ਨਵੀਂ ਦਿੱਲੀ, 2 ਮਾਰਚ: ਕਾਂਗਰਸ ਆਗੂ ਜਗਦੀਸ਼ ਟਾਈਟਲਰ ਵਿਰੁਧ ਅੱਜ ਦਿੱਲੀ ਦੀ ਇਕ ਅਦਾਲਤ ਨੇ 1984 ਦੇ ਸਿੱਖ ਕਤਲੇਆਮ ਮਾਮਲਿਆਂ ਦੇ ਪੀੜਤਾਂ ਦੀ ਪ੍ਰਤੀਨਿਧਗੀ ਕਰ ਰਹੇ ਸੀਨੀਅਰ ਵਕੀਲ ਦੀ ਸ਼ਿਕਾਇਤ ‘ਤੇ ਮਾਣਹਾਨੀ ਦੇ ਦੋਸ਼ ਤੈਅ ਕਰ ਦਿਤੇ।
ਅਦਾਲਤ ਨੇ ਸੀ.ਆਰ.ਪੀ.ਸੀ. ਦੀ ਧਾਰਾ ਤਹਿਤ ਟਾਈਟਲਰ ਨੂੰ ਨੋਟਿਸ ਜਾਰੀ ਕਰਦਿਆਂ ਕਿਹਾ ਕਿ ਪਹਿਲੀ ਨਜ਼ਰੇ ਉਨ੍ਹਾਂ ਨੇ ਦੋਸ਼ ਲਾ ਕੇ ਸੀਨੀਅਰ ਵਕੀਲ ਐਚ.ਐਸ. ਫ਼ੂਲਕਾ ਦੀ ਇੱਜ਼ਤ ਨੂੰ ਢਾਹ ਲਾਈ। ਫ਼ੂਲਕਾ ਇਸ ਮਾਮਲੇ ‘ਚ ਸ਼ਿਕਾਇਤਕਰਤਾ ਹਨ।
ਵਧੀਕ ਚੀਫ਼ ਮੈਟ੍ਰੋਪੋਲੀਟਨ ਮੈਜਿਸਟ੍ਰੇਟ ਗੌਰਵ ਰਾਵ ਨੇ ਕਿਹਾ, ”ਤੁਸੀਂ ਜਾਣਬੁੱਝ ਕੇ ਜਾਂ ਕਿਸੇ ਕਾਰਨ ਨਾਲ ਜੋ ਦੋਸ਼ ਲਾਏ ਹਨ ਉਹ ਸ਼ਿਕਾਇਤਕਰਤਾ ਦੀ ਇੱਜ਼ਤ ਨੂੰ ਢਾਹ ਲਾਉਣਗੇ ਅਤੇ ਇਸ ਤਰ੍ਹਾਂ ਤੁਸੀਂ ਆਈ.ਪੀ.ਸੀ. ਦੀ ਧਾਰਾ 499 ਹੇਠ ਅਪਰਾਧ ਕੀਤਾ ਜੋ ਧਾਰਾ 500 ਹੇਠ ਸਜ਼ਾਯੋਗ ਹੈ।”
ਅਦਾਲਤ ਨੇ ਨੋਟਿਸ ਜਾਰੀ ਕਰਦਿਆਂ ਕਿਹਾ, ”ਤੁਸੀਂ ਦੱਸੋ ਕਿ ਤੁਹਾਨੂੰ ਕਿਉਂ ਨਾ ਇਸ ਅਦਾਲਤ ਵਲੋਂ ਉਪਰੋਕਤ ਅਪਰਾਧ ਲਈ ਸਜ਼ਾ ਦਿਤੀ ਜਾਵੇ।” ਇਹ ਨੋਟਿਸ ਟਾਈਟਲਰ ਦੇ ਸਾਹਮਣੇ ਪੜ੍ਹ ਕੇ ਸੁਣਾਇਆ ਗਿਆ ਅਤੇ ਇਸ ‘ਤੇ ਟਾਈਟਲਰ ਨੇ ਖ਼ੁਦ ਨੂੰ ਬੇਗੁਨਾਹ ਦਸਦਿਆਂ ਕਿਹਾ ਕਿ ਉਹ ਮੁਕੱਦਮੇ ਦਾ ਸਾਹਮਣਾ ਕਰਨਗੇ। ਇਸ ਤੋਂ ਬਾਅਦ ਅਦਾਲਤ ਨੇ ਮਾਮਲੇ ‘ਚ ਸਬੂਤ ਦਰਜ ਕਰਨ ਦੀ ਮਿਤੀ 2 ਮਈ ਮਿੱਥ ਦਿਤੀ।
ਇਸ ਤੋਂ ਪਹਿਲਾਂ ਟਾਈਟਲਰ ਨੇ ਅਦਾਲਤ ‘ਚ ਦਲੀਲ ਦਿਤੀ ਸੀ ਕਿ ਮਾਣਹਾਨੀ ਦੀ ਸ਼ਿਕਾਇਤ ‘ਤੇ ਉਸ ਵਿਰੁਧ ਦੋਸ਼ ਤੈਅ ਕਰਨ ਲਈ ਕਾਨੂੰਨੀ ਮਨਜ਼ੂਰੀ ਦਾ ਕੋਈ ਸਬੂਤ ਨਹੀਂ ਹੈ। ਟਾਈਟਲਰ ਦੇ ਵਕੀਲ ਨੇ ਦਲੀਲ ਦਿਤੀ ਸੀ ਕਿ ਸ਼ਿਕਾਇਤਕਰਤਾ ਫ਼ੂਲਕਾ ਨੇ ਕਥਿਤ ਮਾਣਹਾਨੀਕਾਰਕ ਬਿਆਨਾਂ ਬਾਬਤ ਅਪੀਲ ਦਾਇਰ ਕੀਤੀ ਸੀ ਜੋ ਕਾਂਗਰਸ ਆਗੂ ਨੇ ਸੱਤ ਸਤੰਬਰ, 2004 ਨੂੰ ਇਕ ਟੈਲੀਵਿਜ਼ਨ ਪ੍ਰੋਗਰਾਮ ਦੌਰਾਨ ਦਿਤਾ ਸੀ ਅਤੇ ਇਸ ਮਾਮਲੇ ‘ਚ ਕਾਰਵਾਈ ‘ਚ ਕਾਫ਼ੀ ਜ਼ਿਆਦਾ ਦੇਰ ਹੋਈ।
ਫ਼ੂਲਕਾ ਨੇ 2006 ‘ਚ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਕਿਹਾ ਸੀ ਕਿ ਟਾਈਟਲਰ ਨੇ ਸਤੰਬਰ, 2004 ‘ਚ ਟੀ.ਵੀ. ‘ਤੇ ਇਕ ਚਰਚਾ ਦੌਰਾਨ ਉਨ੍ਹਾਂ ਵਿਰੁਧ ਝੂਠੇ ਦੋਸ਼ ਲਾਏ ਸਨ।
from Punjab News - Latest news in Punjabi http://ift.tt/1DzMOCs
via IFTTT
0 comments