ਖਡੂਰ ਸਾਹਿਬ ਉਪ ਚੋਣ ਨੂੰ ਵੋਟਰਾਂ ਵੱਲੋਂ ਮੱਠਾ ਹੁੰਗਾਰਾ

11302cd-_20160213_093624

ਖਡੂਰ ਸਾਹਿਬ ਹਲਕੇ ਦੇ ਇਕ ਪੋਲਿੰਗ ਬੂਥ ਉਤੇ ਵੋਟਾਂ ਪਾਉਣ ਦਾ ਇੰਤਜ਼ਾਰ ਕਰਦੇ ਹੋਏ ਵੋਟਰ।

ਖਡੂਰ ਸਾਹਿਬ, 13 ਫਰਵਰੀ : ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੀ ਜ਼ਿਮਨੀ ਚੋਣ ਦੌਰਾਨ ਅੱਜ ਅਮਨ-ਅਮਾਨ ਨਾਲ ਲਗਪਗ 58 ਫ਼ੀਸਦ ਵੋਟਾਂ ਪਈਆਂ ਹਨ ਜੋ 2012 ਵਿਧਾਨ ਸਭਾ ਚੋਣਾਂ ਸਮੇਂ ਖਡੂਰ ਸਾਹਿਬ ਹਲਕੇ ਵਿਚ ਪਈਆਂ 80.74 ਫੀਸਦ ਵੋਟਾਂ ਨਾਲੋਂ ਲਗਪਗ 22 ਫ਼ੀਸਦ ਘੱਟ ਹਨ। ਜ਼ਿਮਨੀ ਚੋਣ ਵਿਚ ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਰਵਿੰਦਰ ਸਿੰਘ ਬ੍ਰਹਮਪੁਰਾ ਮੈਦਾਨ ਵਿਚ ਹਨ ਜਦਕਿ ਮੁੱਖ ਵਿਰੋਧੀ ਧਿਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਇਹ ਚੋਣ ਨਾ ਲੜਣ ਦਾ ਫੈ਼ਸਲਾ ਕੀਤਾ ਸੀ। ਸ੍ਰੀ ਬ੍ਰਹਮਪੁਰਾ ਤੋਂ ਇਲਾਵਾ ਛੇ ਆਜ਼ਾਦ ਉਮੀਦਵਾਰ ਮੈਦਾਨ ਵਿੱਚ ਹਨ ਜਿਨ੍ਹਾਂ ਵਿਚ ਪੂਰਨ ਸਿੰਘ ਬਸਪਾ ਅੰਬੇਦਕਰ, ਸੁਮੇਲ ਸਿੰਘ ਸਿੱਧੂ, ਭੁਪਿੰਦਰ ਸਿੰਘ ਬਿੱਟੂ, ਸੁਖਦੇਵ ਸਿੰਘ, ਹਰਜੀਤ ਸਿੰਘ ਅਤੇ ਅਨੰਤਜੀਤ ਸਿੰਘ ਸਿੱਧੂ ਸ਼ਾਮਲ ਹਨ। ਇਹ ਸੀਟ ਕਾਂਗਰਸ ਦੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਰੋਸ ਵਜੋਂ ਦਿੱਤੇ ਅਸਤੀਫ਼ੇ ਕਾਰਨ ਖਾਲੀ ਹੋਈ ਸੀ।
