ਸਿੰਧ ਵਿਧਾਨ ਸਭਾ ਵੱਲੋਂ ਹਿੰਦੂ ਵਿਆਹ ਬਿਲ ਪਾਸ

ਕਰਾਚੀ, 15 ਫਰਵਰੀ : ਪਾਕਿਸਤਾਨ ਦੀ ਸਿੰਧ ਸੂਬੇ ਦੀ ਵਿਧਾਨ ਸਭਾ ਨੇ ਅੱਜ ਹਿੰਦੂ ਵਿਆਹ ਬਿਲ ਪਾਸ ਕਰ ਦਿੱਤਾ ਹੈ। ਬਿਲ ਪਾਸ ਹੋਣ ਨਾਲ ਹੁਣ ਹਿੰਦੂ ਭਾਈਚਾਰੇ ਦੇ ਲੋਕ ਆਪਣੇ ਵਿਆਹ ਰਜਿਸਟਰ ਕਰਵਾ ਸਕਣਗੇ। ਉਧਰ ਪਾਕਿਸਤਾਨ ਹਿੰਦੂ ਕੌਂਸਲ ਨੇ ਬਿਲ ਦੀ ਇਕ ਧਾਰਾ ’ਤੇ ਇਤਰਾਜ਼ ਕੀਤਾ ਹੈ। ਹਿੰਦੂ ਵਿਆਹ ਬਿਲ ਪਾਸ ਕਰਨ ਵਾਲਾ ਸਿੰਧ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ।
ਸੰਸਦੀ ਮਾਮਲਿਆਂ ਬਾਰੇ ਮੰਤਰੀ ਨਿਸਾਰ ਖੁਹਰੋ ਨੇ ਵਿਧਾਨ ਸਭਾ ’ਚ ਬਿਲ ਪੇਸ਼ ਕੀਤਾ ਅਤੇ ਪਿਛਲੇ ਹਫ਼ਤੇ ਸੰਸਦੀ ਕਮੇਟੀ ਵੱਲੋਂ ਪ੍ਰਵਾਨ ਕੀਤੇ ਗਏ ਖਰਡ਼ੇ ਨੂੰ ਅੱਜ ਮਨਜ਼ੂਰ ਕਰ ਲਿਆ ਗਿਆ। ਬਿਲ ’ਚ ਵਿਆਹ ਦੀ ਘੱਟੋ ਘੱਟ ਉਮਰ 18 ਸਾਲ ਰੱਖੀ ਗਈ ਹੈ। ਬਿਲ ਮੁਤਾਬਕ ਲਡ਼ਕਾ ਅਤੇ ਲਡ਼ਕੀ ਦੀ ਸਹਿਮਤੀ ਮਗਰੋਂ ਦੋ ਗਵਾਹਾਂ ਦੀ ਹਾਜ਼ਰੀ ’ਚ ਵਿਆਹ ਸੰਪੰਨ ਹੋਏਗਾ ਅਤੇ ਇਸ ਨੂੰ ਰਜਿਸਟਰ ਕੀਤਾ ਜਾਏਗਾ। ਵਿਆਹ ਦੇ 45 ਦਿਨਾਂ ਅੰਦਰ ਰਜਿਸਟਰੇਸ਼ਨ ਕਰਾਉਣੀ ਲਾਜ਼ਮੀ ਹੋਏਗੀ, ਨਹੀਂ ਤਾਂ ਇਕ ਹਜ਼ਾਰ ਰੁਪਏ ਦਾ ਜੁਰਮਾਨਾ ਭਰਨਾ ਪਏਗਾ। ਪਾਕਿਸਤਾਨ ’ਚ ਹਿੰਦੂ ਲੰਬੇ ਸਮੇਂ ਤੋਂ ਵੱਖਰੇ ਮੈਰਿਜ ਬਿਲ ਦੀ ਮੰਗ ਕਰ ਰਹੇ ਸਨ।
ਇਸ ਦੌਰਾਨ ਪਾਕਿਸਤਾਨ ਹਿੰਦੂ ਕੌਂਸਲ ਦੇ ਮੁਖੀ ਰਮੇਸ਼ ਵਾਂਕਵਾਣੀ ਨੇ ਕਿਹਾ ਕਿ ਦੇਸ਼ ’ਚ ਹਿੰਦੂ ਭਾਈਚਾਰਾ ਇਸ ਧਾਰਾ ਨੂੰ ਲੈ ਕੇ ਫਿਕਰਮੰਦ ਹੈ। ਉਨ੍ਹਾਂ ਕਿਹਾ ਕਿ ਹਿੰਦੂ ਵਿਆਹ ਬਿਲ ਦੀ ਧਾਰਾ 12 (3) ’ਤੇ ਇਤਰਾਜ਼ ਹੈ। ਹੁਕਮਰਾਨ ਪੀਐਮਐਲ (ਐਨ) ਦੇ ਸੰਸਦ ਮੈਂਬਰ ਸ੍ਰੀ ਵਾਂਕਵਾਣੀ ਨੇ ਕਿਹਾ ਕਿ ਉਨ੍ਹਾਂ ਸਿੰਧ ਦੇ ਪੇਂਡੂ ਇਲਾਕਿਆਂ ’ਚ ਹਿੰਦੂ ਔਰਤਾਂ ਅਤੇ ਲਡ਼ਕੀਆਂ ਦੇ ਜਬਰੀ ਧਰਮ ਬਦਲੀ ਦਾ ਮੁੱਦਾ ਸਰਕਾਰ ਕੋਲ ਚੁੱਕਿਆ ਹੈ ਅਤੇ ਇਸ ਧਾਰਾ ਨਾਲ ਹਾਲਤ ਹੋਰ ਵਿਗਡ਼ ਸਕਦੀ ਹੈ। ਧਾਰਾ ਤਹਿਤ ਜੇਕਰ ਵਿਆਹੇ ਜੋਡ਼ੇ ’ਚੋਂ ਕੋਈ ਧਰਮ ਬਦਲੀ ਕਰਦਾ ਹੈ ਤਾਂ ਉਸ ਦਾ ਵਿਆਹ ਰੱਦ ਹੋ ਸਕਦਾ ਹੈ। ਜਥੇਬੰਦੀ ਨੇ ਕਿਹਾ ਹੈ ਕਿ ਇਸ ਨਾਲ ਘੱਟ ਗਿਣਤੀ ਫਿਰਕੇ ਹਿੰਦੂਆਂ ਦੀਆਂ ਔਰਤਾਂ ਦਾ ਜਬਰੀ ਧਰਮ ਪਰਿਵਰਤਨ ਹੋ ਸਕਦਾ ਹੈ।
ਉਨ੍ਹਾਂ ਕਿਹਾ ਕਿ ਅਜਿਹੀਆਂ ਕਈ ਮਿਸਾਲਾਂ ਹਨ ਜਦੋਂ ਹਿੰਦੂ ਕੁਡ਼ੀਆਂ ਨੂੰ ਉਧਾਲ ਕੇ ਅਦਾਲਤਾਂ ’ਚ ਸਰਟੀਫਿਕੇਟ ਦੇ ਕੇ ਤਸਦੀਕ ਕੀਤੀ ਗਈ ਕਿ ਉਨ੍ਹਾਂ ਦਾ ਧਰਮ ਪਰਿਵਰਤਨ ਹੋਇਆ ਹੈ ਅਤੇ ਉਨ੍ਹਾਂ ਮੁਸਲਮਾਨ ਨਾਲ ਵਿਆਹ ਕਰ ਲਿਆ ਹੈ।

