ਅੰਮ੍ਰਿਤਸਰ, 30 ਜਨਵਰੀ : ਖ਼ਾਲਸਾ ਕਾਲਜ ਮੈਨੇਜਮੈਂਟ ਵਲੋਂ ਬਣਾਈ ਜਾ ਰਹੀ ਖ਼ਾਲਸਾ ਯੂਨੀਵਰਸਟੀ ਬਣਨ ਤੋਂ ਪਹਿਲਾਂ ਹੀ ਵਿਵਾਦਾਂ ਵਿਚ ਘਿਰ ਗਈ ਹੈ ਅਤੇ ਵੱਖ-ਵੱਖ ਪਾਰਟੀਆਂ ਨੇ ਇਸ ਯੂਨੀਵਰਸਟੀ ਦੀ ਆੜ ਹੇਠ ਖ਼ਾਲਸਾ ਕਾਲਜ ਦੀ ਹੋਂਦ ਖ਼ਤਮ ਕਰ ਕੇ ਇਸ ‘ਤੇ ਕੁੱਝ ਸਿਆਸੀ ਘਰਾਣਿਆਂ ਵਲੋਂ ਕਬਜ਼ਾ ਕੀਤੇ ਜਾਣ ਦੇ ਦੋਸ਼ ਲਾਏ ਹਨ। ਖ਼ਾਲਸਾ ਕਾਲਜ ਮੈਨੇਜਮੈਂਟ ਵਲੋਂ ਪਹਿਲਾਂ ਵੀ 2011 ਵਿਚ ਖ਼ਾਲਸਾ ਨੂੰ ਯੂਨੀਵਰਸਟੀ ਬਣਾਉਣ ਲਈ ਮਤੇ ਪਾਸ ਕੀਤੇ ਸਨ ਅਤੇ ਖ਼ਾਲਸਾ ਕਾਲਜ ਨੂੰ ਖ਼ਾਲਸਾ ਯੂਨੀਵਰਸਟੀ ਵਿਚ ਤਬਦੀਲ ਕਰਨ ਦੀ ਯੋਜਨਾ ਬਣਾਈ ਗਈ ਸੀ। ਇਸ ਮਾਮਲੇ ਨੂੰ ਲੈ ਕੇ ਉਸ ਵੇਲੇ ਵਿਵਾਦ ਹੋ ਗਿਆ ਸੀ ਅਤੇ ਲੋਕ ਅਤੇ ਸਿਆਸੀ ਪਾਰਟੀਆਂ ਇਸ ਦੇ ਵਿਰੋਧ ਵਿਚ ਸੜਕਾਂ ‘ਤੇ ਉਤਰ ਆਏ ਸਨ। ਇਸ ਯੋਜਨਾ ਦਾ ਕਾਲਜ ਅਮਲੇ ਅਤੇ ਲੋਕਾਂ ਵਲੋਂ ਸਖ਼ਤ ਵਿਰੋਧ ਕੀਤਾ ਗਿਆ ਸੀ ਜਿਸ ਕਾਰਨ ਇਸ ਪ੍ਰਾਈਵੇਟ ਯੂਨੀਵਰਸਟੀ ਦਾ ਸੁਪਨਾ ਵਿਚਾਲੇ ਰਹਿ ਗਿਆ ਸੀ। ਹੁਣ ਫਿਰ ਪ੍ਰਬੰਧਕਾਂ ਨੇ ਨਵਾਂ ਰਸਤਾ ਅਖ਼ਤਿਆਰ ਕਰਦਿਆਂ ਇਸ ਨੂੰ ਯੂਨੀਵਰਸਟੀ ਬਣਾਉਣ ਲਈ ਕਾਰਵਾਈ ਕਰਨੀ ਸ਼ੁਰੂ ਕਰ ਦਿਤੀ ਹੈ। ਭਾਵੇਂ ਪ੍ਰਬੰਧਕਾਂ ਵਲੋਂ ਖ਼ਾਲਸਾ ਕਾਲਜ ਨੂੰ ਬਾਹਰ ਰੱਖ ਕੇ ਇਹ ਯੂਨੀਵਰਸਟੀ ਬਣਾਉਣ ਦੀ ਗੱਲ ਕਹੀ ਜਾ ਰਹੀ ਹੈ ਪਰ ਜਿਥੇ ਇਹ ਯੂਨੀਵਰਸਟੀ ਬਣਾਈ ਜਾ ਰਹੀ ਹੈ, ਉਹ ਜ਼ਮੀਨ ਕਾਲਜ ਨੂੰ ਹੀ ਲੋਕਾਂ ਨੇ ਦਾਨ ਕੀਤੀ ਸੀ, ਇਸ ਬਾਰੇ ਵੀ ਸਵਾਲ ਉਠ ਰਹੇ ਹਨ।
