ਨਵੀਂ ਦਿੱਲੀ, 2 ਮਾਰਚ: ਪਾਰਟੀ ਅੰਦਰ ਦਰਾਰ ਦੇ ਸਾਹਮਣੇ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਨੇ ਅੱਜ ਅਜਿਹੇ ਸੰਕੇਤ ਦਿਤੇ ਹਨ ਕਿ ਪਾਰਟੀ ਦੇ ਸੀਨੀਅਰ ਆਗੂ ਯੋਗਿੰਦਰ ਯਾਦਵ ਅਤੇ ਪ੍ਰਸ਼ਾਂਤ ਭੂਸ਼ਣ ਵਿਰੁਧ ਆਗਾਮੀ ਬੁਧਵਾਰ ਨੂੰ ਕੌਮੀ ਕਾਰਜਕਾਰਨੀ ਦੀ ਬੈਠਕ ‘ਚ ਅਨੁਸ਼ਾਸਨ ਦਾ ਡੰਡਾ ਚਲਾਇਆ ਜਾ ਸਕਦਾ ਹੈ। ਇਨ੍ਹਾਂ ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪਾਰਟੀ ਦੇ ਕੌਮੀ ਕਨਵੀਨਰ ਦੇ ਅਹੁਦੇ ਤੋਂ ‘ਹਟਾਉਣ’ ਦੀ ਕੋਸ਼ਿਸ਼ ਦਾ ਦੋਸ਼ ਲਗਿਆ ਹੈ।
ਆਪ ਦੇ ਸੀਨੀਅਰ ਆਗੂ ਸੰਜੇ ਸਿੰਘ ਨੇ ਅੱਜ ਪ੍ਰੈੱਸ ਕਾਨਫ਼ਰੰਸ ‘ਚ ਪਾਰਟੀ ਦੇ ਸਰਪ੍ਰਸਤ ਸ਼ਾਂਤੀ ਭੂਸ਼ਣ ‘ਤੇ ਉਨ੍ਹਾਂ ਦੇ ਉਸ ਬਿਆਨ ਨੂੰ ਲੈ ਕੇ ਨਿਸ਼ਾਨਾ ਲਾਇਆ ਜਿਸ ‘ਚ ਉਨ੍ਹਾਂ ਕਿਹਾ ਸੀ ਕਿ ਕੇਜਰੀਵਾਲ ਦੀ ਥਾਂ ‘ਤੇ ਯਾਦਵ ਨੂੰ ਕਨਵੀਨਰ ਬਣਾਇਆ ਜਾਣਾ ਚਾਹੀਦਾ ਹੈ।
ਸੰਜੇ ਸਿੰਘ ਨੇ ਕਿਹਾ, ”ਪਾਰਟੀ ਅੰਦਰੋਂ ਕੋਈ, ਕੁੱਝ ਆਗੂ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਨੂੰ ਕੌਮੀ ਕਨਵੀਨਰ ਦੇ ਅਹੁਦੇ ਤੋਂ ਹਟਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਪਾਰਟੀ ਨੂੰ ਬਦਨਾਮ ਕਰ ਰਹੇ ਹਨ।”
ਪ੍ਰਸ਼ਾਂਤ ਭੂਸ਼ਣ ਅਤੇ ਯਾਦਵ ਦਾ ਨਾਮ ਲਏ ਬਗ਼ੈਰ ਉਨ੍ਹਾਂ ਬਿਆਨਾਂ ਅਤੇ ਚਿੱਠੀਆਂ ਦਾ ਹਵਾਲਾ ਦਿਤਾ ਜਿਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਪਾਰਟੀ ਅੰਦਰ ਮਤਭੇਦਾਂ ਨਾਲ ਜੁੜਿਆ ਵਿਵਾਦ ਖੜ੍ਹਾ ਹੋਇਆ ਹੈ।
ਆਪਸੀ ਸੰਵਾਦ ਵਾਲੀਆਂ ਚਿੱਠੀਆਂ ਦੇ ਮੀਡੀਆ ‘ਚ ਆਉਣ ‘ਤੇ ਨਾਖੁਸ਼ੀ ਜ਼ਾਹਰ ਕਰਦਿਆਂ ਸੰਜੇ ਸਿੰਘ ਨੇ ਕਿਹਾ ਕਿ ਮੁੱਦਿਆਂ ਨੂੰ ਮੀਡੀਆ ਜ਼ਰੀਏ ਜਨਤਕ ਕਰਨ ਦੀ ਬਜਾਏ ਇਨ੍ਹਾਂ ‘ਤੇ ਪਾਰਟੀ ਦੇ ਮੰਚ ਉੱਪਰ ਚਰਚਾ ਹੋ ਸਕਦੀ ਸੀ। ਉਨ੍ਹਾਂ ਕਿਹਾ ਕਿ ਪਾਰਟੀ ਦੀ ਕੌਮੀ ਕਾਰਜਕਾਰਨੀ ਦੀ ਬੈਠਕ ਆਗਾਮੀ ਬੁਧਵਾਰ ਨੂੰ ਹੋਵੇਗੀ ਅਤੇ ਇਸ ‘ਚ ਮਤਭੇਦਾਂ ਨਾਲ ਜੁੜੇ ਤਾਜ਼ਾ ਵਿਵਾਦ ਸਮੇਤ ਸਾਰੇ ਮੁੱਦਿਆਂ ‘ਤੇ ਫ਼ੈਸਲਾ ਕੀਤਾ ਜਾਵੇਗਾ।