ਮਲੇਸ਼ੀਆ ’ਚ ਸਾਥੀ ਦੇ ਧਰਮ ਬਦਲੀ ਨਾਲ ਸ਼ਰੀਆ ਅਦਾਲਤਾਂ ਦਖ਼ਲ ਨਹੀਂ ਦੇ ਸਕਣਗੀਆਂ
ਕੁਆਲਾਲੰਪੁਰ: ਮਲੇਸ਼ੀਆ ਦੀ ਅਪੀਲ ਅਦਾਲਤ ਨੇ ਇਤਿਹਾਸਕ ਫ਼ੈਸਲਾ ਸੁਣਾਉਂਦਿਆਂ ਕਿਹਾ ਹੈ ਕਿ ਜੋਡ਼ੇ ’ਚੋਂ ਕਿਸੇ ਇਕ ਦੇ ਧਰਮ ਬਦਲਣ ਨਾਲ ਇਹ ਕੇਸ ਸ਼ਰੀਆ ਅਦਾਲਤਾਂ ’ਚ ਨਹੀਂ ਚਲੇਗਾ ਅਤੇ ਸਿਵਲ ਅਦਾਲਤਾਂ ਹੀ ਇਸ ਦਾ ਨਿਬੇਡ਼ਾ ਕਰਨਗੀਆਂ। ਇਜ਼ਵਾਨ ਅਤੇ ਦੀਪਾ ਦੇ ਤਲਾਕ ਅਤੇ ਬੱਚਿਆਂ ਦੀ ਹਵਾਲਗੀ ਦੇ ਕੇਸ ਦੇ ਮਾਮਲੇ ’ਚ ਇਹ ਫ਼ੈਸਲਾ ਆਇਆ ਹੈ। ਦੋਹਾਂ ਦਾ ਵੀਰਵਾਰ ਨੂੰ ਤਲਾਕ ਹੋ ਗਿਆ ਅਤੇ ਦੋਹਾਂ ਨੂੰ ਇਕ ਇਕ ਬੱਚਾ ਦੇ ਦਿੱਤਾ ਗਿਆ ਹੈ।



from Punjab News – Latest news in Punjabi http://ift.tt/246nWCN
thumbnail
About The Author

Web Blog Maintain By RkWebs. for more contact us on rk.rkwebs@gmail.com

0 comments