ਗਠਜੋੜ ‘ਚ ਆਈ ਕੁੜੱਤਣ ਦੂਰ ਕਰਨ ਦੀ ਜ਼ਿੰਮੇਵਾਰੀ ਹੁਣ ਅਕਾਲੀ ਦਲ ‘ਤੇ

15_02_2016-Allianceਚੰਡੀਗੜ੍ਹ : ਪੰਜਾਬ ਭਾਜਪਾ ‘ਚ ਗਠਜੋੜ ਸਹਿਯੋਗੀ ਅਕਾਲੀ ਦਲ ਪ੍ਰਤੀ ਵਧੀ ਨਾਰਾਜ਼ਗੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਹੁਣ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨੇ ਅਕਾਲੀ ਦਲ ਨੂੰ ਸਾਫ਼ ਕਿਹਾ ਹੈ ਕਿ ਗਠਜੋੜ ਨੂੰ ਸੰਭਾਲਣ ਲਈ ਹੁਣ ਉਨ੍ਹਾਂ ਨੂੰ ਹੀ ਪਹਿਲ ਕਰਨੀ ਹੋਵੇਗੀ, ਕਿਉਂਕਿ ਗਠਜੋੜ ਵਿਚ ਉਹ ਵੱਡੀ ਪਾਰਟੀ ਵੀ ਹੈ ਅਤੇ ਪਾਰਟੀ ਕਾਡਰ ਵਿਚ ਨਾਰਾਜ਼ਗੀ ਵੀ ਉਨ੍ਹਾਂ ਨਾਲ ਹੀ ਹੈ। ਨਵੀਂ ਦਿੱਲੀ ‘ਚ ਕੇਂਦਰੀ ਮੰਤਰੀ ਅਰੁਣ ਜੇਤਲੀ ਦੀ ਰਿਹਾਇਸ਼ ‘ਤੇ ਹੋਈ ਇਸ ਬੈਠਕ ਵਿਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਅਤੇ ਭਾਜਪਾ ਵੱਲੋਂ ਰਾਸ਼ਟਰੀ ਸੰਗਠਨ ਮਹਾਮੰਤਰੀ ਰਾਮ ਲਾਲ, ਸੂਬਾ ਇੰਚਾਰਜ ਪ੍ਰਭਾਤ ਝਾਅ, ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ, ਸੂਬਾ ਪ੍ਰਧਾਨ ਕਮਲ ਸ਼ਰਮਾ, ਰਾਸ਼ਟਰੀ ਸਕੱਤਰ ਤਰੁਣ ਚੁੱਘ, ਕੈਬਨਿਟ ਮੰਤਰੀ ਅਨਿਲ ਜੋਸ਼ੀ, ਮਦਨ ਮੋਹਨ ਮਿੱਤਲ ਤੇ ਸੁਰਜੀਤ ਕੁਮਾਰ ਜਿਆਣੀ, ਵਿਧਾਇਕ ਅਸ਼ਵਨੀ ਸ਼ਰਮਾ ਅਤੇ ਸੂਬਾ ਸੰਗਠਨ ਮੰਤਰੀ ਦਿਨੇਸ਼ ਕੁਮਾਰ ਮੌਜੂਦ ਸਨ।

ਸੂਤਰਾਂ ਮੁਤਾਬਕ ਬੈਠਕ ‘ਚ ਜੋਸ਼ੀ ਦੇ ਭਰਾ ‘ਤੇ ਕਰੀਬ ਦੋ ਸਾਲ ਪਹਿਲਾਂ ਹੋਏ ਕਾਤਲਾਨਾ ਹਮਲੇ ਦਾ ਮੁੱਦਾ ਵੀ ਉੱਿਠਆ। ਪਾਰਟੀ ਆਗੂਆਂ ਨੇ ਕਿਹਾ ਕਿ ਇਸ ਮਾਮਲੇ ਵਿਚ ਹੁਣ ਤਕ ਜਾਂਚ ਅੱਗੇ ਨਹੀਂ ਵਧੀ ਹੈ। ਇਸੇ ਤਰ੍ਹਾਂ ਭਾਜਪਾ ਮੰਤਰੀਆਂ ਦੇ ਵਿਭਾਗਾਂ ਤੇ ਹਲਕਿਆਂ ਵਿਚ ਦਖ਼ਲਅੰਦਾਜ਼ੀ ਅਤੇ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਨ ਦੀ ਗੱਲ ਵੀ ਕਹੀ ਗਈ। ਪਾਰਟੀ ਆਗੂਆਂ ਨੇ ਹੇਠਲੇ ਪੱਧਰ ‘ਤੇ ਭਾਜਪਾ ਵਰਕਰਾਂ ਦੀ ਕੋਈ ਪੁੱਛ-ਪੜਤਾਲ ਨਾ ਹੋਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹ ਮਾਣ-ਸਨਮਾਨ ਜ਼ਿਲ੍ਹਾ ਪੱਧਰ ‘ਤੇ ਮਿਲਦਾ, ਜਿਵੇਂ ਅਕਾਲੀ ਦਲ ਦੇ ਵਰਕਰਾਂ ਨੂੰ ਮਿਲਦਾ ਹੈ।

