ਮਾਝੇ ਵਿੱਚ ਵੀ ਹੋ ਰਹੀ ਹੈ ਖ਼ੁਦਕੁਸ਼ੀਆਂ ਦੀ ਖੇਤੀ

ਕਿਸਾਨ ਬਲਜਿੰਦਰ ਸਿੰਘ ਦੇ ਪਰਿਵਾਰਕ ਮੈਂਬਰ ਆਪਣੀ ਗਾਥਾ ਦੱਸਦੇ ਹੋਏ।

ਸਰਕਾਰੀ ਸਹਾਇਤਾ ਨਦਾਰਦ; ਗੱਲ ਕਾਗਜ਼ੀ ਕਾਰਵਾਈ ਤੋਂ ਅੱਗੇ ਨਾ ਤੁਰੀ; ਪਰਿਵਾਰ ਮਿਹਨਤ-ਮਜ਼ਦੂਰੀ ਕਰਨ ਲਈ ਮਜਬੂਰ

ਸਰਕਾਰੀ ਸਹਾਇਤਾ ਨਦਾਰਦ; ਗੱਲ ਕਾਗਜ਼ੀ ਕਾਰਵਾਈ ਤੋਂ ਅੱਗੇ ਨਾ ਤੁਰੀ; ਪਰਿਵਾਰ ਮਿਹਨਤ-ਮਜ਼ਦੂਰੀ ਕਰਨ ਲਈ ਮਜਬੂਰ

