ਮੋਦੀ ਦਾ ਅਸਾਮ ’ਚ ਚੋਣ ‘ਨਗਾਰਾ’

ਪ੍ਰਧਾਨ ਮੰਤਰੀ ਵੱਲੋਂ ਗਾਂਧੀ ਪਰਿਵਾਰ ’ਤੇ ਸੰਸਦ ਦਾ ਕੰਮ ਠੱਪ ਕਰਨ ਦਾ ਦੋਸ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚਾਹ ਦੇ ਬਾਗਾਂ ਦੇ ਰਵਾਇਤੀ ਨਗਾਰੇ ਨੂੰ ਵਜਾਉਂਦੇ ਹੋਏ। ਉਨ੍ਹਾਂ ਨਾਲ ਅਸਾਮ ਭਾਜਪਾ ਦੇ ਪ੍ਰਧਾਨ ਸਰਬਨੰਦ ਸੋਨੋਵਾਲ ਵੀ ਦਿਖਾਈ ਦੇ ਰਹੇ ਹਨ। 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚਾਹ ਦੇ ਬਾਗਾਂ ਦੇ ਰਵਾਇਤੀ ਨਗਾਰੇ ਨੂੰ ਵਜਾਉਂਦੇ ਹੋਏ। ਉਨ੍ਹਾਂ ਨਾਲ ਅਸਾਮ ਭਾਜਪਾ ਦੇ ਪ੍ਰਧਾਨ ਸਰਬਨੰਦ ਸੋਨੋਵਾਲ ਵੀ ਦਿਖਾਈ ਦੇ ਰਹੇ ਹਨ।

ਮਰਾਨ (ਅਸਾਮ), 5 ਫਰਵਰੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੋਨੀਆ ਗਾਂਧੀ ਦੇ ਪਰਿਵਾਰ ਨੂੰ ਨਿਸ਼ਾਨਾ ਬਣਾਉਂਦਿਆਂ ਦੋਸ਼ ਲਾਇਆ ਕਿ ਕਾਂਗਰਸ ਪ੍ਰਧਾਨ ਅਤੇ ਉਨ੍ਹਾਂ ਦਾ ਪੁੱਤਰ ਰਾਹੁਲ ਗਾਂਧੀ 2014 ਦੀਆਂ ਲੋਕ ਸਭਾ ਚੋਣਾਂ ’ਚ ਹਾਰ ਦਾ ਬਦਲਾ ਲੈਣ ਲਈ ਸੰਸਦ ਦੀ ਕਾਰਵਾਈ ’ਚ ਅਡ਼ਿੱਕੇ ਡਾਹ ਰਹੇ ਹਨ। ਇਸ ਕਾਰਨ ਗਰੀਬਾਂ ਦੀ ਭਲਾਈ ਵਾਲੇ ਬਿਲਾਂ ਨੂੰ ਪਾਸ ਨਹੀਂ ਹੋਣ ਦਿੱਤਾ ਜਾ ਰਿਹਾ। ਅਸਾਮ ’ਚ ਵਿਧਾਨ ਸਭਾ ਚੋਣਾਂ ਦਾ ਬਿਗਲ ਵਜਾਉਂਦਿਆਂ ਪ੍ਰਧਾਨ ਮੰਤਰੀ ਨੇ ਚਾਹ ਦੇ ਬਾਗਾਂ ਦੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ‘ਇਕ ਪਰਿਵਾਰ’ ਨਾਂਹ-ਪੱਖੀ ਸਿਆਸਤ ’ਚ ਸ਼ਾਮਲ ਹੈ। ਉਨ੍ਹਾਂ ਦਾਅਵਾ ਕੀਤਾ ਕਿ ਵਿਰੋਧੀ ਪਾਰਟੀਆਂ ’ਚ ਅਜਿਹੇ ਆਗੂ ਵੀ ਹਨ ਜਿਹਡ਼ੇ ਉਨ੍ਹਾਂ ਦਾ ਵਿਰੋਧ ਕਰਨ ਦੇ ਬਾਵਜੂਦ ਚਾਹੁੰਦੇ ਹਨ ਕਿ ਸਦਨ ’ਚ ਕੰਮਕਾਜ ਹੋਵੇ। ਉਨ੍ਹਾਂ ਕਿਹਾ,‘‘ਜਿਹਡ਼ੇ ਲੋਕ ਚੋਣਾਂ ਹਾਰ ਗਏ ਸਨ ਅਤੇ ਜਿਨ੍ਹਾਂ ਦੀ ਗਿਣਤੀ 400 ਤੋਂ 40 ’ਤੇ ਆ ਗਈ, ਉਹ ਮੋਦੀ ਨੂੰ ਕੰਮ ਨਹੀਂ ਕਰਨ ਦੇ ਰਹੇ ਹਨ। ਉਨ੍ਹਾਂ ਅਡ਼ਿੱਕੇ ਪਾਉਣ ਅਤੇ ਮੁਸ਼ਕਲਾਂ ਖਡ਼੍ਹੀਆਂ ਕਰਨ ਦਾ ਫ਼ੈਸਲਾ ਕੀਤਾ ਹੋਇਆ ਹੈ ਅਤੇ ਇਹੋ ਸਾਜ਼ਿਸ਼ ਘਡ਼ੀ ਜਾ ਰਹੀ ਹੈ।’’ ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਨੂੰ ਸੱਤਾ ਤੋਂ ਬਾਹਰ ਕਰਨ ਲਈ ਲੋਕਾਂ ਅਤੇ ਗਰੀਬ ਮਜ਼ਦੂਰਾਂ ਤੋਂ ਬਦਲਾ ਲਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਇਹ ਟਿੱਪਣੀ ਅਜਿਹੇ ਮੌਕੇ ਕੀਤੀ ਹੈ ਜਦੋਂ ਸੰਸਦ ਦੇ ਪਿਛਲੇ ਦੋ ਇਜਲਾਸਾਂ ਦੌਰਾਨ ਕੰਮਕਾਜ ਠੱਪ ਰਿਹਾ ਅਤੇ ਜੀਐਸਟੀ ਸਮੇਤ ਆਰਥਿਕ ਸੁਧਾਰਾਂ ਨਾਲ ਸਬੰਧਤ ਕਈ ਬਿੱਲ ਲਟਕੇ ਹੋਏ ਹਨ ਅਤੇ ਸਰਕਾਰ ਉਨ੍ਹਾਂ ਨੂੰ ਆੳੁਂਦੇ ਬਜਟ ਇਜਲਾਸ ’ਚ ਮੁਡ਼ ਪਾਸ ਕਰਾਉਣ ਦੇ ਰੌਂਅ ’ਚ ਹੈ। ਆਪਣੇ ਭਾਸ਼ਨ ਦੌਰਾਨ ਪ੍ਰਧਾਨ ਮੰਤਰੀ ਨੇ ‘ਪਰਿਵਾਰ’ ਦਾ ਨਾਮ ਨਹੀਂ ਲਿਆ ਪਰ ਉਨ੍ਹਾਂ ਦਾ ਇਸ਼ਾਰਾ ਗਾਂਧੀ ਪਰਿਵਾਰ ਵੱਲ ਸੀ।
‘ਅਸਾਮ ਦੇ ਮਾਣ’ ਦੇ ਮੁੱਦੇ ਨੂੰ ਉਠਾਉਂਦਿਆਂ ਸ੍ਰੀ ਮੋਦੀ ਨੇ ਲੋਕਾਂ ਨੂੰ ਸੂਬੇ ’ਚ ਸਰਕਾਰ ਬਣਾਉਣ ਲਈ ਭਾਜਪਾ ਨੂੰ ਇਕ ਮੌਕਾ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਸਾਮ ਦੇ ਲੋਕਾਂ ਦੇ ਕਲਿਆਣ ਲਈ ਕਾਨੂੰਨ ਤਾਂ ਹੀ ਬਣ ਸਕਦੇ ਹਨ ਜਦੋਂ ਇਥੇ ਅਜਿਹੀ ਸਰਕਾਰ ਹੋਵੇ ਜੋ ਕੇਂਦਰ ਦੀ ਗੱਲ ਸੁਣੇ। ਉਨ੍ਹਾਂ ਅਸਾਮ ਦੀ ਕਾਂਗਰਸ ਸਰਕਾਰ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਉਹ ਫੰਡ ਹਾਸਲ ਕਰਨ ਦੇ ਬਾਵਜੂਦ ਕੇਂਦਰ ਨੂੰ ਭੰਡਦੇ ਰਹਿੰਦੇ ਹਨ। ਸ੍ਰੀ ਮੋਦੀ ਨੇ ਕਿਹਾ,‘‘ਮੈਂ ਇਥੇ ਕੇਂਦਰੀ ਕਾਨੂੰਨ ਲਾਗੂ ਕਰਾਉਣਾ ਚਾਹੁੰਦਾ ਹਾਂ ਪਰ ਇਹ ਤਾਂ ਹੀ ਸੰਭਵ ਹੈ ਜੇਕਰ ਅਸਾਮ ’ਚ ਵੀ ਅਜਿਹੀ ਸਰਕਾਰ ਹੋਵੇ ਜੋ ਦਿੱਲੀ ਦੀ ਗੱਲ ਸੁਣੇ।’’ ਉਨ੍ਹਾਂ ਕਿਹਾ ਕਿ ਨਾਂਹ-ਪੱਖੀ ਸਿਆਸਤ ਭਾਰੂ ਹੁੰਦੀ ਜਾ ਰਹੀ ਹੈ। ‘ਸਾਡੇ ਕਿਸਾਨਾਂ ਨਾਲ ਸਿਆਸਤ ਕੀਤੀ ਜਾ ਰਹੀ ਹੈ। ਉਨ੍ਹਾਂ ਦੀ ਰਾਖੀ ਕੌਣ ਕਰੇਗਾ? ਕਿਸਾਨਾਂ ਨੂੰ ਵਿਕਾਸ ਪ੍ਰਕਿਰਿਆ ਤੋਂ ਵਾਂਝੇ ਰੱਖਿਆ ਗਿਆ ਪਰ ਅਸੀਂ ਸਾਰੇ ਕਾਨੂੰਨਾਂ ਨੂੰ ਬਦਲ ਦਿੱਤਾ ਤਾਂ ਜੋ ਉਨ੍ਹਾਂ ਨੂੰ ਲਾਭ ਹੋਵੇ।’ ਉਨ੍ਹਾਂ ਫ਼ਸਲੀ ਬੀਮਾ ਯੋਜਨਾ ਦਾ ਵੀ ਜ਼ਿਕਰ ਕੀਤਾ।
ਚਾਹ ਦੇ ਬਾਗਾਂ ਦੇ ਮਜ਼ਦੂਰਾਂ ਨਾਲ ਨੇਡ਼ਤਾ ਜਤਾਉਣ ਲਈ ਸ੍ਰੀ ਮੋਦੀ ਨੇ ਖੁਦ ਚਾਹ ਵੇਚਣ ਦਾ ਜ਼ਿਕਰ ਕੀਤਾ। ਉਨ੍ਹਾਂ ਅਸਾਮ ’ਚ ਭਾਜਪਾ ਦੇ ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰ ਸਰਬਨੰਦ ਸੋਨੋਵਾਲ ਨੂੰ ਇਕ ਮੌਕਾ ਦੇਣ ਦੀ ਵਕਾਲਤ ਕਰਦਿਆਂ ਕਿਹਾ ਕਿ ‘ਸਰਬਨੰਦ’ ਦਾ ਮਤਲਬ ਹੈ ਸਾਰਿਆਂ ਲਈ ਖ਼ੁਸ਼ਹਾਲੀ। ਉਨ੍ਹਾਂ ਕਿਹਾ ਕਿ ਜਦੋਂ ਉਹ ਸੱਤਾ ’ਚ ਆਏ ਤਾਂ 27 ਹਜ਼ਾਰ ਕਰੋਡ਼ ਰੁਪਏ ਖ਼ਜ਼ਾਨੇ ’ਚ ਬੇਕਾਰ ਪਏ ਸਨ ਜਿਨ੍ਹਾਂ ’ਤੇ ਮਜ਼ਦੂਰਾਂ ਦਾ ਹੱਕ ਸੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਬਦਲਾਅ ਕਰ ਕੇ ਵਰਕਰਾਂ ਨੂੰ ਪ੍ਰਾਵੀਡੈਂਟ ਫੰਡ ਲਈ ਯੂਨੀਕ ਨੰਬਰ ਪ੍ਰਦਾਨ ਕਰ ਦਿੱਤਾ ਤਾਂ ਜੋ ਨਵੀਂ ਥਾਂ ’ਤੇ ਜਾਣ ਵੇਲੇ ਸਾਰੀ ਰਕਮ ਆਸਾਨੀ ਨਾਲ ਤਬਦੀਲ ਹੋ ਜਾਵੇ।

