“ਸ਼ਹੀਦ”

ਸ਼ਹੀਦ ਸ਼ਬਦ ਸੁਣਨ ‘ਚ ਬਹੁਤ ਮਹਾਨ ਅਤੇ ਫ਼ਖਰ ਨਾਲ ਲਬਰੇਜ਼ ਲਗਦਾ ਹੈ ਪਰ ਹੰਢਾਉਣ ‘ਚ ਓਨਾ ਹੀ ਔਖਾ। ਸ਼ਹਾਦਤ ਦਾ ਜਾਮ ਪੀਣ ਤੇ ਪਿਆਉਣ ਵਿਚ ਵੀ ਬਹੁਤ ਫ਼ਰਕ ਹੁੰਦਾ ਹੈ। ਸ਼ਹੀਦ ਹੋਣਾ ਤੇ ਸ਼ਹੀਦ ਦਾ ਸਬੰਧੀ ਹੋਣ ‘ਚ ਵੀ ਦਿਨ ਰਾਤ ਦਾ ਫ਼ਰਕ ਹੁੰਦਾ ਹੈ। ਜਿਸ ਦਿਨ ਕੋਈ ਫ਼ੌਜੀ ਵਰਦੀ ਪਾਉਂਦਾ ਹੈ ਤਾਂ ਵਰਦੀ ਨੂੰ ਹੱਥੀਂ ਪਾਇਆ ਕਫ਼ਨ ਦਾ ਦਰਜਾ ਦਿੱਤਾ ਜਾਂਦਾ ਹੈ। ਦਿਲਾਸੇ ਅਤੇ ਹੌਸਲੇ ਲਈ ਇਹਨਾਂ ਬੋਲਾਂ ਨਾਲ ਹਲਾਸ਼ੇਰੀ ਦਿੱਤੀ ਜਾਂਦੀ ਹੈ ਕਿ ਸ਼ਹਾਦਤ ਦਾ ਜਾਮ ਕਿਸੇ ਕਰਮਾ ਵਾਲੇ ਨੂੰ ਨਸੀਬ ਹੁੰਦਾ।

ਪਰ ਇਸ ਦਾ ਦੂਜਾ ਪੱਖ ਓਨਾ ਸੁਖਾਵਾਂ ਨਹੀਂ ਹੁੰਦਾ ਜਿੰਨਾ ਦੇਖਣ ਨੂੰ ਲਗਦਾ। ਇਹ ਵੀ ਸਮੇਂ ਦਾ ਸੱਚ ਹੈ ਕਿ ਸੱਭ ਤੋਂ ਘੱਟ ਵਕਤ ਤਕਲੀਫ਼ ਸ਼ਹੀਦ ਹੋਣ ਵਾਲੇ ਨੂੰ ਹੁੰਦੀ ਹੋਣੀ ਹੈ ਕਿਉਂਕਿ ਜਦੋਂ ਉਹ ਮੋਰਚੇ ਤੇ ਹੁੰਦਾ ਉਦੋਂ ਦੁੱਖ ਤਕਲੀਫ਼ਾਂ ਬਹੁਤ ਛੋਟੀਆਂ ਹੋ ਜਾਂਦੀਆਂ ਹਨ ਅਤੇ ਨਾ ਹੀ ਸੋਚਣ ਲਈ ਵਕਤ ਹੁੰਦਾ। ਪਰ ਅਸਲੀ ਤਕਲੀਫ਼ ਤਾਂ ਸ਼ਹੀਦ ਦੇ ਸੰਬੰਧੀ ਝੱਲਦੇ ਹਨ। ਜਿਨ੍ਹਾਂ-ਜਿਨ੍ਹਾਂ ਕੁ ਰਿਸ਼ਤਾ ਓਨਾ ਹੀ ਦੁੱਖ। ਕਈ ਵਾਰ ਫ਼ੌਜੀ ਦਾ ਪਰਵਾਰ ਕਈ ਤਰ੍ਹਾਂ ਦੇ ਸੁਖ ਭੋਗਦਾ ਤਾਂ ਦਿਸ ਜਾਂਦਾ, ਪਰ ਜ਼ਿਆਦਾ ਵਕਤ ਵਿਛੋੜੇ ਦੀ ਅੱਗ ਸੌਣ ਕਿਥੋਂ ਦਿੰਦੀ ਹੈ। ਕਿਸੇ ਫ਼ੌਜੀ ਦੇ ਘਰ ਦਾ ਬੂਹਾ ਜਦੋਂ ਖੜਕਦਾ ਤਾਂ ਪਰਵਾਰ ਦਾ ਚਿੱਤ ਹੀ ਲੋਚਦਾ! ਵੀ ਪਤਾ ਨਹੀਂ ਕਦੋਂ ਆ ਕੇ ਕੋਈ ਵਧਾਈ ਦੇ ਦੇਵੇ, ਕਿ ਤੁਸੀਂ ਕਰਮਾ ਵਾਲੇ ਹੋ ਤੁਹਾਡਾ ਪੁੱਤਰ ਦੇਸ਼ ਦੇ ਲੇਖੇ ਲੱਗ ਗਿਆ ਅਤੇ ਸੂਰਮਗਤੀ ਨੂੰ ਪ੍ਰਾਪਤ ਕਰਦਾ ਹੋਇਆ ਸ਼ਹੀਦ ਦਾ ਰੁਤਬਾ ਪਾ ਗਿਆ। ਸੋਚ ਕੇ ਦੇਖੋ! ਕਿ ਸਾਡੇ ‘ਚੋਂ ਕਿੰਨੇ ਦਿਲੋਂ ਚਾਹੁੰਦੇ ਹਨ ਇਹੋ ਜਿਹੀਆਂ ਵਧਾਈਆਂ ਕਬੂਲਣੀਆਂ।