ਗੁਰਦਾਸਪੁਰ : ਦੇਸ਼ ਦਾ ਅੰਨਦਾਤਾ ਕਹਾਉਣ ਵਾਲੇ ਕਿਸਾਨਾਂ ਦੇ ਇਕ ਵੱਡੇ ਹਿੱਸੇ ਕੋਲ ਆਪਣੇ ਪਰਿਵਾਰ ਦਾ ਪੇਟ ਭਰਨ ਲਈ ਰੱਜਵੀਂ ਰੋਟੀ ਨਹੀਂ ਹੈ। ਕੁਦਰਤੀ ਆਫ਼ਤਾਂ ਅਤੇ ਸਮੇਂ-ਸਮੇਂ ਦੇ ਹਾਕਮਾਂ ਦੀ ਕਰੋਪੀ ਦਾ ਖਾਮਿਆਜ਼ਾ ਕਿਰਸਾਨੀ ਨੂੰ ਲਗਾਤਾਰ ਭੁਗਤਣਾ ਪੈ ਰਿਹਾ ਹੈ। ਅਜਿਹੇ ਪੀਡ਼ਤ ਪਰਿਵਾਰਾਂ ਨੂੰ ਆਰਜ਼ੀ ਰਾਹਤ ਦੇਣ ਲਈ ਪੰਜਾਬ ਸਰਕਾਰ ਵੱਲੋਂ ਫੌਰੀ ਤੌਰ ’ਤੇ ਮਾਲੀ ਮਦਦ ਦੇਣ ਦੀ ਨੀਤੀ ਤਾਂ ਭਾਵੇਂ ਹੈ, ਪਰ ਇਸ ਇਲਾਕੇ ਅੰਦਰ ਅਜਿਹੇ ਪਰਿਵਾਰਾਂ ਨੂੰ ਕਈ ਸਾਲਾਂ ਬਾਅਦ ਵੀ ਸਰਕਾਰ ਦੀ ਮਾਲੀ ਮਦਦ ਦੀ ਉਡੀਕ ਹੈ। ਦਫ਼ਤਰਾਂ ਦੇ ਗੇਡ਼ੇ ਮਾਰਨ ਦੇ ਬਾਵਜੂਦ ਇਨ੍ਹਾਂ ਪਰਿਵਾਰਾਂ ਨੂੰ ਕੋਈ ਸੰਤੋਸ਼ਜਨਕ ਜਵਾਬ ਨਹੀਂ ਮਿਲ ਰਿਹਾ ਹੈ। ਇਹੀ ਕਹਾਣੀ ਥਾਣਾ ਫਤਹਿਗਡ਼੍ਹ ਚੂਡ਼ੀਆਂ ਅਧੀਨ ਪੈਂਦੇ ਪਿੰਡ ਤੇਜਾ ਵੀਲਾ ਦੇ ਇੱਕ ਗ਼ਰੀਬ ਕਿਸਾਨ ਪਰਿਵਾਰ ਦੀ ਹੈ। ਪਰਿਵਾਰ ਵਿੱਚ ਹੁਣ ਕੋਈ ਪੁਰਸ਼ ਨਹੀਂ ਅਤੇ ਸੱਸ-ਨੂੰਹ ਪਰਿਵਾਰ ਦਾ ਗੁਜ਼ਾਰਾ ਮਸਾਂ ਹੀ ਚਲਾ ਰਹੀਆਂ ਹਨ। ਦੋ ਬੱਚੇ ਹਨ ਜੋ ਅਜੇ ਛੋਟੇ ਹਨ।
