ਕਾਨੂੰਨ ਦੇ ਦਰ ’ਤੇ ਫਿਰ ਟੁੱਟਿਆ ਕਹਿਰ

ਪੁਲੀਸ ਘੇਰੇ ’ਚ ਕਨ੍ਹੱਈਆ ਕੁਮਾਰ ਦੀ ਹੋਈ ਕੁੱਟਮਾਰ; ਪੱਤਰਕਾਰ ਵੀ ਕੁੱਟੇ;

ਕਨ੍ਹੱਈਆ ਕੁਮਾਰ ਦੇ ਪੱਖ ’ਚ ਮੀਡੀਆ ਨੂੰ ਜਾਣਕਾਰੀ ਦੇਣ ਵਾਲੇ ਵਕੀਲ ਨੂੰ ਕੁੱਟਦੇ ਹੋਏ ਹੋਰ ਵਕੀਲ।
ਸੁਪਰੀਮ ਕੋਰਟ ਵੱਲੋਂ ਭੇਜੀ ਟੀਮ ’ਤੇ ਵੀ ਵਰ੍ਹਿਆ ਵਕੀਲਾਂ ਦਾ ਗੁੱਸਾ
* ਭਾਰਤੀ ਪ੍ਰੈੱਸ ਕੌਂਸਲ ਵੱਲੋਂ ਪੱਤਰਕਾਰਾਂ ਉੱਤੇ ਹਮਲੇ ਬਾਰੇ ਦਿੱਲੀ ਪੁਲੀਸ ਤੋਂ ਰਿਪੋਰਟ ਤਲਬ
* ਕੇਂਦਰੀ ਮੰਤਰੀ ਅਰੁਣ ਜੇਤਲੀ ਵੱਲੋਂ ਅਦਾਲਤ ਕੰਪਲੈਕਸ ’ਚ ਪੱਤਰਕਾਰਾਂ ’ਤੇ ਹੋਏ ਹਮਲੇ ਦੀ ਨਿਖੇਧੀ
* ਅਮਨੈਸਟੀ ਇੰਟਰਨੈਸ਼ਨਲ ਵੱਲੋਂ ਕਨ੍ਹੱੲੀਆ ਕੁਮਾਰ ਅਤੇ ਪ੍ਰੋ. ਐਸਏਆਰ ਗਿਲਾਨੀ ਨੂੰ ਰਿਹਾਅ ਕਰਨ ਦੀ ਮੰਗ

Lawyers clashਨਵੀਂ ਦਿੱਲੀ, 17 ਫਰਵਰੀ : ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ’ਚ ਲੱਗੇ ਦੇਸ਼ ਵਿਰੋਧੀ ਨਾਅਰਿਆਂ ਦਾ ਮਾਮਲਾ ਰੋਜ਼ ਨਵੀਂ ਰੰਗਤ ਲੈਂਦਾ ਜਾ ਰਿਹਾ ਹੈ। ਵਕੀਲਾਂ ਦੇ ਇਕ ਧਡ਼ੇ ਵੱਲੋਂ ਅੱਜ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਰਵਾਹ ਨਾ ਕਰਦਿਆਂ ਪੱਤਰਕਾਰਾਂ ਅਤੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਦੇ ਵਿਦਿਆਰਥੀ ਆਗੂ ਕਨ੍ਹੱਈਆ ਕੁਮਾਰ ’ਤੇ ਹਮਲਾ ਕਰ ਦਿੱਤਾ ਗਿਆ। ਸੁਪਰੀਮ ਕੋਰਟ ਨੇ ਦਿੱਲੀ ਪੁਲੀਸ ਕਮਿਸ਼ਨਰ ਨੂੰ ਕਨ੍ਹੱਈਆ ਕੁਮਾਰ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਹੁਕਮ ਦਿੰਦਿਆਂ ਪੁਲੀਸ, ਦਿੱਲੀ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਅਤੇ ਵਕੀਲਾਂ ਦੀ ਛੇ ਮੈਂਬਰੀ ਕਮੇਟੀ ਤੋਂ ਰਿਪੋਰਟ ਮੰਗ ਲਈ ਹੈ।
