950 ਟਿਕਾਣਿਆਂ ਦੀ ਜਾਂਚ ਮੁਕੰਮਲ; ਗਰੁਡ਼ ਕਮਾਂਡੋਜ਼ ਦੀ ਨਫ਼ਰੀ ਵਧਾਉਣ ਦੇ ਦਿੱਤੇ ਸੰਕੇਤ
ਸਰਹੱਦਾਂ ’ਤੇ ਹੋਵੇਗੀ ਹੋਰ ਸਖ਼ਤੀ: ਰਿਜੀਜੂ
ਨਵੀਂ ਦਿੱਲੀ, 31 ਜਨਵਰੀ : ਪਠਾਨਕੋਟ ਏਅਰਬੇਸ ’ਤੇ ਹੋਏ ਹਮਲੇ ਤੋਂ ਬਾਅਦ ਭਾਰਤੀ ਹਵਾਈ ਫ਼ੌਜ ਵੱਲੋਂ 950 ਅੱਡਿਆਂ ਦੀ ਕੀਤੀ ਗਈ ਜਾਂਚ ਮੁਕੰਮਲ ਹੋ ਗਈ ਹੈ। ਇਹ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਨ੍ਹਾਂ ਟਿਕਾਣਿਆਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਰੱਖਿਆ ਮੰਤਰਾਲੇ ਤੋਂ ਹੋਰ ਗਰੁਡ਼ ਕਮਾਂਡੋ ਤਾਇਨਾਤ ਕਰਨ ਦੀ ਮਨਜ਼ੂਰੀ ਲਈ ਜਾਏਗੀ।
ਹਵਾਈ ਫ਼ੌਜ ਦੇ ਸੂਤਰਾਂ ਨੇ ਕਿਹਾ ਕਿ ਜਾਂਚ ਦੌਰਾਨ ਸੁਰੱਖਿਆ ’ਚ ਕਈ ਖ਼ਾਮੀਆਂ ਮਿਲੀਆਂ ਅਤੇ ਇਨ੍ਹਾਂ ਨੂੰ ਦੂਰ ਕਰਨ ਦੇ ਉਪਰਾਲੇ ਹੋਣਗੇ। ਸੇਵਾਮੁਕਤ ਜਵਾਨਾਂ ’ਤੇ ਅਾਧਾਰਿਤ ਰੱਖਿਆ ਸੁਰੱਖਿਆ ਕੋਰ (ਡੀਐਸਸੀ) ਦੀ ਥਾਂ ’ਤੇ ਹੋਰ ਜਵਾਨਾਂ ਨੂੰ ਤਾਇਨਾਤ ਕਰਨ ਬਾਰੇ ਸੂਤਰਾਂ ਨੇ ਕਿਹਾ ਕਿ ਏਅਰਬੇਸਾਂ ’ਤੇ ਗਰੁਡ਼ ਕਮਾਂਡੋਜ਼ ਪਹਿਲਾਂ ਤੋਂ ਹੀ ਤਾਇਨਾਤ ਹਨ ਅਤੇ ਜੇਕਰ ਲੋਡ਼ ਪਈ ਤਾਂ ਹੋਰ ਸ਼ਾਮਲ ਕਰ ਲਏ ਜਾਣਗੇ। ਸੂਤਰਾਂ ਨੇ ਸਪੱਸ਼ਟ ਕੀਤਾ ਕਿ ਅੱਡਿਆਂ ਦੀ ਸੁਰੱਖਿਆ ਡੀਐਸਸੀ ਜਵਾਨ ਅਤੇ ਗਰੁਡ਼ ਕਮਾਂਡੋਜ਼ ਦੇ ਹੱਥਾਂ ’ਚ ਹੀ ਰਹੇਗੀ।
ਜ਼ਿਕਰਯੋਗ ਹੈ ਕਿ ਗਰੁਡ਼ ਕਮਾਂਡੋਜ਼ ਦੀ ਸਥਾਪਨਾ 2003 ’ਚ ਹੋਈ ਸੀ ਤਾਂ ਜੋ ਹਵਾਈ ਫ਼ੌਜ ਨੂੰ ਅੰਦਰੂਨੀ ਥਾਵਾਂ ’ਤੇ ਸਹਿਯੋਗ ਦਿੱਤਾ ਜਾ ਸਕੇ। ਗਰੁਡ਼ ਕਮਾਂਡੋਜ਼ ਨੇ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਮਿਸ਼ਨਾਂ ’ਚ ਵੀ ਸਰਗਰਮੀ ਨਾਲ ਹਿੱਸਾ ਲਿਆ ਅਤੇ ਜੰਗ ਵਰਗੇ ਹਾਲਾਤ ਵਾਲੇ ਮੁਲਕਾਂ ’ਚੋਂ ਭਾਰਤੀਆਂ ਨੂੰ ਸੁਰੱਖਿਅਤ ਕੱਢਣ ’ਚ ਯੋਗਦਾਨ ਪਾਇਆ ਹੈ।
