ਓਂਟਾਰੀਓ ਦੀ ਪ੍ਰੀਮੀਅਰ ਦੀ ਅੰਮ੍ਰਿਤਸਰ ਫੇਰੀ ਵਿਵਾਦਾਂ ਵਿੱਚ ਘਿਰੀ

AvtarSMakkarਅੰਮ੍ਰਿਤਸਰ, 30 ਜਨਵਰੀ : ਕੈਨੇਡਾ ਦੇ ਸੂਬੇ ਓਂਟਾਰੀਓ ਦੀ ਪ੍ਰੀਮੀਅਰ (ਮੁੱਖ ਮੰਤਰੀ) ਕੈਥਲੀਨ ਵੀਨੀ  ਦੀ 31 ਜਨਵਰੀ ਦੀ ਅੰਮ੍ਰਿਤਸਰ ਫੇਰੀ ਉਸ ਵੇਲੇ ਵਿਵਾਦਾਂ ਦੇ ਘੇਰੇ ਵਿੱਚ ਆ ਗਈ ਜਦੋਂ ਸ਼੍ਰੋਮਣੀ ਕਮੇਟੀ ਨੇ ਪ੍ਰੀਮੀਅਰ ਨੂੰ ਸਮਲਿੰਗੀ ਸਬੰਧਾਂ ਦੀ ਹਮਾਇਤੀ ਦੱਸਦਿਆਂ ਸਿਰੋਪਾਓ  ਨਾ ਦੇਣ ਦਾ ਫ਼ੈਸਲਾ ਕੀਤਾ। ਜਦਕਿ ਇਸ ਤੋਂ ਪਹਿਲਾਂ 2005 ਵਿੱਚ ਸ਼੍ਰੋਮਣੀ ਕਮੇਟੀ ਸਮਲਿੰਗੀ ਸਬੰਧਾਂ ਦੇ ਹਿਮਾਇਤੀ ਇੱਕ ਸਿੱਖ ਆਗੂ  ਨੂੰ ਸਿਰੋਪਾਓ ਦੇ ਚੁੱਕੀ ਹੈ।
ਕੈਥਲੀਨ ਵਿਨੀ ਦਸ ਰੋਜ਼ਾ ਭਾਰਤ ਦੌਰੇ ’ਤੇ ਆਈ ਹੋਈ ਹੈ ਅਤੇ ਇਸ ਦੌਰੇ ਦੌਰਾਨ ਉਹ ਭਲਕੇ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਵੇਗੀ। ਇਸ ਤੋਂ ਬਾਅਦ ਉਹ ਇੱਕ ਵਪਾਰਕ ਸੰਸਥਾ ਦੇ ਸਮਾਗਮ ਵਿੱਚ ਵੀ ਸ਼ਾਮਲ ਹੋਵੇਗੀ। ਇਹ ਵਿਵਾਦ ਉਸ ਵੇਲੇ ਸ਼ੁਰੂ ਹੋਇਆ ਜਦੋਂ ਸ਼੍ਰੋਮਣੀ ਕਮੇਟੀ ਨੂੰ ਇਹ ਜਾਣਕਾਰੀ ਮਿਲੀ ਕਿ ਓਂਟਾਰੀਓ ਸੂਬੇ ਦੀ ਪ੍ਰੀਮੀਅਰ ਕਥਿਤ ਤੌਰ ’ਤੇ ਸਮਲਿੰਗੀ ਸਬੰਧਾਂ ਦੀ ਹਮਾਇਤੀ ਹੈ। ਸੰਸਥਾ ਦੇ ਪ੍ਰਬੰਧਕਾਂ ਨੇ ਫ਼ੈਸਲਾ ਕੀਤਾ ਕਿ ਕੈਥਲੀਨ ਨੂੰ ਦਰਬਾਰ ਸਾਹਿਬ ਵਿਖੇ ਸਿਰੋਪਾਓ ਨਹੀਂ ਦਿੱਤਾ ਜਾਵੇਗਾ।
ਦੱਸਣਯੋਗ ਹੈ ਕਿ ਜਨਵਰੀ 2005 ਵਿੱਚ ਅਕਾਲ ਤਖ਼ਤ ਦੇ ਜਥੇਦਾਰ ਹੁੰਦਿਆਂ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਆਖਿਆ ਸੀ ਕਿ ਸਮਲਿੰਗੀ ਸਬੰਧ ਸਿੱਖ ਧਰਮ ਦੀ ਮਰਿਆਦਾ ਦੇ ਖ਼ਿਲਾਫ਼ ਹਨ। ਉਨ੍ਹਾਂ ਨੇ ਅਜਿਹੇ ਸਬੰਧਾਂ ਨੂੰ ਗੈਰ ਕੁਦਰਤੀ ਆਖਿਆ ਸੀ। ਇਸ ਦੇ ਬਾਵਜੂਦ ਉਸੇ ਜਨਵਰੀ ਮਹੀਨੇ ਵਿੱਚ ਦਰਬਾਰ ਸਾਹਿਬ ਮੱਥਾ ਟੇਕਣ ਆਏ ਸਮਲਿੰਗੀ ਸਬੰਧਾਂ ਦੇ ਹਮਾਇਤੀ ਕੈਨੇਡਾ ਦੇ ਹਾਊਸ ਆਫ਼ ਕਾਮਨਜ਼ ਦੇ ਮੈਂਬਰ ਨੂੰ ਸਿਰੋਪਾਓ ਦਿੱਤਾ ਗਿਆ। ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਉਸ ਵੇਲੇ ਦਿੱਤੇ ਸੰਦੇਸ਼ ਕਾਰਨ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਪਾਲ ਮਾਰਟਿਨ ਨੇ ਆਪਣਾ ਦੌਰਾ ਵੀ ਰੱਦ ਕੀਤਾ ਸੀ। 