ਕਾਲਜ ਪ੍ਰਬੰਧਕ ਕਮੇਟੀ ਨੇ ਪਿਛਲੀ ਵਾਰ ਦੀ ਤਰ੍ਹਾਂ ਲੋਕ ਰੋਹ ਤੋਂ ਡਰਦਿਆਂ ਇਸ ਵਾਰ ਨਵਾਂ ਪੈਂਤੜਾ ਖੇਡਿਆ ਹੈ ਅਤੇ ਪਹਿਲਾਂ ਤੋਂ ਹੀ ਇਹ ਰਾਗ ਅਲਾਪਿਆ ਜਾ ਰਿਹਾ ਹੈ ਕਿ ਇਹ ਯੂਨੀਵਰਸਟੀ ਖ਼ਾਲਸਾ ਕਾਲਜ ਤੋਂ ਵਖਰੀ ਹੋਵੇਗੀ। ਅਕਾਲੀ-ਭਾਜਪਾ ਸਰਕਾਰ ਦਾ ਆਖ਼ਰੀ ਸਾਲ ਹੋਣ ਕਰ ਕੇ ਮਜੀਠੀਆ ਪਰਵਾਰ ਵੀ ਇਸ ਦਾ ਲਾਹਾ ਲੈਣਾ ਚਾਹੁੰਦਾ ਹੈ। ਕਾਲਜ ਮੈਨੇਜਮੈਂਟ ਕੋਲ ਵੀ ਇਹ ਆਖ਼ਰੀ ਮੌਕਾ ਹੈ ਅਤੇ ਉਹ ਇਸ ਮੌਕੇ ਨੂੰ ਗਵਾਉਣਾ ਨਹੀਂ ਚਾਹੁੰਦੀ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਨੇ ਕਾਲਜ ਪ੍ਰਬੰਧਕ ਕਮੇਟੀ ਵਲੋਂ ਬਣਾਈ ਜਾ ਰਹੀ ਖ਼ਾਲਸਾ ਯੂਨੀਵਰਸਟੀ ਦਾ ਸਖ਼ਤ ਵਿਰੋਧ ਕਰਦਿਆਂ ਕਿਹਾ ਹੈ ਕਿ ਮਜੀਠੀਆ ਪਰਵਾਰ ਅਪਣੇ ਹਮਾਇਤੀ ਰਜਿੰਦਰ ਮੋਹਨ ਸਿੰਘ ਛੀਨਾ ਨਾਲ ਮਿਲ ਕੇ ਕਾਲਜ ਨੂੰ ਖ਼ਤਮ ਕਰਨਾ ਚਾਹੁੰਦੇ ਹਨ ਅਤੇ ਇਹ ਪਹਿਲਾ ਪੜਾਅ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਇਨ੍ਹਾਂ ਵਲੋਂ ਖ਼ਾਲਸਾ ਕਾਲਜ ਨੂੰ ਯੂਨੀਵਰਸਟੀ ਵਿਚ ਤਬਦੀਲ ਕਰਨ ਦਾ ਬੀੜਾ ਚੁਕਿਆ ਸੀ ਅਤੇ ਲੋਕਾਂ ਨੇ ਇਸ ਨੂੰ ਕਾਮਯਾਬ ਨਹੀਂ ਹੋਣ ਦਿਤਾ ਅਤੇ ਹੁਣ ਖ਼ਾਲਸਾ ਕਾਲਜ ਨੂੰ ਵਖਰਾ ਦੱਸ ਕੇ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾ ਕੇ ਇਹ ਯੂਨੀਵਰਸਟੀ ਬਣਾਉਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿਸ ਜਗ੍ਹਾ ‘ਤੇ ਇਹ ਯੂਨੀਵਰਸਟੀ ਬਣਾਉਣ ਦੀ ਗੱਲ ਕਰ ਰਹੇ ਹਨ, ਉਹ ਸਾਰੀ ਜ਼ਮੀਨ ਲੋਕਾਂ ਨੇ ਖ਼ਾਲਸਾ ਕਾਲਜ ਨੂੰ ਦਾਨ ਕੀਤੀ ਸੀ ਅਤੇ ਇਹ ਜ਼ਮੀਨ ਕਾਲਜ ਦੀ ਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦਾ ਮਨੋਰਥ ਕਿਸੇ ਤਰੀਕੇ ਇਤਿਹਾਸਕ ਖ਼ਾਲਸਾ ਕਾਲਜ ਨੂੰ ਖ਼ਤਮ ਕਰਨਾ ਹੈ। ਉਨ੍ਹਾਂ ਕਿਹਾ ਕਿ ਆਰ.ਐਸ.ਐਸ. ਵਲੋਂ ਛੀਨਾ ਨੂੰ ਇਸ ਸੰਸਥਾ ‘ਤੇ ਬਿਠਾਇਆ ਗਿਆ ਹੈ ਅਤੇ ਮਜੀਠੀਆ ਪਰਵਾਰ ਨਾਲ ਮਿਲ ਕੇ ਇਹ ਇਸ ਸੰਸਥਾ ਨੂੰ ਖ਼ਤਮ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਮਜੀਠੀਆ ਪਰਵਾਰ ਨੇ ਪਹਿਲਾਂ ਹੀ ਪੰਜਾਬ ਨੂੰ ਤਬਾਹ ਕਰ ਦਿਤਾ ਹੈ ਅਤੇ ਹਰ ਥਾਂ ‘ਤੇ ਕਬਜ਼ੇ ਕਰ ਕੇ ਲੋਕਾਂ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਮਜੀਠੀਆ ਤੇ ਛੀਨਾ ਰਲ ਕੇ ਇਸ ਕਾਲਜ ਨੂੰ ਬੰਦ ਕਰ ਕੇ ਕਥਿਤ ਤੌਰ ‘ਤੇ ਇਸ ਦੀ ਜਾਇਦਾਦ ਹੜੱਪ ਕਰਨਾ ਚਾਹੁੰਦੇ ਹਨ।
ਲਾਲੀ ਮਜੀਠੀਆ ਨੇ ਕਿਹਾ ਕਿ ਖ਼ਾਲਸਾ ਕਾਲਜ ਪਾਸ ਅੱਜ ਵੀ ਖੇਤੀਬਾੜੀ ਲਈ ਮੌਜੂਦ ਜ਼ਮੀਨ ਤੇ ਖੇਤੀਬਾੜੀ ਨਾਲ ਸਬੰਧਤ ਖੋਜ ਕਾਰਜ ਹੀ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜੇ ਫਿਰ ਵੀ ਕੌਂਸਲ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਦੀ ਮਾੜੀ ਸਿਹਤ ਦਾ ਫ਼ਾਇਦਾ ਲੈਂਦਿਆਂ ਯੂਨੀਵਰਸਟੀ ਦੀ ਮਨਜ਼ੂਰੀ ਲੈ ਲਈ ਹੈ ਤਾਂ ਇਹ ਇਮਾਰਤ ਖ਼ਾਲਸਾ ਕਾਲਜ ਦੀ ਗੌਂਸਾਬਾਦ ਤੇ ਗੁਜਪੁਰ ਵਾਲੀ ਜ਼ਮੀਨ ‘ਤੇ ਉਸਾਰੀ ਜਾਵੇ। ਸ. ਲਾਲੀ ਨੇ ਮੰਗ ਕੀਤੀ ਹੈ ਕਿ ਯੂਨੀਵਰਸਟੀ ਪ੍ਰਬੰਧਨ ਲਈ ਇਕ ਵਖਰਾ ਟਰੱਸਟ ਬਣਾਇਆ ਜਾਵੇ ਜਿਸ ਵਿਚ ਬਾਦਲ-ਬਿਕਰਮ ਪਰਵਾਰ ਦੇ ਜੀਆਂ ਦੀ ਬਜਾਏ ਰਾਸ਼ਟਰੀ/ਅੰਤਰਰਾਸ਼ਟਰੀ ਵਿਦਿਅਕ ਅਦਾਰਿਆਂ, ਸਿੱਖ ਬੁਧੀਜੀਵੀਆਂ, ਸਿੱਖ ਚਿੰਤਕਾਂ, ਸਮਾਜ ਸੇਵੀ ਸੰਸਥਾਵਾਂ , ਸਾਬਕਾ ਰਾਜਦੂਤਾਂ, ਸਾਬਕਾ ਅਧਿਕਾਰੀਆਂ, ਲੇਖਕਾਂ ਨੂੰ ਸ਼ਾਮਲ ਕੀਤਾ ਜਾਏ ਤਾਕਿ ਇਕ ਸਿੱਖ ਸੰਸਥਾ ਵਲੋਂ ਬਣਾਈ ਜਾ ਰਹੀ ਯੂਨੀਵਰਸਟੀ ਦੇ ਗਠਨ ਲਈ ਵਿਸ਼ਵ ਭਰ ਦੇ ਸੁਝਵਾਨ ਵਿਅਕਤੀਆਂ ਦੀ ਟੀਮ ਹੋਵੇ।