ਅੱਜ ਵੋਟਾਂ ਪੈਣ ਦਾ ਕੰਮ ਸਵੇਰੇ ਅੱਠ ਵਜੇ ਸ਼ੁਰੂ ਹੋਇਆ ਅਤੇ ਸ਼ੁਰੂ ਤੋਂ ਹੀ ਵੋਟਾਂ ਪਾਉਣ ਦਾ ਕੰਮ ਧੀਮੀ ਗਤੀ ਨਾਲ ਚੱਲ ਰਿਹਾ ਸੀ। ਪਹਿਲੇ ਘੰਟੇ ਵਿਚ ਸਿਰਫ ਚਾਰ ਫੀਸਦੀ ਵੋਟਾਂ ਹੀ ਪਾਈਆਂ ਗਈਆਂ ਸਨ। ਮਗਰੋਂ ਅਕਾਲੀ ਸਮਰਥਕਾਂ ਵੱਲੋਂ ਵੋਟਰਾਂ ਨੂੰ ਘਰਾਂ ਤੋਂ ਪੋਲਿੰਗ ਬੂਥਾਂ ਤਕ ਲਿਆਉਣ ਲਈ ਸਰਗਰਮੀ ਦਿਖਾਈ ਜਿਸ ਨਾਲ 11 ਵਜੇ ਤਕ 17 ਫੀਸਦ ਵੋਟਾਂ ਪੋਲ ਹੋਈਆਂ। ਬਾਅਦ ਦੁਪਹਿਰ ਵੋਟਾਂ ਪਾਉਣ ਦੇ ਕੰਮ ਵਿਚ ਕੁਝ ਗਤੀ ਆਈ। ਇਕ ਦਲਿਤ ਵੋਟਰ ਨੇ ਦੱਸਿਆ ਕਿ ਪਿੰਡ ਦਾ ਸਰਪੰਚ ਅਤੇ ਉਸ ਦੇ ਸਮਰਥਕ ਘਰ ਘਰ ਜਾ ਕੇ ਲੋਕਾਂ ਨੂੰ ਵੋਟਾਂ ਪਾਉਣ ਲਈ ‘ਪ੍ਰੇਰ’ ਰਹੇ ਹਨ। ਉਹ ਵੀ ਉਨ੍ਹਾਂ ਦੀ ‘ਪ੍ਰੇਰਣਾ’ ਕਰਕੇ ਹੀ ਵੋਟ ਪਾਉਣ ਆਇਆ ਹੈ। ਜਿਮਨੀ ਚੋਣ ਵਿਚ ਭਾਵੇ ਇਕਪਾਸੜ ਮੁਕਾਬਲਾ ਸੀ ਪਰ ਇਸ ਦੇ ਬਾਵਜੂਦ ਲੋਕਾਂ ਵਿਚ ਵੋਟਾਂ ਪਾਉਣ ਲਈ ਉਤਸ਼ਾਹ ਘੱਟ ਦਿਖਾਈ ਦਿੱਤਾ ਹੈ। ਜਦੋਂਕਿ 2009 ਅਤੇ 2014 ਦੀਆਂ ਲੋਕ ਸਭਾ ਚੋਣਾਂ ਵਿਚ ਇਸ ਹਲਕੇ ਵਿੱਚ 68. 27 ਅਤੇ 68.93 ਫ਼ੀਸਦੀ ਵੋਟਾਂ ਪਈਆਂ ਸਨ। ਜਦੋਂਕਿ 2012 ਦੀਆਂ ਵਿਧਾਨ ਸਭਾ ਚੋਣਾਂ ਵਿਚ ਲੋਕਾਂ ਨੇ 80 ਫੀਸਦ ਵੋਟਾਂ ਪਾਈਆਂ ਸੀ। ਇਸ ਵਾਰ ਸਾਬਕਾ ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ ਵਲੋਂ ਲੋਕਾਂ ਨੂੰ ਬੇਅਦਬੀ ਘਟਨਾਵਾਂ ਦੇ ਰੋਸ ਵਜੋਂ ਵੋਟਾਂ ਨਾ ਪਾਉਣ ਦਾ ਸੱਦਾ ਦਿੱਤਾ ਗਿਆ ਸੀ। ਕਾਂਗਰਸ ਨੇ ਬੇਅਦਬੀ ਘਟਨਾਵਾਂ ਦੇ ਦੋਸ਼ੀਆਂ ਖਿਲਾਫ਼ ਕੋਈ ਕਾਰਵਾਈ ਨਾ ਹੋਣ ਦੇ ਰੋਸ ਵਜੋਂ ਚੋਣਾਂ ਦਾ ਬਾਈਕਾਟ ਕੀਤਾ ਸੀ। ਇਹ ਮੁਕੰਮਲ ਦਿਹਾਤੀ ਵਿਧਾਨ ਸਭਾ ਹਲਕਾ ਹੈ ਅਤੇ ਸਿੱਖ ਬਹੁਤਾਤ ਵਾਲਾ ਇਲਾਕਾ ਹੈ। ਇਸ ਵਾਰ ਵੋਟਾਂ ਦੀ ਘੱਟ ਫੀਸਦ ਨੇ ਸਾਬਤ ਕੀਤਾ ਹੈ ਕਿ ਲੋਕਾਂ ਵਿਚ ਸਰਕਾਰ ਅਤੇ ਬੇਅਦਬੀ ਘਟਨਾਵਾਂ ਪ੍ਰਤੀ ਰੋਹ ਹੈ।