ਅੰਮ੍ਰਿਤਸਰ, 10 ਫਰਵਰੀ : ਸ਼੍ਰੋਮਣੀ ਕਮੇਟੀ ਨੇ ਦਰਬਾਰ ਸਾਹਿਬ ਸਮੂਹ ਵਿੱਚ ਸ੍ਰੀ ਅਕਾਲ ਤਖ਼ਤ ਸਾਹਮਣੇ ਨਿੱਤ ਵਾਰਾਂ ਦਾ ਗਾਇਨ ਕਰਦੇ ਢਾਡੀ ਜਥਿਆਂ ਦਾ ਗਾਇਨ ਸਮਾਂ ਘਟਾ ਦਿੱਤਾ ਹੈ, ਜਿਸ ਦਾ ਢਾਡੀ ਸਭਾ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਸੋਮਵਾਰ ਨੂੰ ਇਕ ਢਾਡੀ ਜਥਾ ਵਾਰਾਂ ਪੇਸ਼ ਕਰ ਰਿਹਾ ਸੀ। ਜਥੇ ਨੇ ਮੌਜੂਦਾ ਤੇ ਪੁਰਾਤਨ ਅਕਾਲੀਆਂ ਦੀ ਤੁਲਨਾ ਕੀਤੀ। ਉਸੇ ਸਮੇਂ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਆਏ ਹੋਏ ਸਨ, ਜਿਨ੍ਹਾਂ ਨੇ ਇਸ ਵਾਰ ਦਾ ਵਿਰੋਧ ਕੀਤਾ। ਵਿਰੋਧ ਪ੍ਰਗਟਾਉਂਦਿਆਂ ਉਨ੍ਹਾਂ ਢਾਡੀ ਜਥੇ ਕੋਲੋਂ ਮਾਈਕ ਲੈ ਲਿਆ ਅਤੇ ਜਥੇ ਨੂੰ ਵਰਜਿਆ। ਇਸ ਘਟਨਾ ਦਾ ਮਗਰੋਂ ਸੰਗਤ ਨੇ ਵਿਰੋਧ ਕੀਤਾ। ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਕੋਲੋਂ ਸ੍ਰੀ ਲੰਗਾਹ ਖ਼ਿਲਾਫ਼ ਪੰਥਕ ਮਰਿਆਦਾ ਅਨੁਸਾਰ ਕਾਰਵਾਈ ਦੀ ਮੰਗ ਕੀਤੀ ਹੈ। ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਤੋਂ ਜਾਣਕਾਰੀ ਮਿਲੀ ਹੈ ਕਿ ਫਿਲਹਾਲ ਸ੍ਰੀ ਪੰਜੋਲੀ ਦਾ ਕੋਈ ਪੱਤਰ ਨਹੀਂ ਮਿਲਿਆ ਹੈ। ਸ਼੍ਰੋਮਣੀ ਕਮੇਟੀ ਨੇ ਇਸ ਘਟਨਾ ਦਾ ਨੋਟਿਸ ਲੈਂਦਿਆਂ ਸ੍ਰੀ ਅਕਾਲ ਤਖ਼ਤ ਦੇ ਸਾਹਮਣੇ ਢਾਡੀ ਜਥਿਆਂ ਵੱਲੋਂ ਵਾਰਾਂ ਗਾਇਨ ਦੇ ਪ੍ਰੋਗਰਾਮ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲੈਂਦਿਅਾਂ ਢਾਡੀ ਜਥਿਆਂ ਦੇ ਵਾਰਾਂ ਗਾਇਨ ਦੇ ਸਮੇਂ ਵਿੱਚ ਕਟੌਤੀ ਕਰ ਦਿੱਤੀ ਹੈ। ਹੁਣ ਢਾਡੀ ਜਥੇ 9 ਤੋਂ 2 ਵਜੇ ਤੱਕ ਹੀ ਵਾਰਾਂ ਗਾਇਨ ਕਰਨਗੇ ਜਦੋਂ ਕਿ ਇਸ ਤੋਂ ਪਹਿਲਾਂ ਉਹ ਚਾਰ ਵਜੇ ਤੱਕ ਗਾਇਨ ਕਰਦੇ ਸਨ। ਇਸ ਤੋਂ ਇਲਾਵਾ ਨਿਗਰਾਨੀ ਰੱਖਣ ਅਤੇ ਮੰਚ ਸੰਚਾਲਨ ਵਾਸਤੇ ਧਰਮ ਪ੍ਰਚਾਰ ਕਮੇਟੀ ਦੇ ਦੋ ਪ੍ਰਚਾਰਕਾਂ ਦੀ ਪੱਕੀ ਡਿਊਟੀ ਲਾ ਦਿੱਤੀ ਗਈ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਨੇ ਕਿਹਾ ਕਿ ਭਵਿੱਖ ਵਿੱਚ ਮੁੜ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ, ਇਸ ਲਈ ਹੁਣ ਸਮੁੱਚਾ ਪ੍ਰਬੰਧ ਸ਼੍ਰੋਮਣੀ ਕਮੇਟੀ ਨੇ ਆਪਣੇ ਹੱਥਾਂ ਵਿੱਚ ਲੈ ਲਿਆ ਹੈ, ਜਿਸ ਤਹਿਤ ਦੋ ਪ੍ਰਚਾਰਕ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਢਾਡੀ ਜਥੇ ਹੁਣ 9 ਤੋਂ 2 ਵਜੇ ਤੱਕ ਹੀ ਵਾਰਾਂ ਗਾਇਨ ਕਰਨਗੇ। ਉਨ੍ਹਾਂ ਕਿਹਾ ਕਿ ਅਕਾਲੀਆਂ ਖ਼ਿਲਾਫ਼ ਬੋਲਣ ਵਾਲੇ ਢਾਡੀ ਜਥੇ ਖ਼ਿਲਾਫ਼ ਫਿਲਹਾਲ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ।
ਢਾਡੀ ਸਭਾ ਦੀ ਮੀਟਿੰਗ ਅੱਜ
ਢਾਡੀ ਸਭਾ ਦੇ ਮੁਖੀ ਬਲਦੇਵ ਸਿੰਘ ਐਮ.ਏ. ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਸਾਬਕਾ ਮੰਤਰੀ ਨੇ ਧਰਮ ਪ੍ਰਚਾਰ ਕਮੇਟੀ ਦੇ ਇਕ ਮੈਂਬਰ ਨੂੰ ਭੇਜਿਆ ਸੀ, ਜਿਸ ਨੇ ਮਾਮਲੇ ਨੂੰ ਸ਼ਾਂਤ ਕਰਨ ਲਈ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਗੱਲਬਾਤ ਬਾਅਦ ਦੋਵੇਂ ਪਾਸਿਓਂ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ ਸੀ ਪਰ ਪ੍ਰਬੰਧਕਾਂ ਨੇ ਢਾਡੀ ਜਥਿਆਂ ਦੇ ਸਮੇਂ ਵਿੱਚ ਕਟੌਤੀ ਕਰ ਦਿੱਤੀ ਹੈ, ਜੋ ਮਨਜ਼ੂਰ ਨਹੀਂ ਹੈ। ਇਸ ਮਾਮਲੇ ਨੂੰ ਵਿਚਾਰਨ ਲਈ ਢਾਡੀ ਸਭਾ ਦੀ 11 ਫਰਵਰੀ ਨੂੰ ਮੀਟਿੰਗ ਸੱਦੀ ਗਈ ਹੈ। ਢਾਡੀਆਂ ਦੇ ਪ੍ਰੋਗਰਾਮ ਦੌਰਾਨ ਨਿਗਰਾਨ ਲਗਾਉਣ ਬਾਰੇ ਉਨ੍ਹਾਂ ਕਿਹਾ ਕਿ ਇਸ ’ਤੇ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ।
from Punjab News – Latest news in Punjabi http://ift.tt/1Xkli7Z
0 comments