ਵਕਤ-ਵਕਤ ਦੇ ਰੰਗ ਹਨ ਕਦੇ ਲੜਾਈ ਸਰੀਰਾ ਦੇ ਜੋਰ ਤੇ ਲੜੀ ਜਾਂਦੀ ਸੀ। ਉਸ ਦੇ ਕਾਇਦੇ ਕਾਨੂੰਨ ਹੁੰਦੇ ਸਨ। ਨਿਹੱਥੇ ਤੇ ਬਾਰ ਨਹੀਂ ਕੀਤਾ ਜਾਂਦਾ ਸੀ। ਟਿੱਕੀ ਛਿਪੀ ਤੋਂ ਕੋਈ ਹਥਿਆਰ ਨਹੀਂ ਚੁੱਕਦਾ ਸੀ। ਆਧੁਨਿਕਤਾ ਅਤੇ ਤਰੱਕੀ ਦੇ ਦੇ ਨਾਂ ਤੇ ਜਿੱਥੇ ਇਨਸਾਨ ਨੇ ਮਾਰੂ ਹਥਿਆਰ ਈਜਾਦ ਕਰ ਲਏ ਹਨ। ਇਨ੍ਹਾਂ ਦਾ ਸੱਭ ਤੋਂ ਪਹਿਲਾ ਵਾਰ ਤਾਂ ਇਨਸਾਨੀਅਤ ਉੱਤੇ ਹੋਇਆ। ਅੱਜ ਦੇ ਹਥਿਆਰ ਚਲਾਉਣ ਤੋਂ ਪਹਿਲਾਂ ਖ਼ੁਦ ਦੀ ਇਨਸਾਨੀਅਤ ਮਾਰਨੀ ਪੈਂਦੀ ਹੈ ਤੇ ਚਾਹੇ ਜੋ ਮਰਜ਼ੀ ਛੱਲ-ਕਪਟ ਕਰਨਾ ਪਵੇ ਬੱਸ ਜਿੱਤ ਹੋਣੀ ਚਾਹੀਦੀ ਹੈ, ਵਾਲੀ ਪ੍ਰਵਿਰਤੀ ਬਣ ਕੇ ਰਹਿ ਗਈ ਹੈ।