ਵੋਟਾਂ ਪੈਣ ਦੇ ਸਮੇਂ ਦੌਰਾਨ ਪੋਲਿੰਗ ਬੂਥਾਂ ਤੇ ਘੱਟ ਉਤਸ਼ਾਹ ਦਿਖਾਈ ਦਿੱਤਾ। ਲੋਕਾਂ ਦੀਆਂ ਲੰਮੀਆਂ ਕਤਾਰਾਂ ਵੀ ਦਿਖਾਈ ਨਹੀਂ ਦਿੱਤੀਆਂ। ਹਲਕੇ ਵਿਚ ਵਧੇਰੇ ਥਾਵਾਂ ਤੇ ਹਾਕਮ ਧਿਰ ਦੇ ਉਮੀਦਵਾਰ ਦੇ ਹੀ ਬੂਥ ਲੱਗੇ ਹੋਏ ਸਨ ਜਦੋਂਕਿ ਆਜ਼ਾਦ ਉਮੀਦਵਾਰਾਂ ਦੇ ਬੂਥ ਵੀ ਦਿਖਾਈ ਨਹੀਂ ਦਿੱਤੇ। ਗੋਇੰਦਵਾਲ ਵਿਖੇ ਪੋਲਿੰਗ ਬੂਥ ’ਤੇ ਵੋਟ ਪਾਉਣ ਆਏ ਇਕ ਬਜ਼ੁਰਗ ਨੇ ਆਖਿਆ ਕਿ ਜ਼ਿਮਨੀ ਚੋਣ ਤਾਂ ਬੱਸ ਦਿਖਾਵਾ ਹੈ, ਅਸਲੀ ਪ੍ਰੀਖਿਆ 2017 ਵਿਚ ਹੋਵੇਗੀ।ਇਸ ਦੌਰਾਨ ਡਿਪਟੀ ਕਮਿਸ਼ਨਰ ਬਲਵਿੰਦਰ ਸਿੰਘ ਧਾਲੀਵਾਲ ਨੇ ਆਖਿਆ ਕਿ ਵੋਟਾਂ ਪਾਉਣ ਦਾ ਕੰਮ ਅਮਨ ਅਮਾਨ ਨਾਲ ਮੁਕੰਮਲ ਹੋਇਆ ਹੈ ਅਤੇ ਜ਼ਿਮਨੀ ਚੋਣ ਦਾ ਨਤੀਜਾ 16 ਫਰਵਰੀ ਨੂੰ ਐਲਾਨਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਹਲਕੇ ਦੇ 1,87187 ਵੋਟਰਾਂ ਵਾਸਤੇ 133 ਪੋਲਿੰਗ ਸਟੇਸ਼ਨ ਅਤੇ 200 ਪੋਲਿੰਗ ਬੂਥ ਬਣਾਏ ਗਏ ਸਨ ਜਿਥੇ ਸੁਰੱਖਿਆ ਪ੍ਰਬੰਧਾਂ ਲਈ ਪੰਜਾਬ ਪੁਲੀਸ ਤੋਂ ਇਲਾਵਾ ਨੀਮ ਫੌਜੀ ਬਲਾਂ ਦੇ ਦਸਤੇ ਵੀ ਤੈਨਾਤ ਕੀਤੇ ਗਏ ਹਨ। 800 ਪੋਲਿੰਗ ਅਮਲਾ ਅਤੇ 150 ਨਿਗਰਾਨ ਨਿਯੁਕਤ ਕੀਤੇ ਗਏ ਸਨ।
