ਗ੍ਰਹਿ ਮੰਤਰੀ ਨੇ ਨਹਿਰੂ ‘ਵਰਸਟੀ ਦੇ ਵਿਦਿਆਰਥੀਆਂ ਨਾਲ ਹਾਫ਼ਿਜ਼ ਸਈਦ ਦਾ ਨਾਂ ਜੋੜ ਕੇ ਸਿਆਸੀ ਤੂਫ਼ਾਨ ਖੜਾ ਕੀਤਾ

ਗ੍ਰਹਿ ਮੰਤਰੀ ਨੇ ਨਹਿਰੂ ‘ਵਰਸਟੀ ਦੇ ਵਿਦਿਆਰਥੀਆਂ ਨਾਲ ਹਾਫ਼ਿਜ਼ ਸਈਦ ਦਾ ਨਾਂ ਜੋੜ ਕੇ ਸਿਆਸੀ ਤੂਫ਼ਾਨ ਖੜਾ ਕੀਤਾ
full5782ਨਵੀਂ ਦਿੱਲੀ, 13 ਫ਼ਰਵਰੀ: ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਇਹ ਕਹਿ ਕੇ ਸਿਆਸੀ ਤੂਫ਼ਾਨ ਖੜਾ ਕਰ ਦਿਤਾ ਕਿ ਜਵਾਹਰ ਲਾਲ ਨਹਿਰੂ ਯੂਨੀਵਰਸਟੀ ‘ਚ ਸੰਸਦ ‘ਤੇ ਹਮਲੇ ਦੇ ਦੋਸ਼ੀ ਅਫ਼ਜ਼ਲ ਗੁਰੂ ਦੀ ਹਮਾਇਤ ‘ਚ ਹੋਏ ਇਕ ਪ੍ਰੋਗਰਾਮ ਨੂੰ ਅਤਿਵਾਦੀ ਜਥੇਬੰਦੀ ਲਸ਼ਕਰ-ਏ-ਤੋਇਬਾ ਦੇ ਸੰਸਥਾਪਕ ਹਾਫ਼ਿਜ਼ ਸਈਦ ਦੀ ਹਮਾਇਤ ਪ੍ਰਾਪਤ ਸੀ |
ਵਿਰੋਧੀ ਧਿਰ ਦੀਆਂ ਪਾਰਟੀਆਂ ਨੇ ਇਸ ਤੋਂ ਬਾਅਦ ਗ੍ਰਹਿ ਮੰਤਰੀ ਨੂੰ ਅਪਣੇ ਦੋਸ਼ ਸਾਬਤ ਕਰਨ ਦੀ ਚੁਨੌਤੀ ਦਿਤੀ |
ਇਸ ਦੌਰਾਨ ਦੇਸ਼ਧ੍ਰੋਹ ਦੇ ਦੋਸ਼ਾਂ ਹੇਠ ਗਿ੍ਫ਼ਤਾਰ ਕੀਤੇ ਵਿਦਿਆਰਥੀ ਸੰਗਠਨ ਦੇ ਪ੍ਰਧਾਨ ਘਨਈਆ ਕੁਮਾਰ ਨੂੰ ਰਿਹਾਅ ਕਰਨ ਦੀ ਮੰਗ ਕਰ ਰਹੇ ਵਿਦਿਆਰਥੀਆਂ ਦੀ ਹਮਾਇਤ ‘ਚ ਅੱਜ 40 ਕੇਂਦਰੀ ਯੂਨੀਵਰਸਟੀਆਂ ਦੀਆਂ ਅਧਿਆਪਕ ਐਸੋਸੀਏਸ਼ਨਾਂ ਵੀ ਉਤਰ ਆਈਆਂ | ਜੇ.ਐਨ.ਯੂ. ਦੀ ਅਧਿਆਪਕ ਐਸੋਸੀਏਸ਼ਨ ਵੀ ਖੁੱਲ੍ਹੇ ਤੌਰ ‘ਤੇ ਪ੍ਰਸ਼ਾਸਨ ਵਿਰੁਧ ਆ ਗਈ ਅਤੇ ਉਨ੍ਹਾਂ ‘ਤੇ ਇਸ ਮਾਮਲੇ ਨੂੰ ਠੀਕ ਤਰ੍ਹਾਂ ਨਾ ਸੰਭਾਲਣ ਦਾ ਦੋਸ਼ ਲਾਇਆ | ਐਸੋਸੀਏਸ਼ਨ ਨੇ ਯੂਨੀਵਰਸਟੀ ਦੀ ਕਮੇਟੀ ਵਲੋਂ ਜਾਂਚ ਮੁਕੰਮਲ ਕਰਨ ਤੋਂ ਪਹਿਲਾਂ ‘ਵਰਸਟੀ ਵਲੋਂ ਪੁਲਿਸ ਨੂੰ ਕਾਰਵਾਈ ਕਰਨ ਦੇਣ ਦਾ ਵੀ ਵਿਰੋਧ ਕੀਤਾ | ਵਿਦਿਆਰਥੀਆਂ ਨੇ ਕਿਹਾ ਹੈ ਕਿ ਜੇਕਰ ਘਨਈਆ ਕੁਮਾਰ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਉਹ ਕਲ ਤੋਂ ਹੜਤਾਲ ‘ਤੇ ਜਾਣਗੇ | ਘਨਈਆ ਕੁਮਾਰ ਨੂੰ ਸ਼ੁਕਰਵਾਰ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ | ਜੇ.ਐਨ.ਯੂ. ‘ਚ ਵਿਰੋਧ ਪ੍ਰਦਰਸ਼ਨਾਂ ਅਤੇ ਪੁਲਿਸ ਦੀ ਕਾਰਵਾਈ ਵਿਰੁਧ ਵਧ ਰਹੇ ਵਿਰੋਧ ਵਿਚਕਾਰ ਰਾਜਨਾਥ ਨੇ ਅੱਜ ਕਿਹਾ, ”ਜੇ.ਐਨ.ਯੂ. ਵਿਖੇ ਘਟਨਾ (ਅਫ਼ਜ਼ਲ ਬਾਰੇ ਪ੍ਰੋਗਰਾਮ) ਨੂੰ ਹਾਫ਼ਿਜ਼ ਸਈਅਦ ਦੀ ਹਮਾਇਤ ਪ੍ਰਾਪਤ ਸੀ | ਇਹ ਉਹ ਸੱਚਾਈ ਹੈ ਜਿਸ ਨੂੰ ਦੇਸ਼ ਨੂੰ ਸਮਝਣਾ ਪਵੇਗਾ | ਜੋ ਵੀ ਹੋਇਆ ਮੰਦਭਾਗਾ ਸੀ |” ਰਾਜਨਾਥ ਅਲਾਹਾਬਾਦ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ |
ਰਾਜਨਾਥ ਦੀ ਇਸ ਟਿਪਣੀ ਤੋਂ ਬਾਅਦ ਤਾਜ਼ਾ ਵਿਵਾਦ ਪੈਦਾ ਹੋ ਗਿਆ ਅਤੇ ਨੈਸ਼ਨਲ ਕਾਨਫ਼ਰੰਸ ਦੇ ਆਗੂ ਉਮਰ ਅਬਦੁੱਲਾ ਨੇ ਕਿਹਾ ਕਿ ਇਹ ਵਿਦਿਆਰਥੀਆਂ ‘ਤੇ ਲਾਇਆ ਬਹੁਤ ਗੰਭੀਰ ਦੋਸ਼ ਹੈ ਅਤੇ ਇਸ ਦਾ ਸਬੂਤ ਸਾਰਿਆਂ ਨਾਲ ਸਾਂਝਾ ਕਰਨਾ ਚਾਹੀਦਾ ਹੈ | ਸੀ.ਪੀ.ਐਮ. ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਵੀ ਕਿਹਾ ਕਿ ਗ੍ਰਹਿ ਮੰਤਰੀ ਨੂੰ ਅਪਣੇ ‘ਗੰਭੀਰ ਦੋਸ਼’ ਬਾਰੇ ਸਬੂਤ ਦੇਸ਼ ਨਾਲ ਸਾਂਝਾ ਕਰਨਾ ਚਾਹੀਦਾ ਹੈ | ਸੀ.ਪੀ.