ਬਠਿੰਡਾ, 30 ਜਨਵਰੀ : ਬਠਿੰਡਾ ਟਰੈਫਿਕ ਪੁਲੀਸ ਦੇ ਮੁਲਾਜ਼ਮ ਨੂੰ ਬਾਦਲਾਂ ਦੀ ਬੱਸ ਰੋਕਣ ਲਈ ਸੜਕ ’ਤੇ ਬੱਸ ਅੱਗੇ ਬੈਠਣਾ ਪਿਆ। ਔਰਬਿਟ ਕੰਪਨੀ ਦੀ ਬੱਸ ਰਾਮਪੁਰਾ ਫਾਟਕ ’ਤੇ ਜਦੋਂ ਕਤਾਰ ਤੋੜ ਕੇ ਗ਼ਲਤ ਸਾਈਡ ਜਾਣ ਲੱਗੀ ਤਾਂ ਟਰੈਫਿਕ ਮੁਲਾਜ਼ਮ ਨੇ ਬੱਸ ਰੋਕਣ ਦਾ ਯਤਨ ਕੀਤਾ। ਜਦੋਂ ਡਰਾਈਵਰ ਨੇ ਬੱਸ ਨਾ ਰੋਕੀ ਤਾਂ ਟਰੈਫਿਕ ਪੁਲੀਸ ਮੁਲਾਜ਼ਮ ਬੱਸ ਅੱਗੇ ਸੜਕ ’ਤੇ ਬੈਠ ਗਿਆ। ਟਰੈਫਿਕ ਮੁਲਾਜ਼ਮ ਨੇ ਬੱਸ ਬੈਕ ਕਰਵਾ ਕੇ ਲਾਈਨ ਵਿੱਚ ਲਗਵਾਈ। ਔਰਬਿਟ ਕੰਪਨੀ ਨੇ ਡਰਾਈਵਰ ਨੂੰ ਡਿਊਟੀ ਤੋਂ ਫਾਰਗ ਕਰ ਦਿੱਤਾ ਹੈ। ਐਸਐਸਪੀ ਨੇ ਮੁਲਾਜ਼ਮ ਨੂੰ ਇਨਾਮ ਦੇਣ ਦਾ ਫ਼ੈਸਲਾ ਕੀਤਾ ਹੈ।
ਦੱਸਣਯੋਗ ਹੈ ਕਿ ਰਾਮਪੁਰਾ ਵਿਖੇ ਜਦੋਂ ਫਾਟਕ ਬੰਦ ਹੁੰਦਾ ਹੈ ਤਾਂ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਜਾਂਦੀਆਂ ਹਨ। ਕੱਲ੍ਹ ਜਦੋਂ ਬਠਿੰਡਾ-ਚੰਡੀਗੜ੍ਹ ਰੂਟ ’ਤੇ ਚੱਲਦੀ ਔਰਬਿਟ ਕੰਪਨੀ ਦੀ ਬੱਸ (ਪੀਬੀ 03 ਬੀ 5700) ਰਾਮਪੁਰਾ ਫਾਟਕ ’ਤੇ ਕਰੀਬ ਸਾਢੇ ਤਿੰਨ ਵਜੇ ਪੁੱਜੀ ਤਾਂ ਫਾਟਕ ਬੰਦ ਸੀ। ਬੱਸ ਡਰਾਈਵਰ ਜਗਤਾਰ ਸਿੰਘ ਤਾਰੀ ਨੇ ਲਾੲੀਨ ਤੋੜ ਕੇ ਬੱਸ ਗ਼ਲਤ ਸਾਈਡ ਲਗਾ ਦਿੱਤੀ। ਸੋਸ਼ਲ ਮੀਡੀਆ ’ਤੇ ਵੀ ਇਹ ਵੀਡੀਓ ਚੱਲ ਰਹੀ ਹੈ, ਜਿਸ ਵਿੱਚ ਟਰੈਫਿਕ ਪੁਲੀਸ ਦਾ ਮੁਲਾਜ਼ਮ ਬੱਸ ਅੱਗੇ ਬੈਠਾ ਹੋਇਆ ਹੈ ਅਤੇ ਬਾਅਦ ਵਿੱਚ ਬੱਸ ਨੂੰ ਬੈਕ ਕਰਵਾਉਂਦਾ ਹੈ। ਕੁਝ ਸਾਲ ਪਹਿਲਾਂ ਇਸ ਫਾਟਕ ’ਤੇ ਔਰਬਿਟ ਬੱਸ ਨੂੰ ਰੋਕਣ ਵਾਲੇ ਦੋ ਟਰੈਫਿਕ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।