31 ਜਨਵਰੀ 2005 ਨੂੰ ਸਮਲਿੰਗੀ ਸਬੰਧਾਂ ਸਬੰਧੀ ਕੈਨੇਡਾ ਦੀ ਸੰਸਦ ਵਿੱਚ ਬਿੱਲ ਪੇਸ਼ ਹੋਣ ਵਾਲਾ ਸੀ। ਬਿਲ ਪੇਸ਼ ਹੋਣ ਤੋਂ ਪਹਿਲਾਂ 15 ਜਨਵਰੀ ਨੂੰ ਪਾਲ ਮਾਰਟਿਨ ਵੱਲੋਂ  ਦਰਬਾਰ ਸਾਹਿਬ ਦਾ ਦੌਰਾ ਰੱਖਿਆ ਗਿਆ ਸੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਆਖਿਆ ਕਿ ਗੁਰਮਤਿ ਸਿਧਾਂਤ ਅਨੁਸਾਰ ਸਮਲਿੰਗੀ ਸਬੰਧ ਗੈਰ ਕੁਦਰਤੀ ਅਤੇ ਧਰਮ ਵਿਰੋਧੀ ਹਨ। ਉਨ੍ਹਾਂ ਆਖਿਆ ਕਿ ਓਂਟਾਰੀਓ ਦੀ ਪ੍ਰੀਮੀਅਰ ਦਰਬਾਰ ਸਾਹਿਬ ਵਿਖੇ ਇੱਕ ਆਮ ਨਾਗਰਿਕ ਤੇ ਸ਼ਰਧਾਲੂ ਵਜੋਂ ਨਤਮਸਤਕ ਹੋ ਸਕਦੀ ਹੈ।  2005 ਵਿੱਚ ਇੱਕ ਸਿੱਖ ਆਗੂ ਨੂੰ ਸਿਰੋਪਾਓ ਦੇਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਆਖਿਆ ਕਿ ਇਹ ਉਨ੍ਹਾਂ ਦੇ ਕਾਰਜਕਾਲ ਤੋਂ ਪਹਿਲਾਂ ਦਾ ਫ਼ੈਸਲਾ ਹੈ।ਦੂਜੇ ਪਾਸੇ ਇਹ ਵੀ ਪਤਾ ਲੱਗਿਆ ਹੈ ਕਿ ਮੌਜੂਦਾ ਸਥਿਤੀ ਤੋਂ ਜਾਣੂੰ ਹੁੰਦਿਆਂ ਓਂਟਾਰੀਓ ਦੀ ਪ੍ਰੀਮੀਅਰ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਸੰਕੋਚ ਕਰ ਸਕਦੀ ਹੈ।  ਸ਼੍ਰੋਮਣੀ ਕਮੇਟੀ ਦੇ ਸਾਬਕਾ ਮੁੱਖ ਸਕੱਤਰ ਅਤੇ ਸਿੱਖ ਵਿਦਵਾਨ ਮਨਜੀਤ ਸਿੰਘ ਕਲਕੱਤਾ ਨੇ ਸ਼੍ਰੋਮਣੀ ਕਮੇਟੀ ਵੱਲੋਂ ਓਂਟਾਰੀਓ ਦੀ ਪ੍ਰੀਮੀਅਰ ਨੂੰ ਸਿਰੋਪਾਓ ਨਾ ਦੇਣ ਦੇ ਫ਼ੈਸਲੇ ਨੂੰ ਅਣਉਚਿਤ ਦੱਸਦਿਆਂ ਆਖਿਆ ਕਿ ਇਸ ਨਾਲ ਸਮੁੱਚੇ ਵਿਸ਼ਵ ਵਿੱਚ ਸਿੱਖਾਂ ਪ੍ਰਤੀ ਗ਼ਲਤ ਸੁਨੇਹਾ ਜਾਵੇਗਾ। ਉਨ੍ਹਾਂ ਆਖਿਆ ਕਿ ਅਕਾਲ ਤਖ਼ਤ ਦੇ ਨਿਰਦੇਸ਼ ਸਿਰਫ ਸਿੱਖ ਕੌਮ ਜਾਂ ਨਾਨਕ ਨਾਮ ਲੇਵਾ ’ਤੇ ਲਾਗੂ ਹੁੰਦੇ ਹਨ ਜਦੋਂਕਿ ਕੈਥਲੀਨ ਹੋਰ ਧਰਮ ਤੇ ਹੋਰ ਮੁਲਕ ਨਾਲ ਸਬੰਧਤ ਹੈ। ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਅਤੇ ਪੰਥਕ ਤਾਲਮੇਲ ਸੰਗਠਨ ਦੀ ਕੋਰ ਕਮੇਟੀ ਦੇ ਮੈਂਬਰ ਜਸਵਿੰਦਰ ਸਿੰਘ ਐਡਵੋਕੇਟ ਨੇ ਆਖਿਆ ਕਿ ਅਕਾਲ ਤਖ਼ਤ ਦੇ ਨਿਰਦੇਸ਼ ਓਂਨਟਾਰੀਓ ਦੀ ਪ੍ਰੀਮੀਅਰ ’ਤੇ ਲਾਗੂ ਨਹੀਂ ਹੁੰਦੇ ਕਿਉਂਕਿ ਉਹ ਸਿੱਖ ਨਹੀਂ ਹੈ।



from Punjab News – Latest news in Punjabi http://ift.tt/20f8d54
thumbnail
About The Author

Web Blog Maintain By RkWebs. for more contact us on rk.rkwebs@gmail.com

0 comments