ਜੈਤੋ/ਕੋਟਕਪੂਰਾ 30 ਜਨਵਰੀ : ਬਹਿਬਲ ਕਲਾਂ ਗੋਲੀ ਕਾਂਡ ਦੀ ਪੜਤਾਲ ਲਈ ਇਕ ਮੈਂਬਰੀ ਜਸਟਿਸ ਮਾਰਕੰਡੇ ਕਾਟਜੂ ਕਮਿਸ਼ਨ ਅੱਜ ਬਾਅਦ ਦੁਪਹਿਰ ਪਿੰਡ ਬਹਿਬਲ ਕਲਾਂ ਪਹੁੰਚ ਗਿਆ। ਉਨ੍ਹਾਂ ਉਸ ਸਥਾਨ ਦਾ ਦੌਰਾ ਕੀਤਾ, ਜਿਥੇ ਗੋਲੀ ਨਾਲ ਦੋ ਵਿਅਕਤੀਆਂ ਗੁਰਜੀਤ ਸਿੰਘ ਤੇ ਕ੍ਰਿਸ਼ਨ ਭਗਵਾਨ ਸਿੰਘ ਦੀ ਮੌਤ ਹੋੲੀ ਸੀ ਅਤੇ ਕਈ ਹੋਰ ਜ਼ਖ਼ਮੀ ਹੋ ਗਏ ਸਨ। ਅੱਜ ਉਹ ਕਰੀਬ ਡੇਢ ਘੰਟਾ ਪਿੰਡ ਵਿੱਚ ਰਹੇ ਅਤੇ ਲੋਕਾਂ ਤੋਂ ਘਟਨਾ ਬਾਰੇ ਮੁੱਢਲੇ ਤੱਥ ਇਕੱਠੇ ਕੀਤੇ। ਭਲਕੇ ਐਤਵਾਰ ਨੂੰ ਉਹ ਪਿੰਡ ਬਹਿਬਲ ਕਲਾਂ ਦੇ ਗੁਰੂ ਘਰ ਵਿੱਚ ਗੋਲੀ ਕਾਂਡ ਦੇ ਚਸ਼ਮਦੀਦਾਂ ਅਤੇ ਘਟਨਾ ਦੀ ਜਾਣਕਾਰੀ ਰੱਖਣ ਵਾਲਿਆਂ ਤੋਂ ਵੇਰਵੇ ਲੈਣਗੇ।
ਜਸਟਿਸ ਕਾਟਜੂ ਕਮਿਸ਼ਨ ਗ਼ੈਰ ਸਰਕਾਰੀ ਤੌਰ ’ਤੇ ਇਸ ਘਟਨਾ ਦੀ ਜਾਂਚ ਕਰੇਗਾ। ਸਿੱਖਸ ਫ਼ਾਰ ਹਿਊਮਨ ਰਾਈਟਸ ਤੇ ਹੋਰ ਜਥੇਬੰਦੀਆਂ ਵੱਲੋਂ ੳੁਨ੍ਹਾਂ ਨੂੰ ਘਟਨਾ ਦੀ ਨਿਰਪੱਖ ਜਾਂਚ ਕਰਨ ਦੀ ਅਪੀਲ ਕੀਤੀ ਗਈ ਸੀ ਜਿਸ ਮਗਰੋਂ ਉਨ੍ਹਾਂ ਇਹ ਜ਼ਿੰਮੇਵਾਰੀ ਸੰਭਾਲੀ ਹੈ। ਉਨ੍ਹਾਂ ਦੀ ਆਮਦ ਮੌਕੇ ਸਿੱਖਸ ਫ਼ਾਰ ਹਿਊਮਨ ਰਾਈਟਸ, ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਅਤੇ ਲਾਅਰਜ਼ ਫ਼ਾਰ ਹਿਊਮਨ ਰਾਈਟਸ ਇੰਟਰਨੈਸ਼ਨਲ ਦੇ ਪ੍ਰਤੀਨਿਧ ਵੀ ਉਨ੍ਹਾਂ ਦੇ ਨਾਲ ਸਨ। ਨੁਮਾਇੰਦਿਆਂ ਨੇ ਕਿਹਾ ਕਿ ਬਹਿਬਲ ਕਲਾਂ ਕਾਂਡ ’ਚ ਕਾਨੂੰਨ ਦੀ ਵਿਆਪਕ ਉਲੰਘਣਾ ਹੋਈ ਹੈ, ਜਿਸ ਵਿੱਚ ਦੋ ਵਿਅਕਤੀਆਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ। ਪੜਤਾਲ ਬਾਅਦ ‘ਦੋਸ਼ੀਆਂ’ ਨੂੰ ਜਨਤਕ ਤੌਰ ’ਤੇ ਬੇਪਰਦ ਕੀਤਾ ਜਾਵੇਗਾ।
ਫਿਲਹਾਲ ਇਸ ਪੜਤਾਲ ਨੂੰ ਭਾਵੇਂ ਗੋਲੀ ਕਾਂਡ ਤੱਕ ਹੀ ਮਹਿਦੂਦ ਰੱਖਿਆ ਗਿਆ ਹੈ ਜੇਕਰ ਇਸ ਦੀਆਂ ਤੰਦਾਂ ਕੋਟਕਪੂਰਾ ਲਾਠੀਚਾਰਜ ਜਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਜੁੜਦੀਆਂ ਹੋਈਆਂ ਤਾਂ ਪੜਤਾਲ ਦੇ ਘੇਰੇ ਨੂੰ ਵਧਾੳੁਣ ਤੋਂ ਸੰਕੋਚ ਨਹੀਂ ਕੀਤਾ ਜਾਵੇਗਾ। ਭਲਕੇ ਬਹਿਬਲ ਕਲਾਂ ਦੇ ਗੁਰਦੁਆਰਾ ਸਾਹਿਬ ’ਚ ਸਵੇਰੇ 10 ਵਜੇ ਤੋਂ ਦੇਰ ਸ਼ਾਮ ਤੱਕ ਜਸਟਿਸ ਕਾਟਜੂ ਲੋਕਾਂ ਨੂੰ ਮਿਲ ਕੇ ਘਟਨਾਵਾਂ ਦੀ ਜਾਣਕਾਰੀ ਲੈਣਗੇ। ਜਾਂਚ ਦੀ ਵਿਲੱਖਣਤਾ ਹੈ ਕਿ ਜੇਕਰ ਘਟਨਾਵਾਂ ਬਾਰੇ ਪੁਲੀਸ ਆਪਣਾ ਪੱਖ ਰੱਖਣਾ ਚਾਹੇ ਤਾਂ ਉਸ ਦਾ ਵੀ ਸੁਆਗਤ ਕੀਤਾ ਜਾਵੇਗਾ।
ਮੌਕਾ-ਏ-ਵਾਰਦਾਤ ਦਾ ਜਾਇਜ਼ਾ ਲੈਣ ਮੌਕੇ ਜਸਟਿਸ ਮਾਰਕੰਡੇ ਕਾਟਜੂ ਦੇ ਨਾਲ ਐਡਵੋਕੇਟ ਹਰਪਾਲ ਸਿੰਘ ਚੀਮਾ, ਸਾਬਕਾ ਡੀ.ਜੀ. ਪੀ. (ਜੇਲ੍ਹਾਂ) ਸ਼ਸ਼ੀ ਕਾਂਤ, ਐਡਵੋਕੇਟ ਜਤਿੰਦਰ ਰਾਏ ਖੱਟੜ, ਪ੍ਰੋਫੈਸਰ ਮਹਿੰਦਰਪਾਲ ਸਿੰਘ, ਗੁਰਦੀਪ ਸਿੰਘ ਬਠਿੰਡਾ, ਸੁਰਜੀਤ ਸਿੰਘ ਅਰਾਈਆਂ ਵਾਲਾ, ਪ੍ਰੀਤਪਾਲ ਸਿੰਘ ਭਲੂਰੀਆ, ਜਸਵਿੰਦਰ ਸਿੰਘ ਸਾਹੋ ਕੇ, ਇਕਬਾਲ ਸਿੰਘ ਸੰਧੂ, ਗੁਰਾ ਸਿੰਘ, ਮਾਸਟਰ ਗੁਰਚਰਨ ਸਿੰਘ, ਸੁਖਪਾਲ ਸਿੰਘ, ਸੁਖਮੰਦਰ ਸਿੰਘ, ਰਾਮਚਰਨ ਸਿੰਘ, ਕੁਲਦੀਪ ਸਿੰਘ ਸਮੇਤ ਕਈ ਮੋਹਤਬਰ ਹਾਜ਼ਰ ਸਨ।
from Punjab News – Latest news in Punjabi http://ift.tt/1m6oVAP

0 comments