ਟਰੈਫਿਕ ਪੁਲੀਸ ਮੁਲਾਜ਼ਮ ਹਰਵਿੰਦਰ ਦਾਸ ਮੰਡੀ ਕਲਾਂ ਨੇ ਕਿਹਾ ਕਿ ਔਰਬਿਟ ਬੱਸ ਨੇ ਕਤਾਰ ਤੋੜੀ ਸੀ ਤੇ ਉਸ ਨੇ ਬੱਸ ਨੂੰ ਬੈਕ ਕਰਾ ਕੇ ਕਤਾਰ ਵਿੱਚ ਲਗਵਾਇਆ। ਉਸ ਨੇ ਕਿਹਾ ਕਿ ਉਸ ਦਾ ਪੈਰ ਤਿਲਕ ਗਿਆ, ਜਿਸ ਕਰ ਕੇ ਉਹ ਬੱਸ ਦੇ ਅੱਗੇ ਹੀ ਬੈਠ ਗਿਆ। ਉਸ ਨੇ ਦੱਸਿਆ ਕਿ ਔਰਬਿਟ ਬੱਸ ਦੇ ਡਰਾਈਵਰ ਜਗਤਾਰ ਤਾਰੀ ਨੇ ਆਪਣੀ ਗ਼ਲਤੀ ਵੀ ਮੰਨੀ ਹੈ। ਪਤਾ ਲੱਗਿਆ ਹੈ ਕਿ ਮੁਲਾਜ਼ਮ ’ਤੇ ਪੁਲੀਸ ਅਫ਼ਸਰਾਂ ਵੱਲੋਂ ਕਥਿਤ ਤੌਰ ’ਤੇ ਦਬਾਅ ਪਾਇਆ ਗਿਆ ਹੈ ਕਿ ਉਹ ਬੱਸ ਅੱਗੇ ਬੈਠਣ ਵਾਲੀ ਗੱਲ ਨੂੰ ਨਾ ਉਭਾਰੇ।
ਔਰਬਿਟ ਬੱਸ ਦੇ ਮੈਨੇਜਰ ਹਰਭਜਨ ਸਿੰਘ ਨੇ ਕਿਹਾ ਕਿ ਰਾਮਪੁਰਾ ਫਾਟਕ ’ਤੇ ਕੁਤਾਹੀ ਕਰਨ ਵਾਲੇ ਡਰਾਈਵਰ ਜਗਤਾਰ ਸਿੰਘ ਤਾਰੀ ਨੂੰ ਡਿਊਟੀ ਤੋਂ ਫਾਰਗ ਕਰ ਦਿੱਤਾ ਗਿਆ ਹੈ। ਉਨ੍ਹਾਂ ਆਖਿਆ ਕਿ ਜਦੋਂ ਤੱਕ ਪੁਲੀਸ ਡਰਾਈਵਰ ਜਗਤਾਰ ਸਿੰਘ ਨੂੰ ਕਲੀਨ ਚਿੱਟ ਨਹੀਂ ਦਿੰਦੀ, ਉਦੋਂ ਤੱਕ ਡਰਾੲੀਵਰ ਦੀਆਂ ਸੇਵਾਵਾਂ ਬਹਾਲ ਨਹੀਂ ਕੀਤੀਆਂ ਜਾਣਗੀਆਂ। ਐਸਐਸਪੀ ਸਵੱਪਨ ਸ਼ਰਮਾ ਨੇ ਕਿਹਾ ਕਿ ਰਾਮਪੁਰਾ ਫਾਟਕ ਵਾਲਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇ ਕਿਸੇ ਮੁਲਾਜ਼ਮ ਨੇ ਆਪਣੀ ਡਿਊਟੀ ਇਮਾਨਦਾਰੀ ਨਾਲ ਕਰਦੇ ਹੋਏ ਟਰੈਫਿਕ ਨਿਯਮਾਂ ਦੀ ਪਾਲਣਾ ਕਰਵਾਈ ਹੈ ਤਾਂ ਉਸ ਨੂੰ ਸਰਟੀਫਿਕੇਟ ਦੇ ਕੇ ਸਨਮਾਨ ਕੀਤਾ ਜਾਵੇਗਾ।
from Punjab News – Latest news in Punjabi http://ift.tt/1Q2wWyI

0 comments