ਲੁਧਿਆਣਾ : ਅੱਜ ਪੰਜਾਬੀ ਭਵਨ ਦੀ ਮਹਿੰਦਰ ਸਿੰਘ ਰੰਧਾਵਾ ਗੈਲਰੀ ਵਿਚ ਪ੍ਰਸਿੱਧ ਪੰਜਾਬੀ ਸ਼ਾਇਰ ਮਹਿੰਦਰਦੀਪ ਗਰੇਵਾਲ ਦਾ ਰੂਬਰੂ ਲੇਖਕਾਂ ਅਤੇ ਸਰੋਤਿਆਂ ਦੀ ਭਰਵੀਂ ਹਾਜ਼ਰੀ ਵਿਚ ਹੋਇਆ। ਸਮਾਗਮ ਦੌਰਾਨ ਸਮੂਹ ਪੰਜਾਬੀ ਲੇਖਕਾਂ ਨੇ ਜੇਐਨਯੂ ਦਿੱਲੀ ਦੇ ਵਿਦਿਆਰਥੀ ਆਗੂ ਕਨ੍ਹਈਆ ਕੁਮਾਰ ਦੀ ਗ੍ਰਿਫ਼ਤਾਰੀ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕੀਤੀ। ਲੇਖਕਾਂ ਨੇ ਮਹਿਸੂਸ ਕੀਤਾ ਕਿ ਇਹ ਅਸਹਿਣਸ਼ੀਲਤਾ ਵੱਲ ਵੱਧਦਾ ਹੋਇਆ ਅਗਲਾ ਕਦਮ ਜਾਪ ਰਿਹਾ ਹੈ। ਸਾਰਿਆਂ ਇਕ ਇਕ ਸੁਰ ਵਿਚ ਵਿਦਿਆਰਥੀ ਆਗੂ ਦੀ ਰਿਹਾਈ ਦੀ ਮੰਗ ਕੀਤੀ।
ਆਪਣੇ ਸੰਘਰਸ਼ਮਈ ਜੀਵਨ ਦੀ ਅੰਤਰ ਝਾਤ ਪਵਾਉਂਦਿਆਂ ਗਰੇਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਜੀਵਨ ਵਿਚ ਆਈਆਂ ਮੁਸ਼ਕਲਾਂ ਨੇ ਇਕ ਪ੍ਰਬੁੱਧ ਮਨੁੱਖ ਅਤੇ ਸ਼ਾਇਰ ਬਣਾਇਆ ਹੈ, ਜਦੋਂ-ਜਦੋਂ ਉਨ੍ਹਾਂ ਨੂੰ ਮੁਸ਼ਕਲਾ ਨੇ ਡੇਗਿਆ ਹੈ ਸ਼ਾਇਰੀ ਅਤੇ ਦੋਸਤਾਂ ਨੇ ਉਨ੍ਹਾਂ ਨੂੰ ਨਾ ਸਿਰਫ਼ ਖੜ੍ਹੇ ਕੀਤਾ ਹੈ ਬਲਕਿ ਦੌੜਨ ਅਤੇ ਉਡਣ ਲਾਇਆ ਹੈ। ਉਨ੍ਹਾਂ ਕਿਹਾ ਕਿ ਮੈਂ ਕੋਸ਼ਿਸ਼ ਕੀਤੀ ਹੈ ਕਿ ਆਪਣੀ ਸ਼ਾਇਰੀ ਅਤੇ ਸੋਚ ਰਾਹੀਂ ਅਮਨ, ਪਿਆਰ ਅਤੇ ਭਾਈਚਾਰੇ ਦਾ ਸੁਨੇਹਾ ਅੱਗੇ ਤੋਂ ਅੱਗੇ ਫੈਲਾਉਂਦਾ ਰਹਾਂ ਇਸ ਤਰ੍ਹਾਂ ਮੈਂ ਮੋਮਬੱਤੀ ਨਾਲ ਹੋਰ ਮੋਮਬੱਤੀਆਂ ਅਤੇ ਸ਼ਾਇਰੀ ਦੀ ਲੋਅ ਨਾਲ ਹੋਰ ਦੀਪ ਜਗਾਏ ਹਨ। ਆਪਣੇ ਨਾਮ ਦਾ ਭੇਤ ਖੋਲ੍ਹਦਿਆਂ ਉਨ੍ਹਾਂ ਦੱਸਿਆ ਕਿ ਸ਼ਾਇਰ ਬਣਨ ਤੋਂ ਪਹਿਲਾਂ ਉਨ੍ਹਾਂ ਦਾ ਨਾਮ ਗੁਰਦੀਪ ਸਿੰਘ ਗਰੇਵਾਲ ਸੀ ਪਰ ਪਤਨੀ ਮਹਿੰਦਰ ਕੌਰ ਗਰੇਵਾਲ ਵੱਲੋਂ ਮਿਲੀ ਮੁਹੱਬਤ ਅਤੇ ਸ਼ਾਇਰੀ ਕਰਨ ਵਿਚ ਮਿਲੇ ਸਹਿਯੋਗ ਦੀ ਭਾਵਨਾ ਨੂੰ ਸਲਾਮ ਕਰਦਿਆਂ ਉਨ੍ਹਾਂ ਨੇ ਆਪਣਾ ਸ਼ਾਇਰਾਨਾ ਨਾਮ ਮਹਿੰਦਰਦੀਪ ਗਰੇਵਾਲ ਰੱਖ ਲਿਆ। ਅੱਜ ਦੁਨੀਆਂ ਉਨ੍ਹਾਂ ਨੂੰ ਮਹਿੰਦਰਦੀਪ ਦੇ ਨਾਮ ਨਾਲ ਜਾਣਦਾ ਹੈ। ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਦੀ ਸ਼ਾਇਰੀ ਅਤੇ ਮੁਹੱਬਤ ਇਸ ਨਾਮ ਰਾਹੀਂ ਜਿਉਂਦਾ ਰਹੇਗਾ। ਅੱਜ ਵੈਲੇਟਾਈਨ ਡੇ ਦੇ ਦਿਨ ਗਰੇਵਾਲ ਨੇ ਆਪਣੀ ਸ਼ਾਇਰੀ ਰਾਹੀਂ ਆਪਣੀ ਮੁਹੱਬਤ ਨੂੰ ਸਲਾਮ ਕੀਤਾ ਅਤੇ ਵੈਲੇਟਾਈਨ ਡੇ ਦਿਨ ਦਿਨ ਮੁਹੱਬਤ ਅਤੇ ਅਮਨ ਦਾ ਸੁਨੇਹਾ ਦਿੰਦੀ ਅੰਗਰੇਜ਼ੀ ਕਵਿਤਾ ਵੀ ਸੁਣਾਈ। ਉਨ੍ਹਾਂ ਵਿਕਸਿਤ ਦੇਸ਼ਾਂ ਵਿਚ ਪੰਜਾਬੀ ਬਜ਼ੁਰਗਾਂ ਅਤੇ ਪਰਿਵਾਰਕ ਰਿਸ਼ਤਿਆਂ ਦੀਆਂ ਗੁੰਝਲਾਂ ਵੀ ਖੋਲ੍ਹੀਆਂ।
ਗਰੇਵਾਲ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਹਾਜ਼ਰ ਸਰੋਤਿਆਂ ਨੇ ਸਵਾਲ ਵੀ ਪੁੱਛੇ। ਬਲਵਿੰਦਰ ਔਲਖ ਗਲੈਕਸੀ, ਅਮਰਜੀਤ ਸ਼ੇਰਪੁਰੀ, ਗੁਰਚਰਨ ਕੌਰ ਕੋਚਰ ਸਮੇਤ ਹੋਰ ਲੇਖਕਾਂ ਨੇ ਪ੍ਰਵਾਸ ਵਿਚ ਪੰਜਾਬੀ ਦੀ ਸਾਮਾਜਿਕ ਸੁਰੱਖਿਆ, ਪੂੰਜੀਵਾਦ ਨਾਲ ਪ੍ਰਵਾਸੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਰਿਸ਼ਤਿਆਂ ਤੇ ਪੈ ਰਹੇ ਪ੍ਰਭਾਵ ਬਾਰੇ ਗੰਭੀਰ ਚਿੰਤਨ ਵਾਲੇ ਸਵਾਲ ਪੁੱਛੇ। ਸਵਾਲਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਦੇਸ ਅਤੇ ਪ੍ਰਦੇਸ ਦੀਆਂ ਸਾਮਾਜਿਕ ਸੁਰੱਖਿਆ ਦੀਆਂ ਨੀਤੀਆਂ ਦਾ ਤੁਲਨਾਤਮਕ ਵੇਰਵਾ ਦਿੱਤਾ।
ਸਮਾਗਮ ਦੇ ਅਗਲੇ ਪੜਾਅ ਵਿਚ ਵੈਲੇਨਟਾਈਨ ਡੇ ਮੌਕੇ ਪਿਆਰ ਕਰਨ ਵਾਲਿਆਂ ਨੂੰ ਸਾਹਿਤਕ ਤੌਹਫ਼ਾ ਦਿੰਦਿਆਂ ਪ੍ਰਧਾਨਗੀ ਮੰਡਲ ਵੱਲੋਂ ਪ੍ਰੱਸਿਧ ਫ਼ੋਟੋਕਾਰ ਅਤੇ ਕਲ਼ਮਕਾਰ ਜਨਮੇਜਾ ਸਿੰਘ ਜੌਹਲ ਵੱਲੋਂ ਇਕੱਤਰ ਕੀਤੀਆਂ ਗਈਆਂ 1550 ਮੁਹੱਬਤੀ ਬੋਲੀਆਂ ਦਾ ਸੰਗ੍ਰਹਿ ਰਿਲੀਜ਼ ਕੀਤਾ ਗਿਆ। ਜਨਮੇਜਾ ਜੌਹਲ ਨੇ ਦੱਸਿਆ ਕਿ ਸੰਗ੍ਰਹਿ ਵਿਚ ਸ਼ਾਮਲ ਬੋਲੀਆਂ ਪੰਜਾਬੀਆਂ ਦੇ ਮੁਹੱਬਤੀ ਸੁਭਾਅ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਹਨ। ਉਨ੍ਹਾਂ ਕਿਹਾ ਕਿ ਮੈਂ ਆਪਣੀ ਜ਼ਿੰਦਗੀ ਮੌਜ ਮੇਲੇ ਵਾਂਗ ਬਿਤਾਈ ਹੈਅਤੇ ਇਹ ਜ਼ਿੰਦਗੀ ਨੂੰ ਬਿਹਤਰ ਤਰੀਕੇ ਨਾਲ ਜਿਉਣ ਦਾ ਢੰਗ ਹੈ।
