ਹਿੰਦੂ ਸੰਗਠਨਾਂ ਵੱਲੋਂ ਸੀਪੀਆਈ (ਐਮ) ਪੰਜਾਬ ਦੇ ਦਫ਼ਤਰ ’ਤੇ ਹਮਲਾ

ਚੰਡੀਗਡ਼੍ਹ ਦੇ ਸੈਕਟਰ 30 ਵਿੱਚ ਸੀਪੀਆਈ (ਐੱਮ) ਦੇ ਦਫ਼ਤਰ ਦੇ ਟੁੱਟੇ ਹੋਏ ਸ਼ੀਸ਼ੇ।

*  ਚੰਡੀਗਡ਼੍ਹ ਸਥਿਤ ਦਫ਼ਤਰ ਦੀ ਭੰਨਤੋਡ਼
* ਪੁਲੀਸ ਨੇ ਕੁਝ ਪ੍ਰਦਰਸ਼ਨਕਾਰੀ ਹਿਰਾਸਤ ਵਿੱਚ ਲਏ

ਚੰਡੀਗਡ਼੍ਹ, 17 ਫਰਵਰੀ : ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਦੇ ਕਾਰਕੁਨਾਂ ਨੇ ਅੱਜ ਇਥੇ ਸੈਕਟਰ-30 ਸਥਿਤ ਸੀਪੀਆਈ (ਐਮ)-ਪੰਜਾਬ ਦੇ ਮੁੱਖ ਦਫ਼ਤਰ ਦੀ ਭੰਨ-ਤੋਡ਼ ਕੀਤੀ, ਜਿਸ ਕਾਰਨ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਪੁਲੀਸ ਨੇ ਸੀਪੀਆਈ (ਐਮ) ਦੇ ਆਗੂਆਂ ਕੋਲੋਂ ਸ਼ਿਕਾਇਤ ਹਾਸਲ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਕੁਝ ਪ੍ਰਦਰਸ਼ਨਕਾਰੀ ਹਿਰਾਸਤ ਵਿੱਚ ਲਏ ਹਨ। ਇਸ ਘਟਨਾ ਨੇ ਪੁਲੀਸ ਦੇ ਸੁਰੱਖਿਆ ਪ੍ਰਬੰਧਾਂ ਉਪਰ ਵੀ ਸਵਾਲ ਖਡ਼੍ਹੇ ਕਰ ਦਿੱਤੇ ਹਨ। ਦਰਅਸਲ, ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਵੱਲੋਂ ਅੱਜ ਸਵੇਰ ਤੋਂ ਹੀ ਸੈਕਟਰ- 29 ਤੇ 30 ਲਾਈਟ ਪੁਆਇੰਟ ਨੇਡ਼ੇ ਦੇਸ਼ ਵਿਰੋਧੀ ਕਾਰਵਾਈਆਂ ਕਰਨ ਵਾਲਿਆਂ ਖ਼ਿਲਾਫ਼ ਰੋਸ ਮੁਜ਼ਾਹਰਾ ਕਰਨ ਦਾ ਐਲਾਨ ਕੀਤਾ ਸੀ। ਹਿੰਦੂ ਸੰਗਠਨਾਂ ਦੇ ਤਕਰੀਬਨ 70 ਕਾਰਕੁਨ ਸ਼ਾਮ 5.30 ਵਜੇ ਦੇ ਕਰੀਬ ਸੈਕਟਰ- 29 ਤੇ 30 ਦੇ ਚੌਕ ਨੇਡ਼ੇ ਪੁੱਜੇ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਚੌਕ ਨਾਲ ਹੀ ਸੀਪੀਆਈ (ਐਮ) ਪੰਜਾਬ ਦਾ ਮੁੱਖ ਦਫ਼ਤਰ ਹੈ। ਇਸ ਬਾਅਦ ਪ੍ਰਦਰਸ਼ਨਕਾਰੀ ਇਸ ਦਫ਼ਤਰ ਵੱਲ ਵਧੇ ਅਤੇ ਨਾਅਰੇਬਾਜ਼ੀ ਕੀਤੀ। ਇਸ ਬਾਅਦ ਦਫ਼ਤਰ ਉਪਰ ਪਥਰਾਅ ਕਰਕੇ ਭੰਨਤੋਡ਼ ਸ਼ੁਰੂ ਕਰ ਦਿੱਤੀ।
