਅਧਿਕਾਰੀਆਂ ਨੇ ਭਾਰਤ ਸਰਕਾਰ ਤੋਂ ਜਲਦ ਤੋਂ ਜਲਦ ਹੱਲ ਕਰਵਾਉਣ ਲਈ ਯਤਨ ਤੇਜ਼ ਕਰਨ ਦਾ ਭਰੋਸਾ ਵੀ ਦਿੱਤਾ। ਇਸ ਕੰਮ ਲਈ ਵੀ ਸਿੱਖਾਂ ਦੀ ਤਾਲ-ਮੇਲ ਕਮੇਟੀ ਅੰਬੈਸੀ ਤੋਂ ਅਜਿਹੇ ਕੰਮ ਵਿੱਚ ਹੋਈ ਪ੍ਰਗਤੀ ਲਈ ਅਧਿਕਾਰੀਆਂ ਤੋਂ ਜਾਣਕਾਰੀ ਲੈ ਸਕੇਗੀ।
ਸਦਭਾਵਨਾ ਭਰੇ ਮਾਹੌਲ ਵਿੱਚ ਕਈ ਘੰਟਿਆਂ ਤੱਕ ਚੱਲੀ ਇਸ ਮੀਟਿੰਗ ਤੋਂ ਸਿੱਖ ਭਾਈਚਾਰਾ ਕਾਫ਼ੀ ਉਤਸ਼ਾਹਿਤ ਹੈ ਅਤੇ ਸਾਰਥਿਕ ਸਿੱਟਿਆਂ ਪ੍ਰਤੀ ਆਸਵੰਦ ਵੀ ਹੈ। ਇਸ ਮੀਟਿੰਗ ਵਿੱਚ ਸੁਰਜੀਤ ਸਿੰਘ ਸਿੱਧੂ, ਹਰਭਜਨ ਸਿੰਘ ਚਾਹਲ, ਪੁਨੀਤ ਆਹਲੂਵਾਲੀਆ, ਨਵਿੰਦਰ ਸਿੰਘ, ਜਸਪਾਲ ਸਿੰਘ, ਕਮਲਜੀਤ ਸਿੰਘ ਬਾਜਵਾ, ਦੇਵਿੰਦਰ ਸਿੰਘ ਬਾਜਵਾ, ਰਾਜ ਵਿਰਕ, ਹਰਜੀਤ ਸਿੰਘ ਹੁੰਦਲ, ਮਹਿਤਾਬ ਸਿੰਘ ਕਾਹਲੋਂ. ਸ਼ਰਨਦੀਪ ਸਿੰਘ ਸਰਕਾਰੀਆ, ਗਨੀਮਤ ਸਿੰਘ ਸਰਕਾਰੀਆ, ਰਵਿੰਦਰ ਸਿੰਘ ਭੱਠਲ, ਮਾਸਟਰ ਸੇਵਾ ਸਿੰਘ ਅਤੇ ਮੈਰੀਲੈਂਡ ਤੋਂ ਗੁਰਦੇਵ ਸਿੰਘ, ਕਿਰਨਦੀਪ ਸਿੰਘ ਭੋਲਾ, ਮਨਬੀਰ ਸਿੰਘ, ਕੇ.ਕੇ. ਸਿੰਘ ਸਿੱਧੂ, ਜੱਸੀ ਧਾਲੀਵਾਲ, ਰਤਨ ਸਿੰਘ, ਪਲਵਿੰਦਰ ਸਿੰਘ ਚੀਮਾ ਹਾਜ਼ਰ ਸਨ।
ਪੰਜਾਬੀ ਵਿਸਾਖੀ ਮੇਲੇ ਦੇ ਮੁੱਖ ਪ੍ਰਬੰਧਕ ਗੁਰਵਿੰਦਰ ਸਿੰਘ ਪੰਨੂੰ ਤੇ ਗੁਰਵਿੰਦਰ ਸਿੰਘ ਬੱਲ ਵਿਸ਼ੇਸ਼ ਤੌਰ ‘ਤੇ ਪਹੁੰਚੇ ਅਤੇ ਅੰਬੈਸੀ ਦੇ ਉੱਚ ਅਧਿਕਾਰੀਆਂ ਨੂੰ ਮੇਲੇ ਲਈ ਸੱਦਾ ਪੱਤਰ ਦਿੱਤਾ, ਜੋ ਉਨ੍ਹਾਂ ਵੱਲੋਂ ਸਵੀਕਾਰ ਕਰ ਲਿਆ ਗਿਆ।
ਮੀਟਿੰਗ ਪਿੱਛੋਂ ਭਾਈਚਾਰੇ ਦੇ ਮੈਂਬਰਾਂ ਦੇ ਆਪਣੀ ਵਿਚਾਰ ਵਟਾਂਦਰੇ ਪਿੱਛੋਂ ਇੱਕ ਤਾਲਮੇਲ ਕਮੇਟੀ ਦਾ ਗਠਨ ਕਰਨ ਲਈ ਨਾਵਾਂ ਦੀ ਸੂਚੀ ਵੀ ਬਣਾ ਲਈ ਗਈ ਹੈ ਜੋ ਅੱਗੇ ਹੋਰਨਾਂ ਸਟੇਟਾਂ ਵਿਚਲੇ ਸਿੱਖਾਂ ਨਾਲ ਸੰਪਰਕ ਕਰਕੇ ਸਿੱਖਾਂ ਦੀਆਂ ਹੋਰ ਲਟਕਦੀਆਂ ਮੰਗਾਂ ਨੂੰ ਮਨਵਾਉਣ ਲਈ ਸੁਹਿਰਦ ਯਤਨ ਕਰੇਗੀ। ਇਸ ਕਮੇਟੀ ਵਿੱਚ ਦੂਜੀਆਂ ਸਟੇਟਾਂ ਦੇ ਸਿੱਖਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਕਿਸੇ ਵੀ ਰਾਜਨੀਤਿਕ ਪਾਰਟੀ ਤੋਂ ਨਿਰਲੇਪ ਰਹਿ ਕਿ ਇਹ ਕਮੇਟੀ ਸਿਰਫ਼ ਸਿੱਖ ਮਸਲਿਆਂ ਦੇ ਹੱਲ ਲਈ ਹੀ ਸਮਰਪਿਤ ਹੋਵੇਗੀ।
from Punjab News – Latest news in Punjabi http://ift.tt/1RSC2ms

0 comments