ਨਾਈਪਰ ਦੇ ਮੁਖੀ ਨੂੰ ਪ੍ਰੈੱਸ ਕਾਨਫਰੰਸ ਵਿੱਚੋਂ ਲੈ ਗਈ ਸੀਬੀਆਈ

K K Bhutani, officiating director of NIPER being taken by CBI officials during press conference for investigations at NIPER in Mohali on Saturday. Tribune photo:Parvesh Chauhan

ਐਸ.ਏ.ਐਸ. ਨਗਰ (ਮੁਹਾਲੀ), 13 ਫਰਵਰੀ : ਇੱਥੋਂ ਦੇ ਸੈਕਟਰ-67 ਸਥਿਤ ਨੈਸ਼ਨਲ ਇੰਸਟੀਚਿਊਟ ਆਫ਼ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ ਸੈਂਟਰ (ਨਾਈਪਰ) ਦੇ 15 ਫਰਵਰੀ ਨੂੰ ਮਨਾਏ ਜਾ ਰਹੇ ਸਿਲਵਰ ਜੁਬਲੀ ਸਮਾਰੋਹ ਦੀਆਂ ਤਿਆਰੀਆਂ ਧਰੀਆਂ ਧਰਾਈਆਂ ਰਹਿ ਗਈਆਂ। ਸੰਸਥਾ ਦੇ ਕਾਰਜਕਾਰੀ ਡਾਇਰੈਕਟਰ ਕੇ.ਕੇ. ਭੁਟਾਨੀ ਹਾਲੇ ਸਮਾਰੋਹ ਦੀਆਂ ਤਿਆਰੀਆਂ ਤੇ ਅਗਾਊਂ ਪ੍ਰਬੰਧਾਂ ਸਬੰਧੀ ਜਾਣਕਾਰੀ ਦੇ ਹੀ ਰਹੇ ਸੀ ਕਿ ਇੰਨੇ ਵਿੱਚ ਉਥੇ ਸੀਬੀਆਈ ਦੀ ਟੀਮ ਪਹੁੰਚ ਗਈ ਅਤੇ ਪ੍ਰੈੱਸ ਕਾਨਫਰੰਸ ਵਿੱਚੋਂ ਸ੍ਰੀ ਭੁਟਾਨੀ ਨੂੰ ਲੈ ਗਈ। ਉਨ੍ਹਾਂ ਨੂੰ ਮੀਡੀਆ ਨਾਲ ਗੱਲ ਸਾਂਝੀ ਕਰਨ ਦਾ ਪੂਰਾ ਮੌਕਾ ਵੀ ਨਹੀਂ ਦਿੱਤਾ ਗਿਆ। ਸੀਬੀਆਈ ਦੀ ਟੀਮ ਨੇ ਆਉਂਦੇ ਹੀ ਸ੍ਰੀ ਭੁਟਾਨੀ ਨੂੰ ਨਾਲ ਚੱਲਣ ਲਈ ਆਖਿਆ। ਇਸ ਉਤੇ ਉਹ ਕੁਰਸੀ ਤੋਂ ਉੱਠ ਕੇ ਉਨ੍ਹਾਂ ਨਾਲ ਚਲੇ ਗਏ। ਇਸ ਬਾਰੇ ਸੀਬੀਆਈ ਅਧਿਕਾਰੀਆਂ ਨੇ ਕੁੱਝ ਵੀ ਦੱਸਣ ਤੋਂ ਇਨਕਾਰ ਕੀਤਾ।
ਕਾਰਜਕਾਰੀ ਡਾਇਰੈਕਟਰ ਕੇ.ਕੇ. ਭੁਟਾਨੀ ਅਤੇ ਰਜਿਸਟਰਾਰ ਵਿੰਗ ਕਮਾਂਡਰ ਪੀਜੇਪੀ ਸਿੰਘ ਵੜੈਚ ਸਮੇਤ ਹੋਰ ਕਈ ਅਫ਼ਸਰ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣੇ ਕਰ ਰਹੇ ਹਨ। ਬੀਤੇ ਦਿਨੀਂ ਸੀਬੀਆਈ ਨੇ ਨਾਈਪਰ ਵਿੱਚ ਪ੍ਰਸ਼ਾਸਕੀ ਬਲਾਕ ਤੇ ਇਨ੍ਹਾਂ ਅਧਿਕਾਰੀਆਂ ਦੇ ਘਰਾਂ ਵਿੱਚ ਛਾਪੇ ਮਾਰ ਕੇ ਦਫ਼ਤਰੀ ਰਿਕਾਰਡ ਅਤੇ ਅਧਿਕਾਰੀਆਂ ਦੀਆਂ ਜਾਇਦਾਦਾਂ ਦੇ ਦਸਤਾਵੇਜ਼ ਕਬਜ਼ੇ ਵਿੱਚ ਲਏ ਹਨ। ਇਨ੍ਹਾਂ ਅਧਿਕਾਰੀਆਂ ’ਤੇ ਫੰਡਾਂ ਵਿੱਚ ਕਥਿਤ ਹੇਰਾਫੇਰੀ ਕਰਨ ਅਤੇ ਪ੍ਰਾਈਵੇਟ ਕੰਪਨੀਆਂ ਨੂੰ ਲਾਭ ਪਹੁੰਚਾਉਣ ਦਾ ਦੋਸ਼ ਹੈ। ਇਸ ਸਬੰਧੀ ਕਾਰਜਕਾਰੀ ਡਾਇਰੈਕਟਰ, ਰਜਿਸਟਰਾਰ ਸਮੇਤ ਅੱਠ ਅਧਿਕਾਰੀਆਂ ਅਤੇ ਪੁਣੇ ਦੀ ਇਕ ਪ੍ਰਾਈਵੇਟ ਕੰਪਨੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਉਂਜ ਸੀਬੀਆਈ ਦੇ ਆਉਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਭੁਟਾਨੀ ਨੇ ਆਪਣੇ ਉੱਤੇ ਲੱਗੇ ਭ੍ਰਿਸ਼ਟਾਚਾਰਾਂ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ। ਉਨ੍ਹਾਂ ਨਾਈਪਰ ਦੇ ਤਿੰਨ ਅਧਿਕਾਰੀਆਂ ’ਤੇ ਦੋਸ਼ ਲਾਇਆ ਕਿ ਉਹ ਜਾਣਬੁੱਝ ਕੇ ਸਿਲਵਰ ਜੁਬਲੀ ਸਮਾਰੋਹ ਨੂੰ ਰੋਕਣ ਲਈ ਗ਼ਲਤ ਹੱਥਕੰਡੇ ਵਰਤ ਰਹੇ ਹਨ ਅਤੇ ਉਨ੍ਹਾਂ ਨੂੰ ਸੋਚੀ ਸਮਝੀ ਸਾਜ਼ਿਸ਼ ਤਹਿਤ ਬਦਨਾਮ ਕਰਨ ਲੱਗੇ ਹੋਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ ਇਕ ਅਧਿਕਾਰੀ ਨੂੰ ਗੰਭੀਰ ਦੋਸ਼ਾਂ ਦੇ ਚਲਦਿਆਂ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ, ਉਹ ਹੁਣ ਹੱਥ ਧੋ ਕੇ ਉਨ੍ਹਾਂ ਪਿੱਛੇ ਪੈ ਗਿਆ ਹੈ। ਸ੍ਰੀ ਭੁਟਾਨੀ ਨੇ ਦੱਸਿਆ ਕਿ 15 ਫਰਵਰੀ ਨੂੰ ਨਾਈਪਰ ਵਿੱਚ ਸਿਲਵਰ ਜੁਬਲੀ ਸਮਾਰੋਹ ਧੂਮਧਾਮ ਨਾਲ ਮਨਾਇਆ ਜਾਵੇਗਾ ਅਤੇ ਇਸ ਸਬੰਧੀ ਲਗਭਗ ਸਾਰੀਆਂ ਤਿਆਰੀਆਂ ਤੇ ਪ੍ਰਬੰਧ ਮੁਕੰਮਲ ਕਰ ਲਏ ਹਨ।
ਸਾਲ 1994 ਵਿੱਚ ਨਾਈਪਰ ਵਿੱਚ ਸਹਾਇਕ ਪ੍ਰੋਫੈਸਰ ਬਣੇ ਸਨ ਭੁਟਾਨੀ
ਕੇ.ਕੇ. ਭੁਟਾਨੀ 1994 ਵਿੱਚ ਨਾਈਪਰ ਵਿੱਚ ਕੁਦਰਤੀ ਉਤਪਾਦਾਂ ਬਾਰੇ ਵਿਭਾਗ ਵਿੱਚ ਸਹਾਇਕ ਪ੍ਰੋਫੈਸਰ ਵਜੋਂ ਨਿਯੁਕਤ ਹੋਏ ਸੀ। ਉਹ 1999 ਵਿੱਚ ਇਸ ਵਿਭਾਗ ਦੇ ਪ੍ਰੋਫੈਸਰ ਤੇ ਮੁਖੀ ਬਣਨ ਵਿੱਚ ਸਫ਼ਲ ਰਹੇ ਅਤੇ ਤਿੰਨ ਸਾਲਾਂ ਬਾਅਦ 2002 ਵਿੱਚ ਉਨ੍ਹਾਂ ਨੂੰ ਨਾਈਪਰ ਦਾ ਡੀਨ ਬਣਾ ਦਿੱਤਾ ਗਿਆ। ਉਹ 2008 ਤੱਕ ਡੀਨ ਦੇ ਅਹੁਦੇ ’ਤੇ ਰਹੇ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਸੰਸਥਾ ਦਾ ਕਾਰਜਕਾਰੀ ਡਾਇਰੈਕਟਰ ਲਾ ਦਿੱਤਾ ਗਿਆ। ਉਹ ਕਰੀਬ ਛੇ ਸਾਲ ਤੋਂ ਇਸ ਅਹੁਦੇ ’ਤੇ ਕੰਮ ਕਰ ਰਹੇ ਹਨ।



from Punjab News – Latest news in Punjabi http://ift.tt/243eobN
thumbnail
About The Author

Web Blog Maintain By RkWebs. for more contact us on rk.rkwebs@gmail.com

0 comments