ਚੰਡੀਗੜ੍ਹ, 2 ਮਾਰਚ: ਉੱਤਰੀ ਭਾਰਤ ‘ਚ ਬੇਮੌਸਮੀ ਬਾਰਸ਼ ਅਤੇ ਤੇਜ਼ ਹਵਾਵਾਂ ਕਾਰਨ ਸਮੇਂ ‘ਤੇ ਬੀਜੀ ਗਈ ਕਣਕ ਦੀ ਫ਼ਸਲ ਦੀ ਪੈਦਾਵਾਰ ‘ਚ 10 ਤੋਂ 20 ਫ਼ੀ ਸਦੀ ਕਮੀ ਆ ਸਕਦੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਬਰਸਾਤ ਅਤੇ ਤੇਜ਼ ਹਵਾਵਾਂ ਨਾਲ 10 ਤੋਂ 20 ਫ਼ੀ ਸਦੀ ਫ਼ਸਲ ਜ਼ਮੀਨ ‘ਤੋਂ ਵਿਛ ਗਈ ਹੈ। ਇਸ ਤੋਂ ਇਲਾਵਾ ਦੋਹਾਂ ਸੂਬਿਆਂ ਦੇ ਆਲੂ, ਟਮਾਟਰ ਅਤੇ ਸੂਰਜਮੁਖੀ ਬੀਜਣ ਵਾਲੇ ਕਿਸਾਨਾਂ ਦਾ ਵੀ ਕਹਿਣਾ ਹੈ ਕਿ ਉਨ੍ਹਾਂ ਦੀ ਫ਼ਸਲ ਬੇਮੌਸਮੇ ਮੀਂਹ ਕਾਰਨ ਨੁਕਸਾਨੀ ਗਈ ਹੈ।
ਪੰਜਾਬ ਅੰਦਰ ਲਗਭਗ 35 ਲੱਖ ਹੈਕਟੇਅਰ ਅਤੇ ਹਰਿਆਣਾ ‘ਚ 25 ਲੱਖ ਹੈਕਟੇਅਰ Êਜ਼ਮੀਨ ‘ਤੇ ਕਣਕ ਬੀਜੀ ਗਈ ਹੈ। ਇਹ ਦੋਵੇਂ ਪ੍ਰਮੁੱਖ ਕਣਕ ਉਤਪਾਦਕ ਸੂਬੇ ਹਨ। ਦੋਹਾਂ ਸੂਬਿਆਂ ਦੇ ਜ਼ਿਆਦਾਤਰ ਇਲਾਕਿਆਂ ‘ਚ ਪਿਛਲੇ ਦੋ ਦਿਨਾਂ ਦੌਰਾਨ ਜ਼ੋਰਦਾਰ ਬਾਰਸ਼ ਹੋਈ। ਪੰਜਾਬ ‘ਚ ਔਸਤ 34 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ। ਅੰਮ੍ਰਿਤਸਰ ਅਤੇ ਰੋਪੜ ‘ਚ ਸੱਭ ਤੋਂ ਜ਼ਿਆਦਾ ਕ੍ਰਮਵਾਰ 77 ਅਤੇ 73 ਮਿਲੀਮੀਟਰ ਮੀਂਹ ਪਿਆ। ਹਰਿਆਣਾ ਦੇ ਮੇਵਾਤ ‘ਚ ਨੂਹ ਅਤੇ ਸੋਨੀਪਤ ‘ਚ ਗਨੌਰ ਵਿਖੇ ਕ੍ਰਮਵਾਰ 71 ਅਤੇ 80 ਮਿਲੀਮੀਟਰ ਮੀਂਹ ਪਿਆ। ਪੰਜਾਬ ਅਤੇ ਹਰਿਆਣਾ ਖੇਤੀਬਾੜੀ ਵਿਭਾਗਾਂ ਦੇ ਅਧਿਕਾਰੀਆਂ ਨੇ ਕਿਹਾ ਕਿ ਪੰਜਾਬ ਦੇ ਅੰਮ੍ਰਿਤਸਰ, ਫ਼ਿਰੋਜ਼ਪੁਰ, ਗੁਰਦਾਸਪੁਰ, ਪਠਾਨਕੋਟ, ਪਟਿਆਲਾ, ਮੋਹਾਲੀ, ਲੁਧਿਆਣਾ, ਜਲੰਧਰ, ਨਵਾਂਸ਼ਹਿਰ ਅਤੇ ਹਰਿਆਣਾ ਦੇ
ਸਿਰਸਾ, ਝੱਜਰ, ਸੋਨੀਪਤ, ਕੁਰੂਕੁਸ਼ੇਤਰ ‘ਚ ਕਣਕ ਦੀ ਫ਼ਸਲ ਜ਼ਮੀਨ ‘ਤੇ ਵਿਛ ਕਈ ਹੈ। ਪਿਛਲੇ ਦੋ ਦਿਨਾਂ ਤੋਂ ਲਗਾਤਾਰ ਪੈ ਰਹੀ ਬਾਰਸ਼ ਕਾਰਨ ਖੇਤਾਂ ‘ਚ ਪਾਣੀ ਖੜ੍ਹ ਗਿਆ ਹੈ ਜਿਸ ਕਾਰਨ ਫ਼ਸਲ ਖ਼ਰਾਬ ਹੋਣ ਦਾ ਡਰ ਵਧ ਗਿਆ ਹੈ।
ਮਾਹਰਾਂ ਨੇ ਕਿਸਾਨਾਂ ਨੂੰ ਸਲਾਹ ਦਿਤੀ ਹੈ ਕਿ ਖੇਤਾਂ ‘ਚ ਖੜ੍ਹੇ ਫ਼ਾਲਤੂ ਪਾਣੀ ਨੂੰ ਤੁਰਤ ਬਾਹਰ ਕਢਿਆ ਜਾਵੇ ਨਹੀਂ ਤਾਂ ਪਾਣੀ ਕਣਕ ਦੇ ਪੌਦਿਆਂ ਨੂੰ ਖ਼ਰਾਬ ਕਰੇਗਾ ਅਤੇ ਪੈਦਾਵਾਰ ਦਾ ਨੁਕਸਾਨ ਜ਼ਿਆਦਾ ਹੋਵੇਗਾ। ਇਸ ਤੋਂ ਇਲਾਵਾ ਖੇਤੀਬਾੜੀ ਮਾਹਰਾਂ ਨੇ ਫ਼ਸਲ ‘ਤੇ ਬਿਮਾਰੀਆਂ ਦੇ ਹਮਲੇ ਦਾ ਖ਼ਤਰਾ ਵੀ ਪ੍ਰਗਟਾਇਆ ਹੈ।
ਇਸ ਦੌਰਾਨ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਬਾਰਸ਼ ਕਾਰਨ ਅਪਣੀਆਂ ਖ਼ਰਾਬ ਹੋਈਆਂ ਫ਼ਸਲਾਂ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ। ਹਰਿਆਣਾ ਦੇ ਕਰਨਾਲ ਵਿਖੇ ਸਥਿਤ ਇਕ ਕਿਸਾਨ ਵਿਜੈ ਕਪੂਰ ਨੇ ਕਿਹਾ, ”ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਕਣਕ ਦੀ ਫ਼ਸਲ ਜ਼ਮੀਨ ‘ਤੇ ਵਿਛ ਗਈ ਹੈ। ਸਾਡੇ ਖੇਤ ਪਾਣੀ ‘ਚ ਡੁੱਬ ਗਏ ਹਨ ਜਿਸ ਕਾਰਨ ਕਣਕ ਦੇ ਪੌਦਿਆਂ ਨੂੰ ਬਹੁਤ ਨੁਕਸਾਨ ਹੋਇਆ ਹੈ। ਸਾਨੂੰ ਲਗਦਾ ਹੈ ਕਿ 40-50 ਫ਼ੀ ਸਦੀ ਕਣਕ ਦੀ ਫ਼ਸਲ ਨੁਕਸਾਨੀ ਗਈ ਹੈ।”
ਸੋਮਵਾਰ ਨੂੰ ਚੰਡੀਗੜ੍ਹ ਚ 54.4 ਮਿਲੀਮੀਟਰ, ਲੁਧਿਆਣਾ ‘ਚ 41.5 ਮਿਲੀਮੀਟਰ ਅਤੇ ਪਟਿਆਲਾ ‘ਚ 63.9 ਮਿਲੀਮੀਟਰ ਮੀਂਹ ਪਿਆ।
from Punjab News - Latest news in Punjabi http://ift.tt/1Eb9m1T
via IFTTT
0 comments