ਹਾਲਾਂਕਿ ਸੰਜੇ ਸਿੰਘ ਨੇ ਵਾਰ-ਵਾਰ ਪੁੱਛੇ ਇਸ ਸਵਾਲ ਦਾ ਜਵਾਬ ਨਹੀਂ ਦਿਤਾ ਕਿ ਕੀ ਯਾਦਵ ਅਤੇ ਪ੍ਰਸ਼ਾਂਤ ਭੂਸ਼ਣ ਨੂੰ ਪਾਰਟੀ ਦੀ ਸਰਵਉੱਚ ਇਕਾਈ ਸਿਆਸੀ ਮਾਮਲਿਆਂ ਦੀ ਕਮੇਟੀ (ਪੀ.ਏ.ਸੀ.) ਤੋਂ ਹਟਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਪਿਛਲੇ ਹਫ਼ਤੇ ਜਦੋਂ ਕੌਮੀ ਕਾਰਜਕਾਰਨੀ ਦੀ ਬੈਠਕ ਹੋਈ ਸੀ ਤਾਂ ਕੇਜਰੀਵਾਲ ਨੇ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਸੀ। ਪਰ ਮੈਂਬਰਾਂ ਨੇ ਇਸ ਦਾ ਵਿਰੋਧ ਕੀਤਾ ਅਤੇ ਇਸ ਗੱਲ ‘ਤੇ ਜ਼ੋਰ ਦਿਤਾ ਕਿ ਉਹ ਦਿੱਲੀ ਦੇ ਮੁੱਖ ਮੰਤਰੀ ਦੇ ਨਾਲ ਆਪ ਦੇ ਕਨਵੀਨਰ ਵੀ ਬਣੇ ਰਹਿਣ।
ਉਨ੍ਹਾਂ ਕਿਹਾ, ”ਜੋ ਲੋਕ ਕੇਜਰੀਵਾਲ ਨੂੰ ਕਨਵੀਨਰ ਦੇ ਅਹੁਦੇ ਤੋਂ ਹਟਾਉਣਾ ਚਾਹੁੰਦੇ ਹਨ ਉਨ੍ਹਾਂ ਨੂੰ ਪਾਰਟੀ ਕਾਰਕੁਨਾਂ ਦੀਆਂ ਭਾਵਨਾਵਾਂ ‘ਤੇ ਵੀ ਵਿਚਾਰ ਕਰਨਾ ਚਾਹੀਦਾ ਹੈ।”
ਪਾਰਟੀ ਅੰਦਰੂਨੀ ਸੰਕਟ ਉਸ ਸਮੇਂ ਡੂੰਘਾ ਹੋ ਗਿਆ ਸੀ ਜਦੋਂ ਪ੍ਰਸ਼ਾਂਤ ਭੂਸ਼ਣ ਵਲੋਂ ਪਿਛਲੇ ਹਫ਼ਤੇ ਲਿਖੀ ਚਿੱਠੀ ਜਨਤਕ ਹੋ ਗਈ ਸੀ। ਇਸ ਚਿੱਠੀ ‘ਚ ਭੂਸ਼ਣ ਨੇ ਕਿਹਾ ਸੀ ਕਿ ‘ਇਕ ਵਿਅਕਤੀ ਕੇਂਦਰਤ’ ਪ੍ਰਚਾਰ ਮੁਹਿੰਮ ਨਾਲ ਪਾਰਟੀ ਦੂਜੀਆਂ ਪਾਰਟੀਆਂ ਵਾਂਗ ਦਿਖੇਗੀ ਅਤੇ ਉਨ੍ਹਾਂ ਨੇ ਸੰਗਠਨ ਅੰਦਰ ਜ਼ਿਆਦਾ ਸਵਰਾਜ ਦੀ ਪੈਰਵੀ ਕੀਤੀ ਸੀ। ਯਾਦਵ ਦੇ ਨਾਲ ਭੂਸ਼ਣ ਨੇ ਕੌਮੀ ਕਾਰਜਕਾਰਨੀ ਨੂੰ ਇਕ ਸਾਂਝੀ ਚਿੱਠੀ ਦਿਤੀ ਸੀ ਅਤੇ ਨੈਤਿਕਤਾ ਅਤੇ ਸ਼ਿਕਾਇਤ ਕਮੇਟੀ ਦੀਆਂ ਗੱਲਾਂ ਨੂੰ ਲਾਗੂ ਕਰਨ ਦੀ ਮੰਗ ਕੀਤੀ ਸੀ।
from Punjab News - Latest news in Punjabi http://ift.tt/1DzMOT2
via IFTTT
0 comments