ਉਨ੍ਹਾਂ ਕਿਹਾ ਕਿ ਖ਼ਾਲਸਾ ਕਾਲਜ ਦਾ ਮੁੱਖ ਮਨੋਰਥ ਪੇਂਡੂ ਬੱਚਿਆਂ ਨੂੰ ਸਸਤੀ ਵਿਦਿਆ ਪ੍ਰਦਾਨ ਕਰਨਾ ਸੀ ਪਰ ਅਜਿਹਾ ਕੁੱਝ ਨਹੀਂ ਹੋ ਰਿਹਾ। ਕਈ ਪੇਂਡੂ ਬੱਚਿਆਂ ਨੂੰ ਦਾਖ਼ਲਾ ਤਕ ਨਹੀਂ ਦਿਤਾ ਜਾਂਦਾ ਅਤੇ ਫ਼ੀਸਾਂ ਦੂਜੇ ਕਾਲਜਾਂ ਦੀ ਤਰ੍ਹਾਂ ਹੀ ਲਈਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਗੁਆਂਢ ਵਿਚ ਪਹਿਲਾਂ ਹੀ ਗੁਰੂ ਨਾਨਕ ਦੇਵ ਯੂਨੀਵਰਸਟੀ ਸਥਾਪਤ ਹੈ ਅਤੇ ਇਸ ਨਵੀਂ ਯੂਨੀਵਰਸਟੀ ਦੀ ਕੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਨੂੰ ਲੈ ਕੇ ਬਣੀ ਗੁਰੂ ਨਾਨਕ ਦੇਵ ਯੂਨੀਵਰਸਟੀ ਦੇ ਮੁਕਾਬਲੇ ਖ਼ਾਲਸਾ ਯੂਨੀਵਰਸਟੀ ਬਣਾਉਣਾ ਗੁਰੂ ਸਾਹਿਬ ਦੀ ਬੇਅਦਬੀ ਕਰਨਾ ਹੈ। ਉਨ੍ਹਾਂ ਕਿਹਾ ਕਿ ਕਾਲਜ ਮੈਨੇਜਮੈਂਟ ਨੇ ਵਿਦਿਆ ਦਾ ਮਿਆਰ ਉੱਚਾ ਚੁੱਕਣ ਲਈ ਜਿਹੜੇ ਕਦਮ ਚੁਕਣੇ ਸਨ, ਉਹ ਤਾਂ ਚੁੱਕੇ ਨਹੀਂ ਹਨ। ਯੂਨੀਵਰਸਟੀ ਬਣਾਉਣ ਦਾ ਮਕਸਦ ਖ਼ਾਲਸਾ ਕਾਲਜ ਦੀ ਇਕ ਦਿਨ ਹੋਂਦ ਖ਼ਤਮ ਕਰ ਕੇ ਇਸ ਜਗ੍ਹਾ ‘ਤੇ ਕਬਜ਼ਾ ਕਰਨਾ ਹੀ ਇਨ੍ਹਾਂ ਦਾ ਮਨੋਰਥ ਹੈ।
ਜ਼ਿਕਰਯੋਗ ਹੈ ਕਿ 1969 ਵਿਚ ਹੋਂਦ ਵਿਚ ਆਈ ਗੁਰੂ ਨਾਨਕ ਦੇਵ ਯੂਨੀਵਰਸਟੀ ਵੀ ਖ਼ਾਲਸਾ ਕਾਲਜ ਦੀ ਜ਼ਮੀਨ ਵਿਚ ਸਥਾਪਤ ਹੋਈ ਸੀ ਅਤੇ ਹੁਣ ਬਾਕੀ ਰਹਿੰਦੀ ਜ਼ਮੀਨ ਵਿਚ ਖ਼ਾਲਸਾ ਯੂਨੀਵਰਸਟੀ ਸਥਾਪਤ ਹੋਵੇਗੀ। ਮੈਨਜਮੈਂਟ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਦੌਰਾਨ ਮੌਜੂਦਾ ਖ਼ਾਲਸਾ ਕਾਲਜ ਪਹਿਲਾਂ ਵਾਂਗ ਹੀ ਸਥਾਪਤ ਰਹੇਗਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਟੀ ਅਧੀਨ ਖ਼ੁਦਮੁਖ਼ਤਿਆਰ ਕਾਲਜ ਵਜੋਂ ਚਲਦਾ ਰਹੇਗਾ।
