ਬਠਿੰਡਾ : ਪੰਜਾਬ ਦੇ ਸਾਬਕਾ ਵਿਧਾਇਕਾਂ ਵੱਲੋਂ ਦੋ ਦੋ ਪੈਨਸ਼ਨਾਂ ਦਾ ਲਾਹਾ ਖੱਟਿਆ ਜਾ ਰਿਹਾ ਹੈ। ਦਰਜਨ ਸਾਬਕਾ ਵਿਧਾਇਕ ਅਜਿਹੇ ਹਨ ਜਿਨ੍ਹਾਂ ਨੂੰ ਇੱਕੋ ਵੇਲੇ ਦੋ ਦੋ ਪੈਨਸ਼ਨਾਂ ਮਿਲ ਰਹੀਆਂ ਹਨ।
ਪੰਜਾਬ ਵਿਧਾਨ ਸਭਾ ਨੇ ਆਰਟੀਆਈ ਵਿੱਚ ਜਾਹਰ ਕੀਤਾ ਹੈ ਕਿ ਐਮ.ਪੀ. ਦੀ ਕੁਰਸੀ ’ਤੇ ਬੈਠਣ ਵਾਲਾ ਸਾਬਕਾ ਵਿਧਾਇਕ ਇੱਕੋ ਵੇਲੇ ਦੋ ਦੋ ਪੈਨਸ਼ਨਾਂ ਦਾ ਹੱਕਦਾਰ ਹੈ। ਪੂਰੇ ਦੇਸ਼ ਵਿੱਚ ਕਰੀਬ 300 ਅਜਿਹੇ ਨੇਤਾ ਹਨ ਜੋ ਦੋ ਦੋ ਪੈਨਸ਼ਨਾਂ ਲੈ ਰਹੇ ਹਨ। ਵਿਧਾਨ ਸਭਾ ਪੰਜਾਬ ਦੀ ਸਰਕਾਰੀ ਸੂਚਨਾ ਅਨੁਸਾਰ ਪੰਜਾਬ ਦੇ 249 ਸਾਬਕਾ ਵਿਧਾਇਕ ਇਸ ਵਕਤ ਸੂਬਾ ਸਰਕਾਰ ਤੋਂ ਪੈਨਸ਼ਨ ਪ੍ਰਾਪਤ ਕਰ ਰਹੇ ਹਨ। ਅੰਦਾਜ਼ੇ ਅਨੁਸਾਰ ਕਰੀਬ 15 ਕਰੋੜ ਰੁਪਏ ਸਾਲਾਨਾ ਸਾਬਕਾ ਵਿਧਾਇਕਾਂ ਨੂੰ ਪੈਨਸ਼ਨ ਵਜੋਂ ਦਿੱਤੇ ਜਾਂਦੇ ਹਨ। ਪੰਜਾਬ ਦੇ 11 ਸਾਬਕਾ ਵਿਧਾਇਕ ਹਨ ਜੋ ਇੱਕੋ ਵੇਲੇ ਦੋ ਦੋ ਪੈਨਸ਼ਨਾਂ ਲੈ ਰਹੇ ਹਨ। ਪੰਜਾਬ ਸਰਕਾਰ ਤਰਫ਼ੋਂ ਇੱਕ ਦਫ਼ਾ ਵਿਧਾਇਕ ਰਹਿ ਚੁੱਕੇ ਸਾਬਕਾ ਵਿਧਾਇਕ ਨੂੰ ਸਭ ਖ਼ਰਚਿਆ ਸਮੇਤ 45 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾ ਰਹੀ ਹੈ। ਇੱਕ ਤੋਂ ਜ਼ਿਆਦਾ ਵਾਰ ਵਿਧਾਇਕ ਬਣਨ ਦੀ ਸੂਰਤ ਵਿੱਚ ਪ੍ਰਤੀ ਟਰਮ 7500 ਰੁਪਏ ਦਾ ਹੋਰ ਵਾਧਾ ਕੀਤਾ ਜਾਂਦਾ ਹੈ। ਪੰਜਾਬ ਰਾਜ ਲੈਜਿਸਲੇਚਰ ਮੈਂਬਰਜ਼ (ਪੈਨਸ਼ਨ ਅਤੇ ਮੈਡੀਕਲ ਸਹੂਲਤਾਂ) ਐਕਟ 1977 ਅਨੁਸਾਰ ਸਾਬਕਾ ਵਿਧਾਇਕਾਂ ਨੂੰ ਸਾਲ 1977 ਵਿੱਚ ਪੈਨਸ਼ਨ ਦੇਣੀ ਸ਼ੁਰੂ ਕੀਤੀ ਗਈ ਸੀ।
