ਤਰਨ ਤਾਰਨ : ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਤੇ ਸਰਬੱਤ ਖਾਲਸਾ ਦੇ ਕਨਵੀਨਰ ਮੋਹਕਮ ਸਿੰਘ ਨੂੰ ਜ਼ਿਲ੍ਹਾ ਪੁਲੀਸ ਨੇ ਭਾਰਤੀ ਦੰਡਾਵਲੀ ਦੀ ਧਾਰਾ 283, 341, 379, 188, 427, 431, 148 ਤੇ 149 ਤਹਿਤ ਥਾਣਾ ਸਦਰ ਤਰਨ ਤਾਰਨ ਵਿੱਚ ਦਰਜ ਕੀਤੇ ਇੱਕ ਹੋਰ ਕੇਸ ਵਿੱਚ ਸ਼ਾਮਲ ਕਰ ਲਿਆ ਗਿਆ ਹੈ ਜਿਸ ਤਹਿਤ ਅਦਾਲਤ ਨੇ ਉਨ੍ਹਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ, ਜਦੋਂਕਿ ਉਹ ਪਹਿਲਾਂ ਹੀ ਪੱਟੀ ਸਬ ਜੇਲ੍ਹ ਵਿੱਚ ਇੱਕ ਹੋਰ ਕੇਸ ਵਿੱਚ ਬੰਦ ਸਨ। ਭਾਈ ਮੋਹਕਮ ਸਿੰਘ ਨੇ ਜਾਰੀ ਕੀਤੇ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਦੀ ਤਿੰਨ ਫਰਵਰੀ ਨੂੰ ਪਾਈ ਗਈ ਗ੍ਰਿਫ਼ਤਾਰੀ ਦੇ ਕੇਸ ਵਿੱਚ ਅੱਜ ਜ਼ਮਾਨਤ ਹੋ ਜਾਣ ਦੇ ਡਰ ਕਾਰਨ ਤਰਨ ਤਾਰਨ ਪੁਲੀਸ ਨੇ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੀ ਮਾਮਲੇ ਵਿੱਚ ਰੋਸ ਪ੍ਰਗਟ ਕਰਨ ਵਾਲੀਆਂ ਸੰਗਤਾਂ ਖ਼ਿਲਾਫ਼ ਝੂਠਾ ਕੇਸ ਦਰਜ ਕਰ ਲਿਆ, ਜਿਸ ਧਰਨੇ ਵਿੱਚ ਉਹ ਸ਼ਾਮਲ ਵੀ ਨਹੀਂ ਸੀ ਪਰ ਉਨ੍ਹਾਂ ਨੂੰ ਨਾਜਾਇਜ਼ ਤੌਰ ’ਤੇ ਫਸਾ ਕੇ ਹੋਰ ਸਮਾਂ ਜੇਲ੍ਹ ਵਿੱਚ ਰੱਖਣ ਦੇ ਮਨਸੂਬੇ ਨਾਲ ਸਰਕਾਰ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਭਾਈ ਮੋਹਕਮ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਕਸੂਰ ਸਿਰਫ਼ ਇੰਨਾ ਹੈ ਕਿ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਸਰਬੱਤ ਖਾਲਸਾ ਉਸ ਵੇਲੇ ਬੁਲਾਇਆ ਸੀ ਜਦੋਂ ਸਰਕਾਰ, ਸ਼੍ਰੋਮਣੀ ਕਮੇਟੀ ਤੇ ਤਖ਼ਤਾਂ ਦੇ ਜਥੇਦਾਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਵਿਰੁੱਧ ਕੋਈ ਵੀ ਕਾਰਵਾਈ ਕਰਨ ਤੋਂ ਅਸਮਰੱਥ ਰਹੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਤਰਨ ਤਾਰਨ ਪੁਲੀਸ ਅੱਜ ਥਾਣੇ ਲੈ ਕੇ ਆਈ ਤੇ ਕਿਹਾ ਕਿ ਉਨ੍ਹਾਂ ਖ਼ਿਲਾਫ਼ ਰਸੂਲਪੁਰ ਨਹਿਰਾਂ ਵਿੱਚ ਲਾਏ ਗਏ ਜਾਮ ਦਾ ਪਰਚਾ ਦਰਜ ਕੀਤਾ ਗਿਆ ਹੈ। ਪੱਖ ਰੱਖਣ ਲਈ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਨਹੀਂ ਕੀਤਾ ਗਿਆ ਸਗੋਂ ਕਾਰ ਵਿੱਚ ਹੀ ਨਾਇਬ ਕੋਰਟ ਨੂੰ ਵਿਖਾ ਕੇ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।
from Punjab News – Latest news in Punjabi http://ift.tt/1X9MsOT
0 comments