ਬਠਿੰਡਾ, 3 ਫਰਵਰੀ : ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਪਿੰਡ ਬਾਦਲ ਵਿਚਲੇ ਵੱਡੇ ‘ਰੈਣ ਬਸੇਰਾ’ ਨੇ ਪੂਰੀ ਵਜ਼ਾਰਤ ਪਛਾਡ਼ ਦਿੱਤੀ ਹੈ। ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਕੋਲ ਸਭ ਤੋਂ ਵੱਧ ਕੀਮਤੀ ਮਕਾਨ ਹਨ। ਬੀਬਾ ਬਾਦਲ ਦੀ ਗਹਿਣੇ-ਗੱਟੇ ਦੇ ਮਾਮਲੇ ਵਿੱਚ ਵੀ ਪੂਰੀ ਵਜ਼ਾਰਤ ’ਤੇ ਝੰਡੀ ਹੈ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਦਿੱਤੇ ਗਏ ਵੇਰਵਿਅਾਂ ਅਨੁਸਾਰ ਕੇਂਦਰੀ ਵਜ਼ੀਰਾਂ ਕੋਲ ਕਈ ਕਈ ਮਕਾਨ ਹਨ। 26 ਵਜ਼ੀਰਾਂ ਕੋਲ 166.46 ਕਰੋੜ ਦੇ ਆਪਣੇ ਨਿੱਜੀ ਮਕਾਨ ਹਨ, ਜਿਨ੍ਹਾਂ ’ਚੋਂ ਸਭ ਤੋਂ ਵੱਧ ਅਰੁਣ ਜੇਤਲੀ ਕੋਲ 62.80 ਕਰੋੜ ਦੇ ਪੰਜ ਮਕਾਨ ਤੇ ਫਲੈਟ ਹਨ ਜਦੋਂ ਕਿ ਬੀਬਾ ਬਾਦਲ ਕੋਲ 38.42 ਕਰੋੜ ਦੇ ਤਿੰਨ ਮਕਾਨ ਹਨ। ਘਰਾਂ ਦੀ ਕੀਮਤ ਵਿੱਚ ਸ੍ਰੀ ਜੇਤਲੀ ਦਾ ਹੱਥ ਉੱਚਾ ਹੈ ਜਦੋਂ ਕਿ ਮਕਾਨ ਦੇ ਅਾਕਾਰ ਵਿੱਚ ਬੀਬਾ ਬਾਦਲ ਅੱਗੇ ਹਨ।
ਕੇਂਦਰੀ ਵਜ਼ੀਰਾਂ ਵੱਲੋਂ ਜ਼ਿਆਦਾ ਨਿਵੇਸ਼ ਰੀਅਲ ਅਸਟੇਟ ਵਿੱਚ ਕੀਤਾ ਹੋਇਆ ਹੈ। ਮੁਲਕ ਦੇ ਵੱਡੀ ਗਿਣਤੀ ਲੋਕਾਂ ਨੂੰ ਅਜੇ ਛੱਤ ਨਸੀਬ ਨਹੀਂ ਹੋਈ ਹੈ ਪਰ ਇਨ੍ਹਾਂ ਵਜ਼ੀਰਾਂ ਕੋਲ ਆਲੀਸ਼ਾਨ ਮਕਾਨਾਂ ਦੀ ਕੋਈ ਕਮੀ ਨਹੀਂ ਹੈ। ਬੀਬਾ ਬਾਦਲ ਦਾ ਪਿੰਡ ਬਾਦਲ ਵਿੱਚ ਨਵਾਂ ਆਲੀਸ਼ਾਨ ਮਕਾਨ ਹੈ। ਇਸ ਮਕਾਨ ਦੀ ਕੀਮਤ 12.84 ਕਰੋੜ ਰੁਪਏ ਹੈ, ਜਿਸ ’ਚੋਂ 11.08 ਕਰੋੜ ਰੁਪਏ ਤਾਂ ਇਕੱਲੇ ਮਕਾਨ ਬਣਾਉਣ ’ਤੇ ਖਰਚ ਹੋਏ ਹਨ। ਨਾਲ ਹੀ ਸਟੱਡ ਫਾਰਮ ਵੀ ਹੈ। ਬਾਦਲ ਪਰਿਵਾਰ ਦਾ ਪਿੰਡ ਬਾਦਲ ਵਿੱਚ, ਜੋ ਪੁਰਾਣਾ ਮਕਾਨ ਹੈ, ਉਸ ਦੀ ਕੀਮਤ 50 ਲੱਖ ਦੱਸੀ ਜਾ ਰਹੀ ਹੈ। ਬਾਦਲ ਪਰਿਵਾਰ ਦੇ ਚੰਡੀਗੜ੍ਹ ਵਿਚਲੇ ਮਕਾਨ ਦੀ ਕੀਮਤ 23.78 ਕਰੋੜ ਰੁਪਏ ਦੱਸੀ ਗਈ ਹੈ ਜਦੋਂ ਕਿ ਹਰਿਆਣਾ ਦੇ ਬਾਲਾਸਰ ਵਾਲੇ ਮਕਾਨ ਦੀ ਕੀਮਤ 1.80 ਕਰੋੜ ਰੁਪਏ ਹੈ। ਪਿੰਡ ਬਾਦਲ ਵਿਚਲੇ ਮਕਾਨ ਵਿੱਚ 