ਸਿੱਧੂ ਤੇ ਬਿੱਟੂ ਮੁਤਾਬਕ ਅਸਲ ਮਤਦਾਨ ਮਸਾਂ 30 ਫ਼ੀਸਦ: ਪੰਜਾਬ ਸਾਂਝੀਵਾਲ ਮੋਰਚਾ ਦੇ ਉਮੀਦਵਾਰ ਡਾ. ਸੁਮੇਲ ਸਿੰਘ ਸਿੱਧੂ ਅਤੇ ਅਾਜ਼ਾਦ ਉਮੀਦਵਾਰ ਭੂਪਿੰਦਰ ਸਿੰਘ ਬਿੱਟੂ ਨੇ ਆਖਿਆ ਹੈ ਕਿ ਹਲਕੇ ਦੇ ਵੋਟਰਾ ਵਿੱਚ ਉਤਸ਼ਾਹ ਨਾ ਹੋਣ ਕਰਕੇ ਅਸਲੀ ਪੋਲਿੰਗ 30 ਫ਼ੀਸਦ ਤੋਂ ਵੀ ਘੱਟ ਹੋਈ ਹੈ ਪਰ ਅਕਾਲੀ ਆਗੂਆਂ ਵਲੋਂ ਧੱਕੇਸ਼ਾਹੀ ਕਰਕੇ ਜਾਅਲੀ ਵੋਟ ਭੁਗਤਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਗਈ। ਉਨ੍ਹਾਂ ਦੱਸਿਆ ਕਿ ਵੋਟਰ ਦੇ ਨਾਲ ਜਾ ਜਾ ਕੇ ਵੋਟਰ ਦੇ ਬਟਨ ਦਬਨ ਤੋਂ ਪਹਿਲਾਂ ਆਪ ਹੀ ਬਟਨ ਦਬਾਉਂਦੇ ਰਹੇ। ਧੱਕੇਸ਼ਾਹੀਆ ਦਾ ਦੌਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੱਲਦਾ ਰਿਹਾ, ਜਾਅਲੀ ਵੋਟਾਂ ਭੁਗਤਾਉਣ ਵਾਲਿਆ ਨੂੰ ਰੋਕਨ ਲਈ ਕੋਈ ਵੀ ਕਰਮਚਾਰੀ ਤਿਆਰ ਨਹੀਂ ਸੀ। ਚੋਣ ਕਮਿਸ਼ਨਰ ਦੀਆਂ ਸਖਤ ਹਦਾਇਤਾਂ ਮੁਤਾਬਕ ਹਲਕੇ ਵਿੱਚ ਕੋਈ ਵੀ ਬਾਹਰੋਂ ਆਇਆ ਵਿਅਕਤੀ ਕਿਸੇ ਵੀ ਸਰਾਂ ਜਾਂ ਹੋਟਲ ਵਗੈਰਾ ਵਿੱਚ ਨਹੀਂ ਠਹਿਰ ਸਕਦਾ ਪਰ ਸ਼੍ਰੋਮਣੀ ਅਕਾਲੀ ਦਲ ਦੇ ਮੰਤਰੀ ਅਤੇ ਹੋਰ ਲੀਡਰ ਵੱਖ ਵੱਖ ਗੁਰਦੁਆਰਿਆਂ ਦੀਆਂ ਸਰਾਵਾਂ ਵਿੱਚ ਠਹਿਰੇ ਰਹੇ ਜੋ ਬੇਝਿਜਕ ਹੋ ਕੇ ਹਲਕੇ ਵਿੱਚ ਘੁੰਮਦੇ ਦਿਖਾਈ ਦੇ ਰਹੇ ਸਨ ਅਤੇ ਹਲਕੇ ਦੇ ਅਕਾਲੀ ਵਰਕਰਾਂ ਨੂੰ ਹੱਲਾਸ਼ੇਰੀ ਦੇ ਰਹੇ ਸਨ।



from Punjab News – Latest news in Punjabi http://ift.tt/1Wks0JS
thumbnail
About The Author

Web Blog Maintain By RkWebs. for more contact us on rk.rkwebs@gmail.com

0 comments