ਜੰਮੂ, 2 ਮਾਰਚ: ਜੰਮੂ-ਕਸ਼ਮੀਰ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਗਠਜੋੜ ਵਿਚ ਸੱਤਾ ਸੰਭਾਲਣ ਤੋਂ ਇਕ ਦਿਨ ਬਾਅਦ ਸੱਤਾਧਾਰੀ ਪੀ.ਡੀ.ਪੀ. ਨੇ ਅੱਜ ਇਕ ਹੋਰ ਵਿਵਾਦ ਖੜਾ ਕਰਦਿਆਂ ਕੇਂਦਰ ਦੀ ਐਨ.ਡੀ.ਏ. ਸਰਕਾਰ ਤੋਂ ਮੰਗ ਕੀਤੀ ਕਿ ਸੰਸਦ ‘ਤੇ ਹਮਲੇ ਦੇ ਦੋਸ਼ੀ ਅਫ਼ਜ਼ਲ ਗੁਰੂ ਦੀਆਂ ਅਸਥੀਆਂ ਉਨ੍ਹਾਂ ਦੇ ਪਰਵਾਰ ਨੂੰ ਵਾਪਸ ਕੀਤੀਆਂ ਜਾਣ।
ਪੀ.ਡੀ.ਪੀ. ਦੇ ਅੱਠ ਵਿਧਾਇਕਾਂ ਨੇ ਇਸ ਬਾਬਤ ਬਿਆਨ ਜਾਰੀ ਕਰ ਕੇ ਕਿਹਾ ਕਿ ਪਾਰਟੀ ਅਸਥੀਆਂ ਦੀ ਵਾਪਸੀ ਲਈ ਪੂਰੀ ਤਾਕਤ ਨਾਲ ਲਗੇ ਰਹਿਣ ਦਾ ਵਾਅਦਾ ਕਰਦੀ ਹੈ। ਅਫ਼ਜ਼ਲ ਨੂੰ 9 ਫ਼ਰਵਰੀ, 2013 ਨੂੰ ਤਿਹਾੜ ਜੇਲ ਵਿਚ ਫ਼ਾਂਸੀ ਦਿਤੀ ਗਈ ਸੀ।
ਪੀ.ਡੀ.ਪੀ. ਦੇ ਬਿਆਨ ਅਨੁਸਾਰ, ”ਪੀ.ਡੀ.ਪੀ. ਗੁਰੂ ਦੀਆਂ ਅਸਥੀਆਂ ਵਾਪਸ ਕਰਨ ਦੀ ਅਪਣੀ ਮੰਗ ‘ਤੇ ਕਾਇਮ ਹੈ ਅਤੇ ਪਾਰਟੀ ਅਸਥੀਆਂ ਦੀ ਵਾਪਸੀ ਲਈ ਪੂਰੀ ਤਾਕਤ ਨਾਲ ਲੱਗੇ ਰਹਿਣ ਦਾ ਵਾਅਦਾ ਕਰਦੀ ਹੈ।” ਬਿਆਨ ‘ਤੇ ਦਸਤਖ਼ਤ ਕਰਨ ਵਾਲੇ ਵਿਧਾਇਕਾਂ ਵਿਚ ਮਹੁੰਮਦ ਖ਼ਲੀਲ, ਜਹੂਰ ਅਹਿਮਦ ਮੀਰ, ਰਜ਼ਾ ਮੰਜ਼ੂਰ ਅਹਿਮਦ, ਮਹੁੰਮਦ ਅਬਾਸ ਵਾਨੀ, ਯਾਵਰ ਦਿਲਾਵਰ ਮੀਰ, ਵਕੀਲ ਮਹੁੰਮਦ ਯੁਸੂਫ਼, ਏਜਾਜ਼ ਅਹਿਮਦ ਮੀਰ ਅਤੇ ਨੂਰ ਮੁਹੰਮਦ ਸ਼ੇਖ ਹਨ।
ਬਿਆਨ ਮੁਤਾਬਕ, ”ਪੀ.ਡੀ.ਪੀ. ਨੇ ਹਮੇਸ਼ਾ ਕਿਹਾ ਹੈ ਕਿ ਅਫ਼ਜ਼ਲ ਗੁਰੂ ਨੂੰ ਫਾਂਸੀ ‘ਤੇ ਲਟਕਾਉਣਾ ਕਾਨੂੰਨ ਦਾ ਮਜ਼ਾਕ ਸੀ ਅਤੇ ਉਸ ਨੂੰ ਫਾਂਸੀ ਦੇਣ ਵਿਚ ਸੰਵਿਧਾਨਕ ਜ਼ਰੂਰਤਾਂ ਅਤੇ ਪ੍ਰਕਿਰਿਆ ਦੀ ਪਾਲਣਾ ਨਹੀਂ ਕੀਤੀ ਗਈ। ਸਾਡਾ ਮੰਨਣਾ ਹੈ ਕਿ ਆਜ਼ਾਦ ਵਿਧਾਇਕ ਰਾਸ਼ੀਦ ਅਹਿਮਦ ਦਾ ਅਫ਼ਜ਼ਲ ਗੁਰੂ ਲਈ ਮੁਆਫ਼ੀ ਦਾ ਮਤਾ ਜਾਇਜ਼ ਸੀ ਅਤੇ ਸਦਨ ਨੂੰ ਉਸ ਸਮੇਂ ਇਸ ਨੂੰ ਮਨਜ਼ੂਰ ਕਰ ਲੈਣਾ ਚਾਹੀਦਾ ਸੀ।” ਸਾਲ 2011 ਵਿਚ ਇਸ ਬਾਬਤ ਇਕ ਮਤੇ ‘ਤੇ ਜੰਮੂ-ਕਸ਼ਮੀਰ ਵਿਧਾਨ ਸਭਾ ਵਿਚ ਹੰਗਾਮੇ ਦੇ ਚਲਦਿਆਂ ਚਰਚਾ ਨਹੀਂ ਹੋ ਸਕੀ ਸੀ। ਉਧਰ ਨੈਸ਼ਨਲ ਕਾਨਫ਼ਰੰਸ ਦੇ ਕਾਰਜਕਾਰੀ ਪ੍ਰਧਾਨ ਉਮਰ ਅਬਦੁੱਲਾ ਨੇ ਕਿਹਾ ਕਿ ਅਫ਼ਜ਼ਲ ਗੁਰੂ ਦੀਆਂ ਅਸਥੀਆਂ ਦੀ ਮੰਗ ਸਿਰਫ਼ ਜੰਮੂ-ਕਸ਼ਮੀਰ ‘ਚ ਵਿਧਾਨ ਪਰਿਸ਼ਦ ਦੀਆਂ ਚੋਣਾਂ ਲਈ ਹਮਾਇਤ ਹਾਸਲ ਕਰਨ ਦੀ ਕੋਸ਼ਿਸ਼ ਹੈ।
ਚੇਤੇ ਰਹੇ ਕਿ ਦਸੰਬਰ 2001 ਵਿਚ ਸੰਸਦ ‘ਤੇ ਹੋਏ ਹਮਲੇ ਦੌਰਾਨ ਪੰਜ ਪੁਲਿਸ ਜਵਾਨਾਂ, ਇਕ ਸੀਆਰਪੀ ਦੀ ਮਹਿਲਾ ਕਾਂਸਟੇਬਲ ਅਤੇ ਦੋ ਸੁਰੱਖਿਆ ਗਾਰਡਾਂ ਸਮੇਤ ਅੱਠ ਲੋਕਾਂ ਨੂੰ ਸ਼ਹੀਦ ਕਰ ਦਿਤਾ ਗਿਆ ਸੀ। ਅਫ਼ਜ਼ਲ ਗੁਰੂ ਨੂੰ ਸੰਸਦ ‘ਤੇ ਹੋਏ ਇਸ ਹਮਲੇ ਦੀ ਯੋਜਨਾ ਦਾ ਮੁੱਖ ਘਾੜਾ ਮੰਨਿਆ ਗਿਆ ਸੀ ਜਿਸ ਦੇ ਲਈ ਯੂ.ਪੀ.ਏ.-2 ਸਰਕਾਰ ਨੇ ਉਦੋਂ ਫਾਂਸੀ ਦੀ ਸਜ਼ਾ ਦਿਤੀ ਸੀ ਜਦ ਸੁਸ਼ੀਲ ਕੁਮਾਰ ਸ਼ਿੰਦੇ ਦੇਸ਼ ਦੇ ਗ੍ਰਹਿ ਮੰਤਰੀ ਹੁੰਦੇ ਸਨ। ਵਿਵਾਦ ਤਾਂ ਇਸ ਗੱਲ ‘ਤੇ ਵੀ ਹੈ ਕਿ ਫਾਂਸੀ ਦੇਣ ਵਾਲਿਆਂ ਦੀ ਲਾਈਨ ਵਿਚ ਅਫ਼ਜ਼ਲ ਗੁਰੂ ਦਾ ਨੰਬਰ 28ਵਾਂ ਸੀ ਜਦਕਿ 27 ਨੰਬਰ ਵਾਲੇ ਮੁਲਜ਼ਮ ਨੂੰ ਫਾਂਸੀ ਨਹੀਂ ਦਿਤੀ ਗਈ ਤੇ ਉਸ ਨੂੰ ਬਾਈਪਾਸ ਕਰਦਿਆਂ ਅਫ਼ਜ਼ਲ ਗੁਰੂ ਨੂੰ ਫਾਂਸੀ ‘ਤੇ ਲਟਕਾ ਦਿਤਾ ਗਿਆ। ਇਹ ਮੁੱਦਾ ਜੰਮੂ-ਕਸ਼ਮੀਰ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਮੁੱਖ ਤੌਰ ‘ਤੇ ਉਠਦਾ ਰਿਹਾ ਹੈ ਪਰ ਗੁਰੂ ਦੀ ਮ੍ਰਿਤਕ ਦੇਹ ਦੀ ਸਪੁਰਦਗੀ ਲਈ ਕੋਈ ਕਦਮ ਨਹੀਂ ਉਠਾਇਆ ਜਾ ਸਕਿਆ ਕਿਉਂਕਿ ਪੀ.ਡੀ.ਪੀ. ਦੀ ਕੇਂਦਰ ਸਰਕਾਰ ਨਾਲ ਸਿੱਧੀ ਭਾਈਵਾਲੀ ਨਹੀਂ ਸੀ।
from Punjab News - Latest news in Punjabi http://ift.tt/1DzMPXh
via IFTTT
0 comments