ਕਨ੍ਹੱਈਆ ਕੁਮਾਰ ਨੂੰ ਅੱਜ ਜਦੋਂ ਦੇਸ਼ਧਰੋਹ ਦੇ ਕੇਸ ’ਚ ਪਟਿਆਲਾ ਹਾੳੂਸ ਅਦਾਲਤ ’ਚ ਪੇਸ਼ੀ ਲਈ ਲਿਜਾਇਆ ਜਾ ਰਿਹਾ ਸੀ ਤਾਂ ਅਦਾਲਤੀ ਕੰਪਲੈਕਸ ਅੰਦਰ ਵਕੀਲਾਂ ਦੇ ਧਡ਼ੇ ਨੇ ਉਸ ਨਾਲ ਕਥਿਤ ਤੌਰ ’ਤੇ ਕੁੱਟਮਾਰ ਕੀਤੀ। ਭਡ਼ਕੇ ਹੋੲੇ ਵਕੀਲਾਂ ਨੇ ਆਪਣੀ ਡਿੳੂਟੀ ਨਿਭਾ ਰਹੇ ਦੋ ਪੱਤਰਕਾਰਾਂ ਨੂੰ ਵੀ ਕੁੱਟਿਆ। ਕਨ੍ਹੱਈਆ, ਉਸ ਦੇ ਵਕੀਲਾਂ ਅਤੇ ਮੈਟਰੋਪਾਲਿਟਨ ਮੈਜਿਸਟਰੇਟ ਲਵਲੀਨ ਦੀ ਅਦਾਲਤ ’ਚ ਮੌਜੂਦ ਪੱਤਰਕਾਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸੁਪਰੀਮ ਕੋਰਟ ਵੱਲੋਂ ਭੇਜੀ ਗਈ ਛੇ ਮੈਂਬਰੀ ਨਿਗਰਾਨ ਟੀਮ ’ਤੇ ਨਿਸ਼ਾਨੇ ਲਾ ਕੇ ਹਮਲੇ ਕੀਤੇ ਗਏ। ਇਹ ਟੀਮ ਉਸ ਵੇਲੇ ਭੇਜੀ ਗਈ ਜਦੋਂ ਸੀਨੀਅਰ ਵਕੀਲਾਂ ਕਪਿਲ ਸਿੱਬਲ, ਇੰਦਰਾ ਜੈਸਿੰਘ ਅਤੇ ਪ੍ਰਸ਼ਾਂਤ ਭੂਸ਼ਨ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਪਟਿਆਲਾ ਹਾੳੂਸ ਅਦਾਲਤ ’ਚ ਹਾਲਾਤ ਤਣਾਅ ਵਾਲੇ ਬਣ ਰਹੇ ਹਨ।
ਜਸਟਿਸ ਜੇ ਚੇਲਾਮੇਸ਼ਵਰ ਅਤੇ ਏ ਐਮ ਸਪਰੇ ’ਤੇ ਆਧਾਰਿਤ ਸੁਪਰੀਮ ਕੋਰਟ ਦੇ ਬੈਂਚ ਨੇ ਦੇਸ਼ਧਰੋਹ ਦੇ ਮਾਮਲੇ ’ਚ ਅੱਜ ਸਵੇਰੇ ਜਨਹਿੱਤ ਪਟੀਸ਼ਨ ’ਤੇ ਸੁਣਵਾਈ ਕੀਤੀ। ਸਮਾਜਿਕ ਕਾਰਕੁਨ ਐਨ ਡੀ ਜਯਾ ਪ੍ਰਕਾਸ਼ ਨੇ ਅਪੀਲ ਕੀਤੀ ਸੀ ਕਿ ਪਟਿਆਲਾ ਹਾੳੂਸ ਕੋਰਟ ਕੰਪਲੈਕਸ ’ਚ ਮਾਹੌਲ ਸੁਖਾਵਾਂ ਬਣਾਉਣ ਲਈ ਦਿੱਲੀ ਪੁਲੀਸ ਨੂੰ ਹਦਾਇਤ ਕੀਤੀ ਜਾਵੇ ਤਾਂ ਜੋ ਸੋਮਵਾਰ ਨੂੰ ਹੋਈ ਹਿੰਸਾ ਵਾਲੇ ਹਾਲਾਤ ਦੁਹਰਾਏ ਨਾ ਜਾਣ।
ਦੁਪਹਿਰ ਦੇ ਖਾਣੇ ਤੋਂ ਪਹਿਲਾਂ ਦਲੀਲਾਂ ਸੁਣਨ ਤੋਂ ਬਾਅਦ ਬੈਂਚ ਨੇ ਮੈਟਰੋਪਾਲਿਟਨ ਮੈਜਿਸਟਰੇਟ ਦੀ ਅਦਾਲਤ ’ਚ ਵਕੀਲਾਂ ਅਤੇ ਹੋਰਾਂ ਦੇ ਦਾਖ਼ਲੇ ’ਤੇ ਪਾਬੰਦੀ ਲਾ ਦਿੱਤੀ ਅਤੇ ਪੁਲੀਸ ਨੂੰ ਹਦਾਇਤ ਕੀਤੀ ਕਿ ਅਦਾਲਤ ਕੰਪਲੈਕਸ ’ਚ ਸੁਰੱਖਿਆ ਦੇ ਢੁੱਕਵੇਂ ਪ੍ਰਬੰਧ ਕਰੇ। ਬਾਅਦ ਦੁਪਹਿਰ ਜਦੋਂ ਅਦਾਲਤ ਜੁਡ਼ੀ ਤਾਂ ਸੀਨੀਅਰ ਵਕੀਲ ਨੇ ਬੈਂਚ ਨੂੰ ਦੱਸਿਆ ਕਿ ਪਟਿਆਲਾ ਹਾੳੂਸ ਕੋਰਟ ’ਚ ਮੁਡ਼ ਹਿੰਸਾ ਹੋ ਗਈ ਹੈ ਅਤੇ ਮੈਟੋਰਪਾਲਿਟਨ ਮੈਜਿਸਟਰੇਟ ਦੀ ਅਦਾਲਤ ਨੂੰ ਅੰਦਰੋਂ ਕੁੰਡਾ ਲਾਉਣਾ ਪੈ ਗਿਆ ਹੈ ਕਿਉਂਕਿ ਮੁਲਜ਼ਮ ਅਤੇ ਉਸ ਦੇ ਵਕੀਲ ਨੇ ਆਪਣੀ ਜਾਨ ਨੂੰ ਖ਼ਤਰਾ ਦੱਸਿਆ ਹੈ। ਇਸ ’ਤੇ ਬੈਂਚ ਨੇ ਸੀਨੀਅਰ ਵਕੀਲਾਂ ਕਪਿਲ ਸਿੱਬਲ, ਰਾਜੀਵ ਧਵਨ, ਦੁਸ਼ਯੰਤ ਦਵੇ, ਏ ਡੀ ਐਨ ਰਾਓ, ਹਰਿਨ ਰਾਵਲ ਅਤੇ ਅਜੀਤ ਸਿਨਹਾ (ਦਿੱਲੀ ਪੁਲੀਸ ਦੇ ਵਕੀਲ) ਦੀ ਛੇ ਮੈਂਬਰੀ ਟੀਮ ਬਣਾ ਕੇ ਉਨ੍ਹਾਂ ਨੂੰ ਤੁਰੰਤ ਮੈਟਰੋਪਾਲਿਟਨ ਮੈਜਿਸਟਰੇਟ ਦੀ ਅਦਾਲਤ ’ਚ ਜਾਣ ਲਈ ਕਿਹਾ ਤਾਂ ਜੋ ਹੁਕਮਾਂ ਦੀ ਤਾਮੀਲ ਕਰਾਈ ਜਾ ਸਕੇ।
ਵਕੀਲਾਂ ਦੀ ਟੀਮ ਨੇ ਸ਼ਾਮ ਚਾਰ ਵਜੇ ਪਰਤ ਕੇ ਬੈਂਚ ਨੂੰ ਦੱਸਿਆ ਕਿ ਭਡ਼ਕੀ ਭੀਡ਼ ਨੇ ਪੁਲੀਸ ਘੇਰੇ ਨੂੰ ਤੋਡ਼ ਦਿੱਤਾ ਅਤੇ ਧੱਕੇ ਮਾਰ ਕੇ ਲਾਂਭੇ ਕਰ ਦਿੱਤਾ। ਟੀਮ ’ਤੇ ਟੁੱਟੇ ਗਮਲੇ ਦੇ ਟੁਕਡ਼ਿਆਂ, ਪੱਥਰਾਂ ਅਤੇ ਪਾਣੀ ਦੀਆਂ ਬੋਤਲਾਂ ਨਾਲ ਹਮਲੇ ਕੀਤੇ ਗਏ ਪਰ ਇਸ ’ਚ ਕੋਈ ਵੀ ਜ਼ਖ਼ਮੀ ਨਹੀਂ ਹੋਇਆ। ਟੀਮ ਜਦੋਂ ਅਦਾਲਤ ਅੰਦਰ ਸੀ ਤਾਂ ਇਕ ਵਿਅਕਤੀ ਨੇ ਜਬਰੀ ਦਾਖ਼ਲ ਹੋ ਕੇ ਉਥੇ ਮੌਜੂਦ ਕਨ੍ਹੱਈਆ ਕੁਮਾਰ ਨੂੰ ਧੱਫਾ ਮਾਰਿਆ ਪਰ ਪੁਲੀਸ ਇਸ ਵਿਅਕਤੀ ਨੂੰ ਛੇਤੀ ਦੇਣੀ ਉਥੋਂ ਲੈ ਗਏ। ਸੁਪਰੀਮ ਕੋਰਟ ਨੂੰ ਦੱਸਿਆ ਗਿਆ ਕਿ ਹਮਲਾਵਰ ਨੂੰ ਰੋਕਣ ਅਤੇ ਗ੍ਰਿਫ਼ਤਾਰ ਕਰਨ ਲਈ ਦਿੱਲੀ ਪੁਲੀਸ ਕਮਿਸ਼ਨਰ ਨੂੰ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਨੇ ਕਿਹਾ ਪਰ ਫਿਰ ਵੀ ਪੁਲੀਸ ਉਸ ਨੂੰ ਮੌਕੇ ਤੋਂ ਲੈ ਗਈ। ਮੈਡੀਕਲ ਜਾਂਚ ’ਚ ਖ਼ੁਲਾਸਾ ਹੋਇਆ ਹੈ ਕਿ ਕਨ੍ਹੱਈਆ ਕੁਮਾਰ ਦੇ ਚਿਹਰੇ ਅਤੇ ਲੱਤਾਂ ’ਤੇ ਝਰੀਟਾਂ ਆਈਆਂ ਹਨ। ਉਧਰ ਦਿੱਲੀ ਪੁਲੀਸ ਕਮਿਸ਼ਨਰ ਬੀਐੱਸ ਬੱਸੀ ਦਾ ਦਾਅਵਾ ਹੈ ਕਿ ਕਨ੍ਹੱਈਆ ਨਾਲ ਸਿਰਫ ਧੱਕਾਮੁੱਕੀ ਹੋਈ ਹੈ ਅਤੇ ਉਸਨੂੰ ਕੋਈ ਸੱਟ ਨਹੀਂ ਲੱਗੀ। ਟੀਮ ਨੇ ਅਦਾਲਤ ਕੰਪਲੈਕਸ ਅੰਦਰ ਦੇ ਹਾਲਾਤ ਦੀ ਫੋਨ ’ਚ ਰਿਕਾਰਡਿੰਗ ਵੀ ਕੀਤੀ ਅਤੇ ਇਹ ਸੁਪਰੀਮ ਕੋਰਟ ਦੇ ਬੈਂਚ ਨੂੰ ਸੌਂਪ ਦਿੱਤੀ। ਬੈਂਚ ਨੇ ਘਟਨਾਕ੍ਰਮ ’ਤੇ ਨਾਰਾਜ਼ਗੀ ਜਤਾਉਂਦਿਆਂ ਪੁਲੀਸ ਦੇ ਵਕੀਲ ਸਿਨਹਾ ਨੂੰ ਕਿਹਾ ਕਿ ਉਹ ਹੁਣੇ ਫੋਨ ਕਰ ਕੇ ਦਿੱਲੀ ਪੁਲੀਸ ਕਮਿਸ਼ਨਰ ਤੋਂ ਪੁੱਛਣ ਕਿ ਕੀ ਪੁਲੀਸ ਕਨ੍ਹੱਈਆ ਕੁਮਾਰ ਅਤੇ ਹੋਰਾਂ ਦੀ ਸੁਰੱਖਿਆ ਯਕੀਨੀ ਬਣਾ ਸਕਦੀ ਹੈ? ਇਸ ’ਤੇ ਕਮਿਸ਼ਨਰ ਨੇ ਹਾਂ ’ਚ ਜਵਾਬ ਦਿੱਤਾ।