1.66 ਕਰੋੜ ਰੁਪਏ ਦਾ ਇਕੱਲਾ ਫਰਨੀਚਰ ਹੀ ਹੈ ਜਦੋਂ ਕਿ 22.50 ਲੱਖ ਦਾ ਜੈਨਰੇਟਰ ਸੈੱਟ ਹੈ। ਬੀਬਾ ਬਾਦਲ ਕੋਲ 9.50 ਕਰੋੜ ਦੇ ਪਲਾਟ ਅਤੇ 4.03 ਕਰੋੜ ਦੀ ਖੇਤੀ ਵਾਲੀ ਜ਼ਮੀਨ ਹੈ। ਬੀਬਾ ਬਾਦਲ ਕੋਲ ਕੇਂਦਰੀ ਵਜ਼ੀਰਾਂ ’ਚੋਂ ਸਭ ਤੋਂ ਜ਼ਿਆਦਾ 5.47 ਕਰੋੜ ਦੀ ਜਿਊਲਰੀ ਹੈ ਜਦੋਂ ਕਿ ਅਰੁਣ ਜੇਤਲੀ ਕੋਲ 2.11 ਕਰੋੜ ਦੀ ਜਿਊਲਰੀ ਹੈ। ਮੇਨਕਾ ਗਾਂਧੀ ਕੋਲ 1.47 ਕਰੋੜ ਤੇ ਸਮ੍ਰਿਤੀ ਇਰਾਨੀ ਕੋਲ 19.95 ਲੱਖ ਦੀ ਜਿਊਲਰੀ ਹੈ। ਕੇਂਦਰੀ ਮੰਤਰੀ ਨਜ਼ਮਾ ਹੈਪਤੁੱਲਾ, ਰਾਮ ਵਿਲਾਸ ਪਾਸਵਾਨ ਅਤੇ ਕਲਰਾਜ ਮਿਸ਼ਰਾ ਕੋਲ ਆਪਣਾ ਕੋਈ ਮਕਾਨ ਹੀ ਨਹੀਂ ਹੈ ਜਦੋਂ ਕਿ ਨਿਤਿਨ ਗਡਕਰੀ ਕੋਲ 11.30 ਕਰੋੜ ਦੇ ਪੰਜ ਮਕਾਨ ਤੇ ਫਲੈਟ ਹਨ। ਚੌਧਰੀ ਬੀਰੇਂਦਰ ਸਿੰਘ ਕੋਲ 4.82 ਕਰੋੜ ਦੇ ਛੇ ਮਕਾਨ ਹਨ ਅਤੇ 3.64 ਕਰੋੜ ਦੀ ਵਪਾਰਕ ਸੰਪਤੀ ਹੈ। ਸਮ੍ਰਿਤੀ ਇਰਾਨੀ ਕੋਲ 3.05 ਕਰੋੜ ਦੇ ਚਾਰ ਮਕਾਨ ਤੇ ਫਲੈਟ ਹਨ ਜਦੋਂ ਕਿ ਡਾ. ਹਰਸ਼ ਵਰਧਨ ਕੋਲ 1.09 ਕਰੋੜ ਦੇ ਤਿੰਨ ਮਕਾਨ ਹਨ। ਮੰਤਰੀ ਨਰਿੰਦਰ ਤੋਮਰ ਕੋਲ 40 ਲੱਖ ਦੇ ਪਲਾਟ, ਜੇ.ਪੀ.ਨੱਢਾ ਕੋਲ 49 ਲੱਖ ਦੇ, ਰਾਧਾ ਮੋਹਨ ਸਿੰਘ ਕੋਲ 70 ਲੱਖ ਦੇ, ਨਜ਼ਮਾ ਹੈਪਤੁੱਲਾ ਕੋਲ 2 ਕਰੋੜ ਦੇ ਪਲਾਟ ਹਨ। ਅਨੀਸ਼ ਕੁਮਾਰ ਕੋਲ 1.86 ਕਰੋੜ ਅਤੇ ਰਵੀ ਸ਼ੰਕਰ ਪ੍ਰਸਾਦ ਕੋਲ 90 ਲੱਖ ਦੇ ਪਲਾਟ ਹਨ। ਮਨੋਹਰ ਪਰੀਕਰ ਕੋਲ 64.33 ਲੱਖ ਅਤੇ ਸਦਾਨੰਦ ਗੌੜਾ ਕੋਲ 78.75 ਲੱਖ ਦੇ ਪਲਾਟ ਹਨ। ਰਿਹਾਇਸ਼ੀ ਮਕਾਨਾਂ ਦੀ ਕੀਮਤ ਤਕਰੀਬਨ ਹਰ ਵਜ਼ੀਰ ਦੀ ਕਰੋੜਾਂ ਵਿੱਚ ਹੈ। ਚਾਰ ਵਜ਼ੀਰਾਂ ਕੋਲ ਦੋ- ਦੋ ਮਕਾਨ ਹਨ ਜਦੋਂ ਕਿ ਪੰਜ ਵਜ਼ੀਰਾਂ ਕੋਲ ਤਿੰਨ-ਤਿੰਨ ਰਿਹਾਇਸ਼ੀ ਮਕਾਨ ਹਨ। ਦੋ ਵਜ਼ੀਰਾਂ ਕੋਲ ਚਾਰ-ਚਾਰ ਮਕਾਨ ਹਨ। ਵਜ਼ੀਰਾਂ ਦੀ ਇਹ ਸੰਪਤੀ ਆਮ ਲੋਕਾਂ ਦੀਆਂ ਅੱਖਾਂ ਖੋਲ੍ਹਣ ਵਾਲੀ ਹੈ।
from Punjab News – Latest news in Punjabi http://ift.tt/1o7XMiC

0 comments