ਮੋਦੀ ਬਹਾਨੇ ਨਾ ਬਣਾਉਣ, ਦੇਸ਼ ਚਲਾਉਣ: ਰਾਹੁਲ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਗਾਂਧੀ ਪਰਿਵਾਰ ਨੂੰ ਨਿਸ਼ਾਨਾ ਬਣਾਏ ਜਾਣ ’ਤੇ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਮੋਡ਼ਵਾਂ ਜਵਾਬ ਦਿੰਦਿਆਂ ਕਿਹਾ ਹੈ ਕਿ ਪ੍ਰਧਾਨ ਮੰਤਰੀ ਦਾ ਕੰਮ ਬਹਾਨੇ ਘਡ਼ਨਾ ਨਹੀਂ ਸਗੋਂ ਦੇਸ਼ ਚਲਾਉਣਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਨਰਿੰਦਰ ਮੋਦੀ ਨੂੰ ਬਹਾਨੇਬਾਜ਼ੀ ਸੁਣਨ ਲਈ ਨਹੀਂ ਚੁਣਿਆ। ਲੋਕਾਂ ਨੇ ਆਗੂ ਨੂੰ ਚੁਣਿਆ ਹੈ ਅਤੇ ਆਗੂ ਨੂੰ ਕੰਮ ਕਰਨਾ ਚਾਹੀਦਾ ਹੈ, ਜਿਸ ਲਈ ਉਸ ਨੂੰ ਚੁਣਿਆ ਗਿਆ ਹੈ। ਸ੍ਰੀ ਗਾਂਧੀ ਨੇ ਕਿਹਾ,‘‘ਹੱਦ ਤਾਂ ਹੋ ਗਈ ਜਦੋਂ ਵੱਡੇ ਸਨਅਤਕਾਰ ਵੀ ਸਾਡੇ ਕੋਲ ਆ ਕੇ ਰੋਂਦੇ ਹਨ ਕਿ ਮੋਦੀ ਜੀ ਕੰਮ ਨਹੀਂ ਕਰ ਰਹੇ।’’ ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਸਿਰਫ਼ ਤਿੰਨ ਜਾਂ ਚਾਰ ਕਾਰੋਬਾਰੀ ਮਿੱਤਰਾਂ ਦੇ ਹਿੱਤ ਪੂਰ ਰਹੀ ਹੈ।



from Punjab News – Latest news in Punjabi http://ift.tt/1SRYLPh
thumbnail
About The Author

Web Blog Maintain By RkWebs. for more contact us on rk.rkwebs@gmail.com

0 comments