ਪ੍ਰਧਾਨਗੀ ਭਾਸ਼ਨ ਦਿੰਦਿਆਂ ਪੰਜਾਬੀ ਸਾਹਿਤ ਅਕਾਡਮੀ ਦੇ ਮੀਤ ਪ੍ਰਧਾਨ ਕਹਾਣੀਕਾਰ ਸੁਰਿੰਦਰ ਕੈਲੇ ਨੇ ਕਿਹਾ ਕਿ ਮਹਿੰਦਰਦੀਪ ਗਰੇਵਾਲ ਮੁੱਢ ਤੋਂ ਹੀ ਲੋਕਾਂ ਦਾ ਸ਼ਾਇਰ ਰਿਹਾ ਹੈ ਅਤੇ ਉਨ੍ਹਾਂ ਨੇ ਵਕਤ ਅਨੁਸਾਰ ਭਾਵੇਂ ਆਪਣੀ ਸ਼ਾਇਰੀ ਦੀ ਸੁਰ ਬਦਲੀ ਪਰ ਹਮੇਸ਼ਾਂ ਆਮ ਲੋਕਾਂ ਦੇ ਦਰਦ ਅਤੇ ਹੱਕਾਂ ਦੀ ਗੱਲ ਕੀਤੀ। ਅੰਤ ਵਿਚ ਧੰਨਵਾਦ ਕਰਦਿਆਂ ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਦੇ ਪ੍ਰਧਾਨ ਡਾ. ਗੁਲਜ਼ਾਰ ਪੰਧੇਰ ਨੇ ਹਾਜ਼ਰ ਸਰੋਤਿਆਂ ਦਾ ਧੰਨਵਾਦ ਕਰਦਿਆਂ 17 ਫ਼ਰਵਰੀ ਨੂੰ ਪੰਜਾਬੀ ਭਵਨ ਵਿਚ ਮਨਾਏ ਜਾ ਰਹੇ ਮਾਤ ਭਾਸ਼ਾ ਉਤਸਵ ਵਿਚ ਸ਼ਾਮਲ ਹੋਣ ਲਈ ਪੰਜਾਬੀਆਂ ਨੂੰ ਖੁੱਲ੍ਹਾ ਸੱਦਾ ਦਿੱਤਾ। ਇਸਦੇ ਨਾਲ ਹੀ ਉਨ੍ਹਾਂ ਨੇ 19 ਤੋਂ 21 ਫਰਵਰੀ ਦੌਰਾਨ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਚੰਡੀਗੜ੍ਹ ਵਿਚ ਕਰਵਾਈ ਜਾ ਰਹੀ ਆਲਮੀ ਪੰਜਾਬੀ ਕਾਨਫਰੰਸ ਵਿਚ ਪੂਰਾ ਸਹਿਯੋਗ ਦੇਣ ਦਾ ਵਾਅਦਾ ਕਰਦਿਆਂ ਸਮੂਹ ਲੇਖਕਾਂ ਨੂੰ ਹਾਜ਼ਰੀ ਭਰਨ ਅਤੇ ਆਰਥਿਕ ਸਹਿਯੋਗ ਕਰਨ ਦੀ ਅਪੀਲ ਕੀਤੀ।
ਰੂਬਰੂ ਵਿਚ ਹੋਰਨਾਂ ਤੋਂ ਇਲਾਵਾ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਤਰਲੋਚਨ ਝਾਂਡੇ, ਕਾਰਜਕਾਰੀ ਮੈਂਬਰ ਦੀਪ ਜਗਦੀਪ ਸਿੰਘ, ਪੱਤਰਕਾਰ ਰਵਿੰਦਰ ਦੀਵਾਨਾ, ਪੰਮੀ ਹਬੀਬ, ਦਲੀਪ ਕੁਮਾਰ, ਨੌਬੀ ਸੋਹਲ, ਬੁੱਧ ਸਿੰਘ ਨੀਲੋਂ, ਕੁਲਵਿੰਦਰ ਕੌਰ ਕਿਰਨ, ਰਵੀ ਦੀਪ, ਸਤੀਸ਼ ਗੁਲਾਟੀ ਆਦਿ ਲੇਖਕ ਹਾਜ਼ਿਰ ਸਨ।
from Punjab News - Quami Ekta Punjabi Newspaper (ਕੌਮੀ ਏਕਤਾ) http://ift.tt/20WOqaP
0 comments