ਸੀਪੀਆਈ (ਅੈਮ) ਦੇ ਦਫ਼ਤਰ ਵਿੱਚ ਮੌਜੂਦ ਸੀਟੂ ਪੰਜਾਬ ਦੇ ਜਨਰਲ ਸਕੱਤਰ ਰਘੂਨਾਥ ਸਿੰਘ ਨੇ ਦੱਸਿਆ ਕਿ ਉਹ ਕਮਰੇ ਵਿੱਚ ਬੈਠੇ ਸਨ। ਉਹ ਆਪਣੇ ਕੁਝ ਹੋਰ ਸਾਥੀਆਂ ਨਾਲ ਰੌਲਾ ਸੁਣ ਕੇ ਜਦੋਂ ਬਾਹਰ ਬਾਲਕੋਨੀ ਵਿੱਚ ਆਏ ਤਾਂ ਪ੍ਰਦਰਸ਼ਨਕਾਰੀ ਹੋਰ ਭਡ਼ਕ ਪਏ ਅਤੇ ਗਾਲੀਗਲੋਚ ’ਤੇ ਉੱਤਰ ਆਏ। ਉਨ੍ਹਾਂ ਦੱਸਿਆ ਕਿ ਪ੍ਰਦਰਸ਼ਨਕਾਰੀ ‘ਦੇਸ਼ ਦੇ ਗੱਦਾਰੋ ਪਾਕਿਸਤਾਨ ਜਾਓ’ ਦੇ ਨਾਅਰੇ ਲਗਾ ਰਹੇ ਸਨ। ਇਸ ਬਾਅਦ ਪ੍ਰਦਰਸ਼ਨਕਾਰੀਆਂ ਨੇ ਦਫ਼ਤਰ ਉਪਰ ਪਥਰਾਅ  ਕਰ ਦਿੱਤਾ ਅਤੇ ਕਾਫ਼ੀ ਭੰਨਤੋਡ਼ ਕੀਤੀ। ਦਫ਼ਤਰ ਦੇ ਸ਼ੀਸ਼ੇ ਟੁੱਟ ਗਏ ਹਨ। ਸ੍ਰੀ ਰਘੂਨਾਥ ਨੇ ਦੱਸਿਆ ਕਿ ਉਨ੍ਹਾਂ ਇਸ ਘਟਨਾ ਦੀ ਸੂਚਨਾ ਫੋਨ ਰਾਹੀਂ ਚੰਡੀਗਡ਼੍ਹ ਦੇ ਐਸਐਸਪੀ ਨੂੰ ਦਿੱਤੀ ਅਤੇ ਉਸ ਬਾਅਦ ਪੁਲੀਸ ਮੌਕੇ ’ਤੇ ਪੁੱਜੀ। ਪ੍ਰਦਰਸ਼ਨਕਾਰੀਆਂ ਨੇ ਦਫ਼ਤਰ ਮੂਹਰੇ ਬੇਖੌਫ਼ ਹੋ ਕੇ ਅੱਧਾ ਘੰਟਾ ਹੁਡ਼ਦੰਗ ਮਚਾਇਆ। ਉਨ੍ਹਾਂ ਦੋਸ਼ ਲਾਇਆ ਕਿ ਚੰਡੀਗਡ਼੍ਹ ਪੁਲੀਸ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨ ਵਾਲੇ ਵਰਗਾਂ ਉਪਰ ਧਾਰਾ 144 ਲਾਗੂ ਕਰਕੇ ਅਾਵਾਜ਼ ਦਬਾਉਂਦੀ ਆ ਰਹੀ ਹੈ ਜਦੋਂ ਕਿ ਦੇਸ਼ ਦਾ ਮਾਹੌਲ ਖ਼ਰਾਬ ਕਰਨ ਵਾਲੇ ਅਜਿਹੇ ਅਨਸਰਾਂ ਨੂੰ ਪੂਰੀ ਖੁੱਲ੍ਹ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਕੋਈ ਭੰਨਤੋਡ਼ ਦੀ ਘਟਨਾ ਨਹੀਂ ਹੈ ਸਗੋਂ ਦਫ਼ਤਰ ਉਪਰ ਹਮਲਾ ਕੀਤਾ ਗਿਆ ਹੈ। ਪੁਲੀਸ ਇਸ ਮਾਮਲੇ ਦੀ ਗੰਭੀਰਤਾ ਨੂੰ ਸਮਝਦਿਆਂ ਤੁਰੰਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰੇ। ਸ੍ਰੀ ਰਘੂਨਾਥ ਨੇ ਕਿਹਾ ਕਿ ਮੋਦੀ ਰਾਜ ਵਿੱਚ ਜਦੋਂ ਕੋਈ ਵੀ ਧਿਰ ਹੁਕਮਰਾਨ ਭਾਜਪਾ ਦੀ ਵਿਚਾਰਧਾਰਾ ਵਿਰੁੱਧ ਬੋਲਦੀ ਹੈ ਤਾਂ ਉਸ ਉਪਰ ਹਮਲੇ ਕਰਾਏ ਜਾਂਦੇ ਹਨ। ਘਟਨਾ ਬਾਅਦ ਪਾਰਟੀ ਆਗੂ ਕੁਲਦੀਪ ਸਿੰਘ ਆਦਿ ਵੀ ਮੌਕੇ ’ਤੇ ਪੁੱਜ ਗਏ ਅਤੇ ਇਸ ਘਟਨਾ ਦੀ ਨਿੰਦਾ ਕੀਤੀ। ਘਟਨਾ ਸਥਾਨ ’ਤੇ ਪੁੱਜੇ ਸੀਪੀਆਈ ਦੇ ਸੀਨੀਅਰ ਆਗੂ ਦੇਵੀ ਦਿਆਲ ਸ਼ਰਮਾ ਨੇ ਕਿਹਾ ਕਿ ਇਹ ਬਡ਼ੀ ਗੰਭੀਰ ਘਟਨਾ ਹੈ ਅਤੇ ਦੇਸ਼ ਦਾ ਮਾਹੌਲ ਖ਼ਰਾਬ ਕਰਨ ਵਾਲੇ ਅਜਿਹੇ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।