ਬੈਂਚ ਨੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਕਨ੍ਹੱਈਆ ਕੁਮਾਰ ਦੀ ਸੁਰੱਖਿਆ ਲਈ ਪੁਲੀਸ ਕਮਿਸ਼ਨਰ ਨਿੱਜੀ ਤੌਰ ’ਤੇ ਜ਼ਿੰਮੇਵਾਰ ਹੋਣਗੇ। ਉਨ੍ਹਾਂ ਪੁਲੀਸ, ਦਿੱਲੀ ਹਾਈ ਕੋਰਟ ਰਜਿਸਟਰਾਰ ਜਨਰਲ ਅਤੇ ਛੇ ਮੈਂਬਰੀ ਕਮੇਟੀ ਨੂੰ ਆਪਣੀਆਂ ਰਿਪੋਰਟਾਂ ਜਮ੍ਹਾਂ ਕਰਾਉਣ ਲਈ ਆਖਿਆ। ਟੀਮ ਅਤੇ ਰਜਿਸਟਰਾਰ ਵੀਰਵਾਰ ਦੁਪਹਿਰ ਦੋ ਵਜੇ ਤੱਕ ਰਿਪੋਰਟ ਸੌਂਪਣ ਲਈ ਰਾਜ਼ੀ ਹੋ ਗਏ ਪਰ ਪੁਲੀਸ ਨੇ ਸ਼ੁੱਕਰਵਾਰ ਤੱਕ ਦਾ ਸਮਾਂ ਮੰਗਿਆ ਹੈ। ਇਸ ਤੋਂ ਬਾਅਦ ਬੈਂਚ ਨੇ ਸੁਣਵਾਈ 22 ਫਰਵਰੀ ਤੱਕ ਲਈ ਮੁਲਤਵੀ ਕਰ ਦਿੱਤੀ।
ਵਕੀਲਾਂ ਦੀ ਟੀਮ ਨੇ ਬੈਂਚ ਨੂੰ ਕਿਹਾ ਕਿ ਜੇਕਰ ਉਨ੍ਹਾਂ ਨੂੰ ਅਜਿਹੇ ਹਾਲਾਤ ਦਾ ਸਾਹਮਣਾ ਕਰਨਾ ਪਿਆ ਹੈ ਤਾਂ ਮੁਲਜ਼ਮ ਦੀ ਸੁਰੱਖਿਆ ਦੀ ਗਾਰੰਟੀ ਨਹੀਂ ਹੈ, ਇਸ ਲਈ ਇਸ ਕੇਸ ਨੂੰ ਦੂਜੀ ਥਾਂ ’ਤੇ ਤਬਦੀਲ ਕੀਤਾ ਜਾਵੇ। ਸੁਪਰੀਮ ਕੋਰਟ ’ਚ ਜਦੋਂ ਅੱਜ ਕੇਸ ਦੀ ਸੁਣਵਾਈ ਹੋ ਰਹੀ ਸੀ ਤਾਂ ਇਕ ਵਕੀਲ ਨੇ ਅਦਾਲਤ ਦੇ ਕਮਰੇ ਅੰਦਰ ‘ਵੰਦੇ ਮਾਤਰਮ’ ਦਾ ਨਾਅਰਾ ਗੁੰਜਾਇਆ ਪਰ ਬਾਅਦ ’ਚ ਉਸ ਨੇ ਆਪਣੇ ਵਤੀਰੇ ਲਈ ਬੈਂਚ ਤੋਂ ਮੁਆਫ਼ੀ ਮੰਗ ਲਈ।
ਨੋਮ ਚੋਮਸਕੀ ਅਤੇ ਪਾਮੁਕ ਵੱਲੋਂ ਜੇਐਨਯੂ ਵਿਦਿਆਰਥੀਆਂ ਨੂੰ ਹਮਾਇਤ: ਇਸ ਦੌਰਾਨ ਉੱਘੇ ਵਿਦਵਾਨ ਨੋਮ ਚੋਮਸਕੀ ਅਤੇ ਨੋਬੇਲ ਪੁਰਸਕਾਰ ਜੇਤੂ ਓਰਹਾਨ ਪਾਮੁਕ ਸਮੇਤ ਕਈ ਵਿਗਿਆਨੀਆਂ ਅਤੇ ਲੇਖਕਾਂ ਨੇ ਜੇਐਨਯੂ ਦੇ ਵਿਦਿਆਰਥੀਆਂ ਦੇ ਸੁਰ ਨਾਲ ਸੁਰ ਮਿਲਾਉਂਦਿਆਂ ਕਨ੍ਹੱਈਆ ਕੁਮਾਰ ਦੀ ਗ੍ਰਿਫ਼ਤਾਰੀ ਦਾ ਵਿਰੋਧ ਕੀਤਾ ਹੈ।