ਆਈ. ਆਗੂ ਡੀ. ਰਾਜਾ ਨੇ ਵੀ ਸਬੂਤ ਜਨਤਕ ਕਰਨ ਦੀ ਮੰਗ ਕੀਤੀ | ਕਾਂਗਰਸ ਆਗੂ ਗ਼ੁਲਾਮ ਨਬੀ ਆਜ਼ਾਦ ਨੇ ਵੀ ਕਿਹਾ ਕਿ ਗ੍ਰਹਿ ਮੰਤਰੀ ਨੇ ਗੰਭੀਰ ਦੋਸ਼ ਲਾਇਆ ਹੈ ਅਤੇ ਉਨ੍ਹਾਂ ਨੂੰ ਇਸ ਦਾ ਸਬੂਤ ਪੇਸ਼ ਕਰਨਾ ਚਾਹੀਦਾ ਹੈ |
ਜ਼ਿਕਰਯੋਗ ਹੈ ਕਿ ਹਾਫ਼ਿਜ਼ ਸਈਅਦ ਨੇ ਦੋ ਦਿਨ ਪਹਿਲਾਂ ਇਕ ਹੈਸ਼ਟੈਗ ਅਧੀਨ ਟਵੀਟ ਕੀਤਾ ਸੀ ਅਤੇ ਪਾਕਿਸਤਾਨੀਆਂ ਨੂੰ ਜੇ.ਐਨ.ਯੂ. ਦੀ ਹਮਾਇਤ ਕਰਨ ਨੂੰ ਕਿਹਾ ਸੀ | ਪੁਲਿਸ ਇਹ ਜਾਂਚ ਕਰ ਰਹੀ ਹੈ ਕਿ ਕੀ ਟਵਿੱਟਰ ਹੈਂਡਲ ਸੱਚਮੁਚ ਹਾਫ਼ਿਜ਼ ਦਾ ਹੀ ਸੀ |
ਉਧਰ ਅਫ਼ਜ਼ਲ ਗੁਰੂ ਨਾਲ ਸਬੰਧਤ ਪ੍ਰੋਗਰਾਮ ਨਾਲ ਕਰ ਕੇ ‘ਵਰਸਟੀ ‘ਚੋਂ ਬਾਹਰ ਕਰ ਦਿਤੇ ਗਏ ਸੱਤ ਵਿਦਿਆਰਥੀਆਂ ਨੂੰ ਅੱਜ ‘ਵਰਸਟੀ ਦੀ ਇਕ ਉੱਚ ਪੱਧਰੀ ਕਮੇਟੀ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ | ਦੂਜੇ ਪਾਸੇ ਪੁਲਿਸ ਨੇ 9 ਫ਼ਰਵਰੀ ਨੂੰ ਹੋਏ ਇਸ ਪ੍ਰੋਗਰਾਮ ‘ਚ ਭਾਰਤ ਵਿਰੁਧ ਨਾਹਰੇਬਾਜ਼ੀ ਕਰਨ ਵਾਲੇ 13 ਵਿਦਿਆਰਥੀਆਂ ਦੀ ਭਾਲ ਲਈ ਇਕ ਟੀਮ ਕਾਇਮ ਕੀਤੀ ਹੈ |
ਇਸ ਦੌਰਾਨ ਨੌਜਵਾਨਾਂ ਦੇ ਇਕ ਸਮੂਹ ਨੇ ਰਾਜਧਾਨੀ ਸਥਿਤ ਸੀ.ਪੀ.ਐਮ. ਦੇ ਹੈੱਡਕੁਆਰਟਰ ‘ਚ ਹਮਲਾ ਕਰਨ ਦੀ ਕੋਸ਼ਿਸ਼ ਕੀਤੀ | ਪੁਲਿਸ ਨੇ ਉਨ੍ਹਾਂ ‘ਚੋਂ ਇਕ ਨੂੰ ਹਿਰਾਸਤ ‘ਚ ਲੈ ਲਿਆ ਹੈ | ਸੀ.ਪੀ.ਐਮ. ਨੇ ਕਿਹਾ ਕਿ ਹਮਲਾਵਰ ਆਰ.ਐਸ.ਐਸ.-ਭਾਜਪਾ ਦੇ ਕਾਰਕੁਨ ਸਨ ਜਿਨ੍ਹਾਂ ਨੇ ਪੱਥਰ ਵੀ ਸੁੱਟੇ, ਜਦਕਿ ਪੁਲਿਸ ਦਾ ਕਹਿਣਾ ਹੈ ਕਿ ਹਿਰਾਸਤ ‘ਚ ਲਏ ਨੌਜਵਾਨ ਨੇ ਦਾਅਵਾ ਕੀਤਾ ਹੈ ਕਿ ਉਹ ਆਮ ਆਦਮੀ ਸੈਨਾ ਨਾਮਕ ਜਥੇਬੰਦੀ ਦਾ ਮੈਂਬਰ ਹੈ |
