‘ਆਪ’ ਦੀ ਸਿਆਸੀ ਗੱਡੀ ਨੂੰ ਪੰਜਾਬ ’ਚ ‘ਆਪਣੇ’ ਲਾਉਣਗੇ ਬਰੇਕਾਂ
ਚੰਡੀਗਡ਼੍ਹ ਵਿੱਚ ਸਵਰਾਜ ਅਭਿਆਨ ਦੇ ਕੌਮੀ ਸਕੱਤਰ ਅਜੀਤ ਝਾਅ ਤੇ ਪੰਜਾਬ ਵਿੱਚ ਜਥੇਬੰਦੀ ਦੇ ਕਨਵੀਨਰ ਪ੍ਰੋਫੈਸਰ ਮਨਜੀਤ ਸਿੰਘ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ।
ਚੰਡੀਗੜ੍ਹ 31 ਜਨਵਰੀ : ਸਵਰਾਜ ਅਭਿਆਨ ਚਲਾਉਣ ਵਾਲੀ ਟੀਮ ਜਲਦੀ ਹੀ ਸਿਆਸੀ ਪਾਰਟੀ ਬਣਾ ਕੇ ਪੰਜਾਬ ਵਿੱਚ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਹਾਜ਼ਰੀ ਲਗਵਾਏਗੀ।
ਆਮ ਅਾਦਮੀ ਪਾਰਟੀ ‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਟਕਰਾਅ ਪੈਦਾ ਹੋਣ ਤੋਂ ਬਾਅਦ ਯੋਂਗੇਦਰ ਯਾਦਵ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਪਿਛਲੇ ਵਰ੍ਹੇ 14 ਅਪਰੈਲ ਨੂੰ ਸਵਰਾਜ ਅਭਿਆਨ ਸੰਸਥਾ ਦਾ ਗਠਨ ਕੀਤਾ ਗਿਆ ਸੀ। ਪੰਜਾਬ ਵਿੱਚ ਚੱਲ ਰਹੀ ‘ਆਪ’ ਦੀ ਹਵਾ ਕਾਰਨ ਇਸ ਪਾਰਟੀ ਦੇ ਬਾਗੀ ਨੇਤਾ ਵੀ ਅੱਜ-ਕੱਲ੍ਹ ਸਰਗਰਮ ਹਨ। ‘ਆਪ’ ਵੱਲੋਂ ਦੋ ਸੰਸਦ ਮੈਂਬਰਾਂ ਡਾਕਟਰ ਧਰਮਵੀਰ ਗਾਂਧੀ ਤੇ ਹਰਿੰਦਰ ਸਿੰਘ ਖਾਲਸਾ, ਡਾਕਟਰ ਦਲਜੀਤ ਸਿੰਘ ਅੰਮ੍ਰਿਤਸਰ, ਭਾਈ ਬਲਦੀਪ ਸਿੰਘ ਤੇ ਪ੍ਰੋਫੈਸਰ ਮਨਜੀਤ ਸਿੰਘ ਨੂੰ ਪਾਰਟੀ ਵਿਚੋਂ ਮੁਅੱਤਲ ਕੀਤਾ ਜਾ ਚੁੱਕਾ ਹੈ, ਜਿਸ ਕਾਰਨ ਕਈ ਬਾਗੀ ਆਗੂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਾਜ ਵਿੱਚ ਸਿਆਸੀ ਪਾਰਟੀ ਬਣਾ ਕੇ ਜਿਥੇ ‘ਆਪ’ ਦੀਆਂ ਨੀਤੀਆਂ ਵਿਰੁੱਧ ਨਿੱਤਰਨਾ ਚਾਹੁੰਦੇ ਹਨ ਉਥੇ ਰਾਜ ਦੀਆਂ ਰਵਾਇਤੀ ਸਿਆਸੀ ਪਾਰਟੀਆਂ ਦਾ ਵੀ ਮੁਕਾਬਲਾ ਕਰਨ ਦੇ ਰੌਂਅ ਵਿੱਚ ਹਨ। ਇਸੇ ਦੌਰਾਨ ਅੱਜ ਇਥੇ ਸਵਰਾਜ ਅਭਿਆਨ ਦੇ ਕੌਮੀ ਸਕੱਤਰ ਅਜੀਤ ਝਾਅ ਨੇ ਪੱਤਰਕਾਰਾਂ ਨੂੰ ਦੱਸਿਆ ਸਵਰਾਜ ਅਭਿਆਨ ਵੱਲੋਂ ਕੇਵਲ ਪੰਜਾਬ ਵਿਚ ਹੀ ਨਹੀਂ ਸਗੋਂ ਕੌਮੀ ਪੱਧਰ ’ਤੇ ਅਪਰੈਲ ਤੋਂ ਬਾਅਦ ਸਿਆਸੀ ਪਾਰਟੀ ਦਾ ਐਲਾਨ ਕੀਤਾ ਜਾ ਸਕਦਾ ਹੈ। ਇਥੇ ਹਰਿਆਣਾ ਤੇ ਪੰਜਾਬ ਦੀ ਲੀਡਰਸ਼ਿਪ ਨਾਲ ਮੀਟਿੰਗ ਕਰਨ ਆਏ ਸ੍ਰੀ ਝਾਅ ਨੇ ਦੱਸਿਆ ਕਿ ਸਵਰਾਜ ਅਭਿਆਨ ਦੀ ਹੋਂਦ ਵੇਲੇ ਹੀ ਇਸ ਨੂੰ ਸਿਆਸੀ ਰੂਪ ਦੇਣ ਦਾ ਮੱਤ ਬਣ ਗਿਆ ਸੀ ਪਰ ਸਿਆਸੀ ਪਾਰਟੀ ਬਣਾਉਣ ਤੋਂ ਪਹਿਲਾਂ ਦੇਸ਼ ਦੇ ਘੱਟੋ-ਘੱਟ 100 ਜ਼ਿਲ੍ਹਿਆਂ ਵਿੱਚ 100-100 ਮੈਂਬਰੀ ਕਮੇਟੀਆਂ ਬਣਾਉਣ ਅਤੇ ਛੇ ਰਾਜਾਂ ਵਿੱਚ ਸਟੇਟ ਕਮੇਟੀਆਂ ਬਣਾਉਣ ਦਾ ਟੀਚਾ ਮਿਥਿਆ ਗਿਆ ਹੈ। ਇਸ ਸਬੰਧੀ ਚੱਲ ਰਹੀ ਪ੍ਰਕਿਰਿਆ ਅਨੁਸਾਰ ਫਰਵਰੀ ਦੇ ਅਖੀਰ ਤੱਕ 100 ਜ਼ਿਲ੍ਹਿਆਂ ਦੀ ਚੋਣ ਮੁਕੰਮਲ ਹੋਣ ਬਾਅਦ ਉਥੋਂ ਦੀ ਲੀਡਰਸ਼ਿਪ ਅਤੇ ਛੇ ਰਾਜਾਂ ਦੀਆਂ ਕਮੇਟੀਆਂ ਦੇ ਪ੍ਰਤੀਨਿਧਾਂ ’ਤੇ ਅਧਾਰਿਤ ਪਾਰਟੀ ਦੀ ਅੰਦਰੂਨੀ ਚੋਣ ਪ੍ਰਕਿਰਿਆ ਅਪਰੈਲ ਤੱਕ ਮੁਕੰਮਲ ਕਰ ਲਈ ਜਾਵੇਗੀ। ਇਸ ਤੋਂ ਬਾਅਦ ਸਵਰਾਜ ਅਭਿਆਨ ਨੂੰ ਸਿਆਸੀ ਪਾਰਟੀ ਐਲਾਨਿਆ ਜਾ ਸਕਦਾ ਹੈ। ਪਾਰਟੀ ਬਣਨ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਡ਼ਨੀਆਂ ਸੁਭਾਵਿਕ ਹਨ। ਇਸ ਮੌਕੇ ਮੌਜੂਦ ਸਵਰਾਜ ਲਹਿਰ ਪੰਜਾਬ ਦੇ ਕਨਵੀਨਰ ਪ੍ਰੋਫੈਸਰ ਮਨਜੀਤ ਸਿੰਘ ਨੇ ਕਿਹਾ ਕਿ ਇਥੋਂ ਦੇ ਸਿਆਸੀ ਹਾਲਾਤ ਅਨੁਸਾਰ ਕੌਮੀ ਪੱਧਰ ਦੀ ਪਾਰਟੀ ਬਣਾਉਣ ਤੋਂ ਪਹਿਲਾਂ ਹੀ ਪੰਜਾਬ ਵਿੱਚ ਸਿਆਸੀ ਪਾਰਟੀ ਬਣਾਈ ਜਾ ਸਕਦੀ ਹੈ। ਪੰਜਾਬ ਦੇ ਦਲਿਤ, ਪੱਛਡ਼ੀਆਂ ਸ਼੍ਰੇਣੀਆਂ, ਘੱਟ ਗਿਣਤੀਆਂ, ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਅਤੇ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਤੁਰੰਤ ਸਿਆਸੀ ਪਾਰਟੀ ਬਣਾਉਣ ਲਈ ਉਨ੍ਹਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ।
from Punjab News – Latest news in Punjabi http://ift.tt/1SlxgPF

0 comments