ਪੰਜਾਬ ਸਰਕਾਰ ਨੇ 2010 ਵਿੱਚ ਇਹ ਪੈਨਸ਼ਨ 5 ਹਜ਼ਾਰ ਤੋਂ ਵਧਾ ਕੇ 7500 ਰੁਪਏ ਅਤੇ 15 ਮਈ 2015 ਨੂੰ ਵਧਾ ਕੇ ਮੁਢਲੀ ਪੈਨਸ਼ਨ 10 ਹਜ਼ਾਰ ਰੁਪਏ ਕਰ ਦਿੱਤੀ ਸੀ। ਦੂਜੇ ਪਾਸੇ ਪਾਰਲੀਮੈਂਟ ਵੱਲੋਂ ਸੈਲਰੀ, ਅਲਾਊਂਸਜ਼ ਐਂਡ ਪੈਨਸ਼ਨ ਆਫ਼ ਮੈਂਬਰਜ਼ ਆਫ ਪਾਰਲੀਮੈਂਟ ਐਕਟ 1954 ਤਹਿਤ 20 ਹਜ਼ਾਰ ਰੁਪਏ ਪ੍ਰਤੀ ਮਹੀਨਾ ਸਾਬਕਾ ਐਮ.ਪੀ. ਨੂੰ ਪੈਨਸ਼ਨ ਦਿੱਤੀ ਜਾਂਦੀ ਹੈ ਜੋ 18 ਮਈ 2009 ਤੋਂ ਪਹਿਲਾਂ 8 ਹਜ਼ਾਰ ਰੁਪਏ ਪ੍ਰਤੀ ਮਹੀਨਾ ਸੀ। ਸਰਕਾਰੀ ਅੰਕਡ਼ਿਆਂ ਅਨੁਸਾਰ ਪੰਜਾਬ ਦੇ ਗਿਆਰਾਂ ਸਾਬਕਾ ਵਿਧਾਇਕ ਦੋਹਰੀ ਪੈਨਸ਼ਨ ਲੈ ਰਹੇ ਹਨ, ਜਦੋਂਕਿ ਬਲਰਾਮ ਜਾਖੜ ਸਣੇ ਕਈ ਮੈਂਬਰਾਂ ਦਾ ਦੇਹਾਂਤ ਹੋ ਚੁੱਕਿਆ ਹੈ।
ਸਾਬਕਾ ਸੰਸਦ ਮੈਂਬਰ ਡਾ. ਰਤਨ ਸਿੰਘ ਅਜਨਾਲਾ ਵੀ ਦੋ ਦੋ ਪੈਨਸ਼ਨਾਂ ਲੈ ਰਹੇ ਹਨ। ਡਾ. ਅਜਨਾਲਾ ਚਾਰ ਦਫਾ ਵਿਧਾਇਕ ਰਹਿ ਚੁੱਕੇ ਹਨ ਅਤੇ 2004 ਵਿੱਚ ਐਮ.ਪੀ. ਬਣੇ ਸਨ। ਉਨ੍ਹਾਂ ਨੂੰ ਇਸ ਵੇਲੇ ਪੰਜਾਬ ਸਰਕਾਰ ਤੋਂ ਕਰੀਬ 67,500 ਰੁਪਏ ਅਤੇ ਕੇਂਦਰ ਤੋਂ ਕਰੀਬ 20 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲ ਰਹੀ ਹੈ। ਸ੍ਰੀ ਅਜਨਾਲਾ ਦੀ ਇਕੱਲੀ ਪੈਨਸ਼ਨ ਹੀ 87,500 ਰੁਪਏ ਪ੍ਰਤੀ ਮਹੀਨਾ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਤਿੰਨ ਦਫ਼ਾ ਵਿਧਾਇਕ ਅਤੇ ਇੱਕ ਦਫ਼ਾ ਐਮ.ਪੀ ਰਹਿ ਚੁੱਕੇ ਹਨ। ਉਨ੍ਹਾਂ ਨੂੰ ਦੋਵਾਂ ਪੈਨਸ਼ਨਾਂ ਤੋਂ ਕਰੀਬ 80 ਹਜ਼ਾਰ ਰੁਪਏ ਦੀ ਕਮਾਈ ਹੋ ਰਹੀ ਹੈ। ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦੋ ਦਫ਼ਾ ਵਿਧਾਇਕ ਅਤੇ ਤਿੰਨ ਦਫ਼ਾ ਐਮ.ਪੀ. ਰਹਿ ਚੁੱਕੇ ਹਨ। ਉਨ੍ਹਾਂ ਨੂੰ ਕਰੀਬ 90 ਹਜ਼ਾਰ ਰੁਪਏ ਪੈਨਸ਼ਨ ਮਿਲ ਰਹੀ ਹੈ।