ਮੇਰੇ ਬੇਟੇ ਨੂੰ ਅਤਿਵਾਦੀ ਨਾ ਕਹੋ : ਘਨਈਆ ਦੀ ਮਾਂ
ਜੇ.ਐਨ.ਯੂ. ਵਿਦਿਆਰਥੀ ਸੰਘ ਦੇ ਆਗੂ ਘਨਈਆ ਕੁਮਾਰ ਦੀ ਗਿ੍ਫ਼ਤਾਰੀ ਤੋਂ ਦੁਖੀ ਉਸ ਦੀ ਮਾਂ ਨੇ ਕਿਹਾ ਹੈ ਕਿ ਉਸ ਦੇ ਬੇਟੇ ਨੂੰ ਅਤਿਵਾਦੀ ਨਾ ਕਿਹਾ ਜਾਵੇ | ਬਿਹਾਰ ਦੇ ਬੇਗੁਸਰਾਏ ਜ਼ਿਲ੍ਹੇ ‘ਚ ਗੁਆਂਢੀ ਦੇ ਘਰ ਟੀ.ਵੀ. ਵੇਖ ਕੇ ਉਹ ਰੋ ਪਈ | ਉਸ ਦੀ ਮਾਂ ਨੇ ਫ਼ੋਨ ‘ਤੇ ਇਕ ਗੱਲਬਾਤ ‘ਚ ਕਿਹਾ, ”ਜਦੋਂ ਤੋਂ ਸਾਨੂੰ ਪਤਾ ਲੱਗਾ ਹੈ ਕਿ ਘਨਈਆ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ, ਉਦੋਂ ਤੋਂ ਅਸੀਂ ਲਗਾਤਾਰ ਟੀ.ਵੀ. ਵੇਖ ਰਹੇ ਹਾਂ | ਮੈਨੂੰ ਉਮੀਦ ਹੈ ਕਿ ਪੁਲਿਸ ਉਸ ਨੂੰ ਬਹੁਤ ਜ਼ਿਆਦਾ ਨਹੀਂ ਕੁੱਟੇਗੀ | ਉਸ ਨੇ ਕਦੀ ਵੀ ਅਪਣੇ ਮਾਤਾ-ਪਿਤਾ ਦੀ ਬੇਇੱਜ਼ਤੀ ਨਹੀਂ ਕੀਤੀ, ਦੇਸ਼ ਦੀ ਗੱਲ ਤਾਂ ਭੁੱਲ ਹੀ ਜਾਉ | ਕ੍ਰਿਪਾ ਕਰ ਕੇ ਮੇਰੇ ਬੇਟੇ ਨੂੰ ਅਤਿਵਾਦੀ ਨਾ ਕਹੋ | ਉਹ ਇਹ ਨਹੀਂ ਹੋ ਸਕਦਾ |” ਘਨਈਆ ਦਾ ਪਿਤਾ ਬਿਮਾਰ ਹੈ ਅਤੇ ਕਈ ਸਾਲਾਂ ਤੋਂ ਮੰਜੇ ‘ਤੇ ਪਿਆ ਹੈ | ਘਰ ਦਾ ਖ਼ਰਚਾ ਘਨਈਆ ਦੀ ਮਾਂ ਅਤੇ ਉਸ ਦਾ ਵੱਡਾ ਭਰਾ ਮਿਲ ਕੇ ਚਲਾਉਾਦੇ ਹਨ |



from Punjab News – Latest news in Punjabi http://ift.tt/1oCyZU2
thumbnail
About The Author

Web Blog Maintain By RkWebs. for more contact us on rk.rkwebs@gmail.com

0 comments