ਫਾਸ਼ੀਵਾਦੀ ਤਾਕਤਾਂ ਖਿਲਾਫ਼ ਡਟਣ ਦਾ ਸੱਦਾ
ਚੰਡੀਗਡ਼੍ਹ, 17 ਫਰਵਰੀ : ਪੰਜਾਬ ਦੇ ਖੱਬੇ ਪੱਖੀ ਆਗੂਆਂ ਨੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ)-ਪੰਜਾਬ ਦੇ ਦਫ਼ਤਰ ’ਤੇ ਹੋਏ ਹਮਲੇ ਦੀ ਨਿੰਦਾ ਕੀਤੀ ਹੈ। ਸੀਪੀਐਮ, ਪੰਜਾਬ ਦੇ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਅਤੇ ਸੀਪੀਆਈ ਦੀ ਸਾਬਕਾ ਸੂਬਾਈ ਸਕੱਤਰ ਪ੍ਰੋ. ਬਲਵੰਤ ਸਿੰਘ ਨੇ ਵੱਖੋ ਵੱਖਰੇ ਪ੍ਰੈੱਸ ਬਿਆਨਾਂ ਰਾਹੀਂ ਪਾਰਟੀ ਦੇ ਚੰਡੀਗਡ਼੍ਹ ਸਥਿਤ ਦਫ਼ਤਰ ’ਤੇ ਹੋਏ ਹਮਲੇ ਦੀ ਨਿੰਦਾ ਕਰਦਿਆਂ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜਮਹੂਰੀਅਤ ਵਿੱਚ ਯਕੀਨ ਰੱਖਣ ਵਾਲੇ ਲੋਕਾਂ ਨੂੰ ਨਾਲ ਲੈ ਕੇ ਫਾਸ਼ੀਵਾਦੀ ਤਾਕਤਾਂ ਖ਼ਿਲਾਫ਼ ਲਡ਼ਾਈ ਲਡ਼ੀ ਜਾਵੇਗੀ। ਆਗੂਆਂ ਨੇ ਕਿਹਾ ਕਿ ਦੇਸ਼ ਵਿੱਚ ਜਦੋਂ ਤੋਂ ਭਾਜਪਾ ਦੀ ਅਗਵਾਈ ’ਚ ਸਰਕਾਰ ਬਣੀ ਹੈ ਉਦੋਂ ਤੋਂ ਹੀ ਘੱਟ ਗਿਣਤੀਆਂ ਤੇ ਜਮਹੂਰੀ ਜਥੇਬੰਦੀਆਂ ’ਤੇ ਹਮਲੇ ਹੋਣੇ ਸ਼ੁਰੂ ਹੋਏ ਹਨ। ਮੋਦੀ ਸਰਕਾਰ ਅਜਿਹੇ ਹਮਲਾਵਰਾਂ ਨੂੰ ਨੱਥ ਪਾਉਣ ਦੀ ਥਾਂ ਸ਼ਹਿ ਦੇ ਰਹੀ ਹੈ। ਕਾਮਰੇਡ ਪਾਸਲਾ ਤੇ ਪ੍ਰੋ. ਬਲਵੰਤ ਨੇ ਕਿਹਾ ਕਿ ਵਿਰੋਧੀ ਆਵਾਜ਼ਾਂ ਨੂੰ ਦਬਾਉਣ ਲਈ ਲੋਕਾਂ ਦੇ ਗਲ ਘੁੱਟੇ ਜਾ ਰਹੇ ਹਨ। ਉਨ੍ਹਾਂ ਜਮਹੂਰੀਅਤ ਦਾ ਗਲ ਘੁੱਟਣ ਵਾਲੀਅਾਂ ਤਾਕਤਾਂ ਨੂੰ ਮੂੰਹ ਤੋਡ਼ ਜਵਾਬ ਦੇਣ ਦਾ ਸੱਦਾ ਦਿੱਤਾ।

