ਹਾਕੀ, ਘੋਡ਼ ਦੌਡ਼ਾਂ ਅਤੇ ਰਵਾਇਤੀ ਖੇਡਾਂ ਦਾ ਦਰਸ਼ਕਾਂ ਨੇ ਮਾਣਿਆਂ ਆਨੰਦ,
ਗਤਕਾ ਟੀਮ ਨੇ ਕਰਵਾਈ ਅਸ਼ ਅਸ਼, ਗੀਤਾ ਜੇੈਲਦਾਰ ਨੇ ਸਰੋਤੇ ਕੀਤੇ ਮੰਤਰ ਮੁਗਧ
ਲੁਧਿਆਣਾ, 5 ਫਰਵਰੀ : ਕਿਲਾ ਰਾਏਪੁਰ ਖੇਡ ਮੇਲੇ ਦੇ ਉਦਘਾਟਨ ਨਾਲ ਸ਼ੁਰੂ ਹੋਇਆ ਵੱਖ ਵੱਖ ਖੇਡਾਂ ਦਾ ਰੌਮਾਂਚ ਸੂਰਜ ਢਲਣ ਤਕ ਜਾਰੀ ਰਿਹਾ। ਉਦਘਾਟਨ ਕਰਨ ਦੀ ਰਸਮ ਮੁੱਖ ਪਾਰਲੀਮਾਨੀ ਸਕੱਤਰ ਚੌਧਰੀ ਨੰਦ ਲਾਲ ਵੱਲੋਂ ਨਿਭਾਈ ਗਈ। ਨੌਜਵਾਨਾਂ ਨੇ ਜੂਝਾਰੂਆਂ ਦੀ ਖੇਡ ਗੱਤਕੇ ਦੀ ਪੇਸ਼ਕਾਰੀ ਕਰਕੇ ਹਾਜ਼ਰ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਮੌਕੇ ਮਲਵਈ ਗਿੱਧੇ ਦੀ ਵੀ ਪੇਸ਼ਕਾਰੀ ਕੀਤੀ ਗਈ। ਖੇਡ ਮੇਲੇ ਦੇ ਦੂਜੇ ਦਿਨ ਘੋੜਿਆਂ ਦੀਆਂ ਦੌੜਾਂ, ਅਥਲੈਟਿਕ ਮੁਕਾਬਲੇ, ਹਾਕੀ, ਕਬੱਡੀ ਅਤੇ ਦੇਸੀ ਰੌਮਾਂਚਕ ਖੇਡਾਂ ਖਿੱਚ ਦਾ ਕੇਂਦਰ ਰਹੀਆਂ। ਖੇਡ ਮੇਲੇ ਦਾ ਅੱਜ ਦੂਜਾ ਦਿਨ ਹਾਕੀ ਅਤੇ ਹੋਰ ਫੁਟਕਲ ਖੇਡਾਂ ਦੇ ਮੁਕਾਬਲਿਆਂ ਨਾਲ ਸ਼ੁਰੂ ਹੋਇਆ। ਦੁਪਹਿਰ ਹੁੰਦਿਆਂ ਹੀ ਜਿੱਥੇ ਖੇਡ ਮੈਦਾਨ ਵਿੱਚ ਦਰਸ਼ਕਾਂ ਦੀ ਆਮਦ ਵਧਣੀ ਸ਼ੁਰੂ ਹੋਈ ਉੱਥੇ ਰੌਮਾਂਚਕ ਖੇਡਾਂ ਦਾ ਦੌਰ ਵੀ ਸ਼ੁਰੂ ਹੋ ਗਿਆ। ਰਾਕੇਸ਼ ਨਾਂ ਦੇ ਨੌਜਵਾਨ ਵੱਲੋਂ ਆਪਣੀਆਂ ਅੱਖਾਂ ਨਾਲ 20 ਕਿੱਲੋ ਅਤੇ ਕੰਨ ਨਾਲ 80 ਕਿੱਲੋ ਭਾਰ ਚੁੱਕ ਕੇ ਚੰਗੀ ਵਾਹ-ਵਾਹ ਖੱਟੀ। ਸਤਨਾਮ ਸਿੰਘ ਨਾਂ ਦੇ ਬਜ਼ੁਰਗ ਨੇ ਤਾਂ ਨੌਜਵਾਨਾਂ ਨੂੰ ਵੀ ਮਾਤ ਪਾਉਂਦਿਆਂ ਆਪਣੀ ਦਾੜ੍ਹੀ ਨਾਲ ਹੀ 60 ਕਿੱਲੋ ਭਾਰ ਚੁੱਕ ਲਿਆ। ਇਸੇ ਤਰ੍ਹਾਂ ਏਕੋ ਓਂਕਾਰ ਗਤਕਾ ਕਲੱਬ ਦੇ ਨੌਜਵਾਨਾਂ ਵੱਲੋਂ ਗੱਤਕੇ ਦੀ ਅਜਿਹੀ ਪੇਸ਼ਕਾਰੀ ਕੀਤੀ ਕਿ ਉਹ ਦੇਖਣ ਵਾਲਿਆਂ ਲਈ ਅਭੁੱਲ ਯਾਦਗਾਰ ਬਣ ਗਈ।
