ਬਟਾਲਾ, 6 ਫਰਵਰੀ : ਇਥੋਂ ਨੇਡ਼ਲੇ ਪਿੰਡ ਜਹਾਦਪੁਰ ਸੇਖਵਾਂ ਵਾਸੀ ਸਾਬਕਾ ਅਤਿਵਾਦੀ ਕਮਲ ਸ਼ਮਸ਼ੇਰ ਸਿੰਘ (49 ਸਾਲ) ਦੀ ਉਸ ਦੇ ਘਰ ਵਿੱਚ ਹੱਤਿਆ ਕਰ ਦਿੱਤੀ ਗਈ। 80ਵਿਆਂ ਵਿੱਚ ਪੰਜਾਬ ਵਿੱਚ ਅਤਿਵਾਦ ਦੇ ਜ਼ੋਰ ਸਮੇਂ ਉਸ ਦੇ ਕਈ ਜਥੇਬੰਦੀਅਾਂ ਨਾਲ ਸਬੰਧ ਸਨ। ਪੁਲੀਸ ਨੇ ਦਾਅਵਾ ਕੀਤਾ ਹੈ ਕਿ ਕਮਲ ਨੂੰ ਤੇਜ਼ਧਾਰ ਤੇ ਖੁੰਡੇ ਹਥਿਆਰਾਂ ਨਾਲ ਵੱਢਿਆ ਗਿਆ ਹੈ। ਰੰਗਡ਼ ਨੰਗਲ ਥਾਣੇ ਵਿੱਚ ਪੁਲੀਸ ਨੇ ਅਣਪਛਾਤੇ ਵਿਅਕਤੀਅਾਂ ਖ਼ਿਲਾਫ਼ ਕਤਲ ਕੇਸ ਦਰਜ ਕੀਤਾ ਹੈ। ਅੈਸਅੈਸਪੀ ਦਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਅੈਸਪੀ (ਅੈਚ) ਜਗਜੀਤ ਸਿੰਘ ਸਰੋਆ ਨੂੰ ਸੌਂਪੀ ਗਈ ਹੈ। ਅੈਸਪੀ (ਅੈਚ) ਨੇ ਦੱਸਿਆ, ‘ਸਵੇਰੇ ਜਦੋਂ ਅਸੀਂ ਮੌਕੇ ’ਤੇ ਗਏ ਤਾਂ ਉਸ ਦੀ ਵੱਢੀ-ਟੁੱਕੀ ਲਾਸ਼ ਪਈ ਸੀ। ਪੁਲੀਸ ਵੱਲੋਂ ਉਨ੍ਹਾਂ ਤਿੰਨ ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ, ਜਿਨ੍ਹਾਂ ਨਾਲ ਉਸ ਨੇ ਕੱਲ੍ਹ ਸ਼ਰਾਬ ਪੀਤੀ ਸੀ।’
ਸੂਤਰਾਂ ਮੁਤਾਬਕ ਬਟਾਲਾ ਤੇ ਗੁਰਦਾਸਪੁਰ ਜ਼ਿਲ੍ਹਿਅਾਂ ਵਿੱਚ ਕਮਲ ਦੀ ਦਹਿਸ਼ਤ ਸੀ। ਇਹ ਦੋਵੇਂ ਜ਼ਿਲ੍ਹੇ ਕਾਲੇ ਦੌਰ ਸਮੇਂ ਅਤਿਵਾਦ ਦਾ ਗਡ਼੍ਹ ਰਹੇ ਹਨ। ਕੁੱਝ ਅਤਿਵਾਦੀਅਾਂ ਨਾਲ ਕਮਲ ਦੀ ਦੁਸ਼ਮਣੀ ਸੀ। ਇਸ ਕਾਰਨ ਸਾਲ 2002 ’ਚ ਘਰ ਵਿੱਚ ਦਾਖ਼ਲ ਹੋ ਕੇ ਉਨ੍ਹਾਂ ਨੇ ਕਮਲ ਦੇ ਮੂੰਹ ਉਤੇ ਤੇਜ਼ਾਬ ਸੁੱਟਿਆ ਸੀ, ਜਿਸ ਕਾਰਨ ਉਸ ਦੀਅਾਂ ਅੱਖਾਂ ਦੀ ਰੌਸ਼ਨੀ ਕਾਫ਼ੀ ਮੱਧਮ ਹੋ ਗਈ ਸੀ। ਇਸ ਬਾਅਦ ਉਹ ਗਾਇਬ ਹੋ ਗਿਆ ਸੀ ਅਤੇ ਕੁੱਝ ਸਮੇਂ ਮਗਰੋਂ ਉਹ ਤਾਂਤਰਿਕ ਬਣ ਗਿਆ। ਉਸ ਨੇ ਭੋਲੇ-ਭਾਲੇ ਲੋਕਾਂ ਨੂੰ ਗ਼ੈਬੀ ਸ਼ਕਤੀਅਾਂ ਨਾਲ ਬਿਮਾਰੀਅਾਂ ਠੀਕ ਕਰਨ ਦੇ ਨਾਂ ਉਤੇ ਧੋਖੇ ਨਾਲ ਚੰਗਾ ਪੈਸਾ ਕਮਾਇਆ ਸੀ। ਪੁਲੀਸ ਸੂਤਰਾਂ ਮੁਤਾਬਕ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ ਕੱਲ੍ਹ ਸ਼ਾਮ ਨੂੰ ਉਸ ਦੇ ਘਰ ਆਏ ਸਨ। ਉਸ ਦੀ ਪਤਨੀ ਕੁਲਵਿੰਦਰ ਕੌਰ ਨੇ ਨੌਜਵਾਨਾਂ ਨੂੰ ਦੱਸਿਆ ਕਿ ਕਮਲ ਚੁਬਾਰੇ ਵਿੱਚ ਹੈ। ਨੌਜਵਾਨ ਉਸ ਕੋਲ ਤਕਰੀਬਨ ਤਿੰਨ ਘੰਟੇ ਰਹੇ ਅਤੇ ਅੱਧੀ ਰਾਤ ਨੂੰ ਚਲੇ ਗਏ। ਕੁਲਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਛੱਤ ਉਤੇ ਕੋਈ ਵੀ ਹਿਲਜੁੱਲ ਹੋਣ ਬਾਰੇ ਪਤਾ ਨਹੀਂ ਲੱਗਾ ਪਰ ਜਦੋਂ ਉਹ ਸਵੇਰੇ ਚੁਬਾਰੇ ਵਿੱਚ ਗਈ ਤਾਂ ਕਮਲ ਦੀ ਖੂਨ ਨਾਲ ਲੱਥਪੱਥ ਲਾਸ਼ ਪਈ ਸੀ। ਅੈਸਪੀ (ਅੈਚ) ਨੇ ਉਮੀਦ ਜ਼ਾਹਿਰ ਕੀਤੀ ਕਿ ਉਸ ਨੂੰ ਮਿਲਣ ਆਏ ਨੌਜਵਾਨਾਂ ਨੂੰ 24 ਘੰਟਿਅਾਂ ਵਿੱਚ ਕਾਬੂ ਕਰ ਲਿਆ ਜਾਵੇਗਾ।
from Punjab News – Latest news in Punjabi http://ift.tt/1L79Sxl
0 comments