ਕਨ੍ਹੱਈਆ ਨੂੰ 2 ਮਾਰਚ ਤੱਕ ਜੇਲ੍ਹ ਭੇਜਿਆ
ਨਵੀਂ ਦਿੱਲੀ: ਦੇਸ਼ਧਰੋਹ ਦੇ ਦੋਸ਼ ਹੇਠ ਗ੍ਰਿਫ਼ਤਾਰ ਜਵਾਹਰਲਾਲ ਨਹਿਰੂ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਕਨ੍ਹੱਈਆ ਕੁਮਾਰ ਨੂੰ ਅੱਜ ਦਿੱਲੀ ਦੀ ਅਦਾਲਤ ਨੇ 2 ਮਾਰਚ ਤੱਕ ਜੁਡੀਸ਼ਲ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ। ਪੁਲੀਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਉਸ ਨੂੰ ਅੱਜ ਅਦਾਲਤ ’ਚ ਪੇਸ਼ ਕੀਤਾ ਗਿਆ ਸੀ। ਮੈਟਰੋਪਾਲਿਟਨ ਮੈਜਿਸਟਰੇਟ ਲਵਲੀਨ ਦੀ ਅਦਾਲਤ ’ਚ ਸੁਣਵਾਈ ਦੌਰਾਨ ਕਨ੍ਹੱਈਆ ਦੇ 6 ਵਕੀਲ, ਜੇਐਨਯੂ ਦਾ ਇਕ ਪ੍ਰੋਫੈਸਰ ਅਤੇ ਪੰਜ ਪੱਤਰਕਾਰ ਹੀ ਹਾਜ਼ਰ ਸਨ। ਇਸ ਦੌਰਾਨ ਕਨ੍ਹੱਈਆ ਕੁਮਾਰ ਨੇ ਕਿਹਾ ਹੈ ਕਿ ਉਹ ਭਾਰਤੀ ਹੈ ਅਤੇ ਉਸ ਦਾ ਨਿਆਂਪਾਲਿਕਾ ਤੇ ਸੰਵਿਧਾਨ ’ਚ ਪੂਰਾ ਵਿਸ਼ਵਾਸ ਹੈ। ਉਸ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਕਿ ਮੀਡੀਆ ਟਰਾਇਲ ਦੁਖਦਾਈ ਹੈ। ਉਸ ਨੇ ਕਿਹਾ,‘‘ਜੇਕਰ ਮੇਰੇ ਖ਼ਿਲਾਫ਼ ਦੇਸ਼ਧਰੋਹ ਹੋਣ ਦਾ ਸਬੂਤ ਹੈ ਤਾਂ ਮੈਨੂੰ ਜੇਲ੍ਹ ਭੇਜ ਦਿਉ। ਪਰ ਜੇਕਰ ਕੋਈ ਸਬੂਤ ਨਹੀਂ ਹੈ ਤਾਂ ਮੀਡੀਆ ਟਰਾਇਲ ਨਹੀਂ ਹੋਣਾ ਚਾਹੀਦਾ।’’



from Punjab News – Latest news in Punjabi http://ift.tt/1PRUC9H
thumbnail
About The Author

Web Blog Maintain By RkWebs. for more contact us on rk.rkwebs@gmail.com

0 comments