ਇਹ ਪੇਸ਼ਕਾਰੀ ਏਨੀ ਵਧੀਆ ਰਹੀ ਕਿ ਬਹੁਤੇ ਦਰਸ਼ਕਾਂ ਨੇ ਆਪੋ ਆਪਣੀਆਂ ਸੀਟਾਂ ਤੋਂ ਖੜ੍ਹੇ ਹੋ ਕੇ ਇਨ੍ਹਾਂ ਨੌਜਵਾਨਾਂ ਦੀ ਹੌਸਲਾ ਅਫਜ਼ਾਈ ਕੀਤੀ। ਖੇਡ ਮੇਲੇ ਦੌਰਾਨ ਦੋ ਘੋੜਿਆਂ ਦੇ ਸ਼ਾਹ ਅਸਵਾਰ ਵਜੋਂ ਮਸ਼ਹੂਰ ਨਿਹੰਗ ਮੱਘਰ ਸਿੰਘ ਨੇ ਆਪਣੇ ਦਿਲ ਕੰਬਾਊ ਕਰਤਵਾਂ ਨਾਲ ਦਰਸ਼ਕਾਂ ਨੂੰ ਤਾੜੀਆਂ ਮਾਰਨ ਲਈ ਮਜਬੂਰ ਕਰ ਦਿੱਤਾ। ਟਾਇਰ ਕੰਪਨੀਆਂ ਵੱਲੋਂ ਟਾਇਰ ਦਾ ਬਾਲਾ ਕੱਢਣ ਦੇ ਕਰਵਾਏ ਮੁਕਾਬਲੇ ਵਿੱਚ ਵੀ ਨੌਜਵਾਨਾਂ ਨੇ ਚੰਗੀ ਰੁਚੀ ਦਿਖਾਈ। ਅੱਜ ਹੋਏ ਖੇਡ ਮੁਕਾਬਲਿਆਂ ਵਿੱਚੋਂ ਲੜਕੇ ਅੰਡਰ-19 ਦੀ ਇੱਕ ਮੀਲ ਸਾਈਕਲ ਦੌੜ ’ਚ ਹਰਸਿਮਰਨਜੀਤ ਸਿੰਘ, 100 ਮੀਟਰ ਪ੍ਰਾਇਮਰੀ ਲੜਕਿਆਂ ਵਿੱਚੋਂ ਰਾਜਦੀਪ ਸਿੰਘ ਜਰਤੋਲੀ, ਅੰਡਰ-19 ਵਿੱਚੋਂ ਪਟਿਆਲਾ ਦਾ ਹਰਸ਼ਦੀਪ ਸਿਘ, ਲੜਕੀਆਂ ਅੰਡਰ-19 ਵਿੱਚੋਂ ਬਠਿੰਡਾ ਦੀ ਜਸਪ੍ਰੀਤ ਕੌਰ, ਲੜਕੀਆਂ ਦੀ 400 ਮੀਟਰ ਦੌੜ ਵਿੱਚੋਂ ਪਟਿਆਲਾ ਦੀ ਪਰਾਚੀ ਨੇ ਪਹਿਲੀਆਂ ਪੁਜੀਸ਼ਨਾਂ ਪ੍ਰਾਪਤ ਕੀਤੀਆਂ। ਭਗਵੰਤ ਮੈਮੋਰੀਅਲ ਹਾਕੀ ਕੱਪ ਲਈ ਹੋਏ ਮੁਕਾਬਲਿਆਂ ਵਿੱਚੋਂ ਕਿਲਾ ਰਾਏਪੁਰ ਨੇ 103 ਸਿੱਖ ਅਲਾਇੰਸ ਨੂੰ 3-2 ਨਾਲ, ਹੰਸ ਕਲਾ ਕਲੱਬ ਨੇ ਐਸਪੀਸੀ ਕੁਰਕਸ਼ੇਤਰ ਨੂੰ 4-1 ਨਾਲ, ਗੌਰਮਿੰਟ ਸਕੂਲ ਸਪੋਰਟਸ ਵਿੰਗ ਨੇ ਮੁਹਾਲੀ ਨੂੰ 9-8 ਦੇ ਫਰਕ ਨਾਲ ਹਰਾਇਆ। ਸ਼ਿੰਗਾਰੇ ਹੋਏ ਊਠ ਅਤੇ ਘੋੜਿਆਂ ਨੇ ਵੀ ਦਰਸ਼ਕਾਂ ਦਾ ਚੰਗਾ ਮਨੋਰੰਜਨ ਕੀਤਾ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦਰਜਨ ਤੋਂ ਵੱਧ ਵਿਦੇਸ਼ੀ ਦਰਸ਼ਕ ਅਤੇ ਮੀਡੀਆ ਨਾਲ ਸਬੰਧਤ ਲੋਕ ਪਹੁੰਚੇ ਹੋਏ ਸਨ। ਦੇਰ ਸ਼ਾਮ ਗੀਤਾ ਜ਼ੈਲਦਾਰ ਨੇ ਆਪਣੀ ਸੁਰੀਲੀ ਅਾਵਾਜ਼ ਰਾਹੀਂ ਸਰੋਤਿਆਂ ਨੂੰ ਕੀਲੀ ਰੱਖਿਆ। ਭਲਕੇ 6 ਫਰਵਰੀ ਨੂੰ ਖੇਡ ਮੇਲੇ ਦਾ ਰੌਮਾਂਚ ਅੱਜ ਤੋਂ ਵੀ ਵੱਧ ਹੋਣ ਦੀ ਸੰਭਾਵਨਾ ਹੈ। ਇਸ ਦਿਨ ਜਿੱਥੇ ਮੇਲੇ ਦਾ ਉਦਘਾਟਨ ਕਰਨ ਲਈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹੁੰਚ ਰਹੇ ਹਨ ਉੱਥੇ ਖੇਡਾਂ ’ਚ ਕੁੱਤਿਆਂ ਦੀ ਟਰੈਕ ਦੌੜ, ਘੋੜਿਆਂ ਦੀਆਂ ਹੀਟਾਂ, ਕਬੱਡੀ 70 ਕਿੱਲੋ, ਤਾਈ ਕਮਾਂਡੋ ਸ਼ੋਅ, ਅਥਲੈਟਿਕ ਮੁਕਾਬਲੇ, ਪੀਟੀ ਸ਼ੋਅ, ਨੇਜਾਬਾਜ਼ੀ, ਬਾਬਿਆਂ ਦੀ ਦੌੜ, ਖੱਚਰ ਰੇਹੜਾ ਦੌੜ, ਹਾਕੀ ਅਤੇ ਟਰੈਕਟਰਾਂ ਦੀਆਂ ਦੌੜਾਂ ਆਦਿ ਮੁਕਾਬਲੇ ਕਰਵਾਏ ਜਾਣਗੇ।
ਇਸ ਦੌਰਾਨ ਘੋੜਿਆਂ ਦੀਆਂ ਹੋਈਆਂ ਪੰਜ ਹੀਟਾਂ ਦੇ ਨਤੀਜੇ ਹੀਟ-1 ਵਿੱਚੋਂ ਫਤਿਹਗੜ੍ਹ ਸਾਹਿਬ ਦੇ ਨਿਸ਼ਾਨ ਸਿੰਘ ਦਾ ਘੋੜਾ ਪਹਿਲਾ ਅਤੇ ਲਖਨੌਰ ਦੇ ਸਤਪਾਲ ਸਿੰਘ ਦਾ ਘੋੜਾ ਦੂਜੇ ਸਥਾਨ ’ਤੇ ਰਿਹਾ। ਹੀਟ-2 ਵਿੱਚੋਂ ਦੁਬੁਰਜੀ ਦੇ ਹੈਪੀ ਦਾ ਘੋੜਾ ਪਹਿਲੇ, ਅਜਨੌਦ ਦੇ ਰਿਕੀ ਦਾ ਘੋੜਾ ਦੂਜੇ, ਹੀਟ-3 ਵਿੱਚੋਂ ਕਕਰਾਲੀ ਦੇ ਬਲਬੀਰ ਸਿੰਘ ਦਾ ਘੋੜਾ ਪਹਿਲੇ ਅਤੇ ਕਕਰਾਲਾ ਦੇ ਜੁਝਾਰ ਸਿੰਘ ਦਾ ਘੋੜਾ ਦੂਜੇ ਸਥਾਨ ’ਤੇ ਆਇਆ। ਘੋੜਿਆਂ ਦੀ ਚੌਥੀ ਹੀਟ ਵਿੱਚੋਂ ਗੁਜਰਵਾਲ ਦੇ ਰਾਜੂ ਇਟਲੀ ਦਾ ਘੋੜਾ ਪਹਿਲੇ, ਬੇਗੋਵਾਲ ਦੇ ਅਨੂਪ ਸਿੰਘ ਦਾ ਘੋੜਾ ਦੂਜੇ, ਪੰਜਵੀਂ ਹੀਟ ਵਿੱਚੋਂ ਬੱਸੀ ਗੁਜਰਾਂ ਦੇ ਲਵਲੀ ਦਾ ਘੋੜਾ ਅਤੇ ਰੰਗੀਆਂ ਦੇ ਧਰਮ ਸਿੰਘ ਦਾ ਘੋੜਾ ਕ੍ਰਮਵਾਰ ਪਹਿਲੇ ਅਤੇ ਦੂਜੇ ਸਥਾਨ ’ਤੇ ਰਹੇ।
from Punjab News – Latest news in Punjabi http://ift.tt/1SRYJGV
0 comments