ਪਿੰਡ ਤੇਜਾ ਵੀਲਾ ਵਾਸੀ ਕਿਸਾਨ ਬਲਜਿੰਦਰ ਸਿੰਘ (45) ਆਪਣੀ ਦੋ ਏਕਡ਼ ਜ਼ਮੀਨ ਵਿੱਚ ਖੇਤੀ ਕਰਕੇ ਕਿਸੇ ਤਰ੍ਹਾਂ ਪਰਿਵਾਰ ਦਾ ਤੋਰੀ ਫੁੱਲਕਾ ਚਲਾ ਰਿਹਾ ਸੀ। ਇੰਨੀ ਜ਼ਮੀਨ ਵਿੱਚ ਪਰਿਵਾਰ ਦੀ ਪੂਰੀ ਨਾ ਪੈਣ ਕਾਰਨ ਉਸ ਨੇ ਵੇਅਰਹਾਊਸ ਕਾਰਪੋਰੇਸ਼ਨ ਦੇ ਗੁਦਾਮ ਵਿੱਚ ਮਜ਼ਦੂਰੀ ਕਰਨੀ ਵੀ ਸ਼ੁਰੂ ਕਰ ਦਿੱਤੀ ਪਰ ਪਰਿਵਾਰ ਦੀਆਂ ਆਰਥਿਕ ਮਜਬੂਰੀਆਂ ਨੇ ਪਿੱਛਾ ਨਾ ਛੱਡਿਆ। ਇਸ ਦੌਰਾਨ ਹੀ ਉਸ ਨੇ ਖਾਦ ਅਤੇ ਹੋਰਨਾਂ ਖੇਤੀ ਖ਼ਰਚਿਆਂ ਲਈ ਸਹਿਕਾਰੀ ਸਭਾ ਤੋਂ ਇਕ ਲੱਖ ਰੁਪਏ ਦਾ ਕਰਜ਼ਾ ਵੀ ਚੁੱਕ ਲਿਆ। ਕਰਜ਼ਾ ਚੁੱਕਣ ’ਤੇ ਆਰਥਿਕ ਪ੍ਰੇਸ਼ਾਨੀਆਂ ਘਟਣ ਦੀ ਬਜਾਏ ਹੋਰ ਵਧ ਗਈਆਂ। ਸਮੇਂ ਸਿਰ ਕਿਸ਼ਤ ਨਾ ਮੋਡ਼ ਸਕਣ ਕਾਰਨ ਕਰਜ਼ ਵਧ ਗਿਆ ਤੇ ਉਸ ਦਾ ਹੌਸਲਾ ਜਵਾਬ ਦੇ ਗਿਆ। ਉਸ ਨੇ 2 ਫਰਵਰੀ 2013 ਨੂੰ ਖੇਤਾਂ ਵਿੱਚ ਮੋਟਰ ’ਤੇ ਜਾ ਕੇ ਫਾਹਾ ਲੈ ਲਿਆ। ਆਪਣੇ ਪਿੱਛੇ ਉਹ ਬਜ਼ੁਰਗ ਮਾਂ ਤੋਂ ਇਲਾਵਾ ਪਤਨੀ ਅਤੇ ਦੋ ਛੋਟੇ ਬੱਚੇ ਛੱਡ ਗਿਆ। ਸਰਕਾਰੀ ਮਦਦ ਦੀ ਉਮੀਦ ਵਿੱਚ ਸਮੁੱਚੀ ਕਾਗਜ਼ੀ ਖਾਨਾਪੂਰਤੀ ਕਰਕੇ ਰਿਪੋਰਟ ਡਿਪਟੀ ਕਮਿਸ਼ਨਰ ਦਫ਼ਤਰ ਕੋਲ ਪੁੱਜਦੀ ਕਰਨ ਦੇ ਬਾਵਜੂਦ ਅਜੇ ਤਾਈਂ ਪੰਜਾਬ ਸਰਕਾਰ ਵੱਲੋਂ ਕੋਈ ਮਾਲੀ ਮਦਦ ਪਰਿਵਾਰ ਨੂੰ ਨਹੀਂ ਮਿਲੀ। ਮੌੂਜਦਾ ਖ਼ਰਚਿਆਂ ਦੇ ਨਾਲ-ਨਾਲ ਪੁਰਾਣੀਆਂ ਦੇਣਦਾਰੀਆਂ ਅੱਜ ਵੀ ਉਵੇਂ ਹੀ ਖਡ਼੍ਹੀਆਂ ਹਨ।