ਲਾਲੀ ਮਜੀਠੀਆ ਨੇ ਕਿਹਾ ਕਿ ਮਜੀਠੀਆ ਪਰਵਾਰ ਪਹਿਲਾਂ ਇਸ ਕਾਲਜ ਨੂੰ ਯੂਨੀਵਰਸਟੀ ਵਿਚ ਤਬਦੀਲ ਕਰਨ ਵਿਚ ਅਸਫ਼ਲ ਰਿਹਾ ਹੈ ਅਤੇ ਹੁਣ ਨਵਾਂ ਪੈਂਤੜਾ ਅਪਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਕਾਲਜ ਨੂੰ ਖ਼ੁਦਮੁਖ਼ਤਿਆਰੀ ਦਾ ਦਰਜਾ ਦਿਵਾ ਕੇ ਕੇ ਲੋਕਾਂ ਦਾ ਧਿਆਨ ਹਟਾਇਆ ਗਿਆ ਹੈ ਅਤੇ ਇਹ ਸੱਭ ਕੁੱਝ ਗਿਣੀ ਮਿਥੀ ਸਾਜ਼ਸ਼ ਤਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਆਰ.ਐਸ.ਐਸ. ਵਲੋਂ ਭਾਜਪਾ ਦੇ ਆਗੂ ਰਾਜਿੰਦਰ ਮੋਹਨ ਸਿੰਘ ਛੀਨਾ ਨੂੰ ਇਸ ਸੰਸਥਾ ‘ਤੇ ਕਾਬਜ਼ ਕਰਵਾ ਕੇ ਭਾਰੀ ਨੁਕਸਾਨ ਕੀਤਾ ਜਾ ਰਿਹਾ ਹੈ ਅਤੇ ਹੁਣ ਸਾਰੀ ਮਿਲੀਭੁਗਤ ਨਾਲ ਇਸ ਨੂੰ ਹਥਿਆਉਣ ਲਈ ਕੰਮ ਕੀਤੇ ਜਾ ਰਹੇ ਹਨ। ਖ਼ਾਲਸਾ ਕਾਲਜ ਮੈਨੇਜਮੈਂਟ ਵਲੋਂ ਸਾਲ 2011 ਵਿਚ ਯੂਨੀਵਰਸਟੀ ਬਣਾਉਣ ਦਾ ਸੁਪਨਾ ਪੂਰਾ ਨਾ ਹੋਣ ਤੋਂ ਬਾਅਦ ਇਸ ਯੂਨੀਵਰਸਟੀ ਨੂੰ ਬਣਾਉਣ ਲਈ ਹੱਥ ਪੈਰ ਮਾਰਨੇ ਸ਼ੁਰੂ ਕਰ ਦਿਤੇ ਸਨ ਅਤੇ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਨੂੰ ਭਰੋਸੇ ਵਿਚ ਲੈਣ ਲਈ ਕਈ ਮੀਟਿੰਗਾਂ ਕਰਵਾਈਆਂ ਗਈਆਂ ਤਾਕਿ ਸਮਾਂ ਆਉਣ ‘ਤੇ ਉਹ ਇਸ ਵਿਰੁਧ ਆਵਾਜ਼ ਨਾ ਉਠਾਉਣ।
ਉਧਰ ਆਮ ਆਦਮੀ ਪਾਰਟੀ ਨੇ ਵੀ ਇਸ ਦੇ ਵਿਰੁਧ ਝੰਡਾ ਚੁੱਕ ਲਿਆ ਹੈ। ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਬਾਦਲ-ਮਜੀਠੀਆ ਪਰਵਾਰਾਂ ਨੇ ਇਕ ਵਾਰ ਫਿਰ ਕਾਲਜ ਦੀ ਬੇਸ਼ਕੀਮਤੀ ਜ਼ਮੀਨ ਵਿਚੋਂ ਕੇ.ਯੂ.ਏ ਬਣਾਏ ਜਾਣ ਦੀ ਸਾਜ਼ਸ਼ ਘੜਣੀ ਸ਼ੁਰੂ ਕਰ ਦਿਤੀ ਹੈ ਅਤੇ ਪਾਰਟੀ ਇਸ ਦਾ ਡੱਟ ਕੇ ਵਿਰੋਧ ਕਰੇਗੀ।
from Punjab News – Latest news in Punjabi http://ift.tt/1SsNIvu

0 comments