ਖਡੂਰ ਸਾਹਿਬ ਦੀ ਚੋਣ ਜਿੱਤਣ ਬਾਅਦ ਸੁਖਬੀਰ ਸਿੰਘ ਬਾਦਲ ਬਾਗ਼ੋਬਾਗ਼
ਚੰਡੀਗਡ਼੍ਹ, 17 ਫਰਵਰੀ :ਖਡੂਰ ਸਾਹਿਬ ਵਿਧਾਨ ਸਭਾ ਦੀ ਜ਼ਿਮਨੀ ਚੋਣ ਜਿੱਤਣ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਥੇ ਬਾਗ਼ੋਬਾਗ਼ ਹਨ ੳੁਥੇ ਉਹ ਪਾਰਟੀ ਕੇਡਰ ਨੂੰ ਵੀ ਪਾਰਟੀ ਨਾਲ ਜੋਡ਼ੀ ਰੱਖਣ ਦਾ ਦਾਅਵਾ ਕਰ ਰਹੇ ਹਨ। ਇਹ ਜਿੱਤ ਪੰਜਾਬ ਦੇ ਉਪ ਮੁੱਖ ਮੰਤਰੀ ਲਈ ਨਿੱਜੀ ਜਿੱਤ ਵੀ ਹੈ ਕਿਉਂਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਦੇ ਬਿਮਾਰ ਹੋਣ ਕਾਰਨ ਸ੍ਰੀ ਸੁਖਬੀਰ ਬਾਦਲ ਨੇ ਹੀ ਇਸ ਚੋਣ ਦੀ ਸਾਰੀ ਰਣਨੀਤੀ ਘਡ਼ੀ ਸੀ। ਹੁਣ ਸੁਆਲ ਹੈ ਕੀ ਰਾਜ ਦੀਆਂ ਅਗਲੀਆਂ ਵਿਧਾਨ ਸਭਾ ਚੋਣਾਂ-2017 ਵਿੱਚ ਪਾਰਟੀ ਦਾ ਮੁੱਖ ਮੰਤਰੀ ਦਾ ਚਿਹਰਾ ਸ੍ਰੀ ਸੁਖਬੀਰ ਬਾਦਲ ਹੋਣਗੇ? ੲਿਸ ਦਾ ਜੁਆਬ ਨਾਂਹ ਵਿੱਚ ਦਿੰਦਿਆਂ ਉਨ੍ਹਾਂ ਕਿਹਾ ਕਿ ਉਹ ਪਾਰਟੀ ਦੀ ਚੋਣ ਰਣਨੀਤੀ ਦੇ ਮੁੱਖ ਸੂਤਰਧਾਰ ਤਾਂ ਹੋਣਗੇ ਪਰ ਮੁੱਖ ਮੰਤਰੀ ਦਾ ਚਿਹਰਾ ਉਨ੍ਹਾਂ ਦੇ ਪਿਤਾ ਹੀ ਹੋਣਗੇ।
ਉਪ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਖਡੂਰ ਸਾਹਿਬ ਦੀ ਚੋਣ ਜਿੱਤਣ ਤੋਂ ਇਕ ਗੱਲ ਤਾਂ ਸਾਫ ਹੈ ਕਿ ਲੋਕਾਂ ਨੇ ਸਰਕਾਰ ਵੱਲੋਂ ਕੀਤੇ ਵਿਕਾਸ ਦੇ ਕੰਮਾਂ ’ਤੇ ਮੋਹਰ ਲਗਾਈ ਹੈ। ਦੂਜਾ ਹਲਕਾ ਪੰਥਕ ਰਿਹਾ ਹੈ। ਇਸ ਵਾਰ ਵੀ ਇਸ ਨੇ ਹਲਕੇ ਨੇ ਇਕ ਜੁੱਟ ਹੋਕੇ ਪੰਥਕ ਏਕਤਾ ਦਾ ਪ੍ਰਗਟਾਵਾ ਕਰਕੇ ਅਕਾਲੀ ਦਲ ਨੂੰ ਜਿਤਾ ਦਿੱਤਾ। ਤੀਜਾ ਲੋਕਾਂ ਨੇ ਵਿਰੋਧੀ ਧਿਰਾਂ ਵੱਲੋਂ ਸਰਕਾਰ ਖ਼ਿਲਾਫ਼ ਕੀਤੇ ਜਾ ਰਹੇ ਝੂਠੇ ਪ੍ਰਚਾਰ ਵੱਲ ਕੰਨ ਨਹੀਂ ਧਰੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਕੋੲੀ ਅਧਾਰ ਨਹੀਂ ਹੈ। ਆਮ ਆਦਮੀ ਪਾਰਟੀ ਬਾਰੇ ਲੋਕਾਂ ਨੂੰ ਪਤਾ ਹੈ ਉਸ ਨੇ ਦਿੱਲੀ ਵਿੱਚ ਕੁੱਝ ਨਹੀਂ ਕੀਤਾ ਸਿਰਫ਼ ਪ੍ਰਚਾਰ ’ਤੇ ਪੈਸਾ ਪਾਣੀ ਵਾਂਗ ਵਹਾਅ ਰਹੀ ਹੈ। ਦੂਜੇ ਪਾਸੇ ਕਾਂਗਰਸ ਪਾਰਟੀ ਹੈ ਜਿਹਡ਼ੀ ਲੋਕਾਂ ਤੋਂ ਦੂਰ ਹੈ। ਇਹ ਅਜਿਹੀ ਪਾਰਟੀ ਹੈ ਜਿਸ ਦੇ ਕਈ ਕਮਾਂਡਰ ਹਨ ਪਰ ਇਸ ਦਾ ਜਰਨੈਲ ਕੋਈ ਨਹੀਂ ਹੈ। ਕਾਂਗਰਸ ਵੱਲੋਂ ਚੋਣ ਰਣਨੀਤੀ ਘਡ਼ਨ ਲਈ ਮਾਹਿਰ ਪ੍ਰਸ਼ਾਂਤ ਕਿਸ਼ੋਰ ਦੀ ਮਦਦ ਲਏ ਜਾਣ ਬਾਰੇ ਸ੍ਰੀ ਬਾਦਲ ਨੇ ਕਿਹਾ,‘ਜੇ ਘੋਡ਼ਾ(ਕੈਪਟਨ ਅਮਰਿੰਦਰ ਸਿੰਘ) ਹੀ ਦੇਸੀ ਹੋਵੇ ਤਾਂ ਦੁਨੀਆਂ ਦਾ ਚੋਟੀ ਦਾ ਘੋਡ਼ ਸਵਾਰ(ਕਿਸ਼ੋਰ) ਵੀ ਮੂੰਹ ਦੀ ਖਾ ਜਾਵੇਗਾ।’ ਸ੍ਰੀ ਸੁਖਬੀਰ ਬਾਦਲ ਨੇ ਮੰਨਿਆ ਕਿ ਰਾਜ ਵਿੱਚ ਭ੍ਰਿਸ਼ਟਾਚਾਰ ਹੈ ਪਰ ਨਾਲ ਹੀ ਕਿਹਾ ਤਿੰਨ ਮਹੀਨਿਆਂ ਵਿੱਚ ਸੇਵਾ ਕੇਂਦਰ ਤੇ ਸਾਂਝ ਕੇਂਦਰਾਂ ਦੀ ਸਥਾਪਨਾ ਬਾਅਦ ਆਮ ਲੋਕਾਂ ਦਾ ਸਰਕਾਰ ਵਿੱਚ ਹੋਰ ਵਿਸ਼ਵਾਸ ਵਧੇਗਾ। ਉਨ੍ਹਾਂ ਦਾਅਵਾ ਕੀਤਾ ਅਕਾਲੀ ਦਲ ਤੇ ਭਾਜਪਾ ਵਿਚਾਲੇ ਤਾਲਮੇਲ ਵਿੱਚ ਕੋਈ ਘਾਟ ਨਹੀਂ ਹੈ। ਦੋਵੇਂ ਪਾਰਟੀਆਂ ਰਲ ਕੇ ਅਗਲੀਆਂ ਚੋਣਾਂ ਜਿੱਤਗੀਆਂ।
from Punjab News – Latest news in Punjabi http://ift.tt/1SA4ydr
0 comments