ਪਿਤਾ ਦੀ ਖ਼ੁਦਕੁਸ਼ੀ ਬਾਰੇ ਜਾਣਕਾਰੀ ਦਿੰਦਾ ਹੋਇਆ ਕਿਸਾਨ ਸਵਿੰਦਰ ਸਿੰਘ ਦਾ ਲੜਕਾ।

ਪਿਤਾ ਦੀ ਖ਼ੁਦਕੁਸ਼ੀ ਬਾਰੇ ਜਾਣਕਾਰੀ ਦਿੰਦਾ ਹੋਇਆ ਕਿਸਾਨ ਸਵਿੰਦਰ ਸਿੰਘ ਦਾ ਲੜਕਾ।

ਇਸੇ ਤਰ੍ਹਾਂ ਦੀ ਇਕ ਹੋਰ ਕਹਾਣੀ ਗੁਰਦਾਸਪੁਰ ਨੇਡ਼ਲੇ ਪਿੰਡ ਡਾਲੀਆ ਦੇ ਇੱਕ ਪਰਿਵਾਰ ਦੀ ਹੈ। ਕਿਸਾਨ ਸਵਿੰਦਰ ਸਿੰਘ ਨੇ ਜ਼ਮੀਨ ਘੱਟ ਹੋਣ ਕਾਰਨ ਮੱਝਾਂ ਪਾਲਣ ਦਾ ਧੰਦਾ ਕਰਨ ਲਈ ਕਾਰਪੋਰੇਸ਼ਨ ਤੋਂ 50 ਹਜ਼ਾਰ ਦਾ ਕਰਜ਼ ਲਿਆ ਸੀ। ਦੋ-ਤਿੰਨ ਕਿਸ਼ਤਾਂ ਭਰਨ ਤੋਂ ਬਾਅਦ ਜੇਬ ਜਵਾਬ ਦੇ ਗਈ ਅਤੇ ਬਾਕੀ ਦੀਆਂ ਕਿਸ਼ਤਾਂ ਭਰਨ ਤੋਂ ਖੁੰਝ ਗਿਆ। ਪਰਿਵਾਰ ਚਲਾਉਣ ਲਈ ਉਹ ਇਕ ਪ੍ਰਾਈਵੇਟ ਕੰਪਨੀ ਵਿੱਚ ਤਿੰਨ ਹਜ਼ਾਰ ਰੁਪਏ ਮਹੀਨੇ ਉਤੇ ਨੌਕਰੀ ਵੀ ਕਰ ਰਿਹਾ ਸੀ। ਇਕ ਦਿਨ ਸਬੰਧਤ ਅਧਿਕਾਰੀਆਂ ਨੇ ਆਪਣੇ ਦਫ਼ਤਰ ਬੁਲਾ ਕੇ ਪਹਿਲਾਂ ਤਾਂ ਚੰਗੀ ਤਰ੍ਹਾਂ ਜ਼ਲੀਲ ਕੀਤਾ ਅਤੇ ਕਰਜ਼ ਨਾ ਮੋਡ਼ਨ ਦੀ ਸੂਰਤ ਵਿੱਚ ਅਗਲੇ ਹੀ ਦਿਨ ਪਿੰਡ ਦਾ ਮਕਾਨ ਕੁਰਕ ਕਰ ਲੈਣ ਦੀ ਧਮਕੀ ਦੇ ਦਿੱਤੀ। ਦੁਖੀ ਹੋ ਕੇ ਉਸ ਨੇ ਸਲਫਾਸ ਖਾ ਕੇ ਖ਼ੁਦਕੁਸ਼ੀ ਕਰ ਲਈ। ਉਸ ਦੀ ਜੇਬ ਵਿੱਚੋਂ ਮਿਲੇ ਖੁਦਕੁਸ਼ੀ ਨੋਟ ਨੂੰ ਆਧਾਰ ਬਣਾ ਕੇ ਕਈ ਦਿਨ ਤੱਕ ਕਿਸਾਨ ਅਤੇ ਹੋਰ ਜਨਤਕ ਜਥੇਬੰਦੀਆਂ ਵੱਲੋਂ ਸਾਂਝਾ ਘੋਲ ਚਲਾ ਕੇ ਸਬੰਧਤ ਅਧਿਕਾਰੀ ਖ਼ਿਲਾਫ਼ ਕੇਸ ਦਰਜ ਕਰਨ ਅਤੇ ਪਰਿਵਾਰ ਦੀ ਮਾਲੀ ਸਹਾਇਤਾ ਤੋਂ ਇਲਾਵਾ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਮੁੱਦਾ ਚੁੱਕਿਆ ਗਿਆ ਪਰ ਕੁਝ ਨਹੀਂ ਬਣਿਆ। ਪਰਿਵਾਰ ਵਿੱਚ ਹੁਣ ਸਵਿੰਦਰ ਸਿੰਘ ਦੀ ਵਿਧਵਾ ਤੋਂ ਇਲਾਵਾ ਲਡ਼ਕਾ ਅਤੇ ਨੂੰਹ ਅਤੇ ਅੱਗੇ ਛੋਟੇ ਬੱਚੇ ਹਨ। ਮ੍ਰਿਤਕ ਦੇ ਲਡ਼ਕੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਰਕਾਰੀ ਇਮਦਾਦ ਲੈਣ ਲਈ ਸਾਰਾ ਕੇਸ ਤਿਆਰ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਂਪ ਦਿੱਤਾ ਸੀ ਪਰ ਅਜੇ ਤੱਕ ਸਰਕਾਰੀ ਮਦਦ ਪ੍ਰਾਪਤ ਨਹੀਂ ਹੋਈ ਹੈ। ਉਹ ਪਲੰਬਰ ਦਾ ਕੰਮ ਕਰਕੇ ਪਰਿਵਾਰ ਚਲਾ ਰਿਹਾ ਹੈ। ਪਿਛਲਾ ਕਰਜ਼ ਅਜੇ ਤੱਕ ਮੁਆਫ਼ ਨਹੀਂ ਕੀਤਾ ਗਿਆ ਹੈ।
ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸਤਬੀਰ ਸਿੰਘ ਸੁਲਤਾਨੀ ਨੇ ਕਿਸਾਨ ਖ਼ੁਦਕੁਸ਼ੀਆਂ ਲਈ ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਨੂੰ ਕਸੂਰਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਖੇਤੀ ਸਨਅਤ ਮੰਨ ਕੇ ਹੋਰ ਸਨਅਤਾਂ ਵਾਂਗ ਹੀ ਸਾਰੀਆਂ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ।



from Punjab News – Latest news in Punjabi http://ift.tt/1Q5bBoe
thumbnail
About The Author

Web Blog Maintain By RkWebs. for more contact us on rk.rkwebs@gmail.com

0 comments