ਸੋਚ ਦਾ ਇਕ ਪਹਿਲੂ ਇਹ ਵੀ ਹੈ ਕਿ ਇਹ ਲੜਾਈਆਂ ਲੜੀਆਂ ਕਾਹਦੇ ਲਈ ਜਾ ਰਹੀਆਂ ਹਨ? ਤਾਜ਼ਾ ਘਟਨਾ ਕਰਮ ਨੂੰ ਦੇਖ ਲਵੋ, ਜੋ ਹਮਲਾ ਪਠਾਨਕੋਟ ਏਅਰ ਬੇਸ ਤੇ ਹੋਇਆ ਉਸ ਨਾਲ ਕਿਹੜੀ ਪ੍ਰਾਪਤੀ ਕੀਤੀ ਗਈ ਹੈ। ਧਰਮ ਦੇ ਨਾਂ ਤੇ ਦੂਹਰੀਆਂ ਸ਼ਹੀਦੀਆਂ। ਮੇਰਾ ਇੱਥੇ ਦੂਹਰੀਆਂ ਲਿਖਣ ਦਾ ਕਾਰਨ ਇਹੀ ਹੈ ਕਿ ਸਾਡੇ ਭਾਅ ਦੀ ਉਹ ਘੁਸਪੈਠੀਏ ਅੱਤਵਾਦੀ ਹੋਣਗੇ। ਪਰ ਉਸ ਮਾਂ ਨੂੰ ਪੁੱਛੋ ਜਿਸ ਨੇ ਮਰਨ ਜਾਣ ਤੋਂ ਪਹਿਲਾ ਆਪਣੇ ਪੁੱਤ ਨੂੰ ਫ਼ੋਨ ਤੇ ਪੁੱਛਿਆ ਕਿ ਪੁੱਤ ਰੋਟੀ ਖਾ ਲਈ ਕੇ ਨਹੀਂ? ਧਰਮ ਦੇ ਠੇਕੇਦਾਰਾਂ ਨੇ ਉਨ੍ਹਾਂ ਦੇ ਗਲਾਂ ‘ਚ ਸ਼ਹੀਦੀਆਂ ਦੇ ਸਿਰੋਪੇ ਪਾ ਦਿੱਤੇ ਜੋ ਸਾਡੀ ਨਜ਼ਰ ‘ਚ ਕਾਤਿਲ ਹਨ। ਤੇ ਅੱਜ ਉਹੀ ਮਾਂ ਉਨ੍ਹਾਂ ਧਾਰਮਿਕ ਆਕਾਵਾਂ ਨੂੰ ਆਪਣੇ ਪੁੱਤ ਦਾ ਕਾਤਿਲ ਮੰਨ ਰਹੀ ਹੈ ਅਤੇ ਆਪਣਾ ਫ਼ਰਜ਼ ਨਿਭਾਉਣ ਵਾਲੇ ਉਨ੍ਹਾਂ ਸਿਪਾਹੀਆਂ ਨੂੰ ਵੀ ਕਾਤਲ ਕਹਿ ਰਹੀ ਹੈ, ਜਿਨ੍ਹਾਂ ਉੱਤੇ ਸੁੱਤੇ-ਸੁਧ ਹਮਲਾ ਕੀਤਾ ਗਿਆ ਤੇ ਜੋ ਸਾਡੇ ਲਈ ਸ਼ਹੀਦ ਹਨ।
ਨਾਂ ਤਾਂ ਪਰਧਾਨ ਮੰਤਰੀ ਦਾ ਬਿਆਨ, ਨਾਂ ਰੱਖਿਆ ਮੰਤਰੀ ਵੱਲੋਂ ਕੀਤੀ ਵਡਿਆਈ ਕਿਸੇ ਬੱਚੇ ਦਾ ਬਾਪ, ਕਿਸੇ ਪਤਨੀ ਦਾ ਪਿਉ ਤੇ ਕਿਸੇ ਮਾਪਿਆਂ ਦਾ ਪੁੱਤ ਮੋੜ ਕੇ ਲਿਆ ਸਕਦੀ ਹੈ ਤੇ ਨਾ ਸਰਕਾਰਾਂ ਵੱਲੋਂ ਦਿੱਤੀਆਂ ਨੌਕਰੀਆਂ ਤੇ ਗਰਾਂਟਾਂ ਉਨ੍ਹਾਂ ਦੇ ਜ਼ਖਮ ਭਰ ਸਕਦੀਆਂ ਹਨ।