ਇਸੇ ਤਰ੍ਹਾ ਸੁਖਦੇਵ ਸਿੰਘ ਲਿਬੜਾ ਇੱਕ ਦਫ਼ਾ ਵਿਧਾਇਕ ਅਤੇ ਤਿੰਨ ਦਫ਼ਾ ਐਮ.ਪੀ. ਰਹਿ ਚੁੱਕੇ ਹਨ। ਸ੍ਰੀ ਲਿਬੜਾ ਵੀ ਦੋ ਪੈਨਸ਼ਨਾਂ ਪ੍ਰਾਪਤ ਕਰ ਰਹੇ ਹਨ। ਕਾਂਗਰਸੀ ਨੇਤਾ ਮਹਿੰਦਰ ਸਿੰਘ ਕੇ.ਪੀ. ਤਿੰਨ ਦਫ਼ਾ ਵਿਧਾਇਕ ਰਹੇ ਹਨ ਅਤੇ ਇੱਕ ਦਫ਼ਾ ਐਮ.ਪੀ. ਬਣੇ ਹਨ। ਉਨ੍ਹਾਂ ਨੂੰ ਰਾਜ ਸਰਕਾਰ ਤੋਂ ਕਰੀਬ 60 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲ ਰਹੀ ਹੈ। ਮਹਿੰਦਰ ਸਿੰਘ ਕੇ.ਪੀ. ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਐਮ.ਪੀ. ਵਾਲੀ ਪੈਨਸ਼ਨ ਹਾਲੇ ਮਿਲਣੀ ਸ਼ੁਰੂ ਨਹੀਂ ਹੋਈ ਹੈ। ਉਨ੍ਹਾਂ ਦਾ ਪ੍ਰਤੀਕਰਮ ਸੀ ਕਿ ਨਿਯਮਾਂ ਅਨੁਸਾਰ ਦੋ ਪੈਨਸ਼ਨਾਂ ਲੈਣ ਦੀ ਵਿਵਸਥਾ ਹੈ ਜਿਸ ਵਿੱਚ ਕੁਝ ਵੀ ਗਲਤ ਨਹੀਂ ਹੈ।
ਸਾਬਕਾ ਐਮ.ਪੀ. ਅਵਤਾਰ ਸਿੰਘ ਕਰੀਮਪੁਰੀ ਵੀ ਦੋ ਪੈਨਸ਼ਨਾਂ ਪ੍ਰਾਪਤ ਕਰ ਰਹੇ ਹਨ। ਸਾਬਕਾ ਐਮ.ਪੀ ਸਤਨਾਮ ਸਿੰਘ ਕੈਂਥ ਵੀ ਇੱਕ ਦਫ਼ਾ ਵਿਧਾਇਕ ਅਤੇ ਇੱਕ ਦਫ਼ਾ ਐਮ.ਪੀ ਰਹਿ ਚੁੱਕੇ ਹਨ। ਪੁਰਾਣੇ ਕਾਂਗਰਸੀ ਨੇਤਾ ਵਿਨੋਦ ਸ਼ਰਮਾ ਪੰਜਾਬ ਸਰਕਾਰ ਦੇ ਖ਼ਜ਼ਾਨੇ ਤੋਂ ਇਲਾਵਾ ਹਰਿਆਣਾ ਸਰਕਾਰ ਦੇ ਖ਼ਜ਼ਾਨੇ ’ਚੋਂ ਪੈਨਸ਼ਨ ਲੈ ਰਹੇ ਹਨ। ਸੂਤਰਾਂ ਅਨੁਸਾਰ ਉਹ ਕੇਂਦਰ ਤੋਂ ਵੀ ਪੈਨਸ਼ਨ ਲੈ ਰਹੇ ਹਨ। ਸਾਬਕਾ ਐਮ.ਪੀ. ਰਾਜਮਹਿੰਦਰ ਸਿੰਘ ਅਤੇ ਚਰਨਜੀਤ ਸਿੰਘ ਨਵਾਂ ਸ਼ਹਿਰ ਵੀ ਦੋ ਦੋ ਪੈਨਸ਼ਨਾਂ ਲੈਣ ਵਾਲਿਆਂ ਵਿੱਚ ਸ਼ਾਮਲ ਹਨ।
from Punjab News – Latest news in Punjabi http://ift.tt/1SRYJqt
0 comments