ਰੱਖਿਆ ਮੰਤਰਾਲੇ ਵੱਲੋਂ ਸਾਰੇ ਹਥਿਆਰਬੰਦ ਬਲਾਂ ਦੇ ਟਿਕਾਣਿਆਂ ’ਚ ਸੁਰੱਖਿਆ ਦੀ ਨਜ਼ਰਸਾਨੀ ਲਈ ਕਮੇਟੀ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਰੱਖਿਆ ਮੰਤਰੀ ਮਨੋਹਰ ਪਰੀਕਰ ਨੇ 21 ਜਨਵਰੀ ਨੂੰ ਕਿਹਾ ਸੀ ਕਿ ਇਹ ਵਿਸ਼ੇਸ਼ ਟੀਮ ਅੱਡਿਆਂ ਦਾ ਦੌਰਾ ਕਰ ਕੇ ਖ਼ਤਰੇ, ਸੰਵੇਦਨਸ਼ੀਲਤਾ ਅਤੇ ਸਾਜ਼ੋ ਸਾਮਾਨ ਆਦਿ ਵਰਗੇ ਮਸਲਿਆਂ ਦੀ ਘੋਖ ਕਰੇਗੀ। ਕਮੇਟੀ ਸਥਾਨਕ ਕਮਾਂਡਰਾਂ ਨਾਲ ਗੱਲਬਾਤ ਕਰ ਕੇ ਅੱਗੇ ਸੁਝਾਅ ਦੇਵੇਗੀ।
ਅੰਮ੍ਰਿਤਸਰ, 31 ਜਨਵਰੀ : ਕੇਂਦਰੀ ਗ੍ਰਹਿ ਰਾਜ ਮੰਤਰੀ ਕਿਰਨ ਰਿਜੀਜੂ ਨੇ ਪੰਜਾਬ ਦੀ ਸਰਹੱਦ ਰਾਹੀਂ ਮਾਹੌਲ ਖ਼ਰਾਬ ਕਰਨ ਦੀਆਂ ਘਟਨਾਵਾਂ ’ਤੇ ਚਿੰਤਾ ਪ੍ਰਗਟਾਉਂਦਿਆਂ ਆਖਿਆ ਕਿ ਸਰਕਾਰ ਇਨ੍ਹਾਂ ਨੂੰ ਸਖ਼ਤੀ ਨਾਲ ਰੋਕਣ ਦੇ ਯਤਨ ਕਰੇਗੀ। ਦੋ ਦਿਨਾਂ ਦੇ ਦੌਰੇ ’ਤੇ ਇਥੇ ਪੁੱਜੇ ਸ੍ਰੀ ਰਿਜੀਜੂ ਨੇ ਹਰਿਮੰਦਰ ਸਾਹਿਬ ’ਚ ਸੀਸ ਵੀ ਨਿਵਾਇਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਦੀ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਹਰ ਹੀਲੇ ਕਾਇਮ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਵਿਰੋਧੀ ਤਾਕਤਾਂ ਵੱਲੋਂ ਸਰਹੱਦ ਰਸਤਿਉਂ ਦੇਸ਼ ਵਿੱਚ ਮਾਹੌਲ ਨੂੰ ਵਿਗਾੜਨ ਦਾ ਯਤਨ ਕੀਤਾ ਜਾ ਰਿਹਾ ਹੈ ਜਿਸ ਨੂੰ ਕੇਂਦਰ ਸਰਕਾਰ ਸਖ਼ਤੀ ਨਾਲ ਨਜਿੱਠੇਗੀ। ਪਾਕਿਸਤਾਨ ਸਰਕਾਰ ਵੱਲੋਂ ਪਠਾਨਕੋਟ ਏਅਰਬੇਸ ’ਤੇ ਹੋਏ ਦਹਿਸ਼ਤੀ ਹਮਲੇ ਦੀ ਜਾਂਚ ਦੇ ਦਿੱਤੇ ਭਰੋਸੇ ਬਾਰੇ ਉਨ੍ਹਾਂ ਆਖਿਆ ਕਿ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਸਰਕਾਰ ਤੋਂ ਇਸ ਮਾਮਲੇ ਵਿੱਚ ਸਹਿਯੋਗ ਮੰਗਿਆ ਜਾ ਰਿਹਾ ਹੈ। ਸ੍ਰੀ ਰਿਜੀਜੂ ਨੇ ਬਾਰਡਰ ਮੈਨੇਜਮੈਂਟ ਵਿਭਾਗ ਦਾ ਇੰਚਾਰਜ ਹੋਣ ਦੇ ਨਾਤੇ ਭਰੋਸਾ ਦਿੱਤਾ ਕਿ ਅਟਾਰੀ ਸਰਹੱਦ ’ਤੇ ਵਪਾਰ ਸਬੰਧੀ ਦਰਪੇਸ਼ ਸਮੱਸਿਆਵਾਂ ਦਾ ਜਾਇਜ਼ਾ ਲੈ ਕੇ ਉਨ੍ਹਾਂ ਦਾ ਹੱਲ ਕੀਤਾ ਜਾਵੇਗਾ। ਉਨ੍ਹਾਂ ਐਲਾਨ ਕੀਤਾ ਕਿ ਸਰਹੱਦਾਂ ਦੀ ਰਾਖੀ ਕਰ ਰਹੇ ਬੀਐਸਐਫ ਅਤੇ ਹੋਰ ਨੀਮ ਫੌਜੀ ਬਲਾਂ ਦੇ ਜਵਾਨਾਂ ਨੂੰ ਕਿਸੇ ਵੀ ਕਿਸਮ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ।
ਅਰੁਣਾਚਲ ਪ੍ਰਦੇਸ਼ ਵਿੱਚ ਹਾਲਾਤ ਖ਼ਰਾਬ ਹੋਣ ਦਾ ਦਾਅਵਾ ਕਰਦਿਆਂ ਉਨ੍ਹਾਂ ਕਿਹਾ ਕਿ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਰਾਸ਼ਟਰਪਤੀ ਰਾਜ ਲਾਗੂ ਕੀਤਾ ਗਿਆ ਹੈ।
ਅਟਾਰੀ (ਪੱਤਰ ਪ੍ਰੇਰਕ): ਕੇਂਦਰੀ ਗ੍ਰਹਿ ਰਾਜ ਮੰਤਰੀ ਕਿਰਨ ਰਿਜੀਜੂ ਨੇ ਅੱਜ ਅਟਾਰੀ- ਵਾਹਗਾ ਸਾਂਝੀ ਸਰਹੱਦੀ ਚੌਕੀ ਦਾ ਦੌਰਾ ਕੀਤਾ। ਉਨ੍ਹਾਂ ਝੰਡਾ ਉਤਾਰਨ ਦੀ ਰਸਮ (ਰੀਟਰੀਟ ਸੈਰਾਮਨੀ) ਦਾ ਆਨੰਦ ਮਾਣਿਆ ਅਤੇ ਜ਼ੀਰੋ ਲਾਈਨ ’ਤੇ ਸਰਹੱਦੀ ਬੁਰਜੀ ਵੀ ਦੇਖੀ।
ਸ੍ਰੀ ਰਿਜੀਜੂ ਦੇ ਬਾਅਦ ਦੁਪਹਿਰ ਸੰਗਠਿਤ ਚੈੱਕ ਪੋਸਟ ’ਤੇ ਪਹੁੰਚਣ ’ਤੇ ਸੀਮਾ ਸੁਰੱਖਿਆ ਬਲ ਦੇ ਇੰਸਪੈਕਟਰ ਜਨਰਲ (ਪੰਜਾਬ ਫਰੰਟੀਅਰ) ਅਨਿਲ ਪਾਲੀਵਾਲ, ਡੀਆਈਜੀ ਸੁਮੇਰ ਸਿੰਘ, ਕਮਾਡੈਂਟ ਜਗਦੀਪ ਸਿੰਘ ਸੰਧੂ, ਕਮਾਡੈਂਟ ਜੇਕੇ ਬਿਰਦੀ, ਚੇਅਰਮੈਨ ਲੈਂਡ ਪੋਰਟ ਅਥਾਰਿਟੀ ਆਫ਼ ਇੰਡੀਆ ਵਾਈਐਸ ਸ਼ੇਰਾਵਤ, ਚੀਫ ਕਮਿਸ਼ਨਰ ਕਸਟਮ (ਅੰਮ੍ਰਿਤਸਰ) ਸੰਜੇ ਗਹਿਲੋਤ, ਡਿਪਟੀ ਕਮਿਸ਼ਨਰ ਕਸਟਮ ਪ੍ਰੀਵੈਂਟਿਵ ਜਸਮੀਤ ਸਿੰਘ ਅਤੇ ਡਿਪਟੀ ਕਮਿਸ਼ਨਰ ਕਾਰਗੋ ਪਰਮ ਅਵਤਾਰ ਸਿੰਘ ਗਿੱਲ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।
from Punjab News – Latest news in Punjabi http://ift.tt/1VAu28s

0 comments