ਛੇ ਮੈਂਬਰੀ ਚੋਣ ਕਮੇਟੀ ਵੱਲੋਂ ਚੋਣ ਦੇ ਅਾਧਾਰ ’ਤੇ ਕਿਸਾਨਾਂ ਨੂੰ ਦਿੱਤੇ ਜਾਇਆ ਕਰਨਗੇ ਨਕਦ ਇਨਾਮ
ਚੰਡੀਗਡ਼੍ਹ, 5 ਫ਼ਰਵਰੀ : ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅਗਾਂਹਵਧੂ ਕਿਸਾਨਾਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕਰਨ ਵਾਲੀ ਸਕੀਮ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਅਨੁਸਾਰ ਕਿਸਾਨਾਂ ਨੂੰ ਇਨਾਮ ਦੇਣ ਲਈ ਕਿਸਾਨ ਕਮਿਸ਼ਨ ਦੇ ਚੇਅਰਮੈਨ ਡਾ. ਜੀ.ਐੱਸ. ਕਾਲਕਟ ਦੀ ਅਗਵਾਈ ਵਾਲੀ ਛੇ ਮੈਂਬਰੀ ਚੋਣ ਕਮੇਟੀ ਵੱਲੋਂ ਚੋਣ ਦੇ ਅਾਧਾਰ ’ਤੇ ਕਿਸਾਨਾਂ ਨੂੰ ਹਰੇਕ ਸਾਲ ਕ੍ਰਮਵਾਰ ਤਿੰਨ ਲੱਖ, ਦੋ ਲੱਖ ਅਤੇ ਇੱਕ ਲੱਖ ਰੁਪਏ ਦੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਜਾਇਆ ਕਰੇਗਾ। ਕਿਸਾਨਾਂ ਨੂੰ ਸਨਮਾਨਿਤ ਕਰਨ ਸਬੰਧੀ ਕਮੇਟੀ ਹਰ ਸਾਲ ਅਪਰੈਲ ਮਹੀਨੇ ਸਿਫ਼ਾਰਸ਼ਾਂ ਦੇਵੇਗੀ। ਇਸ ਸਕੀਮ ਹੇਠ ਉਨ੍ਹਾਂ ਕਿਸਾਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ, ਜਿਨ੍ਹਾਂ ਨੇ ਰਵਾਇਤੀ ਖੇਤੀ ਦੀ ਥਾਂ ਖੇਤੀ ਵਿਭਿੰਨਤਾ ਅਤੇ ਨਵੀਨਤਮ ਖੇਤੀ ਅਮਲਾਂ ਨੂੰ ਵਿਕਸਿਤ ਕਰਨ ਲਈ ਯੋਗਦਾਨ ਦਿੱਤਾ ਹੈ। ਕਿਸਾਨਾਂ ਨੂੰ ਨਕਦ ਇਨਾਮ ਅਤੇ ਪ੍ਰਸ਼ੰਸਾ ਪੱਤਰ ਦਿੱਤਾ ਜਾਵੇਗਾ।
ਇਸ ਸਕੀਮ ਹੇਠ ਕਿਨੂੰ, ਅਮਰੂਦ, ਲੀਚੀ, ਨਾਖ, ਸਟ੍ਰਾਬੇਰੀ, ਆਲੂ, ਖੁੰਬਾਂ, ਬਾਸਮਤੀ, ਗੰਨਾ, ਮੱਕੀ, ਦਾਲਾਂ, ਸੋਇਆਬੀਨ, ਕਪਾਹ, ਤੇਲ ਬੀਜ, ਫ਼ਲ ਤੇ ਸਬਜ਼ੀਆਂ ਆਦਿ ਦੀ ਖੇਤੀ ਸਫ਼ਲਤਾਪੂਰਵਕ ਕਰਨ ਤੋਂ ਇਲਾਵਾ ਡੇਅਰੀ ਫਾਰਮਿੰਗ, ਸ਼ਹਿਦ ਦੀਆਂ ਮੱਖੀਆਂ ਪਾਲਣ, ਮੱਛੀ ਪਾਲਣ, ਮੁਰਗੀ ਪਾਲਣ, ਸੂਰ ਪਾਲਣ, ਬੱਕਰੀ ਪਾਲਣ ਵਿੱਚ ਨਾਮਣਾ ਖੱਟਣ ਵਾਲੇ ਕਿਸਾਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਡੇਅਰੀ ਧੰਦੇ ਵਿੱਚ ਲੱਗੇ ਅਗਾਂਹਵਧੂ ਕਿਸਾਨਾਂ ਨੂੰ ਸਨਮਾਨਿਤ ਕਰਨ ਲਈ ਮੁੱਖ ਮੰਤਰੀ ਨੇ ਡੇਅਰੀ ਸੈਕਟਰ ਵਿੱਚ ਮੱਝਾਂ, ਗਾਵਾਂ ਅਤੇ ਦੇਸੀ ਗਾਵਾਂ ਦੀਆਂ ਤਿੰਨ ਸ਼੍ਰੇਣੀਆਂ ਰੱਖਣ ਦਾ ਫ਼ੈਸਲਾ ਲਿਆ ਹੈ। ਇਸ ਤੋਂ ਇਲਾਵਾ ‘ਨਵੀਨਤਮ ਖੇਤੀ’ ਦੀ ਸ਼੍ਰੇਣੀ ਵਿੱਚ ਸਭ ਤੋਂ ਵਧੀਆ ਖੇਤੀ ਅਮਲਾਂ/ਤਕਨਾਲੋਜੀ ਨੂੰ ਅਪਣਾਉਣ ਵਾਲੇ ਕਿਸਾਨਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਛੋਟੇ ਤੇ ਦਰਮਿਆਨੇ ਕਿਸਾਨਾਂ ਅਤੇ ਬੇ-ਜ਼ਮੀਨੇ ਕਿਸਾਨਾਂ/ਕਿਰਤੀਆਂ ਨੂੰ ਇੱਕ ਵੱਖਰੀ ਸ਼੍ਰੇਣੀ ਅਤੇ ਪੰਜ ਏਕਡ਼ ਤੋਂ ਉੱਪਰ ਵਾਲੇ ਕਿਸਾਨਾਂ/ਕਾਸ਼ਤਕਾਰਾਂ ਨੂੰ ਵੱਖਰੀ ਸ਼੍ਰੇਣੀ ਵਿੱਚ ਰੱਖਣ ਅਤੇ ਵੱਖਰੇ ਤੌਰ ’ਤੇ ਸਨਮਾਨਿਤ ਕਰਨ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ।
ਕਮੇਟੀ ਦੇ ਮੈਂਬਰਾਂ ਵਿੱਚ ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ. ਬੀ.ਐੱਸ. ਢਿੱਲੋਂ, ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ. ਏ.ਐੱਸ. ਨੰਦਾ, ਸਲਾਹਕਾਰ ਪਸ਼ੂ ਪਾਲਣ ਡਾ. ਬੀ.ਕੇ. ਉੱਪਲ, ਹੁਸ਼ਿਆਰਪੁਰ ਤੋਂ ਅਗਾਂਹਵਧੂ ਕਿਸਾਨ ਕੁਲਵੰਤ ਸਿੰਘ ਸ਼ਾਮਲ ਹਨ। ਪੰਜਾਬ ਰਾਜ ਕਿਸਾਨ ਕਮਿਸ਼ਨ ਦੇ ਸਕੱਤਰ ਡਾ. ਬਲਵਿੰਦਰ ਸਿੰਘ ਸਿੱਧੂ ਇਸ ਕਮੇਟੀ ਦੇ ਮੈਂਬਰ ਕਨਵੀਨਰ ਹੋਣਗੇ।
from Punjab News – Latest news in Punjabi http://ift.tt/1SRYJqB
0 comments