ਚਾਰ ਦਿਨ ਟੀ. ਵੀ.  ਅਤੇ ਅਖ਼ਬਾਰੀ ਖ਼ਬਰਾਂ ਤੋਂ ਬਾਅਦ ਕਦੇ ਕਿਸੇ ਨੇ ਯਾਦ ਨਹੀਂ ਕਰਨਾ? ਕਦੇ ਸੁਣਿਆ ਤੁਸੀ ਵੀ ਸਮੇਂ ਦਾ ਹਾਕਮ ਕਾਰਗਿਲ ਦੇ ਸ਼ਹੀਦਾਂ ਦੇ ਘਰੇ ਬੱਚਿਆਂ ਦੇ ਸਿਰ ਹੱਥ ਧਰਨ ਗਿਆ ਹੋਵੇ? ਸ਼ਹੀਦ ਦੇ ਪਰਵਾਰ ਦਾ ਦੁੱਖ ਉਸ ਵਕਤ ਹੋਰ ਵੀ ਵੱਧ ਜਾਂਦਾ ਜਦੋਂ ਵਾਰ ਪਿੱਠ ਪਿੱਛੋਂ ਕੀਤਾ ਗਿਆ ਹੋਵੇ। ਪਰ ਇੱਥੇ ਤਾਂ ਅੱਧੀ ਰਾਤ ਨੂੰ ਪਿੱਠ ‘ਚ ਵਾਰ ਕਰ ਕੇ ਪਰਵਾਰ ਕੋਲ ਕਿੰਨੇ ਸਵਾਲ ਛੱਡ ਦਿੱਤੇ ਹਨ! ਮਾਂ ਆਪਣੇ ਬੱਚਿਆ ਨੂੰ ਸਾਰੀ ਉਮਰ ਇਹੀ ‘ਜੇ’ ਦੀ ਕਹਾਣੀ ਸੁਣਾਉਂਦੀ ਰਹੇਗੀ ਕਿ ਜੇ ਵੈਰੀ ਲਲਕਾਰ ਕੇ ਆਉਂਦਾ ਤਾਂ ਤੁਹਾਡੇ ਬਾਪ ਨੇ ਖੰਘਣ ਨਹੀਂ ਦੇਣਾ ਸੀ। ਇਹ ਕਹਾਣੀਆਂ ਬੱਚਿਆਂ ਨੂੰ ਵੀ ਪਛਤਾਵੇ ਤੋਂ ਸਿਵਾ ਹੋਰ ਕੁੱਝ ਨਹੀਂ ਦੇ ਸਕਦੀਆਂ।

ਸੱਭ ਦੇ ਵੱਖੋ-ਵੱਖ ਨਜ਼ਰੀਏ ਹਨ ਕਈ ਤਾਂ ਤਨਖ਼ਾਹਦਾਰ ਫ਼ੌਜੀਆਂ ਨੂੰ ਸ਼ਹੀਦ ਮੰਨਣ ਤੋਂ ਵੀ ਇਨਕਾਰੀ ਹਨ। ਚਲੋ ਇਹ ਉਨ੍ਹਾਂ ਦੀ ਸੋਚ! ਪਰ ਸਾਡੇ ਜਿਹੇ ਆਮ ਬੰਦਿਆਂ ਕੋਲ ਤਾਂ ਹੁਣ ਦੋ ਹੀ ਗੱਲਾਂ ਰਹਿ ਗਈਆਂ ਜਾਂ ਤਾਂ ਦੂਆ ਕਰੀਏ ਕਿ ਇਹਨਾਂ ਧਰਮ ਦੇ ਠੇਕੇਦਾਰਾ ਨੂੰ ਅੱਲਾ ਸੁਮੱਤ ਬਖ਼ਸ਼ੇ ਜਾਂ ਫੇਰ ਮਹਾਨ ਕਵਿਰਾਜ ਪ੍ਰਦੀਪ ਜੀ ਹੋਰਾਂ ਦੇ ਲਿਖੇ ਇਹ ਬੋਲ ”ਐ ਮੇਰੇ ਵਤਨ ਕੇ ਲੋਗੋ, ਜਰਾ ਆਂਖ ਮੇ ਭਰ ਲਓ ਪਾਣੀ, ਜੋ ਸ਼ਹੀਦ ਹੂਏ ਹੈਂ ਉਨ ਕੀ, ਜਰਾ ਯਾਦ ਕਰੋ ਕੁਰਬਾਨੀ” ਸੁਣ ਕੇ ਅੱਖਾਂ ਨਮ ਕਰ ਲਈਏ।



from Punjab News - Quami Ekta Punjabi Newspaper (ਕੌਮੀ ਏਕਤਾ) http://ift.tt/20pVffn
thumbnail
About The Author

Web Blog Maintain By RkWebs. for more contact us on rk.rkwebs@gmail.com

0 comments