ਪਾਰਟੀ ਦੇ ਇਕ ਸੀਨੀਅਰ ਆਗੂ ਨੇ ਦੱਸਿਆ ਕਿ ਇਸ ‘ਤੇ ਜੇਤਲੀ ਨੇ ਕਿਹਾ ਕਿ ਹੇਠਲੇ ਪੱਧਰ ‘ਤੇ ਪਾਰਟੀ ਵਰਕਰਾਂ ਵਿਚ ਨਾਰਾਜ਼ਗੀ ਹੈ ਅਤੇ ਉਹ ਵੱਖ ਹੋਣ ਦਾ ਦਬਾਅ ਵੀ ਬਣਾ ਰਹੇ ਹਨ ਪਰ ਪਾਰਟੀ ਲੀਡਰਸ਼ਿਪ ਮੁੱਖ ਮੰਤਰੀ ਬਾਦਲ ਤੋਂ ਪੁਰਾਣੇ ਸਬੰਧਾਂ ਦੇ ਕਾਰਨ ਚਾਹੁੰਦੀ ਹੈ ਕਿ ਗਠਜੋੜ ਮਿਲ ਕੇ ਚੋਣਾਂ ਲੜੇ। ਦੋਵਾਂ ਦੀ ਏਕਤਾ ਨਜ਼ਰ ਆਉਣੀ ਚਾਹੀਦੀ ਹੈ ਅਤੇ ਗਠਜੋੜ ਵਿਚ ਵੱਡੀ ਪਾਰਟੀ ਹੋਣ ਦੇ ਨਾਤੇ ਇਹ ਜ਼ਿੰਮੇਵਾਰੀ ਅਕਾਲੀ ਦਲ ਦੀ ਹੈ ਕਿ ਉਹ ਭਾਜਪਾ ਆਗੂਆਂ ਤੇ ਵਰਕਰਾਂ ਦੀ ਨਾਰਾਜ਼ਗੀ ਨੂੰ ਸਮੇਂ ਰਹਿੰਦੇ ਦੂਰ ਕਰੇ। ਨੌਂ ਸਾਲ ਸਰਕਾਰ ਵਿਚ ਰਹਿੰਦੇ ਹੋਏ ਕਈ ਉਪਲੱਬਧੀਆਂ ਹਾਸਲ ਕੀਤੀਆਂ ਗਈਆਂ ਹਨ ਅਤੇ ਇਨ੍ਹਾਂ ਨੂੰ ਚੋਣਾਂ ਤੋਂ ਪਹਿਲਾਂ ਖੂਬ ਪ੍ਰਚਾਰਤ ਕੀਤਾ ਜਾਣਾ ਚਾਹੀਦਾ ਹੈ ਪਰ ਇਸ ਤਰ੍ਹਾਂ ਦੀਆਂ ਛੋਟੀਆਂ-ਛੋਟੀਆਂ ਨਾਰਾਜ਼ਗੀਆਂ ਜੇਕਰ ਸਪਸ਼ਟ ਦਿਸੀਆਂ ਤਾਂ ਲੋਕਾਂ ਨੂੰ ਉਪਲੱਬਧੀਆਂ ਨਜ਼ਰ ਨਹੀਂ ਆਉਣਗੀਆਂ।

ਬੈਠਕ ‘ਚ ਗਠਜੋੜ ਦੀਆਂ ਅਗਾਮੀ ਚੋਣਾਂ ਨੂੰ ਲੈ ਕੇ ਰਣਨੀਤੀ ‘ਤੇ ਵੀ ਚਰਚਾ ਹੋਈ। ਇਸ ਤੋਂ ਇਲਾਵਾ ਜੇਤਲੀ ਨੇ ਵਿਰੋਧੀ ਪਾਰਟੀਆਂ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਸੂਬੇ ਵਿਚ ਸਰਗਰਮੀ ਅਤੇ ਪ੍ਰੋਗਰਾਮਾਂ ਆਦਿ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਪਾਰਟੀ ਦਾ ਮੰਨਣਾ ਹੈ ਕਿ ਸੂਬੇ ਵਿਚ ਤੀਜੀ ਵਾਰ ਲਗਾਤਾਰ ਗਠਜੋੜ ਸੱਤਾ ਵਿਚ ਆ ਸਕਦਾ ਹੈ ਪਰ ਇਸਦੇ ਲਈ ਆਪਸੀ ਕਮੀਆਂ ਨੂੰ ਮਿਲ-ਬੈਠ ਕੇ ਦੂਰ ਕਰਨਾ ਹੋਵੇਗਾ। ਗਠਜੋੜ ਆਗੂਆਂ ਦੀ ਅਗਲੀ ਬੈਠਕ ਚੰਡੀਗੜ੍ਹ ਵਿਚ ਹੋਵੇਗੀ, ਜਿਸ ਵਿਚ ਦੋਵਾਂ ਪਾਰਟੀਆਂ ਦੇ ਹੋਰ ਸੀਨੀਅਰ ਆਗੂ ਵੀ ਸ਼ਾਮਲ ਹੋਣਗੇ।



from Punjab News – Latest news in Punjabi http://ift.tt/1oFcvld
thumbnail
About The Author

Web Blog Maintain By RkWebs. for more contact us on rk.rkwebs@gmail.com

0 comments