ਹੁੱਲਡ਼ਬਾਜ਼ਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਾਂਗੇ: ਐਸਐਸਪੀ
ਐਸਐਸਪੀ ਡਾ. ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਹੁੱਲਡ਼ਬਾਜ਼ਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਕੁਝ ਵਿਖਾਵਾਕਾਰੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਸੀਪੀਆਈ (ਐਮ) ਦੇ ਆਗੂਆਂ ਦੇ ਬਿਆਨਾਂ ਦੇ ਅਾਧਾਰ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਏਐਸਪੀ (ਪੂਰਬੀ) ਡਾ. ਗੁਰਇਕਬਾਲ ਸਿੰਘ ਸਿੱਧੂ ਅਤੇ ਸਨਅਤੀ ਖੇਤਰ ਥਾਣੇ ਦੇ ਐਸਐਚਓ ਦਵਿੰਦਰ ਸਿੰਘ ਨੇ ਮੌਕੇ ’ਤੇ ਪੁੱਜ ਕੇ ਸਾਰੀ ਘਟਨਾ ਦਾ ਜਾਇਜ਼ਾ ਲਿਆ।



from Punjab News – Latest news in Punjabi http://ift.tt/1SA4AC4
thumbnail
About The Author

Web Blog Maintain By RkWebs. for more contact